ਕੇਂਦਰੀ ਵਿਦਿਆਲਿਆਂ ”ਚੋਂ ਪੰਜਾਬੀ ਹਟਾਉਣ ”ਤੇ ਰੋਸ

0
99

ਚੰਡੀਗੜ੍ਹ : ਕੇਂਦਰੀ ਵਿਦਿਆਲਿਆਂ ‘ਚੋਂ ਪੰਜਾਬੀ ਹਟਾਉਣ ਬਾਰੇ ਸੀ. ਬੀ. ਐੱਸ. ਈ. ਵਲੋਂ ਕੱਢੀ ਚਿੱਠੀ ਦੀ ਕੇਂਦਰੀ ਪੰਜਾਬੀ ਲੇਖ ਸਭਾ (ਰਜਿ.) ਨੇ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਕੇਂਦਰੀ ਬੋਰਡ ਦੀਆਂ ਸਿੱਖਿਆ ਬਾਰੇ ਨੀਤੀਆਂ ਤੋਂ ਸਪੱਸ਼ਟ ਹੈ ਕਿ ਇਹ ਬੋਰਡ ਸਿੱਖਿਆ ਦੇ ਮਾਮਲਿਆਂ ਬਾਰੇ ਦੁਨੀਆ ਦਾ ਸਭ ਤੋਂ ਅਨਪੜ੍ਹ ਬੋਰਡ ਹੈ। ਇਸ ਬੋਰਡ ਦੀ ਆਮਦ ਨੇ 80 ਫੀਸਦੀ ਤੋਂ ਵੱਧ ਭਾਰਤੀ ਲੋਕਾਂ ਨੂੰ ਸਿੱਖਿਆ ਤੋਂ ਬਾਹਰ ਕੱਢ ਦਿੱਤਾ ਹੈ ਤੇ ਭਾਰਤੀ ਸਿੱਖਿਆ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬੋਰਡ ਦੀਆਂ ਨੀਤੀਆਂ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ ਕਿਉਂਕਿ ਇਹ ਵੱਖ-ਵੱਖ ਭਾਸ਼ਾਵਾਂ ਦੀਆਂ ਸੰਵੇਦਨਾਵਾਂ ਨੂੰ ਬੜੀ ਢੀਠਤਾਈ ਨਾਲ ਹਰ ਰੋਜ਼ ਜ਼ਖਮੀਂ ਕਰ ਰਿਹਾ ਹੈ ਤੇ ਇਸ ਨੇ ਭਾਰਤੀ ਰਾਸ਼ਟਰੀ ਭਾਸ਼ਾਵਾਂ ਨੂੰ ਮਲੀਆਮੇਟ ਕਰਨ ਦੀ ਮੁਹਿੰਮ ਛੇੜੀ ਹੋਈ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਦੇਸ਼ ਧ੍ਰੋਹ ਕੀ ਹੋ ਸਕਦਾ ਹੈ ਕਿ ਦੇਸ਼ ਦੇ ਲੋਕਾਂ ਤੋਂ ਉਨ੍ਹਾਂ ਦੀਆਂ ਰਾਸ਼ਟਰੀ ਭਾਸ਼ਾਵਾਂ ਹੀ ਖੋਹ ਲਈਆਂ ਜਾਣ। ਸਭਾ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਚਿੱਠੀ ਵਾਪਸ ਨਾ ਲਈ ਤਾਂ ਸਭਾ ਸਾਰੇ ਪੰਜਾਬ ‘ਚ ਤਿੱਖਾ ਸੰਘਰਸ਼ ਵਿੱਢੇਗੀ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਨੀਂਦ ‘ਚੋਂ ਜਾਗਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਅਤੇ ਹੋਰ ਭਾਰਤੀ ਰਾਸ਼ਟਰੀ ਭਾਸ਼ਾਵਾਂ ਨੂੰ ਕਤਲ ਕਰਨ ਵਾਲੀ ਜੁੰਡਲੀ ‘ਚੋਂ ਬਾਹਰ ਨਿਕਲੇ ਤੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਵੇ