ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ-ਪੀਰੀ’ ਦੇ ਰਿਲੀਜ਼ ਸਬੰਧੀ ਹਾਲੇ ਵੀ ਅੰਤਿਮ ਫੈਸਲਾ ਨਹੀਂ ਹੋ ਸਕਿਆ ਹੈ।

ਅੰੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੋਤ ਕੌਰ ਨੇ ਦੱਸਿਆ, “ਸਬ-ਕਮੇਟੀ ਨੇ ਫਿਲਮ ਦੇਖੀ ਹੈ ਅਤੇ ਵਿਚਾਰਾਂ ਕੀਤੀਆਂ ਹਨ ਪਰ ਹਾਲੇ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਹੈ। ਇੱਕ ਹੋਰ ਮੀਟਿੰਗ ਹੋਏਗੀ ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ।”
ਬੀਬੀ ਕਿਰਨਜੋਤ ਕੌਰ ਸਿੱਖਾਂ ਸਬੰਧੀ ਫਿਲਮਾਂ ‘ਤੇ ਫ਼ੈਸਲਾ ਲੈਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ-ਕਮੇਟੀ ਦੀ ਮੈਂਬਰ ਵੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਵਿਚਲੇ ਮੁੱਖ ਦਫ਼ਤਰ ਵਿੱਚ ਇਸ ਬਾਬਤ ਮੀਟਿੰਗ ਹੋਈ ਸੀ।
ਬੀਬੀ ਕਿਰਨਜੋਤ ਕੌਰ ਮੁਤਾਬਕ ਫਿਲਮ ਦੀ ਰਿਲੀਜ਼ ਸਬੰਧੀ ਫੈਸਲਾ ਲੈਣ ਲਈ ਅਗਲੀ ਮੀਟਿੰਗ ਕਦੋਂ ਹੋਣੀ ਹੈ, ਇਹ ਫਿਲਹਾਲ ਤੈਅ ਨਹੀਂ ਹੈ।
ਬੁੱਧਵਾਰ ਦੀ ਮੀਟਿੰਗ ਵਿੱਚ ਕੀ ਵਿਚਾਰ ਹੋਏ, ਉਹ ਵੀ ਅੰਤਿਮ ਫੈਸਲੇ ਤੋਂ ਪਹਿਲਾਂ ਸਾਂਝੇ ਕਰਨਾ ਉਨ੍ਹਾਂ ਨੇ ਮੁਨਾਸਿਬ ਨਹੀਂ ਸਮਝਿਆ।
ਮੀਟਿੰਗ ਤੋਂ ਪਹਿਲਾਂ ਗੁਰਦਾਸਪੁਰ ਦੇ ਬਟਾਲਾ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਫਿਲਮ ‘ਦਾਸਤਾਨ ਏ-ਮੀਰੀ-ਪੀਰੀ’ ‘ਤੇ ਰੋਕ ਦੀ ਮੰਗ ਕਰਦਿਆਂ ਰੋਸ ਮਾਰਚ ਕੱਢਿਆ।ਫਿਲਮ ਦੇ ਪੋਸਟਰ ਤੇ ਹੋਰਡਿੰਗ ਫਾੜੇ ਗਏ ਅਤੇ ਬਟਾਲਾ ਦੇ ਐਸਡੀਐਮ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।
ਇਸ ਤੋਂ ਪਹਿਲਾਂ ਪਟਿਆਲਾ ਸਮੇਤ ਕਈ ਥਾਈਂ ਫਿਲਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋ ਚੁੱਕੇ ਹਨ।
ਕੀ ਹੈ ਵਿਵਾਦ ?
ਦਰਅਸਲ, ਇਹ ਇੱਕ ਐਨੀਮੇਟਡ ਫਿਲਮ ਹੈ, ਜਿਸ ਦੀ ਰਿਲੀਜ਼ ਡੇਟ 5 ਜੂਨ ਰੱਖੀ ਗਈ ਹੈ। ਫਿਲਮ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਬਾਰੇ ਹੈ।
ਸਿੱਖ ਜਥੇਬੰਦੀਆਂ ਇਤਰਾਜ਼ ਜਤਾ ਰਹੀਆਂ ਹਨ ਕਿ ਕਿਸੇ ਇਨਸਾਨ ਵੱਲੋਂ ਤਾਂ ਕੀ, ਬਲਕਿ ਐਨੀਮੇਸ਼ਨ ਰਾਹੀਂ ਵੀ ਸਿੱਖ ਗੁਰੂਆਂ ਦਾ ਕਿਰਦਾਰ ਦਿਖਾਉਣਾ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹੈ।
ਫਿਲਮ ‘ਤੇ ਵਿਵਾਦ ਪੈਦਾ ਹੋਣ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮ ਨਿਰਮਾਤਾ ਨੂੰ ਨਿਰਦੇਸ਼ ਦਿੱਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ-ਕਮੇਟੀ ਨੂੰ ਪੂਰੀ ਫਿਲਮ ਦਿਖਾ ਕੇ ਅਤੇ ਮਨਜ਼ੂਰੀ ਲੈ ਕੇ ਹੀ ਫਿਲਮ ਰਿਲੀਜ਼ ਕੀਤੀ ਜਾਵੇ।
ਹੋਰ ਵਿਵਾਦਤ ਫਿਲਮਾਂ
ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਵਿੱਚ ਸਿੱਖ ਗੁਰੂਆਂ, ਸਿੱਖ ਸਿਧਾਤਾਂ, ਸਿੱਖ ਕਿਰਦਾਰਾਂ ਨੂੰ ਲੈ ਕੇ ਵਿਵਾਦ ਹੋਏ ਹਨ।
ਖ਼ਾਸ ਕਰਕੇ ਬਾਲੀਵੁੱਡ ਦੀਆਂ ਕਈ ਫਿਲਮਾਂ ਜਿੰਨ੍ਹਾਂ ਵਿੱਚ ਸਿੱਖ ਕਿਰਦਾਰ ਹੁੰਦੇ ਹਨ, ਉਨ੍ਹਾਂ ਦੀ ਰਿਲੀਜ਼ ਤੋਂ ਪਹਿਲਾਂ ਵਿਵਾਦ ਆ ਹੀ ਜਾਂਦੇ ਹਨ।
ਬੀਬੀ ਕਿਰਨਜੋਤ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਨੇ ਕਿੰਨੀ ਵਾਰ ਇਹ ਮਸਲਾ ਰੱਖਿਆ ਹੈ ਕਿ ਸੈਂਸਰ ਬੋਰਡ ਵਿੱਚ ਇੱਕ ਸਿੱਖਾਂ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ ਤਾਂ ਜੋ ਸਰਟੀਫਿਕੇਸ਼ਨ ਮਿਲਣ ਤੋਂ ਪਹਿਲਾਂ ਹੀ ਮਸਲੇ ਸੁਲਝਾ ਲਏ ਜਾਣ ਪਰ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ, “ਬਾਲੀਵੁੱਡ ਵਿੱਚ ਸਿੱਖ ਕਿਰਦਾਰਾਂ ਨੂੰ ਲੈ ਕੇ ਬਣਦੀਆਂ ਫਿਲਮਾਂ ਕਿਸੇ ਪ੍ਰਚਾਰ ਲਈ ਨਹੀਂ, ਬਲਕਿ ਵਿੱਤੀ ਫਾਇਦੇ ਲਈ ਹੁੰਦੀਆਂ ਹਨ। ਫਿਲਮ ਨਿਰਮਾਤਾ ਸਿੱਖ ਸਿਧਾਂਤਾਂ ਨੂੰ ਸਮਝੇ ਬਿਨਾਂ ਕਿਰਦਾਰ ਪੇਸ਼ ਕਰਦੇ ਹਨ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਬੁਨਿਆਦੀ ਸਿਧਾਤਾਂ ਦਾ ਘੱਟੋ-ਘੱਟ ਧਿਆਨ ਰੱਖਿਆ ਜਾਵੇ।”
ਮਿਸਾਲ ਦਿੰਦਿਆਂ ਉਨ੍ਹਾਂ ਨੇ ਕਿਹਾ, “‘ਮਨਮਰਜ਼ੀਆਂ’ ਫਿਲਮ ਵਿੱਚ ਸਿੱਖ ਦਾ ਕਿਰਦਾਰ ਸਿਗਰਟ ਪੀਣ ਵਾਲਾ ਦਿਖਾਉਣ ਦੀ ਕੀ ਲੋੜ ਸੀ, ਸਿਗਰਟ-ਤੰਬਾਕੂ ਸਿੱਖੀ ਵਿੱਚ ਵਰਜਿਤ ਹੈ। ਕੋਈ ਹੋਰ ਕਿਰਦਾਰ ਵੀ ਲਿਆ ਜਾ ਸਕਦਾ ਸੀ।”
ਪੜ੍ਹੋ ‘ਮਨਮਰਜ਼ੀਆਂ’ ਸਮੇਤ ਪੰਜ ਫਿਲਮਾਂ ਬਾਰੇ ਜਿੰਨ੍ਹਾਂ ਨੂੰ ਲੈ ਕੇ ਵਿਵਾਦ ਹੋਇਆ
ਮਨਮਰਜ਼ੀਆਂ
ਬਾਲੀਵੁੱਡ ਫਿਲਮ ‘ਮਨਮਰਜ਼ੀਆਂ’ ਦੀ ਰਿਲੀਜ਼ ਤੋਂ ਪਹਿਲਾਂ ਵੀ ਵਿਵਾਦ ਭਖਿਆ। ਫਿਲਮ ਵਿੱਚ ਸਿੱਖ ਕਿਰਦਾਰ ਨਿਭਾ ਰਹੀ ਤਾਪਸੀ ਪੰਨੂ ਅਤੇ ਅਭਿਸ਼ੇਕ ਬਚਨ ਦਾ ਫਿਲਮ ਵਿੱਚ ਸਿਗਰਟ ਪੀਣਾ ਇਤਰਾਜ਼ ਦਾ ਵਿਸ਼ਾ ਬਣਿਆ।
ਇਸ ਤੋਂ ਇਲਾਵਾ ਇੱਕ ਦ੍ਰਿਸ਼ ਵਿੱਚ ਅਭਿਸ਼ੇਕ ਦੇ ਆਪਣੇ ਸਿਰ ਤੋਂ ਪੱਗ ਉਤਾਰਨ ਦੇ ਤਰੀਕੇ ‘ਤੇ ਵੀ ਇਤਰਾਜ਼ ਜਤਾਇਆ ਗਿਆ।
ਫਿਲਮ ਦੇ ਡਾਇਰੈਕਟਰ ਅਨੁਰਾਗ ਕਸ਼ਯਪ ਦਾ ਕਹਿਣਾ ਸੀ ਕਿ ਫਿਲਮ ਵਿੱਚੋਂ ਇਹ ਦ੍ਰਿਸ਼ ਕੱਟਣਾ ਕਹਾਣੀ ਨੂੰ ਪ੍ਰਭਾਵਿਤ ਕਰੇਗਾ, ਇਸ ਲਈ ਦ੍ਰਿਸ਼ ਨਹੀਂ ਕੱਟੇ ਜਾਣੇ ਚਾਹੀਦੇ।
ਪਰ ਲਗਾਤਾਰ ਵਧਦੇ ਵਿਵਾਦ ਕਾਰਨ ਫਿਲਮ ਨਿਰਮਾਤਾਵਾਂ ਨੇ ਕੈਂਚੀ ਚਲਾ ਦਿੱਤੀ। ਫਿਲਮ ਵਿੱਚੋਂ ਕੁਝ ਦ੍ਰਿਸ਼ਾਂ ‘ਤੇ ਕੈਂਚੀ ਚੱਲਣ ਤੋਂ ਬਾਅਦ ਅਨੁਰਾਗ ਕਸ਼ਯਪ ਅਤੇ ਫਿਲਮ ਦੀ ਅਦਾਕਾਰ ਤਾਪਸੀ ਪੰਨੂ ਨੇ ਆਪਣਾ ਵਿਰੋਧ ਵੀ ਜਤਾਇਆ ਸੀ।
ਜ਼ੀਰੋ
ਸਾਲ 2018 ਵਿੱਚ ਸ਼ਾਹਰੁਖ ਖਾਨ ਸਟਾਰਰ ਫਿਲਮ ‘ਜ਼ੀਰੋ’ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ।
ਵਿਵਾਦ ਤੋਂ ਬਾਅਦ ਫਿਲਮ ਦੇ ਕੁਝ ਸੀਨਜ਼ ਅਤੇ ਇੱਕ ਪੋਸਟਰ ਨੂੰ ਤਕਨੀਕ ਦੀ ਮਦਦ ਨਾਲ ਬਦਲਣਾ ਪਿਆ ਸੀ।
ਦਰਅਸਲ, ਰਿਲੀਜ਼ ਕੀਤੇ ਇੱਕ ਪੋਸਟਰ ਵਿੱਚ ਸ਼ਾਹਰੁਖ ਖਾਨ ਨੂੰ ਕਥਿਤ ਤੌਰ ‘ਤੇ ਕਿਰਪਾਨ ਫੜ੍ਹੇ ਦਿਖਾਇਆ ਗਿਆ ਸੀ, ਜਿਸ ਨੂੰ ਲੈ ਕੇ ਇਤਰਾਜ਼ ਉੱਠਿਆ ਸੀ ਕਿ ਕਿਰਪਾਨ ਨੂੰ ਇਸ ਤਰ੍ਹਾਂ ਦਰਸਾਉਣਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
ਸਿੱਖ ਜਥੇਬੰਦੀਆਂ ਦੇ ਇਤਰਾਜ਼ ਤੋਂ ਇਲਾਵਾ ਇਸ ਸਬੰਧੀ ਬੰਬੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ।
ਹੋਰ ਵਿਵਾਦ ਤੋ ਬਚਣ ਲਈ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਨੇ ਅਦਾਲਤ ਵਿੱਚ ਹਲਫ਼ਨਾਮਾ ਦੇ ਕੇ ਦੱਸਿਆ ਕਿ ਉਕਤ ਦ੍ਰਿਸ਼ਾਂ ਵਿੱਚ ਡਿਜਟਲ ਤਰੀਕੇ ਨਾਲ ਫੇਰ-ਬਦਲ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *