ਪੰਜਾਬੀਆਂ ਨੇ ਦਰਿਆਈ ਪਾਣੀਆਂ ਤੋਂ ਆਪਣਾ ਦਾਹਵਾ ਕਿਵੇਂ ਛੱਡਿਆ ?

0
122

ਪੰਜਾਬ ‘ਚ 15 ਲੱਖ ਦੇ ਕਰੀਬ ਟਿਊਬਵੈਲ ਬੋਰ ਤੇ ਮੋਟਰ ਕੁਨੈਕਸ਼ਨ ਹਨ । ਇਹ ਮੋਟਰ ਕੁਨੈਕਸ਼ਨ ਝੋਨੇ ਦੇ ਸੀਜਨ ਵਿੱਚ ਗੋਬਿੰਦ ਸਾਗਰ ਝੀਲ ਵਰਗੀਆਂ ਪੰਜ ਝੀਲਾਂ ਦਾ ਪਾਣੀ ਧਰਤੀ ਤੋਂ ਬਾਹਰ ਖਿੱਚ ਕੇ ਹਵਾ ‘ਚ ਉਡਾ ਦਿੰਦੇ ਹਨ ।
ਅੰਗਰੇਜ ਦੇ ਰਾਜ ‘ਚ ਅਪਰ ਬਾਰੀ ਦੁਆਬ ਤੇ ਕੈਨਾਲ ਕਲੋਨੀਆਂ (ਬਾਰਾਂ) ਲਈ ਅੰਗਰੇਜ ਨੇ 100 ਫੀਸਦੀ ਨਹਿਰੀ ਪਾਣੀ ਦਾ ਇੰਤਜਾਮ ਕੀਤਾ ਸੀ । ਨਹਿਰੀ ਪਾਣੀ ਲਈ ਦਰਿਆਵਾਂ ਦੇ ਪਾਣੀ ਦਾ ਤੁਪਕੇ ਤੁਪਕੇ ਦਾ ਹਿਸਾਬ ਲਾਇਆ ਜਾਂਦਾ ਸੀ । ਪਾਣੀ ਦੀ ਚੋਰੀ, ਮੋਗੇ ਦਾ ਟਾਇਮ ਤੇ ਵਾਰੀ ਵਰਗੇ ਕਈ ਮਾਮਲੇ ਸਨ ਜੋ ਪੰਜਾਬ ਦੀ ਕਿਸਾਨੀ ਦਾ ਪਾਣੀ ‘ਤੇ ਦਾਹਵਾ ਕਾਇਮ ਰੱਖਦੇ ਸਨ ।
70ਵਿਆਂ ਤੋਂ ਪਿਛੋਂ ਹਰੇ ਇਨਕਲਾਬ (Green Revolution)ਦੇ ਨਾਂ ‘ਤੇ ਖੇਤੀ ਦੇ ਮਸ਼ੀਨੀਕਰਨ ਹੇਠ ਟਿਊਬਵੈਲਾਂ ਨੂੰ ਖੁੱਲ ਦਿੱਤੀ ਗਈ ਤੇ ਉਤਸ਼ਾਹਤ ਕੀਤਾ ਗਿਆ । ਹੁਣ ਪੰਜਾਬ ਦਾ ਬਹੁਤਾ ਹਿੱਸਾ ਟਿਊਬਵੈਲਾਂ ਦੇ ਆਸਰੇ ਫਸਲ ਪਾਲਦਾ ਹੈ । ਮੋਟਰ ਟਿਊਬਵੈਲ ਲਈ ਹੁਣ ਸੁੱਚ (ਸਵਿੱਚ) ਵੀ ਛੱਡਣ ਜਾਣ ਦੀ ਲੋੜ ਨਹੀਂ, ਜੱਟ ਦਾ ਪੁੱਤ ਘਰੇ ਬੈਠਾ ਈ ਮੋਬਾਇਲ ਤੋਂ ਮੋਟਰ ਚਲਾ ਲੈਂਦਾ ਹੈ ਨਹੀਂ ਤੇ ਆਟੋਮੈਟਿਕ ਪਹਿਰੇਦਾਰ ਲੱਗੇ ਹੋਏ ਹਨ।
ਨਹਿਰੀ ਪਾਣੀ ਲਈ ਖਾਲ ਖਾਲਣ , ਸੂਇਆਂ ਰਜਬਾਹਿਆਂ ਦੀ ਸਫਾਈ ਰਾਖੀ ਤੇ ਨਹਿਰਾਂ ‘ਚ ਪੂਰਾ ਪਾਣੀ ਲੈਣ ਲਈ ਹਰ ਮੁਹਾਜ ‘ਤੇ ਨਿੱਕੇ ਨਿਕੇ ਸਾਂਝੇ ਸੰਘਰਸ਼ ਕਰਨੇ ਪੈਂਦੇ ਸੀ । ਮੋਟਰ ਦੇ ਸਵਿਚ ਦੀ ਸਹੂਲਤ ਨੇ ਖਾਲੇ ਖਤਮ ਕਰ ਦਿੱਤੇ ਲੋਕਾਂ ਨੇ ਹੁਣ ਸੂਏ ਵੀ ਵਾਹ ਦਿੱਤੇ ।
ਬਾਦਲ ਸਰਕਾਰ ਨੇ ਮਾਮਲੇ ਮੁਆਫ ਕਰ ਦਿਤੇ ਅਤੇ ਮੋਟਰਾਂ ਦੇ ਕੁਨੈਕਸ਼ਨ ਅੰਨੇਵਾਹ ਵੰਡੇ । ਮਾਮਲੇ ਮੁਆਫ ਹੋਣ ਪਿਛੋਂ ਨਹਿਰੀ ਵਿਭਾਗ ਦਾ ਲੱਕ ਟੁੱਟ ਗਿਆ । ਹੁਣ ਪੰਜਾਬ ਦੀ ਫਸਲ
ਸਿਰਫ ਮੋਟਰਾਂ ‘ਤੇ ਪਲ ਰਹੀ ਹੈ । ਕਿਸੇ ਵਿਰਲੇ ਨੂੰ ਛੱਡ ਕੇ ਕਿਸਾਨਾਂ ਨੂੰ ਨਹੀਰੀ ਪਾਣੀ ਦੀ ਲੋੜ ਨਹੀਂ ।
ਜਦੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਲੋੜ ਹੀ ਨਹੀਂ ਰਹੀ ਤਾਂ ਦਰਿਆਵਾਂ ਦੇ ਪਾਣੀਆਂ ਲਈ ਕੋਣ ਮੋਰਚਾ ਲਾਊ ? ਪਾਣੀ ਰਾਜਸਥਾਨ ਹਰਿਆਣੇ ‘ਚ ਜਾਵੇ ਜਾਂ ਪਾਕਿਸਤਾਨ ਪੰਜਾਬ ਦੇ ਟਿਊਬਵੈਲ ਵਾਲੇ ਕਿਸਾਨ ਨੂੰ ਕੋਈ ਸਮੱਸਿਆ ਨਹੀਂ । ਇਉਂ ਪੰਜਾਬੀਆਂ ਨੇ 15 ਲੱਖ
ਟਿਊਬਵੈਲਾਂ ਦੇ ਮਾਲਕ ਹੋ ਕੇ ਦਰਿਆਵਾਂ ਦੇ ਮੂੰਹ ਆਪ ਹੀ ਹਰਿਆਣੇ ਤੇ ਰਾਜਸਥਾਨ ਵੱਲ ਮੋੜ ਦਿੱਤੇ ।
ਜੇ ਟਿਊਬਵੈਲ ਲਾਉਂਣ ਤੇ ਕੋਈ ਰੋਕ ਹੁੰਦੀ ਤਾਂ ਅੱਜ ਰਾਜਸਥਾਨ ਤੇ ਹਰਿਆਣੇ ਨੁੰ ਜਾਣ ਵਾਲੀਆਂ ਨਹਿਰਾਂ ‘ਚ ਦੇਸੀ ਕਿੱਕਰਾਂ ਉੱਗੀਆਂ ਹੁੰਦੀਆਂ ਜਿਵੇਂ ਹੁਣ ਪੰਜਾਬ ਦੀਆਂ ਨਹਿਰਾਂ ਤੇ ਸੂਇਆਂ ‘ਚ ਉਗੀਆਂ ਹੋਈਆਂ ਨੇ ।