ਜਰਨਲ ਡੈਰ ਦੀਆਂ ਭੇਡਾਂ ਦੇ ਦੇਸ਼ ’ਚ

 

ਲਉ ਜੀ ਸ਼ੰਭੂ ਨਾਕੇ ਤੋਂ ਜਰਨਲ ਡੈਰ ਦੀਆਂ ਭੇਡਾਂ ਦੇ ਦੇਸ਼ ’ਚ ਵੜ ਗਏ ਹਾਂ। ਸਾਹਮਣੇ ਜਿਹੜਾ ਨਜ਼ਾਰਾ ਉਹ ਬਹੁਤ ਕਮਾਲ ਦਾ। ਆਲੇ ਦੁਆਲੇ ਸਾਰੇ ਕੋਠਿਆਂ, ਕੰਧਾਂ ’ਤੇ ਲਿਖੇ ਝੋਟਿਆਂ ਵਰਗੇ ਅੰਗਰੇਜ਼ੀ ਦੇ ਅੱਖਰ ਵੇਖ ਕੇ ਇੰਜ ਲਗਦਾ ਜਿਵੇਂ ਬੰਦਾ ਲੰਦਨ ’ਚ ਹਾਊਸ ਆਫ ਕਾਮਨਜ਼ ਦੇ ਸਾਹਮਣੇ ਨੂੰ ਲੰਘ ਰਿਹਾ ਹੋਵੇ।

ਇਕ ਬੰਦਾ ਪਾਟਾ ਜਿਹਾ ਝੱਗਾ ਪਾਈ ਸੜਕ ’ਤੇ ਰੇਹੜਾ ਹੱਕਦਾ ਜਾ ਰਿਹਾ ਤੇ ਨਾਲ ਹੀ ਨਾਸਾਂ ’ਚੋਂ ਡੇਢ ਡੇਢ ਫੁੱਟ ਦੇ ਚੂਹੇ ਕੱਢ ਰਿਹਾ। ਰੇਹੜੇ ਪਿੱਛੇ ਲੱਗੇ ਫੱਟੇ ’ਤੇ ਲਿਖਿਆ ਲਵ ਇਜ਼ ਗੌਡ। ਸ਼ੁਕਰ ਹੈ ਹਾਲੇ ਉਸ ਨੇ ਇਹ ਨੀ ਲਿਖਿਆ ਕਿ ਰੈਟ ਇਜ਼ ਗੌਡ।
ਲਉ ਜੀ ਆਪਣਾ ਸ਼ਹਿਰ ਆ ਗਿਆ ਰਾਜਪੁਰਾ। ਫਾਟਕ ਦੇ ਨਾਲ ਹੀ ਬੰਦਾ ਟੁੱਟੇ ਤਖਤਪੋਸ਼ ’ਤੇ ਚਾਹ ਦੀ ਕੇਤਲੀ ਰੱਖ ਕੇ ਚਾਹ ਵੇਚ ਰਿਹਾ। ਲਾਲ ਲਿਸ਼ਕਦੇ ਅੰਗਰੇਜ਼ੀ ਅੱਖਰਾਂ ਵਿਚ ਲਿਖਿਆ ਹੋਇਆ ਬੰਟੀ ਟੀ ਸਟਾਲ। ਇਸ ਦੀ ਚਾਹ ਬਾਰੇ ਇਕ ਹੋਰ ਗੱਲ ਮਸ਼ਹੂਰ ਹੈ ਕਿ ਇਸਦੀ ਚਾਹ ਚੋਂ ਲੂਣ ਦਾ ਸੁਆਦ ਬਹੁਤ ਆਉਂਦਾ। ਕਈ ਤਾਂ ਇਸ ਦੀ ਬਣਾਈ ਸਲੂਣੀ ਚਾਹ ਬੜੇ ਸੁਆਦ ਨਾਲ ਪੀਂਦੇ ਹਨ। ਪਰ ਇਸ ਰਾਜ਼ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਇਸ ਦੀ ਚਾਹ ਸਲੂਣੀ ਕਿਉਂ ਹੁੰਦੀ ਹੈ। ਜੇ ਤੁਹਾਨੂੰ ਦੱਸ ਦਿੱਤਾ ਤਾਂ ਤੁਸੀਂ ਮੁੜਕੇ ਵਿਚਾਰੇ ਦੀ ਚਾਹ ਨੀ ਪੀਣੀ।

ਸ਼ਹਿਰ ਵਿਚ ਵੜੇ ਆ ਤਾਂ ਘਰ ਵੀ ਗੇੜਾ ਮਾਰ ਚੱਲੀਏ। ਵਿਆਹਾਂ ਦਾ ਮੌਸਮ ਐ ਤੇ ਘਰੇ ਰਿਸ਼ਤੇਦਾਰ ਜਟੌੜਾਂ ਦੇ ਵਿਆਹ ਦੇ ਸੱਦੇ ਆਏ ਪਏ ਹਨ, ਸਾਰੇ ਹੀ ਅੰਗਰੇਜ਼ੀ ਵਿਚ। ਮੈਨੂੰ ਕੇਰਲਾ ਤੋਂ ਵਿਆਹ ਦਾ ਸੱਦਾ ਮਲਿਆਲਮ ਵਿਚ ਆਉਂਦਾ ਤੇ ਮਹਾਰਾਸ਼ਟਰ ਤੋਂ ਮਰਾਠੀ ਵਿਚ। ਪਰ ਇਹ ਆਪਣੇ ਰਿਸ਼ਤੇਦਾਰ ਜੱਟ ਮਤਲਬ ਜਟੌੜ ਅੰਗਰੇਜ਼ੀ ਵਿਚ ਵਿਆਹ ਦਾ ਸੱਦਾ ਇੰਜ ਛਪਵਾਉਂਦੇ ਹਨ ਜਿਵੇਂ ਇੰਗਲੈਂਡ ਦੀ ਮਹਾਰਾਣੀ ਮਾਰਗੇਟ ਥੈਚਰ ਨੇ ਇਨ੍ਹਾਂ ਦੇ ਵਿਆਹ ਵਿਚ ਆਉਣਾ ਹੁੰਦਾ।

ਮੈਂ ਆਪਣੇ ਅਜਿਹੇ ਕਈ ਜਟੌੜ ਰਿਸ਼ਤੇਦਾਰਾਂ ਨੂੰ ਕਿਹਾ ਕਿ ਲਗਦਾ ਤੁਹਾਡਾ ਪੰਜਾਬੀ ਵਿਚ ਹੱਥ ਤੰਗ ਹੈ, ਆਪਾਂ ਅੰਗਰੇਜ਼ੀ ਵਿਚ ਗੱਲਬਾਤ ਕਰਦੇ ਹਾਂ। ਬਸ ਐਨੇ ਵਿਚ ਹੀ ਉਨ੍ਹਾਂ ਦਾ ਮੂਤ ਨਿਕਲ ਜਾਂਦਾ। ਅੰਗਰੇਜ਼ੀ ਵਿਚ ਸੱਦਾ ਇਸ ਕਰਕੇ ਛਪਵਾਉਂਦੇ ਬਈ ਜਰਨਲ ਡੈਰ ਦੇ ਘੋੜਿਆਂ ਦੀ ਲਿੱਦ ਆਪਣੇ ਸਿਰਾਂ ’ਤੇ ਚੱਕਣ ਦਾ ਮਾਣ ਹਾਸਲ ਹੋਵੇਗਾ।

ਪੂਰੇ ਸ਼ਹਿਰ ਵਿਚ ਗੇੜਾ ਕੱਢ ਲਿਆ, ਅਪਣੇ ਘਰ ਸਮੇਤ ਪੰਜ ਘਰ ਹੋਰ ਮਿਲੇ ਨੇ ਜਿਨ੍ਹਾਂ ਅੱਗੇ ਪੰਜਾਬੀ ਲਿਖੀ ਹੋਈ ਐ, ਬਾਕੀ ਘਰਾਂ ਅੱਗੇ ਅੰਗਰੇਜ਼ੀ ਦੇ ਅੱਖਰ ਲਿਖੇ ਵੇਖ ਕੇ ਭੁਲੇਖਾ ਪੈਂਦਾ ਜਿਵੇਂਂ ਲੰਦਨ ਦੇ ਕਿਸੇ ਕਬਰਸਤਾਨ ਵਿਚ ਕਬਰਾਂ ’ਤੇ ਲਿਖੇ ਨਾਂ ਪੜ੍ਹ ਰਹੇ ਹੋਈਏ।
ਲਉ ਜੀ ਹੁਣ ਆਪਾਂ ਰਾਜਪੁਰੇ ਤੋਂ ਪੰਜਾਬੀ ਯੂਨੀਵਰਸਿਟੀ ਪੁੱਜ ਗਏ ਹਾਂ। ਇਹ ਯੂਨੀਵਰਸਿਟੀ ਪੰਜਾਬੀ ਦੀ ਤਰੱਕੀ ਲਈ ਬਣਾਈ ਗਈ ਇੱਕੋ ਇੱਕ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੇ ਸਾਹਮਣੇ ਵਾਲੀਆਂ ਦੁਕਾਨਾਂ ’ਤੇ ਪੰਜਾਬੀ ਦਾ ਅੱਖਰ ਲੱਭਣਾ ਇਸ ਤਰ੍ਹਾਂ ਜਿਵੇਂ ਗੰਜੇ ਦੇ ਸਿਰ ’ਤੇ ਵਾਲ।

ਅੰਦਰ ਵੜਦਿਆਂ ਹੀ ਸਾਹਮਣੇ ਅੰਗਰੇਜ਼ੀ ਵਿਚ ਫੱਟਾ ਲਿਖਿਆ ਹੋਇਆ ਹੈਰੀਟੇਜ ਫੈਸਟੀਵਲ। ਚਲੋ ਇਸ ਦੇ ਅਜਾਇਬ ਘਰ ਵਿਚ ਚਲਦੇ ਹਾਂ। ਅਜਾਇਬ ਘਰ ਵਿਚ ਇਕ ਵਹੀ ਪਈ ਹੈ, ਆਪਣਾ ਨਾਂ ਲਿਖਣ ਲਈ। ਖੋਲ੍ਹ ਕੇ ਵੇਖੀ, ਕਮਾਲਾਂ ਨੇ ਬਈ ਇਕ ਵੀ ਜਣੇ ਨੇ ਆਪਣੇ ਦਸਤਖਤ ਪੰਜਾਬੀ ਵਿਚ ਨਹੀਂ ਕੀਤੇ। ਸੱਗੋਂ ਅੰਗਰੇਜ਼ੀ ਵਿਚ ਕਰਕੇ ਸਾਬਤ ਕੀਤਾ ਕਿ ਮਰੀ ਹੋਈ ਅਣਖ ਵਾਲੇ ਲੋਕਾਂ ’ਚੋਂ ਕਿੰਨੀ ਮੁਸ਼ਕ ਆਉਂਦੀ ਐ ਜੇ ਇਸ ਦਾ ਨਜ਼ਾਰਾ ਵੇਖਣਾ ਹੋਵੇ ਤਾਂ ਪੰਜਾਬੀ ਯੂਨੀਵਰਸਿਟੀ ਚਲੇ ਜਾਵੋ। ਇਹ ਯੂਨੀਵਰਸਿਟੀ ਜਰਨਲ ਡੈਰ ਦੀਆਂ ਭੇਡਾਂ ਨੂੰ ਕੱਖ ਪਾਉਣ ਦਾ ਬਹੁਤ ਵੱਡਾ ਵਾੜਾ ਬਣ ਗਈ ਹੈ।

ਲਉ ਜੀ ਹੁਣ ਇੱਥੋਂ ਸਿੱਧੇ ਚਲਦੇ ਹਾਂ ਉਸ ਸ਼ਹਿਰ ਨੂੰ ਜਿਸ ਨੂੰ ਵਸਾ ਕੇ, ਸਾਡੀ ਧਰਤੀ ਪੁਆਧ ਦੀ ਤਬਾਹੀ ਦਾ ਮੁੱਢ ਬੰਨ੍ਹਿਆ ਗਿਆ। ਇਸ ਦੇ ਅੰਦਰ ਵੜਦਿਆਂ ਹੀ ਲਿਖਿਆ ਮਿਲਦਾ ਸਿਟੀ ਬਿਊਟੀਫੁੱਲ। ਕਮਾਲ ਹੈ ਉਹ ਸ਼ਹਿਰ ਜਿੱਥੇ ਲੋਕਾਂ ਨੂੰ ਕੁੱਟਣ ਤੇ ਲੁੱਟਣ ਦੀਆਂ ਵਿਊਂਤਾਂ ਬਣਾਉਣ ਵਾਲੇ ਸਭ ਤੋਂ ਵੱਡੀ ਗਿਣਤੀ ਵਿਚ ਰਹਿੰਦੇ ਹਨ ਜੇ ਇਹ ਸਿਟੀ ਬਿਉੂਟੀਫੁੱਲ ਹੈ ਤਾਂ ਫੇਰ ਗੰਦ ਪਾਉਣ ਵਾਲੇ ਕਿੱਥੇ ਰਹਿੰਦੇ ਹਨ।
ਇਹ ਸ਼ਹਿਰ ਵਿੱਚ ਤਾਂ ਪੰਜਾਬੀ ਦਾ ਕੋਈ ਅੱਖਰ ਲੱਭਣਾ ਇਸ ਤਰ੍ਹਾਂ ਜਿਵੇਂ ਦਸ ਵੀਹ ਕਿੱਲਿਆਂ ਦੇ ਵਾਹਣ ’ਚ ਟਟ੍ਹੀਰੀ ਦੇ ਆਂਡੇ। ਇੱਥੇ ਲੋਕ ਘਰਾਂ ’ਚ ਅੰਗਰੇਜ਼ੀ ਤੇ ਹਿੰਦੀ ਬੋਲਦੇ ਹਨ। ਸ਼ਹਿਰ ਦੇ 99 ਫੀਸਦੀ ਲੋਕ ਪੰਜਾਬੀ ਨੂੰ ਬੇਦਾਵਾ ਦੇ ਚੁੱਕੇ ਹਨ। ਸਭ ਤੋਂ ਵੱਡਾ ਕਮਾਲ ਵੇਖੋ ਕਿ ਪੁਆਧ ਦੇ 22 ਪਿੰਡਾਂ ਨੂੰ ਉਜਾੜ ਕੇ ਵਸਾਏ ਇਸ਼ ਸ਼ਹਿਰ ਦੇ ਲੋਕ ਸਾਡੀ ਬੋਲੀ ਪੁਆਧੀ ਨੂੰ ਨਫਰਤ ਕਰਦੇ ਹਨ ਤੇ ਸਾਨੂੰ ਪਛੜੇ ਕਹਿੰਦੇ ਹਨ।
ਇਸ ਸ਼ਹਿਰ ਵਿਚ ਆਮ ਬੰਦਿਆਂ ਦੀ ਤਾਂ ਗੱਲ ਹੀ ਛੱਡ ਦਿਉ ਜਿਹੜੇ ਪੰਜਾਬੀ ਦੇ ਲੇਖਕ ਬਣੇ ਫਿਰਦੇ ਹਨ ਉਨ੍ਹਾਂ ਦੇ ਘਰ ਦੇ ਬਾਹਰ ਵੀ ਅੰਗਰੇਜ਼ੀ ਇਸ ਤਰ੍ਹਾਂ ਖੜੀ ਹੁੰਦੀ ਜਿਵੇਂ ਲੈਂਟਰ ਨੂੰ ਸਹਾਰਾ ਦੇਣ ਲਈ ਥੰਮੀ ਲਾਈ ਹੁੰਦੀ ਐ। ਜੇ ਜਰਨਲ ਡੈਰ ਇਸ ਸ਼ਹਿਰ ਵਿਚ ਆ ਜਾਵੇ ਤਾਂ ਉਹ ਐਨੀਆਂ ਭੇਡਾਂ ਵੇਖ ਕੇ ਬਹੁਤ ਹੈਰਾਨ ਹੋਵੇਗਾ ਤੇ ਕਹੇਗਾ ਕਿ ਐਨੀਆਂ ਭੇਡਾਂ ਦੀ ਉ¥ਨ ਨਾਲ ਇੰਗਲੈਂਡ ਤਾਂ ਇਕ ਪਾਸੇ ਪੂਰੇ ਯੂਰਪ ਨੂੰ ਦਸ ਸਾਲ ਰਜਾਈਆਂ ਭਰਵਾਉਣ ਦੀ ਲੋੜ ਨੀ ਪੈਣੀ।
ਹੁਣ ਚਲਦੇ ਹਾਂ ਜੀ ਲੁਧਿਆਣੇ ਨੂੰ ਜਿਸ ਨੂੰ ਪੰਜਾਬ ਦਾ ਮਾਨਚੈਸਟਰ ਵੀ ਕਿਹਾ ਜਾਂਦਾ। ਸਚਮੁੱਚ ਇਹ ਤਾਂ ਮਾਨਚੈਸਟਰ ਹੀ ਹੈ। ਇਕ ਲੱਕੜ ਦੀ ਟਾਲ ਹੈ ਤੇ ਉਪਰ ਅੰਗਰੇਜ਼ੀ ਵਿਚ ਲਿਖਿਆ ਹੋਇਆ ਸ਼ੰਟੀ ਟਿੰਬਰ ਸਟੋਰ। ਅੱਗੇ ਬੜੇ ਲਿਸ਼ਕਵੇਂ ਲਫ਼ਜ਼ਾਂ ’ਚ ਢਾਬੇ ’ਤੇ ਲਿਖਿਆ ਬਰੇਕਫਾਸਟ, ਲੰਚ, ਡਿਨਰ ਐਂਡ ਐਵਰੀਥਿੰਗ। ਉਸ ਤੋਂ ਅੱਗੇ ਇਕ ਬਾਂਦਰ ਬੂਥੀ ’ਤੇ ਸਤਰੰਗੇ ਵਾਲ ਲਾਏ ਹਨ ਤੇ ਨਾਲ ਲਿਖਿਆ ਜੈਕੀ ਹੇਅਰ ਸੈਲੂਨ।
ਰਣਜੀਤ ਸਿੰਘ ਤੋਂ ਬਾਅਦ ਪੰਜਾਬ ਦੀ ਫੌਜ ਨਾਲ ਹੋਈਆਂ ਲੜਾਈਆਂ ਸਮੇਂ ਇਹ ਸ਼ਹਿਰ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਛਾਉਣੀ ਹੁੰਦਾ ਸੀ। ਅੰਗਰੇਜ਼ੀ ਨਾਲ ਇਸ ਸ਼ਹਿਰ ਦੇ ਲੋਕਾਂ ਦਾ ਪਿਆਰ ਵੇਖ ਕੇ ਇੰਜ ਲਗਦਾ ਜਿਵੇਂ ਇਹ ਅੱਜ ਵੀ ਮਾਂ ਬੋਲੀ ਨੂੰ ਹਰਾਉਣ ਲਈ ਅੰਗਰੇਜ਼ਾਂ ਦੀ ਫੌਜ ਵੱਲੋਂਂ ਲੜ ਰਹੇ ਹੋਣ।
ਔਹ ਸਾਹਮਣੇ ਚੌਕ ਵਿਚ ਸਰਕਾਰੀ ਸਕੂਲਾਂ ਦੇ ਮਾਸਟਰ ਆਪਣੀਆਂ ਮੰਗਾਂ ਲਈ ਧਰਨਾ ਲਾਈ ਬੈਠੇ ਹਨ। ਇਨ੍ਹਾਂ ਦੀਆਂ ਮੰਗਾਂ ਨੇ ਕਿ ਬਣਦੀਆਂ ਤਰੱਕੀਆਂ ਦਿੱਤੀਆਂ ਜਾਣ ਤੇ ਹੋਰ ਬੜਾ ਕੁੱਝ।
ਇਹ ਆਪ ਸਰਕਾਰੀ ਸਕੂਲਾਂ ’ਚੋਂ ਪੰਜਾਹ ਪੰਜਾਹ ਹਜ਼ਾਰ ਰੁਪਏ ਤਨਖਾਹ ਲੈਂਦੇ ਹਨ ਤੇ ਇਨ੍ਹਾਂ ’ਚੋਂ ਆਪਣਾ ਕਿਸੇ ਦਾ ਵੀ ਨਿਆਣਾ ਸਰਕਾਰੀ ਸਕੂਲ ਵਿਚ ਨਹੀਂ ਪੜ੍ਹਦਾ। ਇਹ ਤਨਖਾਹ ਸਰਕਾਰੀ ਸਕੂਲ ’ਚੋਂ ਲੈਂਦੇ ਹਨ ਤੇ ਸੇਵਾ ਕਾਨਵੈਂਟ ਸਕੂਲਾਂ ਦੀ ਕਰਦੇ ਹਨ। ਇਹ ਜਿਸ ਬੋਲੀ ਦੇ ਸਿਰ ’ਤੇ ਕੋਠੀਆਂ ਕਾਰਾਂ ਦਾ ਮਾਲਕ ਬਣੇ ਹਨ, ਉਸੇ ਦੀਆਂ ਜੜ੍ਹਾਂ ਵਿਚ ਤੇਲ ਦੇ ਰਹੇ ਹਨ।

ਕੋਈ ਸ਼ੱਕ ਨਹੀਂ ਕਿ ਸਰਕਾਰ ਸਰਕਾਰੀ ਸਕੂਲਾਂ ਤੇ ਸਿੱਖਿਆ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਅੱਜ ਦੀਆਂ ਸਾਰੀਆਂ ਸਰਕਾਰਾਂ ਕੌਮਾਂਤਰੀ ਕੰਪਨੀਆਂ ਦੀਆਂ ਦਲਾਲ ਹਨ ਤੇ ਦਲਾਲਾਂ ਨੇ ਉਹੀ ਸੌਦਾ ਕਰਨਾ ਹੁੰਦਾ ਜਿਸ ਵਿਚ ਉਨ੍ਹਾਂ ਨੂੰ ਵੱਧ ਤੋਂ ਵੱਧ ਦਲਾਲੀ ਮਿਲਦੀ ਹੋਵੇ। ਕਾਨਵੈਂਟ ਸਕੂਲਾਂ ਤੋਂ ਇਨ੍ਹਾਂ ਦਲਾਲਾਂ ਨੂੰ ਰੱਜਵੀਂ ਦਲਾਲੀ ਮਿਲਦੀ ਹੈ, ਇਸ ਲਈ ਉਹ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਵੱਧ ਤੋਂ ਵੱਧ ਦਲਾਲੀ ਛਕਣਾ ਚਾਹੁੰਦੇ ਹਨ। ਪਰ ਮਾਸਟਰਾਂ ਨੂੰ ਤਾਂ ਸਰਕਾਰੀ ਸਕੂਲਾਂ ਤੋਂ ਤਨਖਾਹ ਮਿਲਦੀ ਹੈ ਤੇ ਇਹ ਆਪਣੇ ਨਿਆਣੇ ਉਥੇ ਨਾ ਪੜ੍ਹਾ ਕੇ, ਉਸ ਦਿਨ ਨੂੰ ਨੇੜੇ ਲਿਆ ਰਹੇ ਹਨ ਜਦੋਂ ਦਲਾਲ ਕਹਿਣਗੇ ਕਿਉਂਕਿ ਸਰਕਾਰੀ ਸਕੂਲਾਂ ਵਿਚ ਕੋਈ ਨਿਆਣਾ ਨਹੀਂ ਰਿਹਾ, ਇਸ ਲਈ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ।
ਜੇ ਸਰਕਾਰ ਸਰਕਾਰੀ ਸਕੂਲਾਂ ਦਾ ਭੋਗ ਪਾ ਰਹੀ ਹੈ ਤਾਂ ਇਹ ਮਾਸਟਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਸਰਕਾਰ ਨਾਲ ਹੱਥ ਮਿਲਾਈ ਬੈਠੇ ਹਨ ਜਿਵੇਂ ਕਦੇ ਤੇਜਾ ਸਿੰਘ ਤੇ ਲਾਲ ਸਿੰਘ ਨੇ ਅੰਗਰੇਜ਼ਾਂ ਵਿਰੁਧ ਜਿੱਤ ਰਹੀ ਪੰਜਾਬ ਦੀ ਫੌਜ ਨੂੰ ਅੰਗਰੇਜ਼ਾਂ ਨਾਲ ਮਿਲ ਕੇ ਹਰਾਇਆ ਸੀ।
ਲਉ ਜੀ ਹੁਣ ਆਪਾਂ ਪੁੱਜ ਗਏ ਹਾਂ ਪੰਜਾਬੀ ਭਵਨ। ਜਿਹੜੇ ਲਫ਼ਜ਼ ਸਾਡੀ ਜ਼ੁਬਾਨ ਵਿਚ ਨਹੀਂ ਹੁੰਦੇ ਉਹ ਅਸੀਂ ਹੋਰ ਬੋਲੀਆਂ ਤੋਂ ਲੈਂਦੇ ਹਾਂ ਪਰ ਜਿਹੜੇ ਹੁੰਦੇ ਨੇ ਪੰਜਾਬੀ ਲੇਖਕ ਉਨ੍ਹਾਂ ਦਾ ਵੀ ਭੋਗ ਪਾਉਣ ਲੱਗੇ ਹੋਏ ਹਨ।

ਹਿੰਦੀ ਆਲਾ ਭਵਨ ਪੰਜਾਬੀ ਦੀ ਰਾਖੀ ਲਈ, ਕਮਾਲ ਐ। ਇਸ ਤੋਂ ਚੰਗਾ ਤਾਂ ਇਸ ਦਾ ਨਾਂ ਪੰਜਾਬੀ ਛਤੜਾ ਹੀ ਰੱਖ ਦਿੰਦੇ ਘੱਟੋ ਘੱਟ ਪੰਜਾਬੀ ਨਾਂ ਤਾਂ ਹੁੰਦਾ ਜਾਂ ਫੇਰ ਬੈਠਕ। ਪਰ ਬੜਾ ਸਲੀਕੇ ਆਲਾ ਲਫ਼ਜ਼ ਲੱਭਿਆ ਭਵਨ। ਪੜ੍ਹੇ ਲਿਖਿਆਂ ਦੇ ਮੂੰਹੋਂਂ ਇਹੀ ਚੰਗਾ ਲਗਦਾ। ਸ਼ਾਇਦ ਛਤੜਾ ਕਹਿਣ ਨਾਲ ਪਤਾ ਨਹੀਂ ਲਗਣਾ ਸੀ ਬਈ ਇਸ ’ਚ ਲੇਖਕ ਮਿਲਣੀਆਂ ਕਰਦੇ ਹਨ ਜਾਂ ਘੋੜੇ, ਬੋਤੇ।
ਲਉ ਜੀ ਇਸ ਭਵਨ ਵਿਚ ਪੰਜਾਬੀ ਲੇਖਕ ਮਾਂ ਬੋਲੀ ਦੀ ਦਿਨੋ ਦਿਨ ਹੋ ਰਹੀ ਮਾੜੀ ਹਾਲਤ ਬਾਰੇ ਚਿੰਤਾ ਭਰੇ ਬਿਆਨ ਅਖਬਾਰਾਂ ਨੂੰ ਦਿੰਦੇ ਹਨ। ਬਿਆਨ ਸੁਣੋ,,,,,,,ਲੇਖਕਾਂ ਦੀ ਮੀਟਿੰਗ ਵਿਚ ਮਾਂ ਬੋਲੀ ਦੀ ਮਾੜੀ ਹਾਲਤ ਬਾਰੇ ਗਹਿਰੀ ਚਿੰਤਾ ਵਿਅਕਤ ਕਰਦਿਆਂ ਕਿਹਾ ਗਿਆ ਕਿ ਜਿਹੜੇ ਲੇਖਕ ਸਰਕਾਰੀ ਕਰਮੀ ਹਨ ਉਨ੍ਹਾਂ ਨੂੰ ਪਦ ਉਨਤ ਕੀਤਾ ਜਾਵੇ। ਜੇ ਲੇਖਕ ਪਦ ਉ¥ਨਤ ਹੋਣਗੇ ਤਾਂ ਮਾਂ ਬੋਲੀ ਵੀ ਜਲਦ ਹੀ ਉਨਤ ਹੋ ਜਾਵੇਗੀ। ਲੇਖਕਾਂ ਦੀ ਅਭੀਵਿਅਕਤੀ ’ਤੇ ਰੋਕ ਲਾਉਣ ਦੀ ਅਲੋਚਨਾ ਕੀਤੀ ਗਈ।’’ ਅਜਿਹਾ ਇੱਕ ਬਿਆਨ ਪੜ੍ਹ ਕੇ ਸਾਡੇ ਯਾਰ ਨੇ ਕਿਹਾ ਸੀ ,‘‘ ਯਾਰ ਪੱਦ ਵੀ ਉ¥ਨਤੀ ਕਰਦਾ ਇਸ ਗੱਲ ਦਾ ਪਹਿਲੀ ਵਾਰ ਪਤਾ ਲੱਗਿਆ।’’

ਬਹੁਤੇ ਲੇਖਕ ਮਾਂ ਬੋਲੀ ਬਾਰੇ ਚਿੰਤਾ ਭਰਿਆ ਬਿਆਨ ਦੇਣ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਕਾਨਵੈਂਟ ਸਕੂਲਾਂ ਦੀਆਂ ਫੀਸਾਂ ਭਰਨ ਚਲੇ ਗਏ ਹਨ ਤਾਂ ਜੋ ਆਪਣੇ ਪੁੱਤ ਪੋਤਿਆਂ ਨੂੰ ਅੰਗਰੇਜ਼ੀ ਸਿਖਾ ਕੇ, ਉਨ੍ਹਾਂ ਨੂੰ ਪੌਂਡਾਂ, ਡਾਲਰਾਂ ਦੀ ਧਰਤੀ ’ਤੇ ਪਹੁੰਚਾ ਸਕਣ। ਉਨ੍ਹਾਂ ਦੇ ਨਿਆਣਿਆਂ ਦਾ ਭਵਿੱਖ ਬਣਨਾ ਚਾਹੀਦਾ, ਮਾਂ ਬੋਲੀ ਦਾ ਕੀ ਐ, ਇਹਦੇ ਬਾਰੇ ਅਸੀਂ ਗਹਿਰੀ ਚਿੰਤਾ ਵਾਲੇ ਬਿਆਨ ਜਾਰੀ ਕਰਦੇ ਰਹਾਂਗੇ।
ਲਉ ਜੀ ਹੁਣ ਸਿੱਧਾ ਅੰਮ੍ਰਿਤਸਰ ਚਲਦੇ ਹਾਂ। ਇਸ ਸ਼ਹਿਰ ਵਿਚ ਕੰਧਾਂ, ਕੌਲਿਆਂ, ਦੁਕਾਨਾਂ ’ਤੇ ਲਿਖੀ ਅੰਗਰੇਜ਼ੀ ਵੇਖ ਕੇ ਲਗਦਾ ਜਿਵੇਂ ਇੱਥੇ ਹਾਲੇ ਵੀ ਰੋਲਟ ਐਕਟ ਲਾਗੂ ਹੋਵੇ ਤੇ ਅੰਗਰੇਜ਼ ਸਿਪਾਹੀ ਗਸ਼ਤ ਕਰ ਰਹੇ ਹੋਣ।

ਇੱਥੇ ਬਹੁਤਾ ਗੇੜਾ ਨੀ ਕੱਢਣਾ, ਬੱਸ ਸਿੱਧੇ ਜਲ੍ਹਿਆਂ ਵਾਲੇ ਬਾਗ ਚਲਦੇ ਹਾਂ। ਇਹ ਉਹ ਥਾਂ ਹੈ ਜਿੱਥੇ ਜਰਨਲ ਡੈਰ ਨੇ ਸਾਡੇ ਸਿਰਾਂ ਤੋਂ ਸਾਡੀਆਂ ਪੱਗਾਂ ਲਾਹੀਆਂ ਸਨ। ਊਧਮ ਸਿੰਘ ਸ਼ੇਰ ਨੇ ਇਸੇ ਦੀ ਸਹੁੰ ਖਾ ਕੇ ਜਰਨਲ ਡੈਰ ਨੂੰ ਲੰਦਨ ਵਿਚ ਮਾਰ ਕੇ ਵਿਚ ਫਾਂਸੀ ਦਾ ਰੱਸਾ ਚੁੰਮਿਆ ਸੀ।

ਲਉ ਜੀ ਇਸ ਬਾਗ ਦੇ ਦਰਵਾਜ਼ੇ ਦੇ ਮੱਥੇ ’ਤੇ ਸਭ ਤੋਂ ਉ¥ਪਰ ਪਤਾ ਕਿਸ ਦੀ ਬੋਲੀ ਲਿਖੀ ਹੋਈ ਹੈ, ਉਸ ਦੀ ਜਿਸ ਨੇ ਸਾਡੀ ਅਣਖ ਨੂੰ ਠੁੱਡੇ ਮਾਰੇ ਸਨ, ਮਤਲਬ ਡੈਰ ਦੀ। ਦੂਜੇ ਥਾਂ ’ਤੇ ਹਿੰਦੀ, ਜਿਸ ਬਾਰੇ ਗੁਜਰਾਤ ਹਾਈਕੋਰਟ ਦਾ ਫੈਸਲਾ ਕਹਿੰਦਾ ਕਿ ਹਿੰਦੀ ਕੌਮੀ ਜ਼ੁਬਾਨ ਨਹੀਂ ਬਲਕਿ ਗੱਲਬਾਤ ਕਰਨ ਵਾਲੀ ਬੋਲੀ ਹੈ। ਜਦਕਿ ਰੌਲਾ ਇਹ ਪਾਇਆ ਜਾਂਦਾ ਕਿ ਹਿੰਦੀ ਹਮਾਰੀ ਰਾਸ਼ਟਰੀਯ ਭਾਸ਼ਾ ਹੈ। ਤੀਸਰੀ ਥਾਂ ’ਤੇ ਊਧਮ ਸਿੰਘ ਦੀ ਬੋਲੀ ਹੈ, ਜਿਸ ਨੇ ਆਪਣੀ ਅਣਖ, ਆਪਣੀ ਧਰਤੀ ਲਈ ਜ਼ਿੰਦਗੀ ਨਾਲੋਂ ਮਰਨ ਨੂੰ ਪਹਿਲ ਦਿੱਤੀ। ਊਧਮ ਸਿੰਘ ਦੀ ਮਾਂ ਬੋਲੀ ਨੂੰ ਕਿੱਡੀ ਕਮਾਲ ਦੀ ਸਲਾਮੀ ਦਿੱਤੀ ਗਈ ਹੈ ਕਿ ਉਸ ਦੀ ਮਾਂ ਬੋਲੀ ਉਸ ਦੀ ਆਪਣੀ ਧਰਤੀ ’ਤੇ ਹੀ ਤੀਸਰੇ ਥਾਂ ’ਤੇ ਆ ਗਈ ਹੈ।
ਅਸਲ ਵਿਚ ਸਾਡਾ ਸੂਰਮਾ ਹੁਣ ਊਧਮ ਸਿੰਘ ਨਹੀਂ ਸੱਗੋਂ ਜਰਨਲ ਡੈਰ ਬਣ ਗਿਆ ਕਿਉਂਕਿ ਉਸ ਦੀ ਬੋਲੀ ਸਿੱਖ ਕੇ ਅਸੀਂ ਡਾਲਰ ਬਹੁਤ ਕਮਾਵਾਂਗੇ ਤੇ ਡਾਲਰ ਹੀ ਹੁਣ ਸਾਡਾ ਧਰਮ ਹੈ।

ਯੂਰਪ ਵਿਚ ਇੰਗਲੈਂਡ ਨੂੰ ਛੱਡ ਕੇ ਕਿਸੇ ਵੀ ਦੇਸ਼ ਵਿਚ ਅੰਗਰੇਜ਼ੀ ਮੀਡੀਅਮ ਵਿਚ ਪੜ੍ਹਾਉਣਾ ਤਾਂ ਇਕ ਪਾਸੇ ਉਹ ਅੰਗਰੇਜ਼ੀ ਨੂੰ ਖੰਘਣ ਵੀ ਨਹੀਂ ਦਿੰਦੇ। ਪਰ ਜਰਨਲ ਡੈਰ ਦੀਆਂ ਭੇਡਾਂ ਦੇ ਦੇਸ਼ ਵਿਚ 25000 ਅਜਿਹੇ ਸਕੂਲ ਹਨ ਜਿੱਥੇ ਸਿਰਫ ਅੰਗਰੇਜ਼ੀ ਮੀਡੀਅਮ ਵਿਚ ਪੜ੍ਹਾਇਆ ਜਾਂਦਾ। ਹੈ ਨਾ ਕਮਾਲ ਤੇ ਬਹੁਤੇ ਸਕੂਲਾਂ ਵਿਚ ਪੰਜਾਬੀ ਬੋਲਣ ’ਤੇ ਪਾਬੰਦੀ ਲੱਗੀ ਹੋਈ ਹੈ।
ਅੱਜ ਜੇਕਰ ਪੰਜਾਬ ਵਿਚ ਇਹ ਐਲਾਨ ਕਰ ਦਿੱਤਾ ਜਾਵੇ ਕਿ ਜਿਹੜੇ ਆਪਣੀ ਮਾਂ ਬੋਲੀ ਅੰਗਰੇਜ਼ੀ ਲਿਖਾਉਣਗੇ ਉਨ੍ਹਾਂ ਨੂੰ ਇੰਗਲੈਂਡ ਦਾ ਵੀਜ਼ਾ ਤੁਰੰਤ ਦਿੱਤਾ ਜਾਵੇਗਾ ਤਾਂ ਆਥਣ ਤੱਕ ਬਹੁਤੀਆਂ ਭੇਡਾਂ ਪੰਜਾਬ ਖਾਲੀ ਕਰ ਜਾਣਗੀਆਂ।
ਇਕ ਗੱਲ ਹੋਰ ਕਹਿਣੀ ਚਾਹਵਾਂਗਾ ਕਿ ਜਦੋਂ ਵੀ ਮੈਂ ਕਦੇ ਅਜਿਹਾ ਲਿਖਦਾ ਹਾਂ ਤਾਂ ਆਮ ਜ਼ਿੰਦਗੀ ਵਿਚ ਵੀ ਤੇ ਫੇਸਬੁੱਕ ’ਤੇ ਵੀ ਭੇਡਾਂ ਰੌਲਾ ਪਾਉਣ ਲੱਗ ਜਾਂਦੀਆਂ ਹਨ ਕਿ ਬਈ ਅੰਗਰੇਜ਼ੀ ਬਿਨਾਂ ਗੁਜ਼ਾਰਾ ਨਹੀਂ। ਅਸੀਂ ਤਾਂ ਸਾਰੀ ਦੁਨੀਆਂ ਤੋਂ ਪਿੱਛੇ ਰਹਿ ਜਾਵਾਂਗੇ। ਨਾ ਜੀ ਨਾ ਅੰਗਰੇਜ਼ੀ ਬਿਨਾਂ ਤਾਂ ਜਿਊਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

ਮੈਂ ਕਦੋਂ ਕਿਹਾ ਕਿ ਤੁਸੀਂ ਅੰਗਰੇਜ਼ੀ ਨਾ ਸਿੱਖੋ। ਦੇਸੀ ਸਕੂਲਾਂ ’ਚ ਪੜ੍ਹ ਕੇ ਵੀ ਮੈਂ ਆਪ ਬਹੁਤ ਵਧੀਆ ਅੰਗਰੇਜ਼ੀ ਜਾਣਦਾਂ। ਬੋਲਣ ਵਾਲੀ ਅੰਗਰੇਜ਼ੀ ਵਿਚ ਤਾਂ ਮੈਂ ਕਾਨਵੈਂਟ ਦੇ ਪੜ੍ਹੇ ਕਾਲੇ ਅੰਗਰੇਜ਼ਾਂ ਦੀ ਤਾਂ ਗੱਲ ਹੀ ਛੱਡ ਦਿਉ, ਚਿੱਟੀ ਚਮੜੀ ਵਾਲੇ ਅੰਗਰੇਜ਼ਾਂ ਦੇ ਵੀ ਪੈਰ ਨੀ ਲੱਗਣ ਦਿੰਦਾ। ਇੰਗਲੈਂਡ ਦੇ ਸਫਾਰਤਖਾਨੇ ਵਿਚ ਇਕ ਵਾਰ ਮੈਂ ਅੰਗਰੇਜ਼ੀ ਵਿੱਚ ਮੇਮ ਦੀਆਂ ਵੀ ਬਹੁੜੀਆਂ ਪੁਆ ਦਿੱਤੀਆਂ ਸਨ।
ਪਰ ਇਸ ਦਾ ਮਤਲਬ ਇਹ ਥੋੜ੍ਹੀ ਹੈ ਕਿ ਮੈਂ ਅੰਗਰੇਜ਼ੀ ਦੀ ਗੁਲਾਮੀ ਕਰਨ ਲੱਗ ਜਾਵਾਂ। ਕਿਸੇ ਡੱਚ, ਫਰੈਂਚ ਜਾਂ ਜਰਮਨ ਨੂੰ ਪੁੱਛ ਕੇ ਵੇਖੋ ਕਿ ਉਹ ਅੰਗਰੇਜ਼ੀ ਵਿਚ ਦਸਤਖਤ ਕਰਦੈ?

ਜਨਰਲ ਡੈਰ ਦੀਆਂ ਭੇਡਾਂ ਨੂੰ ਮੈਂ ਇਕ ਗੱਲ ਜ਼ਰੂਰ ਕਹਿਣਾ ਚਾਹਵਾਂਗਾ ਕਿ ਉਹ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ, ਰਹਿਮਤ ਅਲੀ ਵਜੀਦਕੇ ਤੇ ਕਾਂਸੀ ਰਾਮ ਮੰੜੌਲੀ ਵਰਗੇ ਸੂਰਮਿਆਂ ਦੀਆਂ ਵਾਰਸ ਹੋਣ ਦਾ ਦਾਅਵਾ ਨਾ ਕਰਨ। ਜਦੋਂ ਡਾਲਰਾਂ, ਪੌਂਡਾਂ ਪਿੱਛੇ ਆਪਣੀ ਬੋਲੀ ਮਤਲਬ ਆਪਣੀ ਅਣਖ ਛੱਡਣ ਵਾਲੀਆਂ ਭੇਡਾਂ ਉਨ੍ਹਾਂ ਸੂਰਮਿਆਂ ਦੇ ਵਾਰਸ ਹੋਣ ਦਾ ਦਾਅਵਾ ਕਰਦੀਆਂ ਤਾਂ ਇਹ ਉਨ੍ਹਾਂ ਮਹਾਨ ਗਦਰੀ ਸੂਰਮਿਆਂ ਦੀ ਕੁਰਬਾਨੀ ਨਾਲ ਬਹੁਤ ਵੱਡਾ ਮਖੌਲ ਹੁੰਦਾ ਜਿਨ੍ਹਾਂ ਨੇ ਅਪਣੀ ਅਣਖ ਨੂੰ ਦੁਨੀਆਂ ਦੀ ਹਰ ਦੌਲਤ ਤੋਂ ਉਪਰ ਮੰਨਦੇ ਹੋਏ, ਫਾਂਸੀ ਦੇ ਰੱਸੇ ਚੁੰਮੇ ਤੇ ਅੰਡੇਮਾਨ ਦੀਆਂ ਜੇਲਾਂ ਵਿਚ ਜ਼ਿੰਦਗੀਆਂ ਗਾਲ ਦਿੱਤੀਆਂ।
ਲਉ ਜੀ ਜਰਨਲ ਡੈਰ ਦੀਆਂ ਭੇਡਾਂ ਦੇ ਦੇਸ ਦੇ ਸਫਰ ਨੂੰ ਲਾਹੌਰੀਏ ਭਾਊ ਅਫ਼ਜ਼ਲ ਸਾਹਿਰ ਦੇ ਇਨ੍ਹਾਂ ਸ਼ੇਅਰਾਂ ਨਾਲ ਖਤਮ ਕਰਦਾਂ, ਜੋ ਉਸ ਨੇ ਆਪਣੀ ਕਵਿਤਾ ‘ਪਾਕਿਸਤਾਨ ਦੀ ਵਾਰ’ ਵਿਚ ਲਿਖੇ ਹਨ :
ਅਸੀਂ ਖੜੇ ਖਲੋਤੇ ਕੰਬ ਗਏ ਪ੍ਰਛਾਵੇਂ ਬਦਲੇ
ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ
ਸਾਨੂੰ ਸੁਰਤ ਨਾ ਆਈ, ਹੋਂਵਦੇ ਕਿੰਜ ਘਾਟੇ ਵਾਧੇ
ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ
ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ                                                                                            ਮਨਜੀਤ ਸਿੰਘ ਰਾਜਪੁਰਾ

Leave a Reply

Your email address will not be published. Required fields are marked *