ਤੰਦਰੁਸਤੀ ਲਈ ਖਾਓ ਹਰੀਆਂ ਸਬਜ਼ੀਆਂ

ਮੇਵੇ ਅਤੇ ਫਲ ਹਰ ਵਿਅਕਤੀ ਨਹੀਂ ਖ਼ਰੀਦ ਸਕਦਾ ਪਰ ਹਰੀਆਂ ਸਬਜ਼ੀਆਂ ਖਰੀਦਣਾ ਕੋਈ ਮੁਸ਼ਕਿਲ ਗੱਲ ਨਹੀਂ। ਗਰਮੀ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ ਮਹਿੰਗੀਆਂ ਜ਼ਰੂਰ ਮਿਲਦੀਆਂ ਹਨ ਪਰ ਸਰਦੀ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ ਜ਼ਿਆਦਾ ਮਾਤਰਾ ਵਿਚ ਘੱਟ ਕੀਮਤ ‘ਤੇ ਮਿਲਦੀਆਂ ਹਨ। ਹਰੀਆਂ ਸਬਜ਼ੀਆਂ ਦੀ ਵਰਤੋਂ ਜਿਥੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੀ ਹੈ, ਉਥੇ ਕੱਚੇ ਰੂਪ ਵਿਚ ਹਰੀਆਂ ਸਬਜ਼ੀਆਂ ਖਾਣ ਨਾਲ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਹਰੀਆਂ ਸਬਜ਼ੀਆਂ ਦੀ ਵਰਤੋਂ ਦਵਾਈ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ।
ਪਾਲਕ ਵਿਚ ਵਿਟਾਮਿਨ ‘ਏ’ ਭਰਪੂਰ ਮਾਤਰਾ ਵਿਚ ਮਿਲਦਾ ਹੈ। ਆਇਰਨ ਦੀ ਮਾਤਰਾ ਵੀ ਇਸ ਵਿਚ ਪਾਈ ਜਾਂਦੀ ਹੈ। ਅੱਖਾਂ ਦੀ ਕਮਜ਼ੋਰੀ ਅਤੇ ਵਾਲ ਝੜਨੇ ਆਦਿ ਰੋਗਾਂ ਵਿਚ ਪਾਲਕ ਦਾ ਸੇਵਨ ਲਾਭਦਾਇਕ ਹੈ। ਪਾਲਕ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਝੜਨੇ ਘੱਟ ਹੁੰਦੇ ਹਨ। ਕੱਚੀ ਪਾਲਕ ਦੇ ਪੱਤੇ ਧੋ ਕੇ ਸਾਫ਼ ਕਰਕੇ ਜੀਰੇ ਦੇ ਨਾਲ ਚਬਾਉਣ ਨਾਲ ਵਾਲ ਲੰਬੇ ਹੁੰਦੇ ਹਨ।
ਮੇਥੀ ਦਾ ਸੇਵਨ ਗਠੀਏ ਦੇ ਰੋਗੀ ਲਈ ਕਾਫੀ ਲਾਭਦਾਇਕ ਹੈ। ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ਵਿਚ ਵਿਟਾਮਿਨ ‘ਏ’ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸਰੀਰ ਦੇ ਦਰਦ ਵਿਚ ਵੀ ਮੇਥੀ ਦਾ ਸੇਵਨ ਲਾਭਦਾਇਕ ਹੈ।
ਭੋਜਨ ਵਿਚ ਲੌਕੀ, ਤੋਰੀ ਦੀ ਨਿਯਮਤ ਵਰਤੋਂ ਨਾਲ ਭੋਜਨ ਛੇਤੀ ਪਚਦਾ ਹੈ, ਪੇਟ ਸਾਫ਼ ਰਹਿੰਦਾ ਹੈ ਅਤੇ ਸਾਰੇ ਵਿਟਾਮਿਨ ਮਿਲਦੇ ਹਨ। ਰੋਗੀ ਵਿਅਕਤੀ ਨੂੰ ਵੀ ਲੌਕੀ-ਤੋਰੀ ਖਾਣ ਨੂੰ ਦਿੱਤੀ ਜਾਂਦੀ ਹੈ। ਲੌਕੀ ਦੀਆਂ ਛਿੱਲਾਂ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ ਦੀ ਗੰਦਗੀ ਦੂਰ ਹੁੰਦੀ ਹੈ। ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ। ਲੌਕੀ ਦੀਆਂ ਛਿੱਲਾਂ ਪੀਸ ਕੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਦਸਤਾਂ ਵਿਚ ਲਾਭ ਮਿਲਦਾ ਹੈ।
ਪੁਦੀਨੇ ਅਤੇ ਹਰੇ ਧਨੀਏ ਵਿਚ ਵਿਟਾਮਿਨ ‘ਏ’ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪੁਦੀਨੇ ਦਾ ਅਰਕ ਉਲਟੀ/ਦਸਤ ਹੋਣ ‘ਤੇ ਸੇਵਨ ਕਰਨ ਨਾਲ ਲਾਭ ਮਿਲਦਾ ਹੈ। ਪੁਦੀਨੇ ਦੀ ਭਾਫ ਲੈਣ ਨਾਲ ਜ਼ੁਕਾਮ ਵਿਚ ਫਾਇਦਾ ਮਿਲਦਾ ਹੈ। ਜ਼ੁਕਾਮ ਪੁਰਾਣਾ ਪੈ ਗਿਆ ਹੋਵੇ ਤਾਂ ਪੁਦੀਨਾ ਅਤੇ ਨਿੰਬੂ ਦਾ ਰਸ ਦੋਵਾਂ ਨੂੰ ਮਿਲਾ ਕੇ ਉਬਾਲੋ ਅਤੇ ਉਸ ਪਾਣੀ ਦੀ ਭਾਫ ਲਓ। ਥੋੜ੍ਹੇ ਦਿਨ ਇਸ ਦੀ ਵਰਤੋਂ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਪੁਦੀਨੇ ਦੇ ਪਾਣੀ ਨਾਲ ਨਹਾਉਣ ‘ਤੇ ਚਰਮ ਰੋਗ ਦੂਰ ਹੋਣਗੇ।
ਮੂਲੀ ਸਲਾਦ ਦੇ ਰੂਪ ਵਿਚ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਮੂਲੀ ਦੇ ਪੱਤਿਆਂ ਵਿਚ ਵਿਟਾਮਿਨ ‘ਏ’ ਦੀ ਮਾਤਰਾ ਭਰਪੂਰ ਹੁੰਦੀ ਹੈ। ਮੂਲੀ ਦਾ ਰਸ ਪੀਲੀਏ ਵਾਲੇ ਰੋਗੀ ਲਈ ਲਾਭਦਾਇਕ ਹੈ। ਮੂਲੀ ਵਿਚ ਨਿੰਬੂ ਦਾ ਰਸ ਮਿਲਾ ਕੇ ਲੈਣ ਨਾਲ ਪੇਟ ਸਾਫ ਹੁੰਦਾ ਹੈ ਅਤੇ ਆਲਸ ਦੂਰ ਹੁੰਦਾ ਹੈ। ਇਹ ਸਰੀਰ ਨੂੰ ਸ਼ਕਤੀ ਦਿੰਦਾ ਹੈ।
ਗਾਜਰ ਵਿਚ ਸਾਰੇ ਵਿਟਾਮਿਨ ਅਤੇ ਬੀਟਾ ਕੈਰੋਟਿਨ ਜ਼ਿਆਦਾ ਮਿਲਦਾ ਹੈ। ਗਾਜਰ ਦਿਮਾਗੀ ਸ਼ਕਤੀ ਵਧਾਉਂਦੀ ਹੈ ਅਤੇ ਅੱਖਾਂ ਦੀ ਕਮਜ਼ੋਰੀ ਦੂਰ ਕਰਦੀ ਹੈ। ਦਸਤ ਪੇਚਿਸ਼, ਅਲਸਰ ਵਿਚ ਵੀ ਗਾਜਰ ਦਾ ਸੇਵਨ ਲਾਭਦਾਇਕ ਹੈ। ਗਾਜਰ ਦਾ ਰਸ ਕੱਢ ਕੇ ਕਮਜ਼ੋਰ ਬੱਚਿਆਂ ਨੂੰ ਦਿਓ। ਮਸੂੜਿਆਂ ਵਿਚੋਂ ਖੂਨ ਨਿਕਲਣਾ ਦੂਰ ਹੁੰਦਾ ਹੈ ਅਤੇ ਪੇਟ ਦੇ ਕੀੜੇ ਦੂਰ ਹੁੰਦੇ ਹਨ। ਟੌਂਸਲ ਵਿਚ ਲਾਭ ਮਿਲਦਾ ਹੈ। ਮਾਨਸਿਕ ਸ਼ਕਤੀ ਵਧਦੀ ਹੈ।
ਵੱਡੇ ਤਾਂ ਹਰੀ ਸਬਜ਼ੀ ਖਾ ਲੈਂਦੇ ਹਨ ਪਰ ਬੱਚੇ ਹਰੀ ਸਬਜ਼ੀ ਖਾਣ ਵਿਚ ਰੁਚੀ ਨਹੀਂ ਰੱਖਦੇ। ਬੱਚਿਆਂ ਨੂੰ ਆਲੂ ਦੇ ਪਰੌਂਠੇ ਬਣਾ ਕੇ ਦਿਓ। ਜੇ ਬੱਚੇ ਸੂਪ ਜਾਂ ਚਟਣੀ ਜ਼ਿਆਦਾ ਖਾਂਦੇ ਹੋਣ ਤਾਂ ਹਰੀਆਂ ਸਬਜ਼ੀਆਂ ਉਬਾਲ ਕੇ ਟਮਾਟਰ ਮਿਲਾ ਕੇ ਬੱਚਿਆਂ ਨੂੰ ਚਟਣੀ ਦੇ ਰੂਪ ਵਿਚ ਵੀ ਦੇ ਸਕਦੇ ਹੋ। ਤੁਹਾਡਾ ਫਰਜ਼ ਹੈ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਖਵਾਓ। ਬੱਚੇ ਜਿਸ ਰੂਪ ਵਿਚ ਪਸੰਦ ਕਰਨ, ਉਸੇ ਰੂਪ ਵਿਚ ਹੀ ਬਣਾ ਕੇ ਦਿਓ, ਜਿਸ ਨਾਲ ਤੁਹਾਡੇ ਬੱਚੇ ਤੰਦਰੁਸਤ ਅਤੇ ਨਿਰੋਗ ਰਹਿ ਸਕਣ।

Leave a Reply

Your email address will not be published. Required fields are marked *