ਕਰੋਨਾ ਨੇ ਠੱਲਿਆ ਪੀ.ਆਰ.ਟੀ.ਸੀ. ਦਾ ਪਹੀਆ

ਪਟਿਆਲਾ : ਕਰੋਨਾ ਨੇ ਜਿਥੇ ਜ਼ਿੰਦਗੀ ਦੀ ਗੱਡੀ ਰੋਕ ਦਿੱਤੀ ਹੈ ਉਥੇ ਹੀ ਇਸ ਦੇ ਕਹਿਰ ਕਾਰਨ ਪੀ. ਆਰ. ਟੀ. ਸੀ. ਦਾ ਪਹੀਆ ਵੀ ਰੁਕ ਗਿਆ ਹੈ। ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕਰੋਨਾ ਕਾਰਨ ਪੀ.ਆਰ.ਟੀ.ਸੀ. ਵੀ ਵੱਡੇ ਵਿੱਤੀ ਸੰਕਟ ‘ਚੋਂ ਗੁਜਰ ਰਹੀ ਹੈ। ਲਗਾਤਾਰ ਘਾਟੇ ‘ਚ ਜਾ ਰਹੀ ਪੀ ਆਰ ਟੀ ਸੀ ਨੂੰ ਹੁਣ ਕਰੋਨਾ ਵਾਇਰਸ ਦੇ ਬੰਦ ਕਾਰਨ ਪਿਛਲੇ 30 ਦਿਨਾਂ ‘ਚ ਪੰਜਾਹ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ, ਜਿਸ ਕਾਰਨ ਇਸ ਮਹੀਨੇ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਮੁਲਾਜਮਾਂ ਨੂੰ ਤੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਨਹੀਂ ਮਿਲ ਸਕਣਗੀਆਂ।
ਇਥੇ ਜ਼ਿਕਰਯੋਗ ਹੈ ਕਿ ਕਰੋਨਾ ਤੋਂ ਪਹਿਲਾਂ ਵੀ ਪੀ. ਆਰ. ਟੀ. ਸੀ. ਕਈ ਮਹੀਨੇ ਤੋਂ ਘਾਟੇ ਨਾਲ ਦੋ-ਦੋ ਹੱਥ ਕਰ ਰਹੀ ਸੀ ਅਤੇ ਕੋਰੋਨਾ ਸੰਕਟ ਤਾਂ ਇਸ ਉੱਤੇ ਵੱਡੀ ਮਹਾਮਾਰੀ ਆ ਕੇ ਡਿੱਗਿਆ ਹੈ। ਆਉਣ ਵਾਲੇ ਸਮੇਂ ‘ਚ ਵੀ ਅਜੇ ਲੌਕਡਾਊਨ ਅਤੇ ਕਰਫਿਊ ਕਾਰਨ ਬੱਸਾਂ ਚਲਣ ਦੀ ਉਮੀਦ ਬਹੁਤ ਘੱਟ ਹੀ ਜਾਪਦੀ ਹੈ, ਜਿਸ ਕਾਰਨ ਪੀ. ਆਰ. ਟੀ. ਸੀ. ਦੇ ਹਜ਼ਾਰਾਂ ਮੁਲਾਜ਼ਮ ਅਤੇ ਪੈਨਸ਼ਨਰਜ਼ ਵੱਡੀ ਚਿੰਤਾ ‘ਚ ਹਨ।
ਪੀ. ਆਰ. ਟੀ. ਸੀ. ਮੁਲਾਜ਼ਮਾਂ ਦੇ ਸਿਰਮੌਰ ਨੇਤਾ ਕਾਮਰੇਡ ਨਿਰਮਲ ਧਾਲੀਵਾਲ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਜਾਂਦੀਆਂ ਮੁਫਤ ਪਾਸ ਸੁਵਿਧਾਵਾਂ ਦਾ ਵੀ ਪੀ. ਆਰ. ਟੀ. ਸੀ. ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਸਰਕਾਰ ਵੱਲ ਪੀ. ਆਰ. ਟੀ. ਸੀ. ਦੇ 200 ਕਰੋੜ ਤੋਂ ਵੱਧ ਪੈਸੇ ਬਕਾਏ ਹਨ, ਜੋ ਕਿ ਸਰਕਾਰ ਪੀ. ਆਰ. ਟੀ. ਸੀ. ਨੂੰ ਰਿਲੀਜ਼ ਨਹੀ ਕਰ ਰਹੀ, ਜਿਸ ਕਾਰਨ ਇਥੇ ਪੈਸੇ ਦਾ ਵੱਡਾ ਸੰਕਟ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਪੀ. ਆਰ. ਟੀ. ਸੀ. ਦਾ ਪੈਡਿੰਗ ਪਿਆਂ 200 ਕਰੋੜ ਤੁਰੰਤ ਰਿਲੀਜ਼ ਕਰੇ ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਜ਼ਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਰਿਲੀਜ਼ ਹੋ ਸਕਣ ।
ਪੀ. ਆਰ. ਟੀ. ਸੀ. ਦੇ ਚੈਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਬਕਾਇਆ ਲੈਣ ਲਈ ਪਹੁੰਚ ਕਰ ਰਹੇ ਹਾਂ। ਉਨ੍ਹਾ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਜ਼ਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਅਸੀਂ  ਉਨ੍ਹਾਂ ਦੀਆਂ ਤਨਖਾਹਾਂ ਜ਼ਰੂਰ ਦੇਵਾਂਗੇ । ਉਨਾਂ ਕਿਹਾ ਕਿ ਪੈਸੇ ਦਾ ਇੰਤਜ਼ਾਮ ਅਸੀਂ ਕਰ ਰਹੇ ਹਾਂ। ਇਹ ਵਿਸ਼ਵ ਵਿਆਪੀ ਸੰਕਟ ਹੈ, ਇਸ ‘ਚ ਸਾਡੀਆਂ ਨਹੀਂ ਪੰਜਾਬ ਰੋਡਵੇਜ਼ ਸਮੇਤ ਹੋਰ ਰਾਜਾਂ ਦੀਆਂ ਬੱਸਾਂ ਵੀ ਬੰਦ ਹਨ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਨੂੰ ਲੀਹ ਦੇ ਲਿਆਉਣ ਲਈ ਅਸੀਂ ਸੰਕਟ ਵੇਲੇ ਵੀ ਮੀਟਿੰਗਾਂ ਕਰਕੇ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।

Leave a Reply

Your email address will not be published. Required fields are marked *