ਪਟਿਆਲਾ ”ਚ ”ਨੋਟਾਂ ਦਾ ਮੀਂਹ ਵਰ੍ਹਿਆ”, ਕੈਪਟਨ ਵੰਡ ਰਹੇ ਖੁੱਲ੍ਹੇ ਗੱਫੇ

0
202

ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਨੋਟਾਂ ਦਾ ਮੀਂਹ ਵਰ੍ਹ ਰਿਹਾ ਹੈ ਅਤੇ ਕੈਪਟਨ ਵਲੋਂ ਦੋਵੇਂ ਹੱਥਾਂ ਨਾਲ ਖੁੱਲ੍ਹੇ ਗੱਫੇ ਵੰਡੇ ਜਾ ਰਹੇ ਹਨ। ਕੈਪਟਨ ਨੇ ਪਟਿਆਲਾ ‘ਚ ਫੰਡਾਂ ਦੀ ਝੜੀ ਲਾ ਦਿੱਤੀ ਹੈ ਅਤੇ ਉਨ੍ਹਾਂ ਸਾਬਕਾ ਤੇ ਮੌਜੂਦਾ ਫੌਜੀਆਂ ਨੂੰ ਵੀ ਅਖਤਿਆਰੀ ਕੋਟੇ ਦੇ ਫੰਡ ਵੰਡੇ ਹਨ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲੇ ਨੂੰ ਵੀ ਖੁੱਲ੍ਹੇ ਗੱਫੇ ਵਰਤਾਏ ਜਾ ਰਹੇ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਤੋਂ ਆਰ. ਟੀ. ਆਈ. ਤਹਿਤ ਪ੍ਰਾਪਤ ਕੀਤੇ ਗਏ ਵੇਰਵਿਆਂ ਮੁਤਾਬਕ ਕੈਪਟਨ ਨੇ ਸੱਤਾ ਸੰਭਾਲਣ ਤੋਂ ਬਾਅਦ ਆਪਣੇ ਅਖਤਿਆਰੀ ਕੋਟੇ ‘ਚੋਂ 5.86 ਕਰੋੜ ਦੇ ਫੰਡ ਇਕੱਲੇ ਪਟਿਆਲਾ ਨੂੰ ਦਿੱਤੇ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਜ਼ਿਲਾ ਪਟਿਆਲਾ ਨੂੰ 1.85 ਕਰੋੜ, ਸਾਧੂ ਸਿੰਘ ਧਰਮਸੌਤ ਨੇ 57 ਲੱਖ ਤੇ ਨਵਜੋਤ ਸਿੱਧੂ ਨੇ 8 ਲੱਖ ਦੇ ਫੰਡ ਪਟਿਆਲਾ ਦੀ ਝੋਲੀ ਪਾਏ ਹਨ। ਤਿੰਨੋ ਵਜ਼ੀਰਾਂ ਸਮੇਤ ਅਖਤਿਆਰੀ ਕੋਟੇ ਦੇ ਕਰੋੜਾਂ ਦੇ ਫੰਡ ਪਟਿਆਲਾ ਨੂੰ ਨਸੀਬ ਹੋਏ ਹਨ। ਕੈਪਟਨ ਨੇ ਆਪਣੇ ਪੁਰਖਿਆ ਦੇ ਪਿੰਡ ਮਹਿਰਾਜ ਨੂੰ ਵੀ 55.63 ਲੱਖ ਦੇ ਫੰਡ ਜਾਰੀ ਕੀਤੇ ਹਨ। ਫੌਜੀਆਂ ਪ੍ਰਤੀ ਕੈਪਟਨ ਨੇ ਸਭ ਤੋਂ ਜ਼ਿਆਦਾ ਮੋਹ ਦਿਖਾਇਆ ਹੈ। ਇਸੇ ਤਰ੍ਹਾਂ ਦੂਜਾ ਜ਼ਿਲਾ ਗੁਰਦਾਸਪੁਰ ਹੈ, ਜਿਸ ਨੂੰ ਸਮੇਤ ਪਸ਼ੂ ਮੇਲਾ ਫੰਡਾਂ ਦੇ ਅਖਤਿਆਰੀ ਕੋਟੇ ਦੇ ਹੁਣ ਤੱਕ 26.64 ਕਰੋੜ ਦੇ ਫੰਡ ਮਿਲ ਚੁੱਕੇ ਹਨ। 7 ਕੈਬਨਿਟ ਮੰਤਰੀਆਂ ਨੇ ਗੁਰਦਾਸਪੁਰ ਨੂੰ ਅਖਤਿਆਰੀ ਕੋਟੇ ਦੇ ਫੰਡ ਦਿੱਤੇ ਹਨ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 1.59 ਕਰੋੜ ਦੇ ਫੰਡ ਜ਼ਿਲਾ ਗੁਰਦਾਸਪੁਰ ਨੂੰ ਦਿੱਤੇ ਹਨ ਤੇ ਉਨ੍ਹਾਂ ਨੇ ਪਸ਼ੂ ਮੇਲਾ ਫੰਡਾਂ ‘ਚੋਂ ਵੀ 19.18 ਕਰੋੜ ਦੇ ਫੰਡ ਗੁਰਦਾਸਪੁਰ ‘ਚ ਵੰਡੇ ਹਨ। ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਗੁਰਦਾਸਪੁਰ ਨੂੰ 1.57 ਕਰੋੜ ਦੇ ਫੰਡ ਦਿੱਤੇ ਹਨ, ਜਦੋਂ ਕਿ ਰਜ਼ੀਆ ਸੁਲਤਾਨਾ ਨੇ ਗੁਰਦਾਸਪੁਰ ਨੂੰ ਸਵਾ ਕਰੋੜ ਦੇ ਫੰਡ ਆਪਣੇ ਅਖਤਿਆਰੀ ਕੋਟੇ ‘ਚੋਂ ਦਿੱਤੇ ਸਨ। ਪੰਜਾਬ ਦੇ ਬਾਕੀ ਜ਼ਿਲੇ ਫੰਡਾਂ ਦਾ ਸੋਕਾ ਝੱਲ ਰਹੇ ਹਨ। ਕਦੇ ਇਹ ਮੌਜਾਂ ਬਾਦਲਾਂ ਦਾ ਜ਼ਿਲਾ ਮੁਕਤਸਰ ਲੁੱਟਦਾ ਸੀ। ਜਦੋਂ ਅਕਾਲੀ ਸਰਕਾਰ ਸੀ, ਉਦੋਂ ਜ਼ਿਲਾ ਮੁਕਤਸਰ ਖਾਸ ਕਰਕੇ ਲੰਬੀ ਨੂੰ ਨੋਟਾਂ ਦੇ ਟਰੱਕ ਜਾਂਦੇ ਸਨ ਪਰ ਹੁਣ ਕੈਪਟਨ ਨੇ ਖਜ਼ਾਨੇ ਦੇ ਮੂੰਹ ਆਪਣੇ ਜ਼ਿਲੇ ਲਈ ਖੋਲ੍ਹੇ ਹੋਏ ਹਨ ਅਤੇ ਗ੍ਰਾਂਟਾਂ ਦੀ ਝੜੀ ਲਾਈ ਹੋਈ ਹੈ।

Google search engine

LEAVE A REPLY

Please enter your comment!
Please enter your name here