ਕੋਰੋਨਾ ਵਾਇਰਸ ਚੁਣੌਤੀ ਦੇ ਬਾਵਜੂਦ ਸੂਬੇ ਵਿੱਚ 128 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ: ਲਾਲ ਸਿੰਘ, ਚੇਅਰਮੈਨ ਪੰਜਾਬ ਮੰਡੀ ਬੋਰਡ

ਐਸ.ਏ.ਐੱਸ. ਨਗਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਤੇ ਗਤੀਸ਼ੀਲ ਅਗਵਾਈ ਸਦਕਾ, ਪੰਜਾਬ ਨੇ ਬੜੀ ਦਲੇਰੀ ਨਾਲ ਕੋਰੋਨਾ ਵਾਇਰਸ ਕਾਰਨ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ 15 ਅਪ੍ਰੈਲ ਤੋਂ ਸ਼ੁਰੂ ਹੋਏ ਖਰੀਦ ਸੀਜ਼ਨ ਦੇ ਅੰਤ 31 ਮਈ, 2020 ਤੱਕ ਸੂਬੇ ਵਿੱਚ 128 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਨੇ ਕਿਹਾ ਕਿ ਲੋੜੀਂਦੇ ਪ੍ਰਬੰਧਾਂ ਸਦਕਾ ਇਹ ਯਕੀਨੀ ਬਣਾਇਆ ਗਿਆ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਵੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਅਤੇ ਖਰੀਦ ਪ੍ਰਕਿਰਿਆ ਵਿਚ ਲੱਗੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਇਸ ਮੰਤਵ ਨਾਲ ਮੰਡੀਆਂ ਵਿਚ 30×30 ਫੁੱਟ ਦੇ ਵੱਡੇ ਬਲਾਕ ਬਣਾਏ ਗਏ ਤਾਂ ਜੋ ਕਿਸਾਨ ਉੱਥੇ ਆਪਣੀ ਫਸਲ ਉਤਾਰਨ ਦੇ ਯੋਗ ਹੋ ਸਕਣ। ਇਸ ਤੋਂ ਇਲਾਵਾ, 34,000 ਲੀਟਰ ਸੈਨੀਟਾਈਜ਼ਰ ਮੁਹੱਈਆ ਕਰਵਾਇਆ ਗਿਆ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਹੱਥ ਸਾਫ ਕਰਨ ਦੀ ਸੁਵਿਧਾ ਦਿੱਤੀ ਜਾ ਸਕੇ। ਸਾਰੇ ਮੁੱਖ ਮੁੱਖ ਯਾਰਡ ਅਤੇ ਸਬ ਯਾਰਡਾਂ ਵਿਚ, 500 ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਅਤੇ 1300 ਪੈਡਲਡ ਵਾਸ਼ ਬੇਸਨ ਲਗਾਏ ਗਏ ਸਨ। ਸਿਰਫ ਇਹ ਹੀ ਨਹੀਂ, ਬਲਕਿ 12 ਲੱਖ ਲੀਟਰ ਸੋਡੀਅਮ ਹਾਈਪੋਕਲੋਰਾਈਟ ਦੀ ਵਰਤੋਂ ਮੰਡੀਆਂ ਨੂੰ ਰੋਗਾਣੂ ਰਹਿਤ ਕਰਨ ਲਈ ਵੀ ਕੀਤੀ ਗਈ ਸੀ।
ਚੇਅਰਮੈਨ ਨੇ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ ਲਈ ਭੀੜ ਨੂੰ ਘਟਾਉਣ ਲਈ, ਇਸ ਵਾਰ ਸੂਬੇ ਭਰ ਵਿਚ 4000 ਮੰਡੀਆਂ ਸਥਾਪਿਤ ਕੀਤੀਆਂ ਗਈਆਂ ਅਤੇ ਸ਼ੈਲਰਾਂ ਨੂੰ ਅਸਥਾਈ ਖਰੀਦ ਕੇਂਦਰਾਂ ਵਜੋਂ ਵੀ ਨਾਮਜ਼ਦ ਕੀਤਾ ਗਿਆ। ਮੰਡੀਆਂ ਵਿਚ ਵੱਧ ਰਹੀ ਭੀੜ ਤੋਂ ਬਚਣ ਦੇ ਮੱਦੇਨਜ਼ਰ,  ਮੰਡੀ ਬੋਰਡ ਦੁਆਰਾ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਲਗਭਗ 18 ਲੱਖ ਪਾਸ ਜਾਰੀ ਕੀਤੇ ਗਏ। ਮੰਡੀ ਬੋਰਡ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਬੋਰਡ ਦੇ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਵੀ ਸਥਾਪਤ ਕੀਤਾ।
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਪੰਜਾਬ ਪੁਲਿਸ, ਗਾਰਡੀਅਨ ਆਫ਼ ਗਵਰਨੈਂਸ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੁਆਰਾ ਦਿੱਤੀਆਂ ਗਈਆਂ ਵਡਮੁੱਲੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਨੇ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ 1.50 ਲੱਖ ਰੈਗੂਲਰ ਮਾਸਕ ਅਤੇ 10,000 ਐਨ-95 ਮਾਸਕ ਪ੍ਰਦਾਨ ਕੀਤੇ ਗਏ ਸਨ। ਇਸ ਤੋਂ ਇਲਾਵਾ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਲਈ ਇਸ ਵਾਰ 1683 ਮੰਡੀਆਂ ਵਿਚ 3195 ਜੀ.ਓ.ਜੀਜ਼ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਮੰਡੀ ਬੋਰਡ ਦੇ ਸਾਰੇ ਅਧਿਕਾਰੀ ਅਤੇ  ਮਾਰਕੀਟ ਕਮੇਟੀਆਂ ਦੇ 154 ਕਰਮਚਾਰੀਆਂ ਤੋਂ ਇਲਾਵਾ 5600 ਫੀਲਡ ਸਟਾਫ ਵੀ ਇਸ ਵੱਡੇ ਕਾਰਜ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ੰਸਾ ਦੇ ਪਾਤਰ ਹਨ।
ਜ਼ਿਕਰਯੋਗ ਹੈ ਕਿ ਪਨਗ੍ਰੇਨ ਨੇ 3719423 ਐਲ.ਐਮ.ਟੀ., ਮਾਰਕਫੈਡ ਨੇ 2991126 ਐਲ.ਐਮ.ਟੀ., ਪਨਸਪ ਨੇ 2702035 ਐਲ.ਐਮ.ਟੀ., ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਨੇ 1858509 ਐਲ.ਐਮ.ਟੀ, ਐਫ.ਸੀ.ਆਈ. ਨੇ 1415900 ਐਲ.ਐਮ.ਟੀ ਕਣਕ ਦੀ ਖਰੀਦ ਕੀਤੀ ਜਦਕਿ ਨਿੱਜੀ ਪ੍ਰਗਤੀਸ਼ੀਲ ਖਰੀਦ 58137 ਐਲ.ਐਮ.ਟੀ. ਰਹੀ। ਕੁੱਲ ਚੁੱਕਾਈ 99 ਫੀਸਦੀ ਤੱਕ ਕੀਤੀ ਗਈ ਹੈ।
ਇਸ ਮੌਕੇ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਵੀ ਮੌਜੂਦ ਸਨ।

Leave a Reply

Your email address will not be published. Required fields are marked *