ਪਾਣੀ ਪੀਣ ਵਿਚ ਕੰਜੂਸੀ ਨਾ ਕਰੋ

ਕੰਜੂਸੀ ਨਾ ਕਰੋ

ਹਵਾ ਤੋਂ ਬਾਅਦ ਮਨੁੱਖ ਦੇ ਜੀਵਨ ਵਿਚ ਪਾਣੀ ਦਾ ਮਹੱਤਵਪੂਰਨ ਸਥਾਨ ਹੈ। ਤੰਦਰੁਸਤ ਵਿਅਕਤੀ ਦੇ ਸਰੀਰ ਵਿਚ 60 ਤੋਂ 70 ਫੀਸਦੀ ਤੱਕ ਪਾਣੀ ਹੁੰਦਾ ਹੈ। ਅਸੀਂ ਬਿਨਾਂ ਭੋਜਨ ਦੇ ਲਗਪਗ 2 ਮਹੀਨੇ ਤੱਕ ਜੀਵਤ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਿਨਾਂ ਕੇਵਲ ਕੁਝ ਦਿਨ। ਇਸ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਸਾਡੇ ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ।
ਅਸਲ ਵਿਚ ਬਹੁਤੇ ਲੋਕ ਨਿਰਜਲਨ ਦੀ ਹਾਲਤ ਵਿਚ ਰਹਿੰਦੇ ਹਨ। ਪਾਣੀ ਦੀ ਕਮੀ ਵਿਚ ਆਪਣੇ ਹੀ ਸਰੀਰ ਦੇ ਜ਼ਹਿਰੀਲੇ ਅਪਸ਼ਿਸ਼ਟ ਉਤਪਾਦਾਂ ਦੇ ਕਾਰਨ ਮਰਨ ਤੱਕ ਦੀ ਨੌਬਤ ਆ ਜਾਂਦੀ ਹੈ। ਪਾਣੀ ਦੇ ਨਾਲ ਸਾਡੇ ਗੁਰਦੇ ਮੂਤਰ ਅਤੇ ਯੂਰਿਕ ਐਸਿਡ ਨੂੰ ਸਾਡੇ ਸਰੀਰ ਵਿਚੋਂ ਕੱਢਦੇ ਹਨ। ਇਨ੍ਹਾਂ ਨੂੰ ਪਾਣੀ ਦੀ ਸਹਾਇਤਾ ਤੋਂ ਬਿਨਾਂ ਕੱਢਿਆ ਨਹੀਂ ਜਾ ਸਕਦਾ। ਜੇ ਸਾਡੇ ਸਰੀਰ ਵਿਚ ਕਾਫੀ ਪਾਣੀ ਨਹੀਂ ਹੋਵੇਗਾ ਤਾਂ ਇਹ ਜ਼ਹਿਰੀਲੇ ਪਦਾਰਥ ਪ੍ਰਭਾਵਸ਼ਾਲੀ ਰੂਪ ਨਾਲ ਸਰੀਰ ਵਿਚੋਂ ਬਾਹਰ ਨਹੀਂ ਨਿਕਲਣਗੇ ਅਤੇ ਨਤੀਜੇ ਵਜੋਂ ਅਸੀਂ ਗੁਰਦੇ ਦੀ ਪੱਥਰੀ ਤੋਂ ਪੀੜਤ ਹੋ ਜਾਵਾਂਗੇ। ਪਾਣੀ ਸਾਡੇ ਸਰੀਰ ਦੀਆਂ ਕਈ ਰਸਾਇਣਕ ਕਿਰਿਆਵਾਂ ਲਈ ਬਹੁਤ ਮਹੱਤਵਪੂਰਨ ਹੈ, ਜਿਵੇਂ ਪਾਚਣ ਕਿਰਿਆ, ਉਪਾਪਚਯ ਕਿਰਿਆ ਆਦਿ। ਇਹ ਪੋਸ਼ਕ ਤੱਤਾਂ ਅਤੇ ਆਕਸੀਜਨ ਨੂੰ ਸਰੀਰ ਦੀਆਂ ਵੱਖ-ਵੱਖ ਕੋਸ਼ਿਕਾਵਾਂ ਵਿਚ ਖੂਨ ਦੀ ਸਹਾਇਤਾ ਨਾਲ ਪਹੁੰਚਾਉਂਦਾ ਹੈ।
ਪਾਣੀ ਸਾਡੇ ਸਰੀਰ ਦੇ ਜੋੜਾਂ ਨੂੰ ਚਿਕਣਾ ਕਰਨ ਵਿਚ ਮਦਦ ਕਰਦਾ ਹੈ। ਸਾਨੂੰ ਪਾਣੀ ਦੀ ਲੋੜ ਸਾਹ ਲੈਣ ਵਿਚ ਵੀ ਪੈਂਦੀ ਹੈ। ਸਾਡੇ ਫੇਫੜਿਆਂ ਨੂੰ ਕੁਝ ਹੱਦ ਤੱਕ ਨਮੀ ਦੀ ਵੀ ਲੋੜ ਹੁੰਦੀ ਹੈ, ਤਾਂ ਕਿ ਅਸੀਂ ਸਰੀਰ ਦੇ ਅੰਦਰ ਆਕਸੀਜਨ ਲੈ ਸਕੀਏ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢ ਸਕੀਏ। ਦਿਨ ਭਰ ਵਿਚ ਕਾਰਬਨ ਡਾਈਆਕਸਾਈਡ ਨੂੰ ਸਰੀਰ ਵਿਚੋਂ ਬਾਹਰ ਕੱਢਣ ਲਈ ਹੀ ਸਾਨੂੰ ਲਗਪਗ ਅੱਧਾ ਲਿਟਰ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਜੇ ਤੁਸੀਂ ਕਾਫੀ ਮਾਤਰਾ ਵਿਚ ਪਾਣੀ ਨਹੀਂ ਪੀਓਗੇ ਤਾਂ ਤੁਸੀਂ ਆਪਣੇ ਸਰੀਰ ਦੀਆਂ ਰਸਾਇਣਕ ਕਿਰਿਆਵਾਂ ਨੂੰ ਦੁਰਬਲ ਕਰ ਦਿਓਗੇ।
ਡਾਕਟਰਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਲੋੜੀਂਦੀ ਮਾਤਰਾ ਵਿਚ ਪਾਣੀ ਨਾ ਪੀਣ ਨਾਲ ਸਰੀਰ ਵਿਚ ਚਰਬੀ ਦੀ ਵਾਧੂ ਮਾਤਰਾ ਇਕੱਠੀ ਹੋਣ ਲਗਦੀ ਹੈ। ਮਾਸਪੇਸ਼ੀਆਂ ਦੇ ਆਕਾਰ ਅਤੇ ਉਨ੍ਹਾਂ ਦੀਆਂ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਪਾਚਣ ਕਿਰਿਆ ਦੀ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਸਰੀਰ ਵਿਚ ਵਧਿਆ ਹੋਇਆ ਜ਼ਹਿਰੀਲਾਪਣ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ ਅਤੇ ਪਾਣੀ ਦੀ ਕਮੀ ਤੱਕ ਦੀ ਸਥਿਤੀ ਵੀ ਆ ਜਾਂਦੀ ਹੈ।
ਉਚਿਤ ਮਾਤਰਾ ਵਿਚ ਹਰ ਰੋਜ਼ ਪਾਣੀ ਪੀਣਾ ਵੀ ਭਾਰ ਘਟਾਉਣ ਦੀ ਇਕ ਦਿਲਚਸਪ ਪ੍ਰਕਿਰਿਆ ਹੈ। ਜੋ ਵਿਅਕਤੀ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ ਅਤੇ ਉਚਿਤ ਮਾਤਰਾ ਵਿਚ ਪਾਣੀ ਨਹੀਂ ਪੀਂਦੇ, ਉਨ੍ਹਾਂ ਦੇ ਸਰੀਰ ਵਿਚ ਚਰਬੀ ਦੀ ਖ਼ਪਤ ਠੀਕ ਤਰ੍ਹਾਂ ਨਾਲ ਨਹੀਂ ਹੁੰਦੀ ਅਤੇ ਸਰੀਰ ਵਿਚ ਦ੍ਰਵ ਦੀ ਮਾਤਰਾ ਵਧਦੇ ਰਹਿਣ ਦੇ ਕਾਰਨ ਉਨ੍ਹਾਂ ਦਾ ਭਾਰ ਜ਼ਿਆਦਾ ਹੀ ਰਹਿੰਦਾ ਹੈ।
ਤੰਦਰੁਸਤ ਵਿਅਕਤੀ ਲਈ ਹਰ ਰੋਜ਼ ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਜ਼ਰੂਰੀ ਹੈ। ਅੱਲ੍ਹੜਾਂ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਜੇ ਤੁਸੀਂ ਜ਼ਿਆਦਾ ਕਸਰਤ ਕਰਦੇ ਹੋ ਜਾਂ ਗਰਮ ਇਲਾਕੇ ਵਿਚ ਰਹਿੰਦੇ ਹੋ ਤਾਂ ਵੀ ਪਾਣੀ ਦਾ ਸੇਵਨ ਜ਼ਿਆਦਾ ਕਰੋ। ਮੋਟੇ ਵਿਅਕਤੀਆਂ ਨੂੰ ਵੀ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਆਮ ਤੌਰ ‘ਤੇ ਲੋਕਾਂ ਦਾ ਵਿਚਾਰ ਹੁੰਦਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਹਰ ਘੰਟੇ, ਅੱਧੇ ਘੰਟੇ ਤੋਂ ਬਾਅਦ ਪਿਸ਼ਾਬ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ ਪਰ ਅਜਿਹਾ ਨਹੀਂ ਹੈ। ਇਹ ਸਮੱਸਿਆ ਅਸਲ ਵਿਚ ਸਿਰਫ ਕੁਝ ਦਿਨਾਂ ਦੀ ਹੈ। ਕੁਝ ਹਫ਼ਤੇ ਬਾਅਦ ਤੁਹਾਡਾ ਮੂਤਰਾਸ਼ਯ ਇਸ ਦੇ ਅਨੁਰੂਪ ਢਲ ਜਾਵੇਗਾ ਅਤੇ ਫਿਰ ਤੁਸੀਂ ਜ਼ਿਆਦਾ ਮਾਤਰਾ ਵਿਚ ਪਰ ਜ਼ਿਆਦਾ ਸਮੇਂ ਤੋਂ ਬਾਅਦ ਪਿਸ਼ਾਬ ਕਰਨ ਦੀ ਇੱਛਾ ਕਰੋਗੇ। ਇਸ ਤਰ੍ਹਾਂ ਹਰ ਰੋਜ਼ ਸਿਰਫ 10 ਜਾਂ 12 ਗਿਲਾਸ ਸ਼ੁੱਧ ਪਾਣੀ ਪੀਣ ਨਾਲ ਤੁਸੀਂ ਨਿਰੋਗ, ਸਿਹਤਮੰਦ ਅਤੇ ਤੰਦਰੁਸਤ ਸਰੀਰ ਦੇ ਸਵਾਮੀ ਬਣ ਸਕਦੇ ਹੋ

Leave a Reply

Your email address will not be published. Required fields are marked *