“ਉਸ ਸਿੱਖਰ ਦੁਪਹਿਰੇ!

ਮੈਂ ਅੱਜ ਵੀ ਜਦ ਉਸ ਵਿਰਾਨ ਤੇ ਖੌਫ ਭਰੀ ਦੁਪਹਿਰ ਨੂੰ ਯਾਦ ਕਰਦੀ ਹਾਂ ,ਤਾਂ ਮੇਰੇ ਆਲ ਦੁਆਲ ਵਿਰਾਨਗੀ ਦਾ ਖੌਫ ਛਾਹ ਜਾਂਦਾ ਹੈ। ਬੈਸੇ ਜਿੰਦਗੀ ਦੇ ਕਈ ਉਹ ਪਲ ਜਿੰਨਾਂ ਨੂੰ ਅਸੀ ਡਰ, ਖੌਫ ਅਤੇ ਬੋਰੀਅਤ ਭਰੇ ਮਹੌਲ ਚ ਜੋ ਗੁਜਾਰੇ ਹੁੰਦੇ ਨੇ ।ਉਹਨਾ ਨੂੰ ਯਾਦ ਕਰਨ ਲੱਗਿਆ ਵੀ ਉਹ ਡਰ ਖੌਫ ਤੇ ਬੋਰੀਅਤ ਮਹਿਸੂਸ ਹੁੰਦੀ ਰਹਿੰਦੀ ਆ,ਪਰ ਫਿਰ ਵੀ ਜਿੰਦਗੀ ਦਾ ਉਹ ਇਕ ਹਿੱਸਾ ਹੁੰਦੇ ਨੇ।ਯਾਦ ਤਾਂ ਆ ਹੀ ਜਾਂਦੇ ਨੇ।
ਜੇਠ ਹਾੜ ਦੀ ਤਿੱਖੀ ਧੁੱਪ ਸੀ। ਸ਼ੰਭੂ ਰਿਕਸ਼ੇ ਵਾਲਾ ਸਾਨੂੰ ਲੱਲੀਆਂ ਤੇ ਧਲੇਤੇ ਪਿੰਡ ਦੀ ਸੜਕ ਤੇ ਬਣੇ ਬੱਸ ਅੱਡੇ ਤੇ ਬਿਠਾ ਕੇ ਆਪ ਸਾਹਮਣੇ ਰਾਜਪੂਰੇ ਨੂੰ ਜਾਂਦੀ ਸੜਕ ਤੇ ਰਿਕਸ਼ਾ ਪਾ ਕੇ ਰੀਨਾ ਤੇ ਰੈਨੂ ਨੂੰ ਛੱਡਣ ਚਲ ਗਿਆ। ਇਹ ਦੋਵੇ ਭੈਣਾਂ ਸਾਡੇ ਨਾਲ ਬੜੇ ਪਿੰਡ ਦੇ ਅੰਗਰੇਜੀ ਸਕੂਲ ਵਿਚ ਪੜਦੀਆਂ ਸੀ। ਸ਼ੰਭੂ ਸਾਨੂੰ ਪਿੰਡ ਤੋਂ ਆਪਣੇ ਸਕੂਲ ਰਿਕਸੇ ਚ ਬਿਠਾ ਕੇ ਲੈਣ ਤੇ ਛੱਡਣ ਆਉਂਦਾ ਸੀ।ਅਸੀਂ ਤਿੰਨ ਜਣੇ ਅਗਾਂਹ ਛੋਟੇ ਚੀਮੇ ਜਿਸ ਦਾ ਪੂਰਾ ਨਾਂ “ਚੀਮਾ ਖੁਰਦ ਢੱਕ ਹੈ”।ਉਸ ਪਿੰਡ ਦੇ ਬਸ਼ਿੰਦੇ ਸੀ। ਰਿਕਸ਼ੇ ਚੋ ਉਤਰਦਿਆਂ ਸਾਰ ਹੀ ਅਸੀਂ ਤਿੰਨੇ ਲੰਮੀ ਪੱਕੀ ਸੜਕ ਜਿਹੜੀ ਧੁੱਪ ਦੀ ਲਸ਼ਕੋਰ ਨਾਲ ਸੱਪ ਦੀ ਕੰਜ ਵਾਂਗੂੰ ਚਮਕਦੀ ਸੀ । ਅਸੀਂ ਉਸ ਤੇ ਛੂਹਣ ਛਲੀਕਾਂ ਖੇਲਣ ਲੱਗੇ। ਸਾਰੀ ਸੜਕ ਭਾਂਅ ਭਾਂਅ ਕਰ ਰਹੀ ਸੀ ਦੂਰ ਦੁਰ ਤੱਕ ਕੋਈ ਨਜਰ ਨਹੀਂ ਆ ਰਿਹਾ ਸੀ। ਸੜਕ ਦੇ ਇਸ ਪਾਰ ਲੱਲੀਆਂ ਪਿੰਡ ਦੇ ਖੇਤ ਸੀ ਦੂਜੇ ਪਾਸੇ ਰਾਜਪੂਰੇ ਦੇ ਖੇਤ ਸੀ।ਤੇ ਉਸ ਮੋੜ ਤੇ ਬਣੇ ਤੂਤੀਆਂ ਦੇ ਦਰੱਖਤ ਹੇਠ ਨਲਕਾ ਲੱਗਾ ਸੀ। ਨਲਕਾ ਗੇੜਦੇ ਪਾਣੀ ਪੀਂਦੇ ਕਦੇ ਤੂਤੀਆਂ ਤੋੜ ਤੋੜ ਖਾਂਦੇ।
ਕੁਝ ਦੇਰ ਮਗਰੋਂ ਪਤਾ ਨੀ ਸਾਨੂੰ ਤਿੰਨਾਂ ਨੂੰ ਕੀ ਹੋਇਆ ਅਸੀਂ ਸਿੱਖਰ ਦੁਪਹਿਰ ਦੀ ਚੁੱਪ ਤੋਂ ਡਰਨ ਲੱਗੇ। ਜਸਵਿੰਦਰ ਮੇਰੇ ਕੋਲ ਅਾ ਕੇ ਕਹਿੰਦਾ, ਇਦਾਂ ਦੀ ਧੁੱਪ ਵਿੱਚ ਬੱਚੇ ਚੁੱਕਣ ਵਾਲੇ ਫਿਰਦੇ ਹੁੰਦੇ ਨੇ,ਜੇ ਸਾਨੂੰ ਕੋਈ ਚੁੱਕ ਕੇ ਲੈ ਗਿਆ।ਅਸੀਂ ਹੁਣ ਹੋਰ ਵੀ ਡਰ ਗਏ ਸੀ ਤੇ ਬੇਸਬਰੀ ਨਾਲ ਸ਼ੰਭੂ ਨੂੰ ਰਾਜਪੂਰੇ ਵੱਲ ਨੂੰ ਜਾਂਦੀ ਸੜਕ ਤੇ ਖੜ ਕੇ ਉਡੀਕਣ ਲੱਗੇ ਕੇ ,ਉਹ ਛੇਤੀ ਆਵੇ ਸਾਨੂੰ ਸਾਡੇ ਪਿੰਡ ਪੁਹੰਚਾਵੇ।ਅਸੀਂ ਤਿੰਨੇ ਅੰਗਰੇਜੀ ਸਕੂਲ ਦੀ ਵਰਦੀ ਪਾਈ ਸਕੂਲ ਬੈਗ ਚੁੱਕੀ ਸਹਿਮੇ ਸਹਿਮੇ ਸੜਕ ਕਿਨਾਰੇ ਖੜੇ ਸੀ। ਜਦ ਦੂਰੋ ਕੋਈ ਤੁਰਿਆ ਆਉਂਦਾ ਰਾਹੀ ਜਾਂ ਸੈਕਲ ਵਾਲਾ ਜਾਂ ਮੋਟਰਸੈਕਲ ਤੇ ਆਉੰਦਾ ਤਾਂ ਸਾਡੇ ਸਾਹ ਨਿਕਲ ਜਾਂਦੇ । ਮੈਂ ਜਿੰਨਾ ਉਸ ਕੱਚੀ ਉਮਰ ਦੀ ਪੱਕੀ ਦੁਪਿਹਰ ਵਿੱਚ ਡਰੀ ਸੀ।ਹੁਣ ਤੱਕ ਉਨਾ ਕਦੇ ਵੀ ਕਿਸੇ ਸ਼ੈ ਤੋਂ ਨੀ ਡਰੀ ਹਾਂ ।ਜਦ ਵੀ ਮੈਂ ਉਹਨਾਂ ਪਲਾਂ ਨੂੰ ਯਾਦ ਕੀਤਾ ਬਸ ਡਰ ਜਿਹੇ ਚ ਹੀ ਯਾਦ ਕੀਤਾ।ਉਹ ਡਰ ਅੱਜ ਵੀ ਬੀਤੇ ਦੀ ਉੰਗਲ ਫੜੀ ਬੈਠਾ ਹੈ।
ਇਸੇ ਤਰਾਂ ਬਾਪ ਮੇਰਾ ਛੁੱਟੀ ਤੇ ਘਰ ਆਇਆ ਸੀ।ਨਾਲ ਦੇ ਗੁਆਂਢੀ ਚਾਚਾ ਤੇ ਹੋਰ ਬਾਪ ਦੇ ਦੋਸਤ ਸਨ ਕਿਉਂਕਿ ਉਹ ਫੌਜ ਚੋ ਆਪਣੇ ਦੋਸਤਾਂ ਲਈ ਰੰਮ ਦੇ ਭੰਡਾਰ ਜਿਉਂ ਨਾਲ ਲੈ ਕੇ ਆਉੰਦਾ ਸੀ। ਇਕ ਬਾਰੀ ਨਾਲ ਦੇ ਗੁਆਂਢੀ ਪਰਿਵਾਰ ਦੇ ਕਿਸੇ ਰਿਸ਼ਤੇ ਦਾਰੀ ਵਿੱਚ ਵਿਆਹ ਸੀ।ਘਰ ਸੱਦਾ ਆਇਆ ਉਸ ਪਰਿਵਾਰ ਦੇ ਵਿਆਹ ਤੇ ਵਾਂਡੇ ਜਾਣ ਦਾ।ਮਾਂ ਕੋਲ ਰੁਝੇਵਿਆਂ ਚ ਸਮਾਂ ਨਹੀਂ ਸੀ। ਗੁਆਂਢ ਭਾਈਚਾਰੇ ਦੇ ਨਾਲ ਤੁਰਨਾ ਤੇ ਖੜਨਾ ਤਾਂ ਪੈਂਦਾ ਹੀ ਹੈ। ਮੇਰੇ ਬਾਪ ਨੇ ਵਿਆਹ ਤੇ ਜਾਣ ਦਾ ਫੈਸਲਾ ਕੀਤਾ।ਗੁਆਂਢੀ ਪਰਿਵਾਰ ਦਾ ਮੁਖੀਆ ਜਿਸ ਨੂੰ ਮੈਂ ਚਾਚਾ ਕਹਿੰਦੀ ਸੀ ਬਾਪ ਦਾ ਦੋਸਤ ਸੀ। ਦੋਨਾਂ ਨੇ ਪਿੰਡੋ ਵਿਆਹ ਲਈ ਜਾਣ ਵਾਲੀ ਟਰਾਲੀ ਵਿੱਚ ਨਾ ਜਾਣ ਦੀ ਬਜਾਏ ਸੈਕਲਾਂ ਤੇ ਜਾਣ ਦੀ ਰੈਅ ਕੀਤੀ।
ਮੈਂ ਬਾਪ ਨਾਲ ਜਿੱਦ ਕਰਕੇ ਨਾਲ ਜਾਣ ਨੂੰ ਤਿਆਰ ਹੋ ਗਈ।ਕੇ ਮੈਂ ਵੀ ਵਿਆਹ ਦੇਖਣਾ ਹੈ।ਮੇਰੇ ਬਾਪ ਮੇਰੇ ਬੈਠਣ ਲਈ ਸੈਕਲ ਦੇ ਬਣੇ ਡੰਡੇ ਤੇ ਕੁਝ ਕੁ ਮੋਟੇ ਕੱਪੜੇ ਬੰਨ ਕੇ ਮੇਰੇ ਲਈ ਸੁਖਾਲੀ ਜਿਹੀ ਗੱਦੀ ਜਿਹੀ ਬਣਾ ਕੇ ਮੈਨੂੰ ਬਿਠਾ ਦਿੱਤਾ। ਬੈਸੇ,ਮੈਂ ਜਿੰਦਗੀ ਦੇ ਕਈ ਵਰੇ ਆਪਣੇ ਬਾਪ ਤੋਂ ਡਰਦੀ ਤੇ ਝਿਜਕਦੀ ਇਸ ਕਰਕੇ ਰਹੀ ਸੀ ਕੇ ਉਹ ਜਦ ਆਪਣੇ ਉੱਚੇ ਲੰਮੇ ਕਦ ਤੇ ਫੌਜੀ ਵਰਦੀ ਪਾਈ ਛੁੱਟੀ ਲੈ ਕੇ ਘਰ ਆਉੰਦਾ ਸੀ ,ਤਾਂ ਮੈਂ ਮਾਂ ਨੂੰ ਕਹਿੰਦੀ ਸੀ ਇਹ ਮੇਰਾ ਬਾਪ ਨਹੀਂ ਹੈ ।ਬਾਪ ਤਾਂ ਹਮੇਸ਼ਾ ਘਰ ਹੁੰਦਾ ਹੈ ਤੇ ਇਹ ਕਦੇ ਕਦੇ ਘਰ ਕਾਹਤੇ ਆਉਂਦਾ ਹੈ।ਇਥੇ ਤੱਕ ਕੇ ਮੈਂ ਜਦ ਮਾਂ ਤੇ ਬਾਪ ਨੂੰ ਇੱਕਠਿਆਂ ਬੈਠਿਆਂ ਦੇਖਦੀ ਸੀ। ਤਾਂ ਮੈਂ ਮਾਂ ਨੂੰ ਜਿੱਦ ਕਰਕੇ ਬਾਪ ਕੋਲੋਂ ਉਠਾ ਕੇ ਆਪਣੇ ਕੋਲ ਬਿਠਾ ਲੈਂਦੀ ਸੀ।ਬਾਪ ਦੀ ਵਰਦੀ ਤੇ ਉਹਦੇ ਕਦੇ ਕਦੇ ਘਰ ਆਉਣ ਨੇ ਸਾਡੇ ਬਾਪ ਧੀ ਦੇ ਰਿਸ਼ਤੇ ਵਿੱਚ ਦੂਰੀ ਬਣਾਈ ਰੱਖੀ ਸੀ।ਭਾਵੇਂ ਮੇਰਾ ਬਾਪ ਮੇਰੇ ਲਈ ਖਿਲੌਣੇ ਤੇ ਟੌਫੀਆਂ ਲੈ ਕੇ ਆਉੰਦਾ ਸੀ ਮੈਨੂੰ ਸਮਝਾਉਦਾ ਹੁੰਦਾ ਸੀ ਕੇ ਮੈਂ ਫੌਜੀ ਹਾਂ ਫੋਜੀ ਕਦੇ ਕਦੇ ਘਰ ਆਉਂਦੇ ਹੁੰਦੇ ਨੇ ਪਰ ਇਹ ਸਭ ਦਲੀਲਾ ਮੇਰੀ ਸਮਝੋ ਬਾਹਰ ਸੀ। ਭਾਵੇਂ ਬਾਅਦ ਵਿੱਚ ਮੈਂਨੂੰ ਇਕ ਫੌਜੀ ਦੀ ਧੀ ਹੋਣ ਦਾ ਮਾਣ ਮਹਿਸੂਸ ਹੋਣ ਲੱਗਾ ਸੀ।
ਖੈਰ ਮੈਂ ਸੈਕਲ ਦੇ ਡੰਡੇ ਤੇ ਬੈਠੀ ਬਾਪ ਨੂੰ ਇਹ ਨਾ ਡਰਦੀ ਦੱਸ ਸਕੀ ਕੇ ਡੰਡੇ ਤੇ ਬੈਠਣਾ ਮੈਨੂੰ ਮੁਸ਼ਿਕਲ ਲੱਗ ਰਿਹਾ ਹੈ। ਮੇਰਾ ਬਾਪ ਤੇ ਗੁਆਂਢੀ ਚਾਚਾ ਸਿੱਖਰ ਦੁਪਹਿਰ ਮੁਕੰਦਪੁਰ ਨੂੰ ਜਾਣ ਵਾਲੀ ਸੜਕ ਤੇ ਸੈਕਲ ਚਲਾਉਦੇ ਖਬਰੈ ਕੀ ਗੱਲਾਂ ਕਰਦੇ ਕਦੇ ਹੱਸਦੇ।ਮੇਰੇ ਲਈ ਸਭ ਅੱਤ ਦਰਜੇ ਦੀਆਂ ਬੋਰ ਕਰਨ ਵਾਲੀਆਂ ਗੱਲਾਂ ਸਨ।ਕਿਉਂਕਿ ਡੰਡੇ ਤੇ ਬੈਠਣਾ ਅੌਖਾ ਸੀ ਤੇ ਸੜਕ ਲੰਮੀ ਹੋਰ ਲੰਮੀ ਹੋ ਰਹੀ ਸੀ।ਜਾਂਦਿਆਂ ਜਾਂਦਿਆਂ ਨੂੰ ਰਸਤੇ ਵਿੱਚ ਬਾਪ ਤੇ ਗੁਆਂਢੀ ਚਾਚੇ ਨੇ ਸੜਕ ਤੇ ਬਣੇ ਦਰੱਖਤਾਂ ਹੇਠ ਸੈਕਲ ਖੜਾ ਕੀਤਾ।ਤੇਰਾ ਤੇ ਮੈਨੂੰ ਬਾਪ ਨੇ ਕਿਹਾ ਤੂੰ ਜਰਾ ਕੁ ਇਥੇ ਖੇਲ ਲੈ ਫਿਰ ਅਰਾਮ ਕਰਕੇ ਅਗਾਂਹ ਜਾਂਦੇ ਹਾਂ ।ਮੈਨੂੰ ਸੈਕਲ ਤੇ ਬੈਠੀ ਨੂੰ ਨੀਂਦ ਦੀ ਬਹੁਤ ਘੁੱਕੀ ਚੜੀ ਸੀ ਇਸ ਬਾਰੇ ਬਾਪ ਨੂੰ ਬਿਲਕੁਲ ਪਤਾ ਨਹੀ ਸੀ ਲੱਗਿਆ ਕੇ ਮੈਂ ਕਿੰਨੀ ਬਾਰ ਗਰਦਨ ਦੇ ਭਾਰ ਪਿਛਾਂਹ ਤੇ ਅਗਾਂਹ ਵੱਲ ਝੁੱਕੀ ਸੀ।ਉਹ ਤਾਂ ਆਪਣੀਆਂ ਗੱਲਾਂ ਵਿੱਚ ਮਸਤ ਸੀ।ਤੇ ਹੁਣ ਸੈਕਲ ਤੋਂ ਉਤਰ ਕੇ ਮੈਨੂੰ ਬੈਠਣੋ ਅਰਾਮ ਤਾਂ ਸੀ ,ਪਰ ਨੀਂਦ ਦਿਮਾਗ ਚ ਚੱਕਰ ਲਾ ਰਹੀ ਸੀ।ਮੈਨੂੰ ਬਾਪ ਤੇ ਗੁੱਸਾ ਆ ਰਿਹਾ ਸੀ ਕੇ ਸੈਕਲ ਤੋਂ ਉਤਰੇ ਕਿਉਂ ਮੈਂ ਸੌਂਣਾ ਸੀ ।ਬਾਪ ਤੇ ਗੁਆਂਢੀ ਚਾਚਾ ਗੱਲਾਂ ਮਾਰ ਰਹੇ ਸੀ ਨਾਲ ਨਾਲ ਥਕੇਵਾਂ ਲਾਹ ਰਹੇ ਸੀ। ਤੇ ਮੈ ਬੋਰ ਹੁੰਦੀ ਚੁੱਪ -ਚਾਪ ਦਰੱਖਤ ਦੀ ਛੌਰੇ ਬੈਠੀ ਘਾਹ ਦੀਆਂ ਤੀੜਾਂ ਤੋੜ ਤੋੜ ਮੁੜ ਘਾਹ ਤੇ ਹੀ ਸੁੱਟੀ ਜਾ ਰਹੀ ਸੀ।ਤੇ ਮੇਰਾ ਬਾਪ ਬਿੰਨਾ ਮੇਰੇ ਇਕਲੇ ਪਨ ਦਾ ਅਹਿਸਾਸ ਕੀਤਿਆਂ ਆਪਣੇ ਦੋਸਤ ਨਾਲ ਹੱਸ ਹੱਸ ਗੱਲਾਂ ਕਰੀ ਜਾ ਰਿਹਾ ਸੀ। ਹੁਣ ਮੇਰਾ ਵਿਆਹ ਤੇ ਜਾਣ ਦਾ ਚਾਅ ਵੀ ਲੈਅ ਗਿਆ ਸੀ।ਮਾਂ ਯਾਦ ਆ ਰਹੀ ਸੀ ਖਾਸ ਕਰਕੇ ਮੇਰੀ ਨਿੱਕੀ ਜਿਹੀ ਮੰਜੀ ਜਿਸ ਨੂੰ ਨਾਨੀ ਨੇ ਖਾਸ ਨਮੂਨੇਦਾਰ ਬੁਣ ਕੇ ਮੇਰੇ ਲਈ ਤਿਆਰ ਕੀਤੀ ਸੀ।ਜਿਸ ਤੇ ਸੌ ਕੇ ਮੈਂ ਬਚਪਨ ਦੀ ਬਾਦਸ਼ਾਹੀ ਨੀਂਦਰ ਦਾ ਅਨੰਦ ਮਾਣਦੀ ਸੀ। ਸੜਕ ਤੇ ਬੈਠੀ ਮੈਂ ਘਰ ਤੇ ਘਰ ਦੀ ਕੰਧ ਤੇ ਲਟਕਦੀ ਮੰਜੀ ਬਾਰੇ ਸੋਚਦੀ ਸੀ।ਇਹ ਉਹ ਪਲ ਸਨ ਜਿਸ ਨੂੰ ਮੈਂ ਜਦ ਵੀ ਯਾਦ ਕੀਤਾ ਬਸ ਘਾਹ ਦੀਆਂ ਤੀੜਾਂ ਜਿੰਨਾ ਨੂੰ ਬੋਰ ਹੁੰਦੀ ਨੇ ਬੇਦਰਦੀ ਨਾਲ ਤੋੜ ਤੋੜ ਗੁੱਸੇ ਚ ਮੁੜ ਘਾਹ ਤੇ ਸੁੱਟੀਆਂ ਸਨ ਯਾਦ ਆਉੰਦੀਆਂ ਨੇ ।ਓਫ ਕਿੰਨੀ ਬੋਰ ਹੋ ਰਹੀ ਸੀ ਮੈਂ ਤੇ ,ਦੱਸ ਵੀ ਨਹੀਂ ਸਕਦੀ ਸੀ ਕੇ ਮੈਨੂੰ ਕੁਝ ਵੀ ਚੰਗਾ ਨਹੀ ਲੱਗ ਰਿਹਾ।
ਅੰਜੂਜੀਤ ਸ਼ਰਮਾ ਜਰਮਨੀ

Leave a Reply

Your email address will not be published. Required fields are marked *