ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮਹਾਮਾਰੀ ਦੇ ਵਧਦੇ ਪ੍ਰਸਾਰ ਨੂੰ ਵੇਖਦੇ ਹੋਏ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਹਫਤਿਆਂ ਵਿੱਚ ਸੂਬੇ ‘ਚ ਕੋਰੋਨਾ ਸਿਖਰ ‘ਤੇ ਪਹੁੰਚਣ ਦਾ ਡਰ ਹੈ। ਇਸ ਲਈ ਨਾਈਟ ਕਰਫਿਊ ਨੂੰ ਮੁੜ ਰਾਤ 9 ਵਜੇ ਤੋਂ ਸਵੇਰ 5 ਤੱਕ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਰੈਸਟੋਰੈਂਟ ਤੇ ਹੋਟਲ ਰਾਤ 8:30 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸ਼ੌਪਿੰਗ ਮਾਲ ਤੇ ਦੁਕਾਨਾਂ ਦਾ ਸਮਾਂ ਰਾਤ 8 ਵਜੇ ਤਕ ਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਰਾਬ ਦੀਆਂ ਦੁਕਾਨਾਂ ਦਾ ਸਮਾਂ ਵੀ 8:30 ਵਜੇ ਤਕ ਤੈਅ ਕੀਤਾ ਗਿਆ ਹੈ।
ਇਹੀ ਨਹੀਂ ਸ਼ਨੀਵਾਰ ਤੇ ਐਤਵਾਰ ਲੁਧਿਆਣਾ, ਪਟਿਆਲਾ ਤੇ ਜਲੰਧਰ ਵਿੱਚ ਲਾਜ਼ਮੀ ਗਤੀਵਿਧੀਆਂ ਤੋਂ ਇਲਾਵਾ ਬੇਲੋੜੀ ਆਵਾਜਾਈ ਤੇ ਸਮਾਜਕ ਇਕੱਠ ਬੰਦ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਤਿੰਨੇ ਜ਼ਿਲ੍ਹੇ ਪੂਰੀ ਤਰ੍ਹਾਂ ਬੰਦ ਰਹਿਣਗੇ। ਦੱਸ ਦਈਏ ਕਿ ਨਵੀਂ ਗਾਈਡਲਾਈਨਜ਼ ਮੁਤਾਬਕ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ੌਪਿੰਗ ਮਾਲ ਬੰਦ ਰਹਿਣਗੇ।