ਕੀ ਕਰਨਾ ਲੋਹਾ ਜਿੱਥੇ ਪਿਆ ਬਸ ਚੁੱਕ ਲਿਆਉ ਗੋਹਾ

0
134

ਨਵੀਂ ਦਿੱਲੀ — ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਨੇ ਨਵਾਂ ਤਰੀਕਾ ਲੱਭਿਆ ਹੈ। ਐੱਮ.ਐੱਸ.ਐੱਮ.ਈ. ਮੰਤਰਾਲੇ ਅਧੀਨ ਕੰਮ ਕਰਨ ਵਾਲੇ ਖਾਦੀ ਗ੍ਰਾਮ ਉਦਯੋਗ(ਕੇ.ਵੀ.ਆਈ.ਸੀ.) ਨੇ ਇਸ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ। ਹੁਣ ਗਾਂ ਦੇ ਗੋਹੇ ਨਾਲ ਕਈ ਚੀਜ਼ਾਂ ਦਾ ਉਤਪਾਦਨ ਕੀਤਾ ਜਾ ਸਕੇਗਾ। ਜੈਪੁਰ ਸਥਿਤ KVIC ਦੀ ਯੂਨਿਟ ਨੇ ਗੋਹੇ ਤੋਂ ਡਿਸਟੈਂਪਰ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ਗਾਂ ਤੋਂ ਇਲਾਵਾ ਮੱਝ ਅਤੇ ਸਾਂਢ ਦੇ ਗੋਹੇ ਦਾ ਵੀ ਇਸਤੇਮਾਲ ਕੀਤਾ ਜਾ ਸਕੇਗਾ।
5 ਰੁਪਏ ਕਿਲੋ ਵਿਕੇਗਾ ਗੋਹਾ
ਇਹ ਸਕੀਮ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਲਿਆਉਂਦੀ ਜਾ ਰਹੀ ਹੈ। ਕਾਗਜ਼, ਡਾਈ ਅਤੇ ਪੇਂਟ ਬਣਾਉਣ ਲਈ ਸਰਕਾਰ 5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਕਿਸਾਨਾਂ ਤੋਂ ਗੋਹਾ ਖਰੀਦੇਗੀ। ਇਕ ਜਾਨਵਰ ਇਕ ਦਿਨ ਵਿਚ 8-10 ਕਿਲੋਗ੍ਰਾਮ ਗੋਹਾ ਕਰਦਾ ਹੈ। ਅਜਿਹੀ ਸਥਿਤੀ ਵਿਚ ਕਿਸਾਨਾਂ ਜਾਂ ਇਨ੍ਹਾਂ ਜਾਨਵਰਾਂ ਦੇ ਮਾਲਕਾਂ ਨੂੰ 50 ਰੁਪਏ ਤੱਕ ਦੀ ਵਾਧੂ ਕਮਾਈ ਹੋ ਸਕਦੀ ਹੈ।
15 ਲੱਖ ‘ਚ ਲੱਗ ਸਕੇਗਾ ਪਲਾਂਟ
ਇਸ ਤਰ੍ਹਾਂ ਦੇ ਪਲਾਂਟ ਦੇਸ਼ ਭਰ ਵਿਚ ਲਗਾਉਣ ਦੀ ਯੋਜਨਾ ਹੈ। ਨਿੱਜੀ ਲੋਕਾਂ ਨੂੰ ਇਸ ਤਰ੍ਹਾਂ ਦੇ ਪਲਾਂਟ ਲਗਾਉਣ ਲਈ ਸਰਕਾਰ ਵਲੋਂ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। KVIC ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਕਨੀਕ ਦਾ ਸਫਲ ਪ੍ਰੀਖਣ ਕਰ ਲਿਆ ਗਿਆ ਹੈ ਅਤੇ KVIC ਲੋਕਾਂ ਨੂੰ ਤਕਨਾਲੋਜੀ ਦੇਣ ਦਾ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ KVIC ਦੇ ਜੈਪੁਰ ਸਥਿਤ KVIC ਪਲਾਂਟ ‘ਚ ਅਗਲੇ 15-20 ਦਿਨਾਂ ਵਿਚ ਗੋਹੇ ਤੋਂ ਕਾਗਜ਼ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਗੋਹੇ ਤੋਂ ਕਾਗਜ਼ ਬਣਾਉਣ ਵਾਲਾ ਪਲਾਂਟ ਲਗਾਉਣ ਲਈ 15 ਲੱਖ ਰੁਪਏ ਖਰਚ ਹੋਣਗੇ। ਇਕ ਪਲਾਂਟ ਤੋਂ ਇਕ ਮਹੀਨੇ ‘ਚ 1 ਲੱਖ ਦੇ ਕਾਗਜ਼ ਦੇ ਬੈਗ ਬਣ ਸਕਣਗੇ ਅਤੇ ਵੈਜੀਟੇਬਲ ਡਾਈ ਵੱਖਰੀ।
ਗੋਹੇ ਤੋਂ ਬਣੇਗਾ ਪੇਂਟ
KVIC ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਗਾਂ ਦੇ ਗੋਹੇ ਤੋਂ ਘਰਾਂ ‘ਚ ਇਸੇਤਮਾਲ ਹੋਣ ਵਾਲਾ ਡਿਸਟੈਂਪਰ ਪੇਂਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇਗਾ। ਆਮ ਤੌਰ ‘ਤੇ ਗਾਂ ਦੇ ਗੋਹੇ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ‘ਚ ਇਹ ਪੇਂਟ ਤੇਜ਼ੀ ਨਾਲ ਲੋਕਾਂ ਦੀ ਪਸੰਦ ਬਣ ਸਕਦਾ ਹੈ। ਇਹ ਪੇਂਟ ਕਈ ਰੰਗਾਂ ਵਿਚ ਉਪਲੱਬਧ ਹੋਵੇਗਾ।
ਗੋਹੇ ਤੋਂ ਬਣੇਗਾ ਕਾਗਜ਼
ਗੋਹੇ ਤੋਂ KVIC ਯੂਨਿਟ ਨੇ ਕਾਗਜ਼ ਦਾ ਉਤਪਾਦਨ ਵੀ ਸ਼ੁਰੂ ਕੀਤਾ ਹੈ। ਹੁਣ ਦੇਸ਼ ਭਰ ਵਿਚ ਇਸ ਤਰ੍ਹਾਂ ਦੇ ਪਲਾਂਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਗਜ਼ ਬਣਾਉਣ ਲਈ ਗੋਹੇ ਦੇ ਨਾਲ-ਨਾਲ ਕਾਗਜ਼ ਦੀ ਰੱਦੀ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਗੋਹੇ ਤੋਂ ਬਣੇਗੀ ਵੈਜੀਟੇਬਲ ਡਾਈ
ਗੋਹੇ ਤੋਂ ਕਾਗਜ਼ ਬਣਾਉਣ ਦੇ ਨਾਲ-ਨਾਲ ਵੈਜੀਟੇਬਲ ਡਾਈ ਬਣਾਉਣ ਦਾ ਕੰਮ ਵੀ ਕੀਤਾ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਗੋਹੇ ਤੋਂ ਕਾਗਜ਼ ਬਣਾਉਣ ਲਾਇਕ ਸਿਰਫ 7 ਫੀਸਦੀ ਪਦਾਰਥ ਹੀ ਨਿਕਲਦਾ ਹੈ। ਬਾਕੀ ਦੇ 93 ਫੀਸਦੀ ਦਾ ਇਸਤੇਮਾਲ ਵੈਜੀਟੇਬਲ ਡਾਈ ਬਣਾਉਣ ਲਈ ਇਸਤੇਮਾਲ ਕੀਤਾ ਜਾ ਸਕੇਗਾ। ਇਹ ਵੈਜੀਟੇਬਲ ਡਾਈ ਵਾਤਾਵਰਣ ਦੇ ਅਨੁਕੂਲ ਹੋਵੇਗੀ ਅਤੇ ਇਸ ਦਾ ਨਿਰਯਾਤ ਵੀ ਕੀਤਾ ਜਾ ਸਕੇਗਾ।