ਪੰਜਾਬ ’ਚ ਮਿਲੇ 10 ਹੋਰ ਕੋਰੋਨਾ–ਪਾਜ਼ਿਟਿਵ, ਕੁੱਲ ਮਰੀਜ਼ ਹੋਏ 89

ਪੰਜਾਬ ’ਚ ਮੰਗਲਵਾਰ ਨੂੰ 10 ਨਵੇਂ ਕੋਰੋਨਾ–ਪਾਜ਼ਿਟਿਵ ਕੇਸ ਸਾਹਮਣੇ ਆ ਗਏ ਹਨ। ਹੁਣ ਪੰਜਾਬ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 89 ਹੋ ਗਈ ਹੈ।

ਅੱਜ ਸਵੇਰੇ ਹੀ ਮੋਹਾਲੀ ਜ਼ਿਲ੍ਹੇ ’ਚ ਡੇਰਾ ਬੱਸੀ ਲਗਲੇ ਪਿੰਡ ਜਵਾਰਪੁਰ ’ਚ ਸੱਤ ਨਵੇਂ ਕੇਸ ਸਾਹਮਣੇ ਆਏ ਹਨ। ਉੱਧਰ ਮਾਨਸਾ ‘ਚ ਵੀ ਅੱਜ ਸਵੇਰੇ ਦੋ ਜਣੇ ਪਾਜ਼ਿਟਿਵ ਪਾਏ ਗਏ ਹਨ। ਇੱਕ ਕੇਸ ਮੋਗਾ ‘ਚ ਸਾਹਮਣੇ ਆਇਆ ਹੈ।

ਹੁਣ ਇਕੱਲੇ ਮੋਹਾਲੀ ਜ਼ਿਲ੍ਹੇ ’ਚ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 26 ਹੋ ਗਈ ਹੈ। ਇੰਨੇ ਮਰੀਜ਼ ਪੰਜਾਬ ਦੇ ਕਿਸੇ ਵੀ ਹੋਰ ਜ਼ਿਲ੍ਹੇ ’ਚ ਨਹੀਂ ਹਨ।

ਮਾਹਿਰ ਹੁਣ ਇਹ ਪਤਾ ਕਰਨ ’ਚ ਰੁੱਝ ਗਏ ਹਨ ਕਿ ਆਖ਼ਰ ਮੋਹਾਲੀ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਕਿਉਂ ਹੈ।

ਉੱਧਰ ਮਾਨਸਾ ’ਚ ਵੀ ਅੱਜ ਦੋ ਹੋਰ ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਅਸਲ ’ਚ ਇਹ ਹਨ ਤਾਂ ਛੱਤੀਸਗੜ੍ਹ ਦੇ ਪਰ ਇਸ ਵੇਲੇ ਇਹ ਬੁਢਲਾਡਾ ਦੀ ਮਸਜਿਦ ’ਚ ਰਹਿ ਰਹੇ ਹਨ। ਇਹ ਸਾਰੇ ਤਬਲੀਗ਼ੀ ਜਮਾਤ ਦੇ ਮੈਂਬਰ ਹਨ ਤੇ ਇਨ੍ਹਾਂ ’ਚੋਂ ਤਿੰਨ ਜਣੇ ਪਹਿਲਾਂ ਹੀ ਪਾਜ਼ਿਟਿਵ ਪਾਏ ਗਏ ਸਨ। ਇਹ ਸਾਰੇ ਪੰਜ ਜਣੇ ਇਸ ਵੇਲੇ ਮਾਨਸਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹਨ। ਇਹ ਸਾਰੇ ਤਬਲੀਗ਼ੀ ਜਮਾਤ ਦੇ ਸਮਾਰੋਹ ਵਿੱਚ ਭਾਗ ਲੈਣ ਲਈ ਨਵੀਂ ਦਿੱਲੀ ਗਏ ਸਨ।

ਮੋਗਾ ਦਾ ਕੋਰੋਨਾ–ਪਾਜ਼ਿਟਿਵ ਵੀ ਤਬਲੀਗ਼ੀ ਜਮਾਤ ਦਾ ਹੀ ਮੈਂਬਰ ਹੈ।

ਇਸ ਤੋਂ ਪਹਿਲਾਂ ਕੱਲ੍ਹ ਸੋਮਵਾਰ ਨੂੰ ਪੰਜਾਬ ’ਚ 11 ਨਵੇਂ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਸਨ; ਜਿਨ੍ਹਾਂ ਵਿਚੋਂ ਤਬਲੀਗ਼ੀ ਜਮਾਤ ਦੇ ਚਾਰ ਮੈਂਬਰ ਵੀ ਸ਼ਾਮਲ ਹਨ। ਪੰਜਾਬ ’ਚ ਕੱਲ੍ਹ ਇਹ ਗਿਣਤੀ 79 ਸੀ ਤੇ ਅੱਜ ਸਵੇਰੇ ਹੀ ਇਹ ਵਧ ਕੇ 86 ਹੋ ਗਈ ਹੈ।

ਕੱਲ੍ਹ ਦੋ ਔਰਤਾਂ ਫ਼ਤਿਹਗੜ੍ਹ ਸਾਹਿਬ ਤੋਂ ਕੋਰੋਨਾ–ਪਾਜ਼ਿਟਿਵ ਪਾਈਆਂ ਗਈਆਂ ਸਨ। ਉਹ ਤਬਲੀਗ਼ੀ ਜਮਾਤ ਲਈ ਦਿੱਲੀ ਗਈਆਂ ਸਨ। ਇੰਝ ਹੀ ਲੁਧਿਆਣਾ ਤੇ ਕਪੂਰਥਲਾ ਜ਼ਿਲ੍ਹਿਆਂ ਦਾ ਇੱਕ–ਇੱਕ ਵਿਅਕਤੀ ਵੀ ਤਬਲੀਗ਼ੀ ਜਮਾਤ ’ਚ ਗਿਆ ਸੀ ਤੇ ਉਹ ਦੋਵੇਂ ਹੀ ਪਾਜ਼ਿਟਿਵ ਪਾਏ ਗਏ ਹਨ।

ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਦਾ ਇਹ ਪਹਿਲਾ ਕੇਸ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਕੋਰੋਨਾ ਨੇ ਪੰਜਾਬ ਦੇ ਸੱਤ ਹੋਰ ਜ਼ਿਲ੍ਹਿਆਂ – ਮਾਨਸਾ, ਰੋਪੜ, ਫ਼ਤਿਹਗੜ੍ਹ ਸਾਹਿਬ, ਪਠਾਨਕੋਟ, ਬਰਨਾਲਾ, ਕਪੂਰਥਲਾ ਤੇ ਫ਼ਰੀਦਕੋਟ ’ਚ ਆਪਣੇ ਪੈਰ ਪਸਾਰੇ ਹਨ। ਇੰਝ ਹੁਣ ਪੰਜਾਬ ਦੇ ਕੁੱਲ 22 ਵਿੱਚੋਂ 14 ’ਚ ਕੋਰੋਨਾ ਮਰੀਜ਼ ਮੌਜੂਦ ਹਨ।

ਇੱਥੇ ਵਰਨਣਯੋਗ ਹੈ ਕਿ ਪੰਜਾਬ ’ਚੋਂ 468 ਵਿਅਕਤੀ ਤਬਲੀਗ਼ੀ ਜਮਾਤ ਦੇ ਧਾਰਮਿਕ ਸਮਾਰੋਹ ’ਚ ਭਾਗ ਲੈਣ ਲਈ ਨਵੀਂ ਦਿੱਲੀ ਗਏ ਸਨ। ਕੱਲ੍ਹ ਤੱਕ ਉਨ੍ਹਾਂ ਵਿੱਚੋਂ 11 ਜਣੇ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ।

ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਨੇ ਟਵਿਟਰ ’ਤੇ ਦੱਸਿਆ ਕਿ ਜਮਾਤ ਦੇ ਸਮਾਰੋਹ ’ਚ ਭਾਗ ਲੈਣ ਗਏ ਕੁੱਲ 406 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਤੇ ਉਨ੍ਹਾਂ ਵਿੱਚੋਂ 276 ਦੇ ਟੈਸਟ ਨੈਗੇਟਿਵ ਆਏ ਹਨ ਤੇ 119 ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *