ਪਟਿਆਲਾ : ਪੂਰੇ ਦੁਨੀਆਂ ਸਮੇਤ ਪੰਜਾਬ ਵਿੱਚ ਕਹਿਰ ਵਰਤਾ ਰਹੇ ਕਰੋਨਾ ਦਾ ਕਹਿਰ ਪਟਿਆਲਾ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸੱਜਰੇ ਪ੍ਰਾਪਤ ਹੋਏ ਮਾਮਲੇ ਵਿੱਚ ਮਾਂ ਅਤੇ ਧੀ ਸਮੇਤ 5 ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਭਲਕੇ ਜਿਹੜੇ ਨਮੂਨੇ ਲਏ ਗਏ ਸਨ ਉਨ੍ਹਾਂ ਦੀ ਰਿਪੋਰਟ ਅੱਜ ਪ੍ਰਾਪਤ ਹੋਈ ਹੈ ਜਿਸ ਵਿੱਚ 5 ਨਵੇਂ ਮਾਮਲੇ ਲਾਗ ਤੋਂ ਪ੍ਰਭਾਵਿਤ ਪਾਏ ਗਏ ਹਨ। ਇਨ੍ਹਾਂ ਵਿਚੋਂ ਦੋ ਪਟਿਆਲਾ ਦੇ ਗੁਰੂ ਤੇਗ਼ ਬਹਾਦੁਰ ਨਗਰ ਜਿਥੇ 49 ਸਾਲਾ ਮਾ ਅਤੇ ਉਸਦੀ 22 ਸਾਲਾ ਦੀ ਧੀ ਪ੍ਰਭਾਵਿਤ ਮਿਲੇ ਹਨ। ਇਸੇ ਤਰ੍ਹਾਂ ਨਾਭਾ ਦੀ 19 ਸਾਲਾ ਲੜਕੀ ਵਿੱਚ ਲਾਗ ਦੇ ਲੱਛਣ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪÎਟਿਆਲਾ ਦੇ ਰਾਜਪੁਰਾ ਜਿਥੇ ਸੱਭ ਤੋਂ ਜ਼ਿਆਦਾ ਮਾਮਲੇ ਕਰੋਨਾ ਦੇ ਮਿਲੇ ਹਨ, ਤੋਂ ਵੀ ਦੋ ਹੋਰ ਸੱਜਰੇ ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਡਾ. ਮਲਹੋਤਰਾ ਨੇ ਦਸਿਆ ਕਿ ਬੀਤੇ ਦਿਨੀਂ 39 ਸਾਲਾ ਇਕ ਵਿਅਕਤੀ ਨੂੰ ਇਥੋਂ ਦੇ ਮਾਤਾ ਕੋਸ਼ੱਲਿਆ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਸੀ ਜਿਸ ਨੂੰ ਡਾਕਟਰਾਂ ਨੇ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ ਸੀ ਪਰਿਵਾਰ ਜੀਆਂ ਦੇ ਕਹਿਣ ਅਨੁਸਾਰ ਕਰੋਨਾ ਟੈਸਟ ਕੀਤਾ ਗਿਆ ਤਾਂ ਇਸ ਦੀ ਰਿਪੋਰਟ ਵੀ ਪਾਜ਼ੇਟਿਵ ਮਿਲੀ। ਇਹ ਵਿਅਕਤੀ ਅਮਨ ਕਾਲੋਨੀ ਦਾ ਵਸਨੀਕ ਸੀ। ਇਸ ਨਾਲ ਪਟਿਆਲਾ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 99 ਤੱਕ ਅੱਪੜ ਗਈ ਜਦਕਿ 7 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ ਹਨ। ਪਟਿਆਲਾ ਵਿੱਚ 1300 ਤੋਂ ਵਧੇਰੇ ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ।