ਇੱਕ ਵੱਖਰਾ ਸ਼ਾਂਤੀਨਿਕੇਤਨ

ਮਨਮੋਹਨ ਬਾਵਾ

ਇਸ ਕਹਾਣੀ ‘ਚ ਵਰਣਿਤ ਗੁਜ਼ਰ ਚੁੱਕੇ ਪਾਤਰ ਅਤੇ ਬੀਤ ਚੁੱਕੀਆਂ ਕੁਝ ਇਤਿਹਾਸ ਘਟਨਾਵਾਂ ਸੱਚੀਆਂ ਹਨ : ਖਾਸ ਕਰਕੇ ਸੰਨ 1962 ‘ਚ ਛੱਤੀਸਗੜ੍ਹ, ਬਸਤਰ ‘ਚ ਗੋਲੀ ਕਾਂਡ ਦੀ ਘਟਨਾ ਅਤੇ ਸੰਨ 1942 ‘ਚ ਬੰਗਾਲ ‘ਚ ਪਏ ਕਾਲ ਦੀ ਘਟਨਾ। ਅਜੋਕੇ ਪਾਤਰਾਂ ‘ਚੋਂ ਵੀ ਕੁਝ ਪਾਤਰ ਕਲਪਿਤ ਅਤੇ ਕੁਝ ਵਾਸਤਵਿਕ ਹਨ। ਕਹਾਣੀ ਦੀ ਪਿੱਠ ਭੂਮੀ ਅਤੇ ਸਥਾਨਾਂ ਦੇ ਨਾਮ ਥੋੜ੍ਹੇ ਥੋੜ੍ਹੇ ਬਦਲ ਦਿੱਤੇ ਗਏ ਹਨ। 

 

ਤੂੰ ਰਹਿੰਦੀ ਏਂ ਨਰਮਦਾ ਪਾਰ ਓ ਪਰਦੇਸਣੇ

ਉਹ ਸਾਰੰਗਪੁਰ ਜਾਣ ਲਈ ਤੁਰਿਆ ਸੀ। ਪਰ ਇਹ ਜ਼ਰੂਰੀ ਨਹੀਂ ਸੀ ਕਿ ਉਹ ਅਪਣੇ ਇਸ ਇਰਾਦੇ ‘ਤੇ ਕਾਇਮ ਰਹੇ। ਕਈ ਵਾਰੀ ਉਹ ਘਰੋਂ ਕਿਸੇ ਪਾਸੇ ਜਾਣ ਲਈ ਨਿਕਲਿਆ ਪਰ ਤੁਰ ਪਿਆ ਕਿਸੇ ਹੋਰ ਪਾਸੇ। ਹੁਣ ਵੀ ਸਾਰੰਗਪੁਰ ਲਈ ਸਿੱਧੀ ਟ੍ਰੇਨ ਲੈਣ ਦੀ ਬਜਾਏ ਪਹਿਲਾਂ ਖਜੂਰਾਹੋ, ਫੇਰ ਜਬਲਪੁਰ ਦੇ ਕੋਲ ਸੰਗ-ਏ-ਮਰਮਰ ਦੀਆਂ ਚਟਾਨਾਂ ਵੇਖਦਾ ਰਿਹਾ। ਬਸ ਸਟੈਂਡ ‘ਤੇ ਬੈਠਾ ਚਾਹ ਪੀ ਰਿਹਾ ਸੀ ਕਿ ਇਕ ਬਸ ‘ਤੇ ਬਸਤਰ-ਸਾਰੰਗਪੁਰ ਪੜ੍ਹ ਕੇ ਬਸ ਵਿੱਚ ਜਾ ਬੈਠਾ।

ਪੁਰਾਣੀ ਖਟਾਰਾ ਬਸ, ਕੁਝ ਘੰਟੇ ਪਿੰਡਾਂ-ਖੇਤਾਂ ‘ਚੋਂ ਹੋ ਕੇ ਲੰਘਦੀ ਰਹੀ; ਉਸ ਤੋਂ ਬਾਅਦ ਘਣਾ ਜੰਗਲ ਜਿਸ ‘ਚ ਟਾਵੀਂ-ਟਾਵੀਂ ਝੌਂਪੜੀ ਜਾਂ ਕੋਈ ਅਰਧ-ਨਗਨ ਆਦਿਵਾਸੀ ਜੰਗਲੀ ਪਗਡੰਡੀ ‘ਤੇ ਤੁਰਦਾ ਨਜ਼ਰ ਆ ਜਾਂਦਾ। ਉਹ ਬਸ ‘ਚ ਬੈਠ ਤੇ ਗਿਆ ਅਤੇ ਸਾਰੰਗਪੁਰ ਦੀ ਟਿਕਟ ਵੀ ਲੈ ਲਈ, ਪਰ ਮਨ ਹਾਲੇ ਵੀ ਡਾਵਾਂ ਡੋਲ; ਜਾਵਾਂ ਕਿ ਨਾ ਜਾਵਾਂ? ਪਤਾ ਨਹੀਂ ਉਹ ਉੱਥੇ ਹੋਵੇਗੀ ਵੀ ਕਿ ਨਹੀਂ? ਹੁਣ ਤੱਕ ਤੇ ਉਸ ਦਾ ਵਿਆਹ ਵੀ ਹੋ ਗਿਆ ਹੋਵੇਗਾ ਅਤੇ ਸ਼ਾਇਦ ਭੁਲ ਹੀ ਗਈ ਹੋਵੇ ਕਿ ਰਘੂਮਣੀ ਨਾਮ ਦਾ ਵਿਅਕਤੀ ਵੀ ਉਸ ਦੇ ਜੀਵਨ ‘ਚ ਕਦੀ ਆਇਆ ਸੀ।

ਬਸ ‘ਚ ਖੂਬ ਭੀੜ ਹੋ ਗਈ ਸੀ ਅਤੇ ਖੜ੍ਹੀਆਂ-ਬੈਠੀਆਂ ਸਵਾਰੀਆਂ ਅਪਣੀ ਸਥਾਨਕ ਬੋਲੀ ‘ਚ ਜ਼ੋਰ-ਜ਼ੋਰ ਨਾਲ ਗੱਲਾਂ ਕਰ ਰਹੀਆਂ ਸਨ, ਜਿਨ੍ਹਾਂ ਦੀ ਕੋਈ ਵੀ ਗੱਲ ਉਸ ਨੂੰ ਸਮਝ ਨਹੀਂ ਸੀ ਆ ਰਹੀ। ਕੁਝ ਦੇਰ ਤੱਕ ਤਾਂ ਰਘੂਮਣੀ ਉਨ੍ਹਾਂ ਦੀ ਬੁੜ-ਬੁੜ ਤੋਂ ਖਿਝਦਾ ਰਿਹਾ, ਫੇਰ ਉਸ ਨੇ ਅਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਅਪਣੇ ਆਪ ‘ਚ ਗੁਆਚ ਗਿਆ।

ਅਚਾਨਕ ਬਦਲਵਾਈ ਹੋ ਗਈ ਅਤੇ ਫੇਰ ਹਲਕਾ-ਹਲਕਾ ਮੀਂਹ ਪੈਣ ਲੱਗਾ। ਉਸ ਦੇ ਨਾਲ ਅਤੇ ਅੱਗੇ ਪਿੱਛੇ ਬੈਠੀਆਂ ਕੁੜੀਆਂ ਅਪਣੇ ਚੂੜੀਆਂ ਭਰੇ ਹੱਥ ਬਾਰੀ ‘ਚੋਂ ਬਾਹਰ ਕੱਢ ਕੇ ਮੀਂਹ ਦੇ ਠੰਡੇ-ਸ਼ੀਤਲ ਤੁਬਕਿਆਂ ਨੂੰ ਅਪਣੀ ਹਥੇਲੀ ‘ਤੇ ਅਨੁਭਵ ਕਰਦਿਆਂ ਹੱਸਣ ਲੱਗੀਆਂ। ਉਨ੍ਹਾਂ ਦਾ ਇਹ ਬੇਬਾਕ ਜਿਹਾ ਹਾਸਾ ਰਘੂਮਣੀ ਨੂੰ ਚੰਗਾ ਲੱਗਾ। ਨਾਲ ਹੀ ਸ਼ਾਂਤੀਨਿਕੇਤਨ ‘ਚ ਗਰਮੀਆਂ ਦੇ ਮੌਸਮ ਦੇ ਪਹਿਲੇ ਮੀਂਹ ਦਾ ਦ੍ਰਿਸ਼ ਉਸ ਦੀ ਕਲਪਨਾ ‘ਚ ਜਾਗਰਿਤ ਹੋ ਉਠਿਆ-

ਉਸ ਨੇ ਅਪਣੇ ਆਪ ਨੂੰ ਅਪਣੇ ਕਮਰੇ ‘ਚੋਂ ਬਾਹਰ ਨਿਕਲਦਿਆਂ ਵੇਖਿਆ ਜੋ ਮੀਂਹ ਵਰ੍ਹਾਉਂਦੇ ਬਦਲਾਂ ਵੱਲ ਮੂੰਹ ਚੁੱਕੀ ਅਤੇ ਅਪਣੇ ਦੋਵੇਂ ਹੱਥ ਪਸਾਰ ਕੇ ਰਵਿੰਦਰ ਨਾਥ ਟੈਗੋਰ ਦਾ ਗੀਤ ਗਾ ਰਿਹਾ ਹੈ:

ਆਜੀ ਝਰੋ ਝਰੋ ਮੁਖਰ ਬਾਦਰ ਦਿਨੇ

ਜਾਨੀ ਕੇ ਜਾਨੀ ਨੇ ਕਿਛੂ ਤੇ ਕੈਨੋ ਮਨ ਲਾਗੇ ਨਾ

ਉਹ ਨੰਗੇ ਪੈਰ ਨੱਚਦਾ, ਮਸਤੀ ‘ਚ ਗਾਉਂਦਾ ਇੱਕ ਪਾਸੇ ਤੁਰ ਪੈਂਦਾ ਹੈ। ਹੋਸਟਲਾਂ ਅਤੇ ਟੀਚਰਾਂ ਦੇ ਘਰਾਂ ਦੇ ਵਰਾਂਡਿਆਂ, ਬਾਰੀਆਂ ‘ਚ ਖੜ੍ਹੇ ਮੁੰਡੇ-ਕੁੜੀਆਂ ਉਸ ਵੱਲ ਵੇਖ ਕੇ ਹੱਸ ਰਹੇ ਅਤੇ ਕੁਝ ਉਹੀ ਗੀਤ ਗਾਉਣ ਲੱਗਦੇ ਹਨ। ਉਹ ਕਲਾ-ਭਵਨ ਦੇ ਬਾਹਰ ਖੜ੍ਹੀਆਂ ਮੂਰਤੀਆਂ ਕੋਲੋਂ ਲੰਘ ਕੇ ਕਲਾ-ਹੋਸਟਲ ਦੇ ਸਾਹਮਣੇ ਜਾ ਖੜ੍ਹਾ ਹੁੰਦਾ ਹੈ। ਕਲਾ ਹੋਸਟਲ ਦੀਆਂ ਬਾਰੀਆਂ ‘ਚ ਵੀ ਮੁੰਡੇ ਕੁੜੀਆਂ ਮੌਸਮ ਦੀ ਪਹਿਲੀ ਬਰਸਾਤ ਦੇ ਦ੍ਰਿਸ਼ ਮਾਣ ਰਹੇ ਹਨ। ਉਹ ਇਕ ਬਾਰੀ ‘ਚ ਖੜ੍ਹੀ ਇਕ ਕੁੜੀ ਦੇ ਸਾਹਮਣੇ ਖੜ੍ਹਾ ਹੋ ਕੇ ਇਕ ਹੋਰ ਗੀਤ ਗਾਉਣ ਲੱਗਦਾ ਹੈ-

ਆਮੀਂ ਚੀਨੀਗੋ ਚੀਨੀ ਤੋਮਾਰੇ ਉਗੋ ਬਿਦੇਸ਼ਿਨੀ

ਤੁਮੀਂ ਥਾਕੋ ਨਰਮਦਾ ਪਾਰੇ ਉਗੇ ਬਿਦੇਸ਼ਿਨੀ

(ਮੈਂ ਪਛਾਣਦਾ ਹਾਂ, ਪਛਾਣਦਾ ਹਾਂ ਤੈਨੂੰ ਅੜੀਏਂ

ਪਰਦੇਸਣੇ,ਤੂੰ ਰਹਿੰਦੀ ਏਂ ਨਰਮਦਾ ਪਾਰ ਨੀ ਪਰਦੇਸਣੇ)

ਫੇਰ ਉਹ ਇਸ਼ਾਰਿਆਂ ਨਾਲ ਹਿੰਦੀ ‘ਚ ਬੋਲ ਕੇ ਕੁੜੀ ਨੂੰ ਬਾਹਰ ਆਉਣ ਲਈ ਕਹਿੰਦਾ ਹੈ। ਕੁੜੀ ਕੁਝ ਦੇਰ ਝਕਦੀ ਅਤੇ ਫੇਰ ਬਾਰੀ ਥਾਣੀਂ ਛਾਲ ਮਾਰ ਕੇ ਬਾਹਰ ਆ ਜਾਂਦੀ ਹੈ। ਬਾਰੀ ਥਾਣੀਂ ਪੈਰ ਬਾਹਰ ਕੱਢਦਿਆਂ ਕੁੜੀ ਦੇ ਪੈਰਾਂ ‘ਚ ਪਈਆਂ ਚਾਂਦੀ ਦੀਆਂ ਝਾਂਜਰਾਂ ਉੱਪਰ-ਥੱਲੇ ਹੁੰਦੀਆਂ ਛੜਕਣ ਲਗਦੀਆਂ ਹਨ। ਤਿੰਨ ਚਾਰ ਹੋਰ ਕੁੜੀਆਂ ਵੀ ਬਾਹਰ ਆ ਜਾਂਦੀਆਂ ਹਨ। ਸਾਰੀਆਂ ਕੁੜੀਆਂ ਮੀਂਹ ‘ਚ ਭਿੱਜਦੀਆਂ ਗਾਉਣ-ਨੱਚਣ ਲੱਗਦੀਆਂ ਹਨ।

ਹੁਣ ਜਿਉਂ-ਜਿਉਂ ਸਾਰੰਗਪੁਰ ਨੇੜੇ ਆਉਂਦਾ ਜਾ ਰਿਹਾ ਸੀ, ਰਘੂਮਣੀ ਦੇ ਮਨ ਦੀ ਅਨਿਸ਼ਚਿਤਾ ਅਤੇ ਧੁਖਧੁਖੀ ਵਧਦੀ ਜਾ ਰਹੀ ਸੀ- ‘ਉਸ ਨਾਲ ਮੇਰਾ ਐਸਾ ਵੀ ਕੀ ਰਿਸ਼ਤਾ? ਬਸ ਇਕ ਸੰਜੋਗ ਨਾਲ ਵਾਪਰਨ ਵਾਲੀ ਘਟਨਾ। ਜੇ ਅਸੀਂ ਦੋਵੇਂ ਉਸ ਦਿਨ ਇੱਕੋ ਗੱਡੀ ‘ਚੋਂ ਉਤਰ ਕੇ ਇੱਕੋ ਵੇਲੇ ਸ਼ਾਂਤੀਨਿਕੇਤਨ ਦੇ ਦਫ਼ਤਰ ‘ਚ ਨਾ ਪਹੁੰਚੇ ਹੁੰਦੇ ਤਾਂ ਸੰਭਵ ਹੈ ਕਿ ਮੇਰੇ ਲਈ ਉਸ ਦੇ ਵਜੂਦ ਦੇ ਕੋਈ ਅਰਥ ਨਾ ਹੁੰਦੇ। ਮੈਂ ਅਪਣੀ ਕਲਾਸ ‘ਚ ਸੰਗੀਤ ਸਿੱਖਦਾ ਰਹਿੰਦਾ ਅਤੇ ਉਹ ਅਪਣੀ ਥਾਵੇਂ ਮੂਰਤੀ ਕਲਾ।’

ਇੱਕ ਵਾਰੀ ਇਸੇ ਤਰ੍ਹਾਂ ਦੀ ਗੱਲ ਉਸ ਨੇ ਕੇਤਕੀ ਸਾਹਮਣੇ ਕੀਤੀ ਸੀ। ਕੇਤਕੀ ਨੇ ‘ਨਾ’ ਵਿਚ ਸਿਰ ਹਿਲਾਉਂਦਿਆਂ ਕਿਹਾ ਸੀ- ‘ਸ਼ਾਇਦ ਤੁਸੀਂ ਠੀਕ ਕਹਿੰਦੇ ਹੋ। ਪਰ ਜੋ ਹੋਣੀ ‘ਚ ਲਿਖਿਆ ਹੁੰਦਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਹੋ ਕੇ ਹੀ ਰਹਿੰਦਾ ਹੈ। ਇਸ ਨੂੰ ਚਾਹੇ ਹੋਣੀ ਕਹਿ ਲਓ ਚਾਹੇ ਸੰਜੋਗ।‘

‘ਤਾਂ ਕੀ ਉਹ ‘ਸੰਜੋਗ’ ਦੀ ਲੜੀ, ਜੋ ਵਿਚਕਾਰੋਂ ਟੁੱਟ ਗਈ ਸੀ, ਮੁੜ ਜੁੜ ਸਕਦੀ ਹੈ? ਜਾਂ ਇਹ ਸਿਰਫ਼ ਮੇਰੀ ਖੁਸ਼ਫਹਿਮੀ?’ ਨਾਲ ਹੀ ਉਸ ਨੂੰ ਯਾਦ ਆਈ ਸ਼ਾਂਤੀਨਿਕੇਤਨ  ਵਾਲੀ ਗੱਲ ਜੋ ਉਸ ਨੇ ਕੁੜੀਆਂ ਦੀ ਇਕ ਟੋਲੀ ਕੋਲੋਂ ਲੰਘਦਿਆਂ ਸੁਣੀ ਸੀ, ‘‘ਤੈਨੂੰ ਨਹੀਂ ਪਤਾ ਸ਼ਿਵਾਨੀ, ਇਹ ਕੋਈ ਜੰਗਲੀ ਕੁੜੀ ਨਹੀਂ। ਐਵੇਂ ਨਾਟਕ ਕਰਦੀ ਹੈ। ਤੂੰ ਵੇਖਿਆ ਨਹੀਂ ਇਸ ਦੀ ਚਾਲ-ਢਾਲ, ਇਸ ਦੇ ਚਿਹਰੇ ‘ਤੇ ਰਾਜ ਕੁਮਾਰੀਆਂ ਵਾਲਾ ਸਵੈ ਵਿਸ਼ਵਾਸ! ਇਸ ਦੀਆਂ ਨਸਾਂ ‘ਚ ਸਾਡੇ ਵਰਗਾ ਲਾਲ ਲਹੂ ਨਹੀਂ, ਨੀਲਾ ਲਹੂ ਵਗ ਰਿਹਾ ਹੈ।”

ਉਸ ਦੀਆਂ ਨਸਾਂ ‘ਚ ਨੀਲਾ ਲਹੂ ਅਤੇ ਮੇਰੀਆਂ ਨਸਾਂ ‘ਚ? ਰਘੂਮਣੀ ਨੇ ਅਪਣੇ ਆਪ ਨੂੰ ਪੁੱਛਿਆ। ਵਿੰਡਬਨਾ ਇਹ ਕਿ ਜੋ ਕੁਝ ਮਨੁੱਖ ਨੂੰ ਜਨਮ ਤੋਂ ਪ੍ਰਾਪਤ ਹੁੰਦਾ ਹੈ, ਉਸ ਨੂੰ ਅਸਵੀਕਾਰ ਕਰਨਾ ਜਾਂ ਤਿਆਗਣਾ ਅਸੰਭਵ ਹੈ। ਜਨਮ ਤੋਂ ਹੀ ਨਹੀਂ ਬਲਕਿ ਜ਼ਿੰਦਗੀ ਦੀ ਰਾਹ ‘ਤੇ ਮਿਲੇ ਇੱਕ ਦੋ ਅਵਸਰਾਂ ‘ਚੋਂ ਬਹੁਤੀ ਚੋਣ ਕਰਨ ਦਾ ਅਵਸਰ ਹੀ ਨਹੀਂ ਮਿਲਦਾ। ਜਨਮ ਤੋਂ ਉਸ ਨੂੰ ‘ਰਘੂਮਣੀ’ ਨਾਮ ਮਿਲਿਆ ਅਤੇ ਨਾਲ ਹੀ ਮਿਲੇ ਬੰਗਾਲੀ ਪਿਤਾ, ਪੰਜਾਬੀ ਮਾਤਾ ਅਤੇ ਜੇ ਹੋਰ ਅੱਗੇ ਵੇਖਿਆ ਜਾਏ ਤਾਂ ਜਿਓਤਸਨਾ ਨਾਮ ਦੀ ਸੁੰਦਰ ਗੁਣਵਾਨ ਭਰਜਾਈ।

ਰਘੂਮਣੀ ਦਾ ਨਾਨਾ ਯਾਨੀ ਮਾਂ ਦਾ ਬਾਪੂ ਸੱਤਰ-ਬਹੱਤਰ ਵਰ੍ਹੇ ਪਹਿਲਾਂ ਕਿਲ੍ਹਾ ਰਾਏਪੁਰ ਤੋਂ ਕਲਕੱਤੇ ਆਇਆ ਅਤੇ ਦੋ ਟੈਕਸੀਆਂ ਪਾ ਲਈਆਂ। ਨਾਲ ਹੀ ਪਾਰਕ ਰੋਡ ‘ਤੇ ਕਿਸੇ ਪੁਰਾਣੇ ਨਵਾਬ ਦੀ ਖਸਤਾ ਹਾਲਤ ‘ਚ ਖਾਲੀ ਪਈ ਇਕ ਕਾਫ਼ੀ ਵੱਡੀ ਕੋਠੀ ਲੀਜ਼ ‘ਤੇ ਲੈ ਲਈ। ਆਲੇ ਦੁਆਲੇ ਬਹੁਤ ਖੁੱਲ੍ਹੀ ਥਾਂ। ਹੌਲੀ-ਹੌਲੀ ਕਿਲ੍ਹਾ ਰਾਏਪੁਰ ਤੋਂ ਅਪਣੇ ਮਿੱਤਰਾਂ-ਰਿਸ਼ਤੇਦਾਰਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਕਿਸ਼ਤਾਂ ‘ਤੇ ਲੈ ਕੇ ਹੋਰ ਟੈਕਸੀਆਂ ਪਾਉਂਦਾ ਗਿਆ। ਕੁਝ ਹੀ ਵਰ੍ਹਿਆਂ ‘ਚ ਸਾਰੀ ਕੋਠੀ ਟੈਕਸੀ-ਹਾਤਾ ਬਣ ਗਿਆ। ਧੀ ਜੰਮੀਂ ਤਾਂ ਖ਼ੂਬ ਪੜ੍ਹਾਇਆ। ਕਾਲਜ ਵਿੱਚ ਪੜ੍ਹਦਿਆਂ ਇਕ ਬੰਗਾਲੀ ਮੁੰਡੇ ਨਾਲ ਕੁੜੀ ਦਾ ਪਿਆਰ ਪੈ ਗਿਆ ਅਤੇ ਦੋਹਾਂ ਪਾਸਿਆਂ ਤੋਂ ਥੋੜ੍ਹੀ ਬਹੁਤ ਮੁਖ਼ਾਲਿਫ਼ਤ ਤੋਂ ਬਾਅਦ ਵਿਆਹ ਹੋ ਗਿਆ। ਕੁੜੀ ਦਾ ਨਾਮ ਮੰਜੀਤ, ਵਿਆਹ ਤੋਂ ਬਾਅਦ ਨਾਮ ਦਾ ਬੰਗਾਲੀਕਰਨ-ਮੋਨੋਜੀਤ। ਮੋਨੋਜੀਤ ਦੀ ਆਵਾਜ਼ ਚੰਗੀ ਸੀ ਅਤੇ ਗਾਉਣ-ਵਜਾਉਣ ਦਾ ਸ਼ੌਕ ਵੀ-ਪਤੀ ਪਰੋਤੋਸ਼ ਚੰਦਰ ਨੂੰ ਵੀ। ਪਰੋਤੋਸ਼ ਦੇ ਪਰਿਵਾਰ ਵੱਲੋਂ ਪੂਰੀ ਪਰਵਾਨਿਤਾ ਹਾਸਲ ਕਰਨ ਦੇ ਉਦੇਸ਼ ਨਾਲ ਮੋਨੋਜੀਤ ਰਵਿੰਦਰ ਸੰਗੀਤ ਸਿੱਖਣ ਲੱਗੀ। ਬੰਗਾਲੀ ਬੋਲਣੀ ਤਾਂ ਪਹਿਲਾਂ ਹੀ ਚੰਗੀ ਤਰ੍ਹਾਂ ਆਉਂਦੀ ਸੀ। ਘਰ ‘ਚ ਸੰਗੀਤ ਦੀਆਂ ਮਹਿਫ਼ਲਾਂ ਲੱਗਦੀਆਂ। ਸਰੋਦ ਵਾਦਕ ਅਮਜਦ ਅਲੀ, ਸਤਾਰਵਾਦਕ ਨਿਖਿਲ ਬੈਨਰਜੀ ਅਤੇ ਅਨਵਰ ਅਲੀ ਵਰਗੇ ਗਾਇਕ ਉਨ੍ਹਾਂ ਮਹਿਫ਼ਲਾਂ ਦੀ ਰੌਣਕ ਵਧਾਉਂਦੇ ਰਹਿੰਦੇ। ਬਹੁਤ ਵੱਡੀ ਹਵੇਲੀ। ਰਘੂਮਣੀ ਦੇ ਤਾਏ-ਚਾਚੇ ਅਤੇ ਉਨ੍ਹਾਂ ਦਾ ਪਰਿਵਾਰ ਵੀ ਉਸੇ ਹਵੇਲੀ ‘ਚ। ਵਿਚਕਾਰ ਵਿਹੜਾ, ਆਲੇ ਦੁਆਲੇ ਹਰ ਪਰਿਵਾਰ ਦੇ ਅਪਣੇ-ਅਪਣੇ ਕਮਰੇ। ਮਹਿਫ਼ਲ ਲੱਗਦੀ ਤਾਂ ਵੀਹ-ਪੰਝੀ ਬੰਦੇ ਤਾਂ ਇਨ੍ਹਾਂ ਦੇ ਅਪਣੇ ਘਰ ਦੇ ਜਮ੍ਹਾਂ ਹੋ ਜਾਂਦੇ। ਇਕ ਭਰਜਾਈ, ਯਾਨੀ ਤਾਏ ਦੇ ਪੁੱਤਰ ਦੀ ਪਤਨੀ ਵੀ ਕਿਸੇ ਚੰਗੇ ਸੰਗੀਤਕਾਰ ਦੀ ਧੀ-ਆਪ ਵੀ ਸੰਗੀਤ ‘ਚ ਨਿਪੁੰਨ। ਰਘੂਮਣੀ ਨੂੰ ਪਹਿਲਾਂ ਮਾਂ ਤੋਂ ਸੰਗੀਤ ਦੀ ਚਾਟ ਲੱਗੀ ਅਤੇ ਫੇਰ ਅਪਣੇ ਤੋਂ ਦੋ ਤਿੰਨ ਸਾਲ ਵੱਡੀ ਭਰਜਾਈ ਤੋਂ।

ਰਘੂਮਣੀ ਦਾ ਰੰਗ ਗੋਰਾ, ਕਦ ਦਰਮਿਆਨਾ, ਸਰੀਰ ਅਕਹਿਰਾ ਅਤੇ ਚੁਸਤ, ਚਾਲ ਨਾ ਹੌਲੀ ਨਾ ਤੇਜ਼। ਪਰ ਸਭ ਤੋਂ ਵੱੱਧ ਗੁਣ ਜੋ ਉਸ ਨੂੰ ਦੁਜਿਆਂ ਤੋਂ ਵਖਰਾਉਂਦਾ ਸੀ, ਉਹ ਉਸ ਦਾ ਚੌੜਾ ਮੱਥਾ, ਤਿੱਖਾ ਨੱਕ, ਕਿਤੇ ਦੂਰ ਵੱਲ ਤੱਕਦੀਆਂ ਅੱਖਾਂ? ਬੁੱਲ੍ਹਾਂ ‘ਤੇ ਰਹੱਸਮਈ ਮੁਸਕਾਨ ਜਿਵੇਂ ਕੋਈ ਸੁਫ਼ਨਾ ਵੇਖ ਰਿਹਾ ਹੋਵੇ। ਸੁਫ਼ਨੇ ਹੀ ਤੇ ਵੇਖਦਾ ਰਹਿੰਦਾ ਸੀ, ਕਦੇ ਅਤੀਤ ਦੇ ਕਦੇ ਭਵਿੱਖ ਦੇ, ਮਨ ‘ਚ ਭਟਕਨ, ਪੈਰਾਂ ‘ਚ ਬੇਚੈਨੀ, ਕਦੀ ਟਿਕ ਕੇ ਨਹੀਂ ਸੀ ਬੈਠਦਾ। ਜਿੱਧਰ ਮੂਡ ਬਣਦਾ, ਉਸ ਪਾਸੇ ਤੁਰ ਪੈਂਦਾ। ਇਕ ਖਾਸ ਸਿਫ਼ਤ ਇਹ ਵੀ ਕਿ ਉਹ ਜੋ ਕੁਝ ਵੀ ਕਰਦਾ, ਪੂਰੇ ਮਨ, ਪੂਰੀ ਸ਼ਿੱਦਤ ਨਾਲ ਕਰਦਾ। ਇਸ ਲਈ ਉਸ ਦੇ ਅਨੁਭਵ ਵੀ ਡੂੰਘੇ ਹੁੰਦੇ। ਉਸ ਵੇਲੇ ਉਹ ਬਾਕੀ ਸਭ ਕੁਝ ਬਿਲਕੁਲ ਭੁੱਲ ਜਾਂਦਾ।

ਕਦੇ ਜਦੋਂ ਮਾਂ ਨਾਲ ਜਾਂ ਕਿਸੇ ਹੋਰ ਨਾਲ ਪੰਜਾਬ ਆਉਂਦਾ ਤਾਂ ਇੱਥੋਂ ਦੇ ਬੇਪਰਵਾਹ, ਹੱਸਦੇ-ਖੇਡਦੇ ਲੋਕਾਂ ਨੂੰ ਵੇਖ ਕੇ ਖੁਸ਼ ਹੁੰਦਾ, ਸਵੇਰੇ ਉੱਠ ਕੇ ਲੰਮੇ ਲੰਮੇ ਸਾਹ ਲੈਂਦਿਆਂ ਕਹਿੰਦਾ-ਇਹ ਹੈ ਅਸਲੀ-ਸ਼ੁੱਧ ਹਵਾ। ਖੇਤਾਂ ‘ਚ ਜਾ ਕੇ ਤਾਜ਼ਾ ਰੌਹ ਪੀਂਦਾ, ਸਾਗ ਅਤੇ ਮੱਕੀ ਦੀ ਰੋਟੀ ਚਟਕਾਰੇ ਮਾਰ-ਮਾਰ ਕੇ ਖਾਂਦਾ। ਨਾਲ ਹੀ ਬੰਗਾਲੀਆਂ ਨੂੰ ਗਾਲਾਂ ਕੱਢਦਾ-ਸਾਲੇ ਤੰਗ ਦਿਲ, ਕਾਲੀ-ਪੂਜਾ, ਬੱਕਰਿਆਂ ਦੀਆਂ ਬਲੀਆਂ, ਹਾਲੇ ਵੀ ਸੋਲ੍ਹਵੀਂ ਸਦੀ ‘ਚ ਰਹਿੰਦੇ-ਆਮਾਰ ਸ਼ੋਨਾਰ ਬੰਗਾਲ-ਸ਼ੋਨਾਰ ਬੰਗਾਲ ਕਰਦੇ ਨਹੀਂ ਥੱਕਦੇ। ਇੱਥੇ ਪੰਜਾਬ ‘ਚ ਆ ਕੇ ਵੇਖਣ ਤਾਂ ਪਤਾ ਲੱਗੇ ਕਿ ਬੰਗਾਲ ਤੋਂ ਬਾਹਰ ਦੁਨੀਆ ਕੀ ਹੁੰਦੀ ਹੈ।

ਸ਼ਾਂਤੀਨਿਕੇਤਨ ‘ਚ ਸੰਗੀਤ ਦੀ ਵਿੱਦਿਆ ਪ੍ਰਾਪਤ ਕਰਨ ਲਈ ਆਉਣ ਤੋਂ ਪਹਿਲਾਂ ਅੰਗਰੇਜ਼ੀ ਦੀ ਐਮ.ਏ. ਕਲਾਸ ‘ਚ ਪੜ੍ਹਦਾ ਸੀ। ਸ਼ਖ਼ਸੀਅਤ ਦਾ ਬਹੁਤ ਪਿਆਰਾ ਪਰ ਤਬੀਅਤ ਦਾ ਬਹੁਤ ਅੱਖੜ ਸੀ। ਕਿਸੇ ਗੱਲੋਂ ਪ੍ਰੋਫ਼ੈਸਰ ਨਾਲ ਝਗੜਾ ਹੋ ਗਿਆ ਅਤੇ ਫੇਰ ਕਾਲਜ ਛੱਡ ਕੇ ਚਲਾ ਗਿਆ। ਘੁੰਮਣ ਫਿਰਨ ਦਾ ਸ਼ੌਕ, ਜਿੱਧਰ ਜੀ ਕਰਦਾ, ਤੁਰ ਪੈਂਦਾ। ਘਰ ਵਾਲੇ ਵੀ ਇਸ ਤੋਂ ਬਹੁਤ ਤੰਗ ਇਸ ਗੱਲੋਂ, ਇੱਕ ਵਾਰੀ ਮਾਂ ਨੇ ਬਜ਼ਾਰੋਂ ਸਬਜ਼ੀ ਲੈਣ ਲਈ ਭੇਜਿਆ। ਰਸਤੇ ‘ਚ ਅਪਣੀ ਕਾਰ ‘ਚ ਜਾ ਰਿਹਾ ਇੱਕ ਦੋਸਤ ਮਿਲ ਗਿਆ। ਕਾਰ ਦੇ ਉੱਪਰ ਸਮਾਨ ਲੱਦਿਆ ਹੋਇਆ। ‘‘ਕਿੱਧਰ ਜਾ ਰਿਹਾਂ?” ਪੁੱਛਣ ‘ਤੇ ਦੋਸਤ ਨੇ ਦੱਸਿਆ ਕਿ ਉਹ ਆਸਾਮ ਜਾ ਰਿਹਾ ਹੈ। ਬਸ, ਉਸ ਦੀ ਕਾਰ ‘ਚ ਬੈਠ ਗਿਆ। ਇੱਕ ਮਹੀਨੇ ਬਾਅਦ ਘਰ ਪਰਤਿਆ। ਮਾਂ ਨੇ ਬਹੁਤ ਝਿੜਕਿਆ। ਜਿਓਤਸ਼ਨਾ (ਜਿਓਤੀ) ਭਰਜਾਈ ਕਿੰਨੇ ਦਿਨ ਨਹੀਂ ਬੋਲੀ, ਉਸ ਨਾਲ। ਫੇਰ ਇੱਕ ਵਾਰੀ ਸ਼ਾਂਤੀ ਨਿਕੇਤਨ ਤੋਂ ਕੁਝ ਦੂਰ ਬਾਊਲਾਂ (ਇੱਕ ਤਰ੍ਹਾਂ ਦੇ ਫ਼ਕੀਰ, ਜੋ ਮਸਤੀ ‘ਚ ਨੱਚਦੇ ਗਾਉਂਦੇ ਹਨ) ਦੇ ਸਾਲਾਨਾ ਮੇਲੇ ‘ਤੇ ਗਿਆ। ਮੇਲੇ ਤੋਂ ਬਾਅਦ ਸ਼ਾਂਤੀ ਨਿਕੇਤਨ ਨੂੰ ਵੇਖਣ ਲਈ ਚਲਾ ਗਿਆ। ਬਸ ਫੇਰ ਕੀ ਸੀ। ਇਸ ਦੇ ਮਾਹੌਲ ਨੇ ਇਸ ਨੂੰ ਕੀਲ ਕੇ ਰੱਖ ਦਿੱਤਾ। ਸੰਗੀਤ, ਖ਼ਾਸ ਕਰਕੇ ਰਾਬਿਦ੍ਰ ਸੰਗੀਤ ਸਿੱਖਣ ਲਈ ਦਾਖ਼ਲਾ ਲੈ ਲਿਆ।

ਰਘੂਮਣੀ ਦੀ ਤਰ੍ਹਾਂ ਕੇਤਕੀ ਇੱਥੇ ਚਿਤਰਕਲਾ, ਖ਼ਾਸ ਕਰਕੇ ਮੂਰਤੀ ਕਲਾ ਸਿੱਖਣ ਆਈ ਸੀ। ਸੰਯੋਗ ਦੀ ਗੱਲ ਇਹ ਕਿ ਬੋਲਪੁਰ ਸਟੇਸ਼ਨ ‘ਤੇ ਜਦੋਂ ਰਘੂਮਣੀ ਗੱਡੀ ‘ਚੋਂ ਉਤਰਿਆ, ਉਸੇ ‘ਚੋਂ ਕੇਤਕੀ ਵੀ ਉੱਤਰੀ। ਦੋਵੇਂ ਸਾਈਕਲ ਰਿਕਸ਼ਾ ਵਾਲਿਆਂ ਕੋਲ ਇੱਕ ਦੂਜੇ ਦੇ ਅੱਗੇ ਪਿੱਛੇ ਆਏ ਅਤੇ ਦੋਹਾਂ ਦੇ ਰਿਕਸ਼ਾ ਇੱਕੋ ਸਮੇਂ ਸ਼ਾਂਤੀ ਨਿਕੇਤਨ ਪਹੁੰਚੇ ਸਨ। ਐਡਮੀਸ਼ਨ ਵਾਲੇ ਕਮਰੇ ‘ਚ ਜਾ ਕੇ ਜਦ ਕੇਤਕੀ ਉੱਥੋਂ ਦੇ ਕਲਰਕ ਨਾਲ ਗੱਲਾਂ ਕਰਨ ਲੱਗੀ ਤਾਂ ਉਸ ਨੂੰ ਚੰਗੀ ਤਰ੍ਹਾਂ ਸਮਝ ਨਾ ਆਵੇ ਕਿ ਕਲਰਕ ਕੀ ਕਹਿ ਰਿਹਾ ਹੈ। ਕੇਤਕੀ ਦਾ ਰੰਗ ਬੰਗਾਲੀਆਂ ਵਾਂਗ ਕੁਝ ਪੱਕਾ ਅਤੇ ਡੀਲ ਡੌਲ ਵੀ ਬੰਗਾਲੀ ਕੁੜੀਆਂ ਵਾਲਾ। ਪਰ ਰਘੂ ਨੇ ਵੇਖਿਆ ਕਿ ਨਾ ਤੇ ਉਹਦਾ ਜੂੜਾ ਬਣਾਉਣ ਦਾ ਢੰਗ ਬੰਗਾਲੀ ਕੁੜੀਆਂ ਵਾਲਾ ਸੀ ਅਤੇ ਨਾ ਹੀ ਉਸ ਦੇ ਸਾੜ੍ਹੀ ਪਹਿਨਣ ਦਾ ਸਟਾਇਲ। ਚਾਲ ਵੀ ਵੱਖਰੀ। ਬੰਗਾਲੀ ਕਲਰਕ ਬੰਗਲਾ ਜ਼ੁਬਾਨ ‘ਚ ਕੁਝ ਦੱਸਦਾ ਗਿਆ। ਜਦ ਕੇਤਕੀ ਨੇ ਕਿਹਾ ਕਿ ਉਹ ਬੰਗਲਾ ਨਹੀਂ ਜਾਣਦੀ ਤਾਂ ਮਿਲੀ ਜੁਲੀ ਹਿੰਦੀ ਅੰਗਰੇਜ਼ੀ ‘ਚ, ਪਰ ਉਸ ਦੇ ਬੋਲਣ ਦਾ ਲਹਿਜ਼ਾ ਇਸ ਤਰ੍ਹਾਂ ਦਾ ਜਿਵੇਂ ਬੰਗਲਾ ਹੀ ਬੋਲ ਰਿਹਾ ਹੋਵੇ। ਕੇਤਕੀ ਨੂੰ ਜਦ ਕੋਈ ਗਲ ਸਮਝ ਨਾ ਆਉਂਦੀ ਤਾਂ ਉਹ ਕਯਾ ਨੂੰ ‘ਕਾ’ ਜਾਂ ‘ਕਾਓ’ ਉਚਾਰਦੀ। ਰਘੂਮਣੀ ਨੂੰ ਉਸ ਉੱਤੇ ਬਹੁਤ ਦਇਆ ਆਈ ਅਤੇ ਉਹ ਕੇਤਕੀ ਨੂੰ ਕਲਰਕ ਦੀਆਂ ਕਹੀਆਂ ਗੱਲਾਂ ਸਮਝਾਉਂਦਾ ਰਿਹਾ, ਇੱਕ ਤਰ੍ਹਾਂ ਨਾਲ ਦੁਭਾਸ਼ਲਏ ਦੀ ਤਰ੍ਹਾਂ।

ਹੁਣ ਦੋਹਾਂ ਦਾ ਪਹਿਲਾਂ ‘ਟੈਸਟ’ ਹੋਣਾ ਸੀ ਅਤੇ ਜੇ ਪਾਸ ਹੋ ਗਏ ਤਾਂ ਉਸ ਤੋਂ ਬਾਅਦ ਦਾਖ਼ਲਾ। ਤਦ ਤੱਕ ਰਘੂ ਨੇ ਸੰਗੀਤ ਹੋਸਟਲ ‘ਚ ਅਤੇ ਕੇਤਕੀ ਨੂੰ ਕਲਾ ਭਵਨ ਦੇ ਹੋਸਟਲ ‘ਚ ਰਹਿਣਾ ਸੀ।

ਆਓ ਮੈਂ ਤੁਹਾਨੂੰ ਕਲਾ ਭਵਨ ਦੇ ਹੋਸਟਲ ਤੱਕ ਛੱਡ ਆਵਾਂ, ‘‘ਰਘੂ ਨੇ ਉਸ ਵੱਲ ਤੱਕਦਿਆਂ ਆਖਿਆ ਅਤੇ ਉਸ ਦਾ ਹੈਂਡ ਬੈਗ ਚੁੱਕਣ ਲੱਗਾ।

‘ਧੰਨਵਾਦ’! ਕਹਿ ਕੇ ਕੇਤਕੀ ਨੇ ਅਪਣਾ ਬੈਗ ਆਪੇ ਚੁੱਕਦਿਆਂ ਆਖਿਆ, ‘‘ਇਹ ਮੈਂ ਆਪੇ ਚੁੱਕ ਲਵਾਂਗੀ।”

ਦਫ਼ਤਰ ਤੋਂ ਲੈ ਕੇ ਕਲਾ ਭਵਨ ਤੱਕ ਦਾ ਤਕਰੀਬਨ ਅੱਧਾ ਕਿਲੋਮੀਟਰ ਦਾ ਫ਼ਾਸਲਾ-ਰਸਤੇ ‘ਚ ਪਿੱਪਲ-ਤਾੜ, ਬਾਂਸ ਅਤੇ ਕਈ ਤਰ੍ਹਾਂ ਦੇ ਰੁੱਖ; ਰੁੱਖਾਂ ਦੁਆਲੇ ਥੜ੍ਹੇ; ਥੜ੍ਹਿਆਂ ‘ਤੇ ਜੁੰਡਲੀਆਂ ‘ਚ ਮੁੰਡੇ-ਕੁੜੀਆਂ ਬੈਠੇ ਗੱਲਾਂ ਕਰਦੇ ਦਿਸ ਰਹੇ ਸਨ। ਕਲਾ ਭਵਨ ਦੇ ਬਾਹਰ ਇਕ ਸੀਮੈਂਟ ਦੀ ਬਣੀ ਆਦਮ-ਕਦ ਮੂਰਤੀ ਨੂੰ ਵੇਖ ਕੇ ਕੇਤਕੀ ਦੇ ਪੈਰ ਰੁਕ ਗਏ ਅਤੇ ਉਹ ਮੰਤਰ ਮੁਗਧ ਉਸ ਵੱਲ ਵੇਖਣ ਲੱਗੀ। ਇਹ ਇੱਕ ਸਾਂਥਾਲ ਅਦਿਵਾਸੀ ਪਰਿਵਾਰ ਦੀ ਮੂਰਤੀ ਸੀ।

‘‘ਇਹ ਰਾਮ ਕਿੰਕਰ ਬੈਜ ਦੀ ਬਣਾਈ ਹੋਈ ਮੂਰਤੀ ਹੈ।” ਰਘੂਮਣੀ ਨੇ ਦੱਸਿਆ।

‘‘ਮੈਂ…. ਮੈਨੂੰ ਇਨ੍ਹਾਂ ਮੂਰਤੀਆਂ ਦੀਆਂ ਫ਼ੋਟੋਆਂ ਹੀ ਇੱਥੇ ਖਿੱਚ ਕੇ ਲੈ ਆਈਆਂ।” ਕੇਤਕੀ ਬੋਲੀ, ‘‘ਤੁਸੀਂ ਕਦੀ ਮਿਲੇ ਹੋ ਉਨ੍ਹਾਂ ਨੂੰ?” ਰਘੂਮਣੀ ਦਾ ਕੇਤਕੀ ਨਾਲ ਇਹ ਤਕਰੀਬਨ ਪਹਿਲਾ ਵਾਰਤਾਲਾਪ ਸੀ।

‘‘ਨਹੀਂ। ਕਈ ਵਰ੍ਹੇ ਹੋ ਗਏ ਉਨ੍ਹਾਂ ਨੂੰ ਸੁਰਗਵਾਸ ਹੋਇਆਂ।”

2..

ਮੈਂ ਆਇਆ ਹਾਂ ਇਕੱਲਾ ਇਸ ਦੁਨੀਆਂ ਵਿੱਚ

ਮੈਨੂੰ ਕੋਈ ਅਫ਼ਸੋਸ ਨਹੀਂ ਕਿ ਲੋਕੀ ਮੈਨੂੰ ਨਹੀਂ ਜਾਣਦੇ

ਇਹ ਪੁਰਾਣੇ ਬੁੱਢੇ ਰੁੱਖ ਜਾਣਦੇ ਹਨ,

ਕਿ ਇੱਕ ਪਿਆਸੀ ਆਤਮਾ

ਇਨ੍ਹਾਂ ਥੱਲਿਓਂ ਹੋ ਕੇ ਲੰਘ ਰਹੀ ਹੈ।

ਰਵਿੰਦਰ ਨਾਥ ਟੈਗੋਰ ਦੇ ਸਮੇਂ ਅਤੇ ਉਸ ਤੋਂ ਬਾਅਦ ਕਈ ਚਿਰ ਤੱਕ ਸਾਰੀਆਂ ਕਲਾਸਾਂ ਪੁਰਾਣੇ ਰਿਸ਼ੀਆਂ ਤੇ ਆਸ਼ਰਮਾਂ ਵਾਂਗ ਖੁੱਲ੍ਹੇ ਆਕਾਸ਼ ਥੱਲੇ ਰੁੱਖਾਂ ਦੀ ਛਾਵੇਂ ਹੀ ਲੱਗਿਆ ਕਰਦੀਆਂ ਸਨ। ਹੁਣ ਵੀ ਕਈ ਕਲਾਸਾਂ ਰੁੱਖਾਂ ਥੱਲੇ। ਕਲਾਸਾਂ ਦੀ ਪੜ੍ਹਾਈ ਦੇ ਇਲਾਵਾ ਇੱਥੋਂ ਦਾ ਸਾਰਾ ਵਾਤਾਵਰਨ ਐਸਾ ਕਿ ਹਰ ਵਿਦਿਆਰਥੀ ਨੂੰ ਅਪਣੀ ਪੂਰੀ ਪ੍ਰਤਿਭਾ ਉਘਾੜਨ ਦਾ ਅਵਸਰ ਮਿਲਦਾ। ਸੈਮੀਨਾਰ, ਡਰਾਮੇ, ਆਰਟ ਫ਼ਿਲਮਾਂ, ਹਰ ਵਿਸ਼ੇ ‘ਤੇ ਡਿਬੇਟਾਂ-ਗੋਸ਼ਟੀਆਂ, ਰਾਤੀਂ ਨਾਚ-ਗਾਣੇ ਦੀਆਂ ਮਹਿਫ਼ਲਾਂ ਜੰਮਦੀਆਂ। ਇਨ੍ਹਾਂ ਮਹਿਫ਼ਲਾਂ ‘ਚ ਜਾਂ ਐਵੇਂ ਹੀ ਕਿਸੇ ਰੁੱਖ ਥੱਲੇ ਬੈਠਾ ਰਘੂਮਣੀ ਰਾਬਿੰਦ੍ਰ ਸੰਗੀਤ ਦੇ ਇਲਾਵਾ ਬੜੇ ਗੁਲਾਮ ਅਲੀ, ਫਿਆਜ਼ ਖਾਂ ਅਤੇ ਸਹਿਗਲ ਦੀਆਂ ਠੁਮਰੀਆਂ ਜਾਂ ਪਾਕਿਸਤਾਨੀ ਗਾਇਕਾ ਆਬਿਦਾ ਪਰਵੀਨ ਦੀਆਂ ਪੰਜਾਬੀ ਸਿੰਧੀ ਸੂਫ਼ੀਆਨਾ ਕਾਫ਼ੀਆਂ ਗਾ ਰਿਹਾ ਹੁੰਦਾ ਤਾਂ ਸਰੋਤੇ ਝੂਮ-ਝੂਮ ਜਾਂਦੇ। ਪਰ ਕਿਸੇ ਬਾਕਾਇਦਾ ਮਹਿਫ਼ਲ ਦੇ ਸਟੇਜ ‘ਤੇ ਖੜ੍ਹਾ ਹੋ ਕੇ ਉਹ ਗਾਉਣ ਤੋਂ ਇਨਕਾਰ ਕਰ ਦੇਂਦਾ। ਸਟੇਜਾਂ ‘ਤੇ ਕਈ ਵਾਰੀ ਬਾਹਰੋਂ ਆਏ ਚਨੀ-ਜਪਾਨੀ ਵਿਦਿਆਰਥੀ ਵੀ ਅਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਦੇ। ਰਘੂਮਣੀ ਵਾਂਗ ਕੇਤਕੀ ਵੀ ਕਦੇ ਸਟੇਜ ‘ਤੇ ਜਾ ਕੇ ਖੜ੍ਹੀ ਨਹੀਂ ਹੋਈ। ਉਹ ਵੀ ਗ਼ੈਰ-ਰਸਮੀ ਮਹਿਫ਼ਲਾਂ ‘ਚ ਕੁੜੀਆਂ ਮੁੰਡਿਆਂ ਦੇ ਝੁਰਮਟਾਂ ‘ਚ ਹੀ ਨੱਚਦੀ-ਗਾਉਂਦੀ। ਉਸ ਦਾ ਨੱਚਣਾ ਅਤੇ ਗੀਤਾਂ ਦੀ ਬੋਲੀ ਵੀ ਕਾਫੀ ਵੱਖਰੀ ਸੀ।

ਇੱਕ ਵਾਰੀ ਜਦ ਉਹ ਦੋਵੇਂ ਬੋਲਪੁਰ ਤੋਂ ਕੁਝ ਦੂਰ ਸਾਂਥਾਲ ਆਦਿਵਾਸੀ ਮੇਲੇ ‘ਚ ਗਏ ਤਾਂ ਕੇਤਕੀ ਵੀ ਸਾਂਥਾਲ ਕੁੜੀਆਂ ਨਾਲ ਮਿਲ ਕੇ, ਉਨ੍ਹਾਂ ਦੇ ਹੱਥਾਂ ‘ਚ ਹੱਥ ਪਾ ਕੇ ਇਸ ਤਰ੍ਹਾਂ ਪੈਰ ਮਲਾ ਕੇ ਨੱਚਣ ਲੱਗੀ ਜਿਵੇਂ ਉਹ ਉਥੋਂ ਦੀ ਹੀ ਜੰਮ ਪਲ ਹੋਵੇ। ਖ਼ੂਬ ਝੂਮ-ਝੂਮ ਕੇ ਗਈ ਰਾਤ ਤੱਕ ਨੱਚਦੀ ਰਹੀ ਅਤੇ ਸਾਂਥਾਲ ਕੁੜੀਆਂ ਵਾਂਗ ਮਹੁਏ ਦੀ ਸ਼ਰਾਬ ਵੀ ਮਜ਼ੇ ਲੈ-ਲੈ ਕੇ ਪੀਂਦੀ ਰਹੀ।

ਥਕਾਵਟ ਅਤੇ ਕੁਝ ਨਸ਼ੇ ਕਾਰਨ ਰਘੂਮਣੀ ਦਾ ਸਹਾਰਾ ਲੈ ਕੇ ਸ਼ਾਤੀ ਨਿਕੇਤਨ ਵਾਪਸ ਪਰਤਿਆਂ ਉਹ ਬੋਲੀ-

‘‘ਅੱਜ ਬਹੁਤ ਮਜ਼ਾ ਆਇਆ, ਜਿਵੇਂ ਮੈਂ ਅਪਣੇ ਲੋਕਾਂ ‘ਚ ਪਹੁੰਚ ਗਈ ਹੋਵਾਂ। ਕੀ ਇਹ ਮੇਲਾ ਸਾਲ ‘ਚ ਇੱਕੋ ਵਾਰੀ ਲੱਗਦਾ ਹੈ?”

‘‘ਤਾਂ ਤੂੰ ਵੀ ਕਿਸੇ ਆਦਿਵਾਸੀ ਕਬੀਲੇ ਤੋਂ ਏਂ?”

‘‘ਹਾਂ! ਕੀ ਮੈਂ ਤੁਹਾਨੂੰ ਕਦੀ ਦੱਸਿਆ ਨਹੀਂ?”

‘‘ਦੱਸਿਆ ਸੀ, ਪਰ ਉਦੋਂ ਮੈਂ ਸੋਚਿਆ ਕਿ ਐਵੇਂ ਮਜ਼ਾਕ ਕਰ ਰਹੀ ਏਂ।”

ਸਾਈਕਲ ਰਿਕਸ਼ਾ ‘ਤੇ ਬੈਠਿਆਂ ਵੀ ਕੇਤਕੀ ਉਸ ਦੇ ਮੋਢੇ ‘ਤੇ ਸਿਰ ਰੱਖ ਕੇ ਬੈਠੀ ਰਹੀ। ਸ਼ਾਂਤੀ ਨਿਕੇਤਨ ਆ ਕੇ  ਰਘੂਮਣੀ ਨੇ ਉਹਦੇ ਲੱਕ ਦੁਆਲੇ ਬਾਂਹ ਪਾਈ ਤੇ ਸਹਾਰਾ ਦੇਂਦਿਆਂ ਉਸ ਦੇ ਹੋਸਟਲ ਛੱਡ ਆਇਆ ਸੀ।

ਉਨ੍ਹਾਂ ਦੀ ਇਹ ਨੇੜਤਾ ਇੱਕ ਖ਼ਾਸ ਮੁਕਾਮ ਤੋਂ ਅੱਗੇ ਨਹੀਂ ਵਧੀ ਦੋਸਤੀ ਅਤੇ ਪ੍ਰੇਮਿਕਾ ਦੇ ਵਿਚਕਾਰ ਦੇ ਰਿਸ਼ਤੇ ਵਾਲੀ ਨੇੜਤਾ। ਦੋਵਾਂ ‘ਚੋਂ ਕਿਸੇ ਨੇ ਵੀ ਇਸ ਤੋਂ ‘ਅੱਗੇ’ ਵਧਣ ‘ਚ ਉਤਸ਼ਾਹ ਨਹੀਂ ਸੀ ਵਿਖਾਇਆ। ਬਲਕਿ ਇਸ ਸਹਿਜ ਜਿਹੇ ਰਿਸ਼ਤੇ ‘ਚੋਂ ਹੀ ਸੰਤੁਸ਼ਟੀ ਅਤੇ ਤ੍ਰਿਪਤੀ ਅਨੁਭਵ ਕਰਦੇ ਦਿਸਦੇ ਸਨ।

ਉਂਝ ਇਹ ਵੀ ਕਿਹਾ ਜਾ ਸਕਦਾ ਹੈ ਕਿ ਬੰਗਾਲੀਆਂ ਦੀ ਇਹ ਸਾਰੀ ਪੀੜ੍ਹੀ ਖ਼ਾਸ ਕਰਕੇ ਸ਼ਾਂਤੀ ਨਿਕੇਤਨ ‘ਚ ਪੜ੍ਹਨ ਵਾਲਿਆਂ ਦੇ ਮਨਾਂ ‘ਤੇ ਸ਼ਰਤ ਚੰਦਰ ਅਤੇ ਰਬਿੰਦਰ ਨਾਥ ਦੇ ਨਾਵਲਾਂ, ਗੀਤਾਂ ਨੇ ਗ਼ਲਬਾ ਕੀਤਾ ਹੋਇਆ ਸੀ। ਰਘੂਮਣੀ ਦੇ ਸੰਦਰਭ ‘ਚ ਇੱਕ ਖ਼ਾਸ ਗੱਲ ਇਹ ਕਿ ਉਸਦਾ ਬਹੁਤਾ ਸਾਰਾ ਧਿਆਨ ਅਪਣੇ ਤੋਂ ਦੋ ਤਿੰਨ ਵਰ੍ਹੇ ਵੱਡੀ ਭਰਜਾਈ ਨੇ ਅਪਣੇ ਵੱਲ ਖਿੱਚਿਆ ਹੋਇਆ ਸੀ। ਉਹੀ ਉਸ ਦੇ ਦਿਲੋ-ਦਿਮਾਗ ‘ਤੇ ਪੂਰੀ ਤਰ੍ਹਾਂ ਛਾਈ ਹੋਈ ਸੀ। ਰਾਤ ਨੂੰ ਜਦੋਂ ਪੜ੍ਹਦਿਆਂ-ਪੜ੍ਹਦਿਆਂ ਥੱਕ ਜਾਂਦਾ ਤਾਂ ਅਪਣੀ ਜਿਓਤਸ਼ਨਾ ਭਰਜਾਈ ਨੂੰ ਖ਼ਤ ਲਿਖਣ ਲੱਗਦਾ।

ਚਾਹੇ ਰਵਿੰਦਰ ਨਾਥ ਟੈਗੋਰ ਹੁਣ ਨਹੀਂ ਸੀ ਰਹੇ ਪਰ ਤਕਰੀਬਨ ਸਾਰੇ ਜਾਣਦੇ ਸਨ ਕਿ ਟੈਗੋਰ ਦੀ ਵਾਸਤਵਿਕ ਪ੍ਰੇਮਿਕਾ ਉਨ੍ਹਾਂ ਦੀ ਭਰਜਾਈ ਹੀ ਸੀ। ਬਹੁਤ ਸਾਰੇ ਪ੍ਰੇਮ ਗੀਤਾਂ ਦੀ ਪ੍ਰੇਰਣਾ ਸਰੋਤ ਵੀ ਉਹੀ ਸੀ। ਸਿੱਧੇ ਜਾਂ ਅਸਿੱਧੇ ਤੌਰ ‘ਤੇ ਰਘੂਮਣੀ ਵੀ ਜਿਵੇਂ ਇਸੇ ਤੋਂ ਪ੍ਰਭਾਵਿਤ ਸੀ।

ਬੰਗਾਲੀਆਂ ਅਤੇ ਪੰਜਾਬੀਆਂ ‘ਚ ਕਈ ਪੱਧਰ ‘ਤੇ ਸਮਾਨਤਾ ਹੈ ਅਤੇ ਕਈ ਪੱਧਰਾਂ ‘ਤੇ ਬਿਲਕੁਲ ਵਿਪਰੀਤ। ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦਿਆਂ ਇੱਕੋ ਮਾਨਸਿਕਤਾ। ਰਘੂਮਣੀ ਆਪ ਹੀ ਕਿਹਾ ਕਰਦਾ ਸੀ- ਬੰਗਾਲ ‘ਚ ਕਦੀ ਵੀ ਹੀਰ-ਰਾਂਝਾ, ਮਿਰਜ਼ਾ ਸਾਹਿਬਾਂ ਜਾਂ ਸੋਹਣੀ-ਮਹੀਵਾਲ ਨਹੀਂ ਪੈਦਾ ਹੋ ਸਕਦੇ। ਇੱਥੇ ਸਾਰੇ ਦੇਵਦਾਸ ਹੀ ਪੈਦਾ ਹੁੰਦੇ ਆਏ ਹਨ….। ਪਰ ਜਦੋਂ ਉਸਨੇ ਇਹ ਆਖਿਆ ਸੀ ਤਾਂ ਉਹਨੂੰ ਇਹ ਨਹੀਂ ਸੀ ਪਤਾ ਕਿ ਇੱਕ ਦਿਨ ਉਹ ਆਪ ਵੀ ਦੇਵਦਾਸ ਬਣ ਜਾਏਗਾ।

ਰਘੂਮਣੀ ਜਦੋਂ ਸੰਗੀਤ ਦਾ ਅਭਿਆਸ ਨਾ ਕਰ ਰਿਹਾ ਹੁੰਦਾ ਤਾਂ ਵੀ ਕੁਝ ਨਾ ਕੁਝ ਸਾਰਾ ਦਿਨ ਕਰਦਾ ਰਹਿੰਦਾ। ਡਰਾਮਿਆਂ, ਗੋਸ਼ਟੀਆਂ ‘ਚ ਹਿੱਸਾ ਲੈਂਦਾ, ਕਲਾ ਭਵਨ ‘ਚ ਆ ਕੇ ਕੇਤਕੀ ਨਾਲ ਮਿਲ ਕੇ ਮੂਰਤੀਆਂ ਘੜਦਾ, ਸਿਤਾਰ ਜਾਂ ਬਾਂਸੁਰੀ ਵਜਾਉਂਦਾ ਅਤੇ ਰਾਤ ਦੇ ਬਾਰਾਂ ਇੱਕ ਵਜੇ ਤੱਕ ਪੜ੍ਹਦਾ ਰਹਿੰਦਾ। ਇਸ ਦਾ ਇਕ ਵੱਡਾ ਕਾਰਨ ਉਸ ਦੇ ਅੰਦਰ ਝਰਦਾ ਇਕ ਰਸ ਸੀ- ਦੋ ‘ਪ੍ਰੇਮਕਾਵਾਂ’ ਵਿਚਕਾਰ ਉਸ ਦੀ ਈਗੋ, ਅਹੰ ਨੂੰ ਵੀ ਇੱਕ ਤਰ੍ਹਾਂ ਦੀ ਤਸੱਲੀ ਮਿਲਦੀ। ਉਸ ਨੂੰ ਲੱਗਦਾ ਜਿਵੇਂ ਉਸ ਦੇ ਜੀਵਨ ਦੀ ਪਗਡੰਡੀ ਕਿਸੇ ਖ਼ੁਸ਼ਬੋਆਂ ਭਰੇ ਬਾਗ ‘ਚੋਂ ਲੰਘ ਰਹੀ ਹੋਵੇ। ਪੰਛੀ, ਰੁੱਖ, ਆਕਾਸ਼ ‘ਚ ਚਮਕਦੇ ਤਾਰੇ ਜਿਵੇਂ ਉਸ ਨਾਲ ਵਾਰਤਾਲਾਪ ਕਰ ਰਹੇ ਹੋਣ। ਕਦੀ ਕਦੀ ਟੈਗੋਰ ਦੇ ਸਟਾਈਲ ‘ਚ ਕਵਿਤਾ ਵੀ ਲਿਖਦਾ ਅਤੇ ਕੁੜੀਆਂ-ਮੁਡਿਆਂ ਨੂੰ ਕਿਸੇ ਰੁੱਖ ਥੱਲੇ ਖੜ੍ਹਾ ਕਰਕੇ ਸੁਣਾਉਂਦਾ।

ਉਸ ਵੱਲ ਵੇਖ ਕੇ ਕੇਤਕੀ ਦੀਆਂ ਅੱਖਾਂ ‘ਚ ਵੀ ਚਮਕ ਆ ਜਾਂਦੀ। ਦੂਜੀਆਂ ਕੁੜੀਆਂ ਉਸ ਉੱਤੇ ਰਸ਼ਕ ਕਰਦੀਆਂ ਅਤੇ ਕਹਿੰਦਿਆਂ, ਪਤਾ ਨਹੀਂ ਕਿਵੇਂ ਇਸ ਜੰਗਲੀ ਜਹੀ ਕੁੜੀ ਨੇ ਸੋਨੇ ਵਰਗੇ ਮੁੰਡੇ ਨੂੰ ਅਪਣੇ ਕਾਬੂ ‘ਚ ਕਰ ਲਿਆ। ਜਦੋਂ ਕਦੀ ਰਘੂਮਣੀ ਕੁੜੀਆਂ ਕੋਲੋਂ ਲੰਘਦਾ ਤਾਂ ਕੋਈ ਮਨਚਲੀ ਕਹਿ ਉੱਠਦੀ

ਕੋਥਾਏ ਜਾ ਚੇ ਦਾਦਾ, ਆਮੀ ਏਥਾਨੇ ਦੇਬੇ ਆ ਚੇ।

(ਕਿੱਧਰ ਜਾ ਰਿਹਾ ਏਂ ਦਾਦਾ, ਮੈਂ ਤਾਂ ਇੱਥੇ ਖੜ੍ਹੀ ਹਾਂ)

ਇੱਕ ਵਾਰੀ ਜਦ ਕੇਤਕੀ ਰਾਮ ਕਿੰਕਰ ਦੇ ਸਟਾਈਲ ‘ਚ ਸੀਮਿੰਟ ਰੇਤ ਰਲਾ ਕੇ ਇੱਕ ਆਦਿਵਾਸੀ ਦੀ ਮੂਰਤੀ ਬਣਾ ਰਹੀ ਸੀ ਤਾਂ ਰਘੂਮਣੀ ਵੀ ਉਸ ਕੋਲ ਆ ਕੇ ਉਸ ਦਾ ਹੱਥ ਵਟਾਉਣ ਲੱਗਾ। ਕੇਤਕੀ ਨੂੰ ਚੰਗਾ ਲੱਗਿਆ। ਫੇਰ ਉਸ ਦੀਆਂ ਲਾਲ ਹੋਈਆਂ ਅੱਖਾਂ ਅਤੇ ਮੁਚੜੇ ਜਹੇ ਕੱਪੜਿਆਂ ਵੱਲ ਤੱਕਦਿਆਂ ਬੋਲੀ-

‘‘ਲੱਗਦਾ ਏ ਅੱਜ ਵੀ ਬਹੁਤ ਦੇਰ ਤੱਕ ਪੜ੍ਹਦੇ ਰਹੇ ਹੋ। ਨਹਾਤੇ ਵੀ ਨਹੀਂ ਲੱਗਦੇ।”

‘ਬਹੁਤ ਦਿਨਾਂ ਤੋਂ ਇੱਕ ਕਿਤਾਬ ਪੜ੍ਹ ਰਿਹਾ ਸੀ। ਰਾਤੀਂ ਸੋਚਿਆ ਕਿ ਅੱਜ ਖ਼ਤਮ ਕਰਕੇ ਹੀ ਸੌਂਆਂਗਾ।’

ਕੇਤਕੀ ਨੇ ਉਸ ਬਾਰੇ ਸੋਚਦਿਆਂ ਅਤੇ ਅਪਣੇ ਹੱਥਾਂ ਤੋਂ ਰੇਤ-ਮਿੱਟੀ ਪੂੰਝਦਿਆਂ ਆਖਿਆ-

‘‘ਮੈਨੂੰ ਸਮਝ ‘ਚ ਨਹੀਂ ਆਉਂਦਾ ਤੁਸੀਂ ਐਨਾਂ ਕੁਝ ਕਿਵੇਂ ਅਤੇ ਕਿਓਂ ਕਰਦੇ ਹੋ? ਮੇਰਾ ਖ਼ਿਆਲ ਨਹੀਂ ਕਿ ਤੁਸੀਂ ਚਾਰ ਪੰਜ ਘੰਟੇ ਤੋਂ ਜ਼ਿਆਦਾ ਸੌਂਦੇ ਹੋਵੋਗੇ।”

ਰਘੂਮਣੀ ਕੁਝ ਦੇਰ ਆਕਾਸ਼ ਵੱਲ ਤੱਕਦਾ ਸੋਚਦਾ ਰਿਹਾ। ਫੇਰ ਬੋਲਿਆ-

“ਇੱਕੋ ਚੀਜ਼ ਦਾ ਡਰ ਮੈਨੂੰ ਲੱਗਾ ਰਹਿੰਦਾ ਹੈ ਕੇਤਕੀ ਅਤੇ ਉਹ ਹੈ ਸਮੇਂ ਦਾ ਤੇਜ਼ੀ ਨਾਲ ਗੁਜ਼ਰਦੇ ਜਾਣਾ, ਗੁਜ਼ਰਦੇ ਜਾਣਾ। ਮੈਨੂੰ ਤੇ ਲੱਗਦਾ ਹੈ ਕਿ ਜੋ ਜੋ ਮੈਂ ਕਰਨਾ-ਮਾਨਣਾ ਚਾਹੁੰਦਾ ਹਾਂ, ਉਸ ਲਈ ਮੇਰੇ ਕੋਲ ‘ਸਮਾਂ’ ਬਹੁਤ ਘੱਟ ਹੈ।”

‘‘ਹਾਲੇ ਤੇ ਤੁਹਾਡੀ ਉਮਰ ਹੀ ਕੀ ਹੋਈ ਏ ਜੋ ਇਸ ਤਰ੍ਹਾਂ ਸੋਚਣ ਲੱਗ ਪਏ?”

‘‘ਇਹ ਸਵਾਲ ਉਮਰ ਦਾ ਨਹੀਂ ਕੇਤਕੀ। ਵਕਤ ਨੇ ਤਾਂ ਬੀਤਦੇ ਹੀ ਜਾਣਾ ਹੈ। ਇਹ ਕਿਸੇ ਲਈ ਖੜ੍ਹਾ ਨਹੀਂ ਹੁੰਦਾ। ਮੈਂ ਤਾਂ ਇਸ ‘ਸਮੇਂ’ ਦੇ ਲੰਘ ਜਾਣ ਤੋਂ ਪਹਿਲਾਂ ਇਸ ਨੂੰ ਦੂਣਾ-ਤੀਣਾ ਬਣਾਉਣਾ ਚਾਹੁੰਦਾ ਹਾਂ।” ਫੇਰ ਉਹ ਕੋਲ ਪਏ ਇਕ ਸਟੂਲ ‘ਤੇ ਬੈਠਦਿਆਂ ਬੋਲਿਆ-

‘‘ਆ ਕੇਤਕੀ ਮੇਰੇ ਕੋਲ ਆ। ਮੈਂ ਤੈਨੂੰ ਕਵਿਤਾ ਸੁਣਾਉਂਦਾ ਹਾਂ ਜੋ ਮੈਂ ਅੱਜ ਰਾਤੀਂ ਹੀ ਲਿਖੀ ਹੈ। ਤੇ ਫੇਰ ਉਹ ਸੁਣਾਉਣ ਲੱਗਾ

‘‘ਮੈਂ ਆਇਆਂ ਹਾਂ ਇਕੱਲਾ ਦੁਨੀਆ ‘ਚ

ਮੈਨੂੰ ਕੋਈ ਅਫ਼ਸੋਸ ਨਹੀਂ ਕਿ ਲੋਕੀਂ ਮੈਨੂੰ ਨਹੀਂ ਜਾਣਦੇ

ਇਹ ਵੀ ਅਫ਼ਸੋਸ ਨਹੀਂ ਕਿ ਮੈਂ ਕੁਝ ਵੀ ਹਾਸਲ ਨਹੀਂ ਕੀਤਾ

ਇਹ ਪੁਰਾਣੇ ਬੁੱਢੇ ਰੁੱਖ ਜਾਣਦੇ ਹਨ

ਕਿ ਇੱਕ ਪਿਆਸੀ ਆਤਮਾ

ਇਨ੍ਹਾਂ ਥੱਲਿਓਂ ਹੋ ਕੇ ਲੰਘ ਰਹੀ ਹੈ।”

ਕੇਤਕੀ ਉਸ ਵੱਲ ਪ੍ਰਸੰਸਾ ਭਰੀਆਂ ਨਜ਼ਰਾਂ ਨਾਲ ਤੱਕਦੀ ਰਹੀ। ਇੱਕ ਹੋਰ ਸੁਣਾਵਾਂ? ਕਹਿ ਕੇ ਉਹ ਸੁਣਾਉਣ ਲੱਗਾ-

‘ਇਹ ਧਰਤੀ ਮੇਰੀ ਮਾਂ ਨਹੀਂ

ਬਲਕਿ ਸਾਰੀ ਧਰਤੀ ਮੇਰੀ ਪ੍ਰੇਮਿਕਾ ਹੈ

ਮੈਂ ਇੱਕ ਅਨੰਤ ਯਾਤਰੀ ਹਾਂ

ਜੋ ਸਿਰਫ਼ ਅਪਣੀ ਇਸ ਬੰਗਾਲ ਦੀ ਧਰਤੀ ਨਾਲ

ਬੱਝਿਆ ਨਹੀਂ ਰਹਿ ਸਕਦਾ

ਮੈਂ ਉਨ੍ਹਾਂ ਰਾਹਾਂ ‘ਤੇ ਚਲਣਾ ਲੋਚਦਾ ਹਾਂ

ਜਿਨ੍ਹਾਂ ‘ਤੇ ਮੈਂ ਪਹਿਲਾਂ ਕਦੀ ਨਹੀਂ ਤੁਰਿਆ

ਜੋ ਅਗਿਆਤ ਹਨ, ਅਣਪਛਾਤੇ ਹਨ।”

ਤੁਹਾਡੀਆਂ ਇਨ੍ਹਾਂ ਕਵਿਤਾਵਾਂ ‘ਚ, ਇਨ੍ਹਾਂ ਇੱਛਾਵਾਂ ‘ਚ ਕਿਤੇ ਮੈਂ ਵੀ ਹਾਂ ਜਾਂ ਰਾਹੀ ਵਾਂਗ ਕੁਝ ਪਲ ਮੇਰੇ ਕੋਲ ਰੁਕ ਕੇ, ਸਾਹ ਲੈ ਕੇ ਲੰਘ ਜਾਓਗੇ?”

ਰਘੂਮਣੀ ਇਸ ਸਵਾਲ ਦੇ ਜਵਾਬ ਬਾਰੇ ਕੁਝ ਪਲ ਬੈਠਾ ਸੋਚਦਾ ਰਿਹਾ। ਕੁਝ ਦਿਨ ਪਹਿਲਾਂ ਹੀ ਰਘੂਮਣੀ ਨੇ ਕੇਤਕੀ ਨੂੰ ਕੁਝ ਇਸੇ ਤਰ੍ਹਾਂ ਦਾ ਸਵਾਲ ਕੀਤਾ ਸੀ। ਉੱਤਰ ‘ਚ ਉਸ ਆਖਿਆ ਸੀ –

‘‘ਮੈਂ ਇਸ ਬਾਰੇ ਕੁਝ ਵੀ ਕਹਿਣਾ ਨਹੀਂ ਚਾਹੁੰਦੀ, ਸਿਵਾਏ ਇਸ ਦੇ ਕਿ ਅਸੀਂ ਚੰਗੇ ਦੋਸਤ ਬਣੇ ਰਹੀਏ। ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਤੁਹਾਨੂੰ ਇਹ ਦੱਸਣਾ ਚਾਹਵਾਂਗੀ ਕਿ ਪਿੱਛੇ ‘ਮੇਰਾ ਕੋਈ’ ਮੇਰੇ ਵਾਪਸ ਪਰਤਣ ਦੀ ਉਡੀਕ ਕਰ ਰਿਹਾ ਹੈ।”

ਸੁਣ ਕੇ ਰਘੂਮਣੀ ਦੇ ਮਨ ‘ਚ ਕੰਡਾ ਜਿਹਾ ਚੁਭਿਆ ਸੀ। ਫੇਰ ਉਹ ਅਪਣੀ ਭਰਜਾਈ ਬਾਰੇ ਸੋਚਦਿਆਂ ਮਨ ਹੀ ਮਨ ਆਖਿਆ- ‘ਮੈਂ ਵੀ ਤੇ ਇਹੋ ਕੁਝ ਹਾਂ!”

ਉਂਝ ਇਹ ਉਨ੍ਹਾਂ ਦੋਹਾਂ ਲਈ ਚੰਗਾ ਸੀ। ਪ੍ਰੇਮ ਜਦ ਦੋਸਤੀ ‘ਚ ਬਦਲ ਜਾਂਦਾ ਹੈ ਤਾਂ ਇੱਕ ਦੂਜੇ ਤੋਂ ਬਹੁਤ ਕੁਝ ਦੀ ਪ੍ਰਾਪਤੀ ਦੀ ਸੰਭਾਵਨਾ ਘਟ ਜਾਂਦੀ ਹੈ ਅਤੇ ਸਬੰਧਾਂ ‘ਚ ਇਕਸਾਰਤਾ ਰਹਿੰਦੀ ਹੈ।

‘‘ਮੈਂ ਇੱਕ ਗੱਲ ਪੁੱਛਾਂ”, ਕੇਤਕੀ ਨੇ ਆਖਿਆ

‘‘ਹਾਂ ਪੁੱਛ?”

‘‘ਪਰਸੋਂ ਐਡਾ ਵੱਡਾ ਸਮਾਗਮ ਸੀ। ਕਲਕੱਤੇ ਤੋਂ, ਦਿੱਲੀ ਤੋਂ ਬੜੇ ਵੱਡੇ-ਵੱਡੇ ਲੋਕ ਆਏ ਸਨ। ਸਾਰੇ ਮੁੰਡੇ ਕੁੜੀਆਂ ਫਰਮਾਇਸ਼ਾਂ ਕਰਦੇ ਰਹੇ ਪਰ ਤੁਸੀਂ ਸਟੇਜ ‘ਤੇ ਚੜ੍ਹਨ ਤੋਂ ਇਨਕਾਰ ਕਰਦੇ ਰਹੇ। ਕੀ ਸਟੇਜ ਤੋਂ ਡਰ ਲੱਗਦਾ ਹੈ?”

ਰਘੂਮਣੀ ਕੁਝ ਦੇਰ ਬੈਠਾ ਅਪਣੇ ਗੋਡਿਆਂ ‘ਤੇ ਉਂਗਲਾਂ, ਰੱਖ ਕੇ ਇੰਝ ਹਿਲਾਉਂਦਾ ਰਿਹਾ ਜਿਵੇਂ ਤਬਲਾ ਵਜਾ ਰਿਹਾ ਹੋਵੇ। ਫੇਰ ਬੋਲਿਆ-

‘‘ਹਾਂ, ਡਰ ਹੀ ਲੱਗਦਾ ਹੈ ਇੱਕ ਤਰ੍ਹਾਂ ਨਾਲ। ਪਰ ਇਹ ਮਸਲਾ ਇੰਨਾ ਸਿੱਧਾ ਸਾਦਾ ਵੀ ਨਹੀਂ। ਸਟੇਜ ਉੱਤੇ ਚੜ੍ਹ ਕੇ ਗਾਉਣਾ ਇੱਕ ਪਰਫਾਰਮੈਂਸ, ਇੱਕ ਪ੍ਰਦਰਸ਼ਨ ਹੁੰਦਾ। ਸਰੋਤੇ ਮੇਰੀ ਪਰਫਾਰਮੈਂਸ ‘ਤੇ ਤਾੜੀਆਂ ਮਾਰਦੇ ਜਾਂ ਨਾ ਮਾਰਦੇ। ਮੇਰਾ ਸਾਰਾ ਯਤਨ ਸਰੋਤਿਆਂ ਨੂੰ ਖੁਸ਼ ਕਰਨ ਵੱਲ ਹੁੰਦਾ। ਮੈਂ ਉਨ੍ਹਾਂ ਦੇ ਰਹਿਮ ‘ਤੇ ਹੁੰਦਾ। ਇਸ ਦੇ ਵਿਪਰੀਤ ਜਦ ਮੈਂ ਕੁੜੀਆਂ ਮੁੰਡਿਆਂ ‘ਚ ਘਿਰਿਆ ਗਾਉਂਦਾ ਹਾਂ ਤਾਂ ਅਪਣੀ ਮਸਤੀ ‘ਚ, ਅਪਣੇ ਆਪ ਲਈ ਗਾਉਂਦਾ ਹਾਂ। ਤੂੰ ਵੀ ਤੇ……….।”

‘‘ਤੁਸੀਂ ਸੱਚ ਕਹਿੰਦੇ ਹੋ। ਮੈਂ ਵੀ ਇਸੇ ਤਰ੍ਹਾਂ ਅਨੁਭਵ ਕਰਦੀ ਹਾਂ, ਚਾਹੇ ਤੁਹਾਡੇ ਵਾਂਗੂੰ ਅਪਣੇ ਭਾਵਾਂ ਨੂੰ ਸ਼ਬਦਾਂ ‘ਚ ਨਹੀਂ ਢਾਲ ਸਕਦੀ।”

‘‘ਨਾ ਹੀ ਮੈਂ ਕਦੇ ਕਿਸੇ ਪ੍ਰਤੀਯੋਗਤਾ, ਕੰਪੀਟੀਸ਼ਨ ‘ਚ ਹਿੱਸਾ ਲਿਆ ਹੈ। ਨਾ ਸਿੱਧੇ ਅਤੇ ਨਾ ਅਸਿੱਧੇ ਤੌਰ ‘ਤੇ। ਪ੍ਰਤੀਯੋਗਤਾ ਇੱਕ ਮੁਕਾਬਲਾ, ਇਕ ਐਗਰੈਸ਼ਨ ਹੁੰਦਾ ਦੂਜਿਆਂ ਉੱਤੇ। ਅਪਣੇ ਆਪ ਨੂੰ ਦੂਜਿਆਂ ਤੋਂ ਬਿਹਤਰ ਸਿੱਧ ਕਰਦਿਆਂ ਅਸੀਂ ਅਪਣੀ ਇੱਕ ਬੇਸ਼ਕੀਮਤ ਚੀਜ਼ ਗਵਾ ਦਿੰਦੇ ਹਾਂ, ਉਹ ਬੇਸ਼ਕੀਮਤ ਸ਼ੈਅ ਆਦਮੀ ਦਾ ਸਹਿਜਪਣ ਹੈ, ਸੁਤੰਤਰਤਾ ਹੈ। ਜੀਵਨ ਦਾ ਮਨੋਰਥ ਪ੍ਰਤੀਯੋਗਤਾ ਨਹੀਂ, ਜੀਵਨ ਨੂੰ ਮਾਨਣਾ ਹੈ, ਦੂਜਿਆਂ ਦੇ ਕੰਮ ਆਉਣਾ ਹੈ।”

ਸੁਣ ਕੇ ਕੇਤਕੀ ਥੋੜ੍ਹੀ ਜਹੀ ਹੱਸੀ। ਫੇਰ ਬੋਲੀ, ‘‘ਇਹ ਦੂਜਿਆਂ ਦੇ ਕੰਮ ਆਉਣ ਵਾਲੀ ਗੱਲ ਤਾਂ ਮੈਂ ਤੁਹਾਡੇ ਮੁੰਹੋਂ ਪਹਿਲੀ ਵਾਰੀ ਸੁਣ ਰਹੀ ਹਾਂ।” ਮੈਂ ਤੇ ਇਹੀ ਸਮਝਦੀ ਹਾਂ ਕਿ ਸਾਰੇ ਕਲਾਕਾਰ ਸਵੈ-ਕੇਂਦਰਤ ਹੁੰਦੇ ਹਨ, ਖ਼ਾਸ ਕਰਕੇ ਚਿਤੱਰਕਾਰ ਅਤੇ ਸੰਗੀਤਕਾਰ।

‘‘ਕੀ ਤੂੰ ਅਪਣੇ ਪ੍ਰਤੀ ਵੀ ਇਹੀ ਕਹਿ ਸਕਦੀ ਏਂ?”

‘‘ਮੂਰਤੀਕਲਾ ‘ਚ ਮੇਰੇ ਇੱਕ ਕੁਦਰਤੀ ਰੁਝਾਨ ਦੇ ਨਾਲ-ਨਾਲ ਇੱਕ ਉਦੇਸ਼ ਵੀ ਹੈ। ਮੈਂ ਵਾਪਸ ਜਾ ਕੇ ਅਪਣੇ ਲੋਕਾਂ ਦੇ ਜੀਵਨ ਨੂੰ, ਉਨ੍ਹਾਂ ਦੇ ਦੁੱਖਾਂ ਸੁੱਖਾਂ ਨੂੰ ਮੂਰਤੀਆਂ ‘ਚ ਢਾਲਣਾ ਚਾਹੁੰਦੀ ਹਾਂ।”

‘‘ਤੂੰ ਅਪਣੇ ਬਾਰੇ ‘ਅਪਣੇ ਲੋਕਾਂ’ ਬਾਰੇ ਕਦੀ ਕੁਝ ਦੱਸਿਆ ਹੀ ਨਹੀਂ?” ਰਘੂਮਣੀ ਉਸ ਵੱਲ ਗੌਹ ਨਾਲ ਤੱਕਦਿਆਂ ਬੋਲਿਆ।

‘‘ਤੁਸੀਂ ਮੇਰੇ ਬਾਰੇ ਕੁਝ ਤੇ ਅਨੁਮਾਨ ਲਾਏ ਹੀ ਹੋਣਗੇ ।”

‘‘ਮੇਰੇ ਲਈ ਇਹ ਜਾਣ ਲੈਣਾ ਹੀ ਕਾਫ਼ੀ ਹੈ ਕਿ ਤੂੰ ‘ਕੇਤਕੀ’ ਏਂ ਜਿਸ ਨੂੰ ਕਿਸਮਤ ਨੇ ਮੇਰੇ ਕੋਲ ਭੇਜ ਦਿੱਤਾ ਹੈ, ਇਸ ਸ਼ਾਂਤੀ ਨਿਕੇਤਨ ਵਿੱਚ। ਹਾਂ, ਤੈਨੂੰ ਸਾਂਥਾਲ ਆਦਿਵਾਸੀ ਤੀਵੀਆਂ ਨਾਲ ਨੱਚਦਾ ਵੇਖ ਕੇ ਕੁਝ ਅਨੁਮਾਨ ਜ਼ਰੂਰ ਲਾ ਸਕਦਾ ਹਾਂ ਕਿ ਤੇਰੀ ਕੁਝ ਨੇੜਤਾ ਜਾਂ ਸਬੰਧ ਜੰਗਲਾਂ ‘ਚ ਰਹਿ ਰਹੇ ਲੋਕਾਂ ਨਾਲ ਹੈ। ਸੀਮਿੰਟ ਦੀ ਇਹ ਮੂਰਤੀ ਵੀ ਜੋ ਤੂੰ ਬਣਾ ਰਹੀ eਂੇ, ਇਹੀ ਕੁਝ ਕਹਿੰਦੀ ਪ੍ਰਤੀਤ ਹੋ ਰਹੀ ਹੈ।”

‘‘ਕਿਸ ਤਰ੍ਹਾਂ ਦੀ ਬਣ ਰਹੀ ਹੈ ਇਹ ਮੂਰਤੀ?” ਕੇਤਕੀ ਨੇ ਗੱਲ ਦਾ ਰੁਖ਼ ਬਦਲਦਿਆਂ ਆਖਿਆ।

‘‘ਰਾਮ ਕਿੰਕਰ ਦੀ ਮੂਰਤੀ ਤੋਂ ਕੁਝ ਵੱਖਰੀ। ਭਾਵ-ਉਸ ਵਿੱਚ ਜੋ ਹੈ, ਇਸ ਵਿੱਚ ਨਹੀਂ, ਜੋ ਇਸ ਵਿੱਚ ਹੈ ਉਹ ਉਸ ‘ਚ ਨਹੀਂ।”

‘‘ਮੈਂ ਨਹੀਂ ਜਾਣਦੀ ਕਿ ਤੁਸੀਂ ਕੀ ਕਹਿ ਰਹੇ ਹੋ। ਪਰ ਮੈਂ ਇਸ ਤਰ੍ਹਾਂ ਦੀਆਂ ਮੂਰਤੀਆਂ ਬਨਾਉਣਾ ਚਾਹੁੰਦੀ ਹਾਂ ਜਿਨ੍ਹਾਂ ਨੂੰ ਵੇਖਣ ਵਾਲੇ ਸਿਰਫ਼ ਇਕ ਵਾਰ – ਵਾਹ‘ ਕਹਿ ਕੇ ਨਾ ਲੰਘ ਜਾਣ ਬਲਕਿ ਉਨ੍ਹਾਂ ਮੂਰਤੀਆਂ ‘ਚ ਕਲਾਕਾਰ ਦੂਆਰਾ ਅਭਿਵਿਅਕਤ ਕੀਤੀਆਂ ਭਾਵਨਾਵਾਂ ਨੂੰ ਵੀ ਸਮਝਣ।” ਫੇਰ ਕੁਝ ਰੁਕ ਕੇ ਬੋਲੀ, ‘‘ਭਾਵੇਂ ਮੈਨੂੰ ਸ਼ੰਕਾ ਹੈ ਕਿ ਇਸ ਤਰ੍ਹਾਂ ਦੇ ਕਲਾ ਪ੍ਰੇਮੀ ਵੀ ਹੋਣਗੇ।”

‘‘ਕਿਉਂ ਨਹੀਂ ਹੋਣਗੇ?”

‘‘ਜਿਸ ਸੰਸਾਰ ਨੂੰ ਸ਼ਹਿਰੀ ਕਲਾ ਪ੍ਰੇਮੀ ਜਾਣਦੇ ਹੀ ਨਹੀਂ, ਉਸ ਸੰਸਾਰ ਦੇ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਣਾ ਉਨ੍ਹਾਂ ਲਈ ਅਸੰਭਵ ਹੈ।”

—–

3.

ਜੰਗਲੀ ਪੰਛੀ ਉੱਡ ਗਿਆ

ਪਰ ਇਸ ਤੋਂ ਪਹਿਲਾਂ ਕਿ ਰਘੂਮਣੀ, ਕੇਤਕੀ ਬਾਰੇ ਕੁਝ ਹੋਰ ਜਾਣ ਸਕਦਾ, ਉਸ ਦੇ ਘਰੋਂ ਤਾਰ ਆ ਗਈ ਕਿ ਉਸ ਦੀ ਜਿਓਤਸਨਾ ਭਰਜਾਈ ਸਖ਼ਤ ਬਿਮਾਰ ਹੈ; ਛੇਤੀ ਆ ਜਾਵੇ। ਇਸ ਤੋਂ ਪਹਿਲਾਂ ਹਰ ਮਹੀਨੇ ਜਿਓਤਸਨਾ ਦੇ ਖ਼ਤ ਆਉਂਦੇ ਰਹੇ ਸਨ, ਪਰ ਉਸ ਨੇ ਕਦੀ ਵੀ ਕਿਸੇ ਬਿਮਾਰੀ ਦੀ ਗੱਲ ਨਹੀਂ ਸੀ ਲਿਖੀ। ਘਰ ਜਾ ਕੇ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ, ਐਡਵਾਂਸ ਸਟੇਜ ਦਾ। ਦੋ ਮਹੀਨੇ ਇਲਾਜ ਚੱਲਦਾ ਰਿਹਾ। ਅਪਰੇਸ਼ਨ ਤੋਂ ਬਾਅਦ ਕੁਝ ਦਿਨ ਥੋੜ੍ਹਾ ਠੀਕ ਰਹੀ ਅਤੇ ਫੇਰ ਸਦਾ ਲਈ ਅੱਖਾਂ ਬੰਦ ਹੋ ਗਈਆਂ।

ਉਸ ਤੋਂ ਬਾਅਦ ਇੱਕ ਡੇਢ ਮਹੀਨਾ ਉਹ ਵਾਪਸ ਸ਼ਾਂਤੀ ਨਿਕੇਤਨ ਨਹੀਂ ਗਿਆ। ਸਭ ਕੁਝ ਨਿਰਾ ਰਥਕ ਲੱਗਣ ਲੱਗਾ। ਐਵੇਂ ਇੱਧਰ ਉੱਧਰ ਭਟਕਦਾ ਰਿਹਾ-ਕਦੀ ਨਦੀ ਕੰਢੇ, ਕਦੀ ਜੰਗਲਾਂ ‘ਚ । ਫੇਰ ਉਸ ਦਾ ਜੀਅ ਕੀਤਾ ਕਿ ਉਹ ਵਾਪਸ ਸ਼ਾਂਤੀਨਿਕੇਤਨ ਜਾਵੇ ਅਤੇ ਕੇਤਕੀ ਦੇ ਮੋਢੇ ‘ਤੇ ਸਿਰ ਰੱਖ ਕੇ ਰੋਵੇ-ਉਹ ਉਸ ਨੂੰ ਦਿਲਾਸਾ ਦੇਵੇ, ਚੁੰਮੇ ਅਤੇ ਕਹੇ- ਰੋ ਨਾ ਰਘੂਮਣੀ ਮੈਂ ਜੁ ਹਾਂ…. ….।

ਪਰ ਕਹਿੰਦੇ ਨੇ ਕਿ ਮੁਸੀਬਤਾਂ-ਦੁੱਖ ਜਦੋਂ ਆਉਂਦੇ ਤਾਂ ਇਕੱਠੇ ਹੀ ਆਉਂਦੇ ਹਨ। ਸ਼ਾਂਤੀਨਿਕੇਤਨ ਜਾ ਕੇ ਪਤਾ ਲੱਗਾ ਕਿ ਕੇਤਕੀ ਵੀ ਇੱਕ ਦਿਨ ਅਚਾਨਕ ਸ਼ਾਂਤੀਨਿਕੇਤਨ ਛੱਡ ਕੇ ਚਲੀ ਗਈ ਸੀ। ਇਹ ਵੀ ਕਹਿ ਕੇ ਗਈ ਸੀ ਕਿ ਸ਼ਾਇਦ ਉਹ ਵਾਪਸ ਨਾ ਆਵੇ। ਰਘੂਮਣੀ ਕੋਲ ਤਾਂ ਉਸ ਦੇ ਘਰ ਦਾ ਪਤਾ ਵੀ ਨਹੀਂ ਸੀ। ਉਸ ਨੂੰ ਲੱਗਿਆ ਜਿਵੇਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਹੀ ਖਿਸਕ ਗਈ ਹੋਵੇ। ਜਦੋਂ ਕੇਤਕੀ ਸੀ ਤਾਂ ਸ਼ਾਂਤੀਨਿਕੇਤਨ ‘ਚ ਸਭ ਕੁਝ ਚੰਗਾ-ਚੰਗਾ ਅਤੇ ਜੀਵਨ ਭਰਿਆ-ਭਰਿਆ ਲੱਗਦਾ ਸੀ। ਹੁਣ ਨਾ ਉਹ ਕਿਸੇ ਨਾਲ ਬੋਲਦਾ, ਨਾ ਪਹਿਲਾਂ ਵਾਂਗ ਹੱਸਦਾ-ਗਾਉਂਦਾ। ਜਦੋਂ ਉਹ ਕੁੜੀਆਂ ਕੋਲੋਂ ਲੰਘਦਾ ਤਾਂ ਕੋਈ ਪਿੱਛੋਂ ਵਾਜ ਮਾਰ ਕੇ ਕਹਿੰਦੀ-

‘‘ਕੀ ਹੋਇਲੋ ਦਾਦਾ?”

ਦੂਜੀ ਕਹਿੰਦੀ, ‘‘ਜੰਗਲੀ ਪਾਖੀ, ਉਡੇ ਐਲੋ..।”

ਤੀਜੀ ਕਹਿੰਦੀ, ‘‘ਚਿੰਤਾ ਕੋਰਬੇ ਨਾ, ਆਮੀਂ ਆਛੇ।”

ਪਰ ਉਹ ਕਿਸੇ ਵੱਲ ਵੇਖਦਾ ਵੀ ਨਾ

ਉਦੋਂ ਹੀ ਉਸ ਨੂੰ ਕੇਤਕੀ ਦਾ ਟੀਚਰ ਦਾਸ ਗੁਪਤਾ ਮਿਲ ਗਿਆ। ਦਾਸ ਗੁਪਤਾ ਕੁਝ ਦੇਰ ਕੇਤਕੀ ਦੀ ਪ੍ਰਤਿਭਾ ਦੀਆਂ ਗੱਲਾਂ ਕਰਦਾ ਰਿਹਾ- ਬਹੁਤ ਹੋਣਹਾਰ ਅਤੇ ਸੂਝਵਾਨ ਕੁੜੀ ਸੀ। ਜੇ ਦੋ ਤਿੰਨ ਸਾਲ ਇੱਥੇ ਰਹਿੰਦੀ ਤਾਂ ਇੱਕ ਵਿਖਿਆਤ ਮੁਰਤੀਕਾਰ ਬਣ ਜਾਂਦੀ….। ਫੇਰ ਉਸ ਨੂੰ ਕੁਝ ਯਾਦ ਆਇਆ। ਮੋਢੇ ਨਾਲ ਲਮਕਦੇ ਝੋਲੇ ‘ਚੋਂ ਅਪਣੀ ਸਕੈਚ-ਬੁੱਕ ਕੱਢੀ ਅਤੇ ਉਸ ਦੇ ਇੱਕ ਕਾਗਜ਼ ‘ਤੇ ਲਿਖਿਆ ਕੇਤਕੀ ਦਾ ਪਤਾ ਵਖਾਉਂਦਿਆਂ ਬੋਲਿਆ-

‘‘ਜਾਣ ਲੱਗਿਆਂ ਤੇਰੇ ਲਈ ਦੇ ਗਈ ਸੀ।”

ਕੇਤਕੀ ਦਾ ਪਤਾ ਵੇਖ ਕੇ ਰਘੂਮਣੀ ਨੂੰ ਲੱਗਿਆ ਜਿਵੇਂ ਉਸ ਨੂੰ ਕੋਈ ਖ਼ਜ਼ਾਨਾ ਮਿਲ ਗਿਆ ਹੋਵੇ। ਫੇਰ ਉਸ ਨੇ ਦਾਸ ਗੁਪਤਾ ਤੋਂ ਪੁੱਛਿਆ, ‘‘ਕੋਈ ਖ਼ਤ ਕੋਈ ਹੋਰ ਸੁਨੇਹਾ ਮੇਰੇ ਲਈ?”

ਦਾਸ ਗੁਪਤਾ ਨੇ ਨਾਂਹ ‘ਚ ਸਿਰ ਹਿਲਾ ਦਿੱਤਾ। ਫੇਰ ਬੋਲਿਆ, ‘‘ਹਾਂ ਤੇਰੇ ਲਈ ਕੁਝ ਮੂਰਤੀਆਂ ਛੱਡ ਗਈ ਹੈ, ਕੁਝ ਲੈ ਗਈ ਹੈ।”

ਉਸ ਵੇਖਿਆ ਕਿ ਛੱਡ ਕੇ ਗਈਆਂ ਮੂਰਤੀਆਂ ‘ਚ ਇਕ ਆਦਿ-ਵਾਸੀ ਤੀਵੀਂ ਦੇ ਚੇਹਰੇ ਦੀ ਫੁੱਟ ਕੁ ਉੱਚੀ ਮੂਰਤੀ ਸੀ, ਜਿਸ ਦੀ ਸ਼ਕਲ ਕੇਤਕੀ ਦੇ ਚੇਹਰੇ ਨਾਲ ਕਾਫ਼ੀ ਮਿਲਦੀ ਸੀ।

ਉਦੋਂ ਹੀ ਉਸਦੇ ਬਾਪ ਦੀ ਬਦਲੀ ਆਸਾਮ ਹੋ ਗਈ। ਮਾਂ ਦੀ ਵੀ ਸਿਹਤ ਡਿੱਗਦੀ ਜਾ ਰਹੀ ਸੀ। ਮਾਂ ਨੇ ਰਘੂਮਣੀ ਨੂੰ ਆਖਿਆ ਕਿ ਉਹ ਇਕ ਵਾਰੀ ਉਸ ਨੂੰ ਪੰਜਾਬ ਲੈ ਜਾਵੇ। ਰਘੂਮਣੀ ਦਾ ਸੁਭਾਅ ਕੁਝ ਐਸਾ ਕਿ ਜਿੱਥੇ ਵੀ ਜਾਂਦਾ ਅਤੇ ਜੇ ਉਸ ਦਾ ਮਨ ਲੱਗ ਜਾਂਦਾ ਤਾਂ ਉੱਥੇ ਦਾ ਹੀ ਹੋ ਕੇ ਰਹਿ ਜਾਂਦਾ। ਦੋ ਤਿੰਨ ਮਹੀਨੇ ਕਿਲ੍ਹਾ ਰਾਏਪੁਰ ਰਹਿੰਦਿਆਂ ਪੰਜਾਬ, ਹਿਮਾਚਲ ਪ੍ਰਦੇਸ਼ ਘੁੰਮਦਾ ਰਿਹਾ। ਫੇਰ ਜਦੋਂ ਦਿੱਲੀ ਆਇਆ ਤਾਂ ਮੈਨੂੰ ਮਿਲਿਆ। ਇਸ ਨਾਲ ਮੇਰੀ ਪਹਿਲੀ ਮੁਲਾਕਾਤ ਕਲਕੱਤੇ ‘ਚ ਇਸ ਦੇ ਨਾਨਾ ਦੇ ਘਰ ‘ਚ ਹੋਈ ਸੀ, ਟੈਕਸੀ-ਹਾਤੇ ‘ਚ। ਇੱਥੇ ਮੈਂ ਅਪਣੇ ਇਕ ਪੁਰਾਣੇ ਦੋਸਤ ਨੂੰ ਮਿਲਣ ਗਿਆ ਸੀ। ਫੇਰ ਰਘੂਮਣੀ ਨਾਲ ਹੀ ਮੈਂ ਸ਼ਾਂਤੀਨਿਕੇਤਨ ਗਿਆ। ਉੱਥੇ ਹੀ ਮੈਂ ਪਹਿਲੀ ਵਾਰੀ ਕੇਤਕੀ ਨੂੰ ਮਿਲਿਆ ਸੀ।

ਦਿੱਲੀ ‘ਚ ਤਕਰੀਬਨ ਵੀਹ ਦਿਨ ਮੇਰੇ ਘਰ ਰਿਹਾ। ਕਦੀ ਬਾਂਸੁਰੀ ਵਜਾਉਣ ਅਤੇ ਕਦੇ ਕੋਈ ਬਿਰਹਾ ਦਾ ਗੀਤ ਜਾਂ ਠੁਮਰੀ ਗਾਉਣ ਲੱਗਦਾ।

ਜਦੋਂ ਮਨ ‘ਚ ਵੇਦਨਾ ਦਾ ਧੂੰਆਂ ਉੱਠਦਾ ਤਾਂ ਮੈਨੂੰ ਜਿਓਤਸਨਾ ਅਤੇ ਕੇਤਕੀ ਦੀਆਂ ਗੱਲਾਂ ਸੁਣਾਉਣ ਲੱਗਦਾ। ਪਹਿਲਾਂ ਜਦੋਂ ਸ਼ਾਂਤੀ ਨਿਕੇਤਨ ‘ਚ ਸੀ ਤਾਂ ਹਮੇਸ਼ਾ ਵਰਤਮਾਨ ‘ਚ ਜੀਉਂਦਾ, ਹੁਣ ਅਤੀਤ ਹੀ ਉਸ ਲਈ ਸਭ ਕੁਝ ਹੋ ਗਿਆ ਸੀ। ਕੇਤਕੀ ਦੀ ਯਾਦ ਆਉਂਦੀ ਤਾਂ ਕਿਸੇ ਅਤੀਤ ਵਾਂਗ ਹੀ। ਕਦੀ-ਕਦੀ ਜਦ ਉਹ ਬਹੁਤ ਹੀ ਭਾਵੁਕ ਹੋ ਜਾਂਦਾ ਤਾਂ ਜਿਓਤਸਨਾ ਦੇ ਖ਼ਤ, ਜੋ ਉਸ ਨੇ ਸੰਭਾਲ ਕੇ ਇਕ ਪਾਲੀਥਿਨ ਦੇ ਲਫ਼ਾਫੇ ‘ਚ ਰੱਖੇ ਹੋਏ ਸਨ, ਮੈਨੂੰ ਪੜ੍ਹ ਕੇ ਸੁਣਾਉਂਦਾ। ਰਘੂਮਣੀ ‘ਚ ਇੱਕ ਇਹ ਵੀ ਖ਼ਾਸੀਅਤ ਸੀ ਕਿ ਉਹ ਅਪਣੇ ਪ੍ਰੇਮ ਸਬੰਧਾਂ ਬਾਰੇ ਬੜੇ ਵਿਸਥਾਰ ਨਾਲ ਅਤੇ ਭਾਵੁਕ ਹੋ ਕੇ ਸੁਣਾਉਂਦਾ। ਮੈਨੂੰ ਲੱਗਦਾ ਜਿਵੇਂ ਇਹ ਸਭ ਕੁਝ ਸੁਣਾਉਂਦਿਆਂ ਉਹ ਅਪਣੇ ਮਨ ਦਾ ਭਾਰ ਹਲਕਾ ਕਰਨ ਦੇ ਨਾਲ-ਨਾਲ ਕੁਝ ਸੁਆਦ, ਕੁਝ ਰਸ ਵੀ ਲੈ ਰਿਹਾ ਹੈ।

ਉਂਝ ਥੋੜ੍ਹੀ ਬਹੁਤ ਬੰਗਾਲੀ ਭਾਸ਼ਾ ਮੈਂ ਸਮਝ ਲੈਂਦਾ ਸਾਂ, ਕੁਝ ਹੋਰ ਰਘੂਮਣੀ ਨੇ ਸਿਖਾ ਦਿੱਤੀ। ਜਿੱਥੇ ਸਮਝ ਨਾ ਆਉਂਦਾ, ਉੱਥੇ ਉਸ ਦਾ ਕੇਵਲ ਅਰਥ ਨਹੀਂ ਬਲਕਿ ਪੂਰੀ ਵਿਆਖਿਆ ਕਰਕੇ ਸੁਣਾਉਂਦਾ। ਮੈਂ ਸ਼ਰਤ ਚੰਦਰ ਦੇ ਉਪਨਿਆਸ ਪੜ੍ਹੇ ਸਨ, ਪਰ ਉਸ ਤਰ੍ਹਾਂ ਦੇ ਪਾਤਰ ਅੱਜ ਦੇ ਯੁਗ ਵਿੱਚ ਵੀ ਹੁੰਦੇ ਹਨ? ਇਹ ਸੋਚ ਕੇ ਮੈਂ ਹੈਰਾਨ ਹੁੰਦਾ।

ਕਦੀ-ਕਦੀ ਮੈਨੂੰ ਉਸ ਉੱਤੇ ਖਿਝ ਵੀ ਆਉਂਦੀ ਕਿ ਐਵੇਂ ਰੋਈ ਜਾ ਰਿਹਾ। ਜੋ ਪਿੱਛੇ ਰਹਿ ਗਿਆ ਉਸ ਨੂੰ ਬੇਸ਼ਕ ਯਾਦ ਕਰਦੇ ਰਹੋ, ਪਰ ਚਿੰਬੜੇ ਰਹਿਣਾ ਵੀ ਤੇ ਠੀਕ ਨਹੀਂ। ਵਰਤਮਾਨ ਅਤੇ ਭਵਿੱਖ ਵੀ ਤੇ ਕੋਈ ਸ਼ੈਅ ਹੈ! ਤੇ ਇਕ ਦਿਨ ਮੈਂ ਉਸ ਨੂੰ ਕੁਝ ਝਿੜਕਦਿਆਂ ਆਖਿਆ-

‘‘ਤੂੰ ਛੱਤੀਸਗੜ੍ਹ ਹੀ ਕਿਓਂ ਨਹੀਂ ਚਲਾ ਜਾਂਦਾ ? ”

ਕੇਤਕੀ ਦਾ ਜੋ ਪਤਾ ਉਸ ਨੇ ਮੈਨੂੰ ਵਿਖਾਇਆ, ਉਹ ਛੱਤੀਸਗੜ੍ਹ ਦੇ ਕਿਸੇ ਕਸਬੇ ਦਾ ਸੀ।

‘ਕਿਸਦੇ ਕੋਲ? ਕੇਤਕੀ ਕੋਲ?”

‘‘ਹੋਰ ਕੀ? ਮਿਲ ਕੇ ਕੁਝ ਤੇ ਤਸੱਲੀ ਹੋਵੇਗੀ ਤੈਨੂੰ?”

‘‘ਤੂੰ ਨਹੀਂ ਸਮਝਦਾ।” ਉਹ ਦੁਖੀ ਆਵਾਜ਼ ‘ਚ ਬੋਲਿਆ।

ਮੈਨੂੰ ਉਸਦੇ ਨਿਰਲੇਪ ਅਤੇ ਸਹਿਜ ਜਹੇ ਪ੍ਰੇਮ ਬਾਰੇ ਵੀ ਕੋਈ ਸ਼ੰਕਾ ਨਹੀਂ। ਪਰ-ਪਰ ਉਸ ਨੇ ਦੱਸਿਆ ਕਿ ਪਿੱਛੇ ਉਸਦਾ ‘ਕੋਈ’ ਹੈ ਜੋ ਉਸ ਦੀ ਉਡੀਕ ਕਰ ਰਿਹਾ ਸੀ। ਉਸਦੇ ਲਿਖੇ ਹੋਏ ਖ਼ਤ ਵੀ ਮੈਨੂੰ ਵਿਖਾਏ ਸਨ। ਹੁਣ ਤੱਕ ਤਾਂ ਉਸ ਦਾ ਵਿਆਹ ਵੀ ਹੋ ਗਿਆ ਹੋਵੇਗਾ। ਸ਼ਾਇਦ ਇੱਕ ਅੱਧਾ ਬੱਚਾ ਵੀ ਹੋ ਗਿਆ ਹੋਵੇ। ਮੇਰੇ ਵਾਂਗ ਪਾਗਲ ਤੇ ਨਹੀਂ ਹੈ ਉਹ!”

ਸ਼ਾਇਦ ਉਸਦਾ ਅੱਧਾ ਕੁ ਮਨ ਬਣਿਆ ਹੋਇਆ ਸੀ ਪਹਿਲਾਂ ਤੋਂ ਹੀ। ਮੇਰੇ ਵਾਰ-ਵਾਰ ਕਹਿਣ ‘ਤੇ ਉਸ ਆਖਿਆ ਕਿ ਮੈਂ ਵੀ ਚੱਲਾਂ ਉਸ ਨਾਲ। “ਪਾਗਲ ਤੇ ਨਹੀਂ ਹੋ ਗਿਆ? ਇਹੋ ਜਿਹੀ ਥਾਵੇਂ ਇਕੱਲਿਆਂ ਹੀ ਜਾਣਾ ਚਾਹੀਦਾ ਹੈ।” ਮੈਂ ਉਸ ਨੂੰ ਸਮਝਾਉਂਦਿਆਂ ਆਖਿਆ।

ਕੁਝ ਦੇਰ ਬੈਠਾ ਸੋਚਦਾ ਰਿਹਾ। ਫੇਰ ਬੋਲਿਆ, ‘‘ਉੱਥੇ ਤੇ ਮਾਓਵਾਦੀਆਂ ਨੇ ਬੜੀ ਅੱਤ ਚੁੱਕੀ ਹੋਈ ਹੈ। ਕੱਲ੍ਹ ਹੀ ਪੜ੍ਹਿਆ ਸੀ ਅਖ਼ਬਾਰ ‘ਚ ਕਿੰਨੇ ਆਦਮੀ ਮਾਰ ਦਿੱਤੇ ਉਨ੍ਹਾਂ ਨੇ।”

‘‘ਤਾਂ ਕੀ ਹੋਇਆ। ਜਦੋਂ ਤੁਹਾਡੇ ਬੰਗਾਲ ‘ਚ ਨਕਸਲਵਾਦ ਸੀ ਤਾਂ ਵੀ ਤੇ ਲੋਕੀਂ ਰਹਿੰਦੇ ਸਨ ਓਥੇ?”

‘‘ਪਰ ਮੈਂ ਕੀ ਕਹਾਂਗਾ ਉਸ ਨੂੰ ਜਾ ਕੇ? ਮੇਰੇ ਤੋਂ ਝੂਠ ਵੀ ਤੇ ਨਹੀਂ ਬੋਲਿਆ ਜਾਣਾ।”

‘‘ਝੂਠ ਕਾਹਦੇ ਲਈ ਬੋਲਣਾ। ਕਹਿ ਦੇਵੀਂ ਕਿ ਇਸ ਪਾਸਿਓਂ ਲੰਘ ਰਿਹਾ ਸੀ-ਬਸ। ਸ਼ਾਂਤੀਨਿਕੇਤਨ ‘ਚ ਇਕੱਠੇ ਪੜ੍ਹਦੇ ਰਹੇ ਹਾਂ।”..

—-

4.

ਇਕ ਹੋਰ ‘ਜੱਲ੍ਹਿਆਂਵਾਲਾ ਬਾਗ਼’

ਉਸ ਦੀ ਬਸ ਘਣੇ ਜੰਗਲਾਂ ਚੋਂ ਲੰਘਦੀ, ਨਾਲਿਆਂ ਨੂੰ ਬਿਨਾਂ ਪੁੱਲਾਂ ਦੇ ਪਾਰ ਕਰਦੀ, ਸਵਾਰੀਆਂ ਨੂੰ ਚੜ੍ਹਾਉਂਦੀ-ਉਤਾਰਦੀ ਸਾਰੰਗਪੁਰ ਦੇ ਬਸ ਅੱਡੇ ਤੇ ਆਣ ਰੁਕੀ। ਰਘੂਮਣੀ ਨੇ ਥੱਲੇ ਉੱਤਰ ਕੇ ਇਕ ਸਾਇਕਲ ਰਕਸ਼ਾ ਵਾਲੇ ਨੂੰ ਜਾ ਕੇ ਆਖਿਆ –

‘‘ਸਾਰੰਗ ਮਹੱਲ ਕਿੰਨੀ ਕੁ ਦੂਰ ਹੈ?”

ਕਹਿੰਦਿਆਂ ਉਹ ਸੋਚ ਰਿਹਾ ਸੀ ਕਈ ਲੋਕ ਅਪਣੇ ਮਹੱਲਾਂ ਨੂੰ ‘ਕੁਟੀਰ’ ਲਿਖਦੇ ਹਨ ਅਤੇ ਕੁਟੀਆ ਨੂੰ ਮਹੱਲ। ਸੰਭਵ ਹੈ ਕਿ ਉਸ ਦਾ ਬਾਪ ਇੱਥੋਂ ਦੇ ਰਾਜੇ ਦਾ ਕੋਈ ਕਰਮਚਾਰੀ ਹੋਵੇ ਅਤੇ ਉਸ ਦੇ ਅਹਾਤੇ ‘ਚ ਕੋਈ ਮਕਾਨ ਰਹਿਣ ਲਈ ਸਿਲ ਗਿਆ ਹੋਵੇ। ਪਰ ਕੇਤਕੀ ਐਸੀ ਕੁੜੀ ਤੇ ਨਹੀਂ ਸੀ ਜੋ ਅਪਣੀ ਕੁਟੀਆ ਨੂੰ ਮਹੱਲ ਲਿਖਦੀ?

ਰਿਕਸ਼ਾ ‘ਤੇ ਬੈਠਿਆਂ ਉਹ ਇਹੀ ਕੁਝ ਸੋਚ ਰਿਹਾ ਸੀ ਕਿ ਰਿਕਸ਼ਾ ਬਜ਼ਾਰ ‘ਚੋਂ ਲੰਘਦਿਆਂ ਇਕ ਪਾਸੇ ਮੁੜਿਆ ਤੇ ਫੇਰ ਇਕ ਵੱਡੇ ਸਾਰੇ ਦਰਵਾਜ਼ੇ ‘ਚੋਂ ਲੰਘ ਕੇ ਇਕ ਛੋਟੇ ਆਕਾਰ ਦੇ ਮਹੱਲ ਨੁਮਾ ਮਕਾਨ ਦੇ ਸਾਹਮਣੇ ਆਣ ਖੜ੍ਹਾ ਹੋਇਆ। ਰਿਕਸ਼ਾ ਤੋਂ ਉਤਰ ਕੇ ਮਹੱਲ ਵੱਲ ਵੇਖਿਆ। ਇਹ ਮਹੱਲ ਘੱਟ ਅਤੇ ਖੰਡਰ ਜ਼ਿਆਦਾ ਲੱਗਦਾ ਸੀ। ਥਾਂ-ਥਾਂ ਤੋਂ ਸੀਮਿੰਟ ਉੱਖੜਿਆ ਹੋਇਆ। ਬਾਹਰ ਕੰਧਾਂ ‘ਤੇ ਵੀ ਕਲੀ-ਸਫ਼ੈਦੀ ਹੋਇਆਂ ਸ਼ਾਇਦ ਜ਼ਮਾਨੇ ਬੀਤ ਗਏ ਹੋਣ। ਮਹੱਲ ਦੇ ਆਲੇ ਦੁਆਲੇ ਲਾਅਨ ‘ਚ ਉੱਗੇ ਫੁੱਲਾਂ ਦੇ ਬੂਟੇ ਹੁਣ ਝਾੜੀਆਂ ਬਣੀਆਂ ਹੋਈਆਂ। ਮਹੱਲ ਅਤੇ ਫਾਟਕ ਵਿਚਕਾਰ ਇਕ ਛੋਟਾ ਜਿਹਾ ਮੰਦਰ। ਮੰਦਰ ਦੇ ਬਾਹਰ ਕੁਝ ਫੁੱਲਾਂ ਵਾਲੇ ਬੈਠੇ ਸਨ। ਉਸ ਨੇ ਇਕ ਫੁਲ ਵੇਚਣ ਵਾਲੀ ਤੋਂ ਪੁੱਛਿਆ।

‘‘ਇੱਥੇ ਕੋਈ ਕੇਤਕੀ ਨਾਮ ਦੀ ਔਰਤ ਰਹਿੰਦੀ ਹੈ?”

‘‘ਰਾਜਕੁਮਾਰੀ ਕੇਤਕੀ?”

‘‘ਹਾਂ, ਉਹੀ।”

‘‘ਔਹ ਹੈ ਉਸ ਦਾ ਘਰ” ਫੁੱਲਾਂ ਵਾਲੀ ਨੇ ਇਸ਼ਾਰਾ ਕਰਦਿਆਂ ਆਖਿਆ।


ਮੈਂ ਬੇਸ਼ਕ ਤੁਹਾਨੂੰ ਪਹਿਲਾਂ ਕਦੀ ਨਹੀਂ ਵੇਖਿਆ, ‘‘ਪੰਝੀ ਛੱਬੀ ਵਰ੍ਹਿਆਂ ਦੀ ਪਤਲੀ ਅਤੇ ਚੁਸਤ ਸਰੀਰ ਵਾਲੀ ਨੌਕਰਾਣੀ ਨੇ ਉਸ ਨੂੰ ਡਰਾਇੰਗ ਰੂਮ ‘ਚ ਬਿਠਾਉਂਦਿਆਂ ਆਖਿਆ।” ਪਰ ਪਛਾਣਦੀ ਜ਼ਰੂਰ ਹਾਂ। ਤੁਸੀਂ ਉਹੀ ਹੋ ਨਾ ਜੋ ਉਨ੍ਹਾਂ ਨਾਲ ਬੰਗਾਲ ‘ਚ ਕੁਝ ਪੜ੍ਹਦੇ-ਸਿੱਖਦੇ ਹੁੰਦੇ ਸੀ।

‘‘ਹਾਂ, ਮੈਂ ਉਹੀ ਹਾਂ। ਪਰ ਤੈਨੂੰ ਕਿਵੇਂ ਪਤਾ?”

‘ਰਾਜੀ ਮਾਂ ਕੋਲ ਇਕ ਫੋਟੋ ਵੇਖੀ ਸੀ ਤੁਹਾਡੀ ਅਤੇ ਔਹ ਵੀ……।‘ ਆਖ ਕੇ ਉਸ ਨੇ ਇੱਕ ਪਾਸੇ ਤਿਪਾਈ ‘ਤੇ ਪਈ ਇੱਕ ਲੜਕੀ ਦੀ ਮੂਰਤੀ ਵੱਲ ਇਸ਼ਾਰਾ ਕਰ ਦਿੱਤਾ। ਰਘੂਮਣੀ ਨੇ ਵੇਖਿਆ ਕਿ ਇਹ ਉਸ ਦਾ ਅਪਣਾ ਹੀ ਚੇਹਰਾ ਸੀ ਜੋ ਕੇਤਕੀ ਨੇ ਸ਼ਾਂਤੀਨਿਕੇਤਨ-ਵਾਸ ਦੌਰਾਨ ਉਸਨੂੰ ਸਾਹਮਣੇ ਬਿਠਾ ਕੇ ਘੜਿਆ ਸੀ।

ਰਘੂਮਣੀ ਨੂੰ ਡਰਾਇੰਗ ਰੂਮ ‘ਚ ਬਿਠਾ ਕੇ ਨੌਕਰਾਣੀ ਰਸੋਈ ਅੰਦਰ ਗਈ ਅਤੇ ਕੁਝ ਦੇਰ ਬਾਅਦ ਕੋਕਾ ਕੋਲਾ ਦੀ ਬੋਤਲ ਅਤੇ ਕੁਝ ਬਿਸਕੁਟ ਉਸ ਦੇ ਸਾਹਮਣੇ ਮੇਜ਼ ‘ਤੇ ਰੱਖ ਕੇ ਇੱਕ ਪਾਸੇ ਅਦਬ ਨਾਲ ਖੜ੍ਹੀ ਹੋ ਗਈ।

ਰਘੂਮਣੀ ਨੇ ਡਰਾਇੰਗ ਰੂਮ ‘ਚ ਨਜ਼ਰ ਘੁਮਾ ਕੇ ਵੇਖਿਆ। ਕੰਧਾਂ ‘ਤੇ ਕੁਝ ਪੁਰਾਣੀਆਂ ਫੋਟੋਆਂ, ਕੁਝ ਰਾਜਿਆਂ ਦੀਆਂ ਰੰਗੀਨ ਤਸਵੀਰਾਂ ਕਿਸੇ ਚਿਤਰਕਾਰ ਦੀਆਂ ਬਣਾਈਆਂ ਹੋਈਆਂ; ਕੁਝ ਤਲਵਾਰਾਂ, ਢਾਲਾਂ, ਬਰਛੇ ਆਦਿ ਸਜਾ ਕੇ ਟੰਗੇ ਹੋਏ। ਇੱਕ ਪਾਸੇ ਤਿੰਨ ਚਾਰ ਬਹੁਤ ਪੁਰਾਣੀਆਂ ਤੋੜੇਦਾਰ ਬੰਦੂਕਾਂ, ਸੋਫ਼ਿਆਂ ਅਤੇ ਕੁਰਸੀਆਂ ‘ਤੇ ਸੂੱਤੀ ਕੱਪੜੇ ਦੀਆਂ ਘਸੀਆਂ-ਪੁਰਾਣੀਆਂ ਗੱਦੀਆਂ।

ਤਾਂ ਇਹ ਸੱਚਮੁੱਚ ਰਾਜ ਕੁਮਾਰੀ ਹੈ? ਉਸ ਨੇ ਮਨ ਹੀ ਮਨ ਆਖਿਆ। ਨੌਕਰਾਣੀ ਦੀਆਂ ਗੱਲਾਂ ਅਤੇ ਡਰਾਇੰਗ ਰੂਮ ਦੇ ਵਾਤਾਵਰਨ ਤੋਂ ਉਸ ਨੇ ਅਨੁਮਾਨ ਲਾਇਆ ਕਿ ਹਾਲੇ ਉਹ ਇਕੱਲੀ ਹੀ ਹੈ। ਇਹ ਸੋਚਦਿਆਂ ਉਸ ਨੂੰ ਚੰਗਾ ਲੱਗਿਆ। ‘ਚਲੋ ਹੁਣ ਬਹੁਤਾ ਝੂਠ ਨਹੀਂ ਬੋਲਣਾ ਪਵੇਗਾ। ਅਤੇ ਇਸਦੇ ਮਾਤਾ ਪਿਤਾ, ਉਸਦਾ ਉਹ ਪ੍ਰੇਮੀ? ਕੇਤਕੀ ਉਸ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰੇਗੀ? ਇਸ ਬਾਰੇ ਤੌਖ਼ਲਾ ਬਣਿਆ ਰਿਹਾ।

ਰਘੂਮਣੀ ਨੂੰ ਬਹੁਤਾ ਉਡੀਕਣਾ ਨਹੀਂ ਪਿਆ।

ਉਹ ਚਾਰ ਕੁ ਵਜੇ ਇੱਥੇ ਪਹੁੰਚਿਆ ਸੀ। ਦੋ ਕੁ ਘੰਟੇ ਬਾਅਦ, ਉਸ ਨੇ ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਸੁਣੀ। ਅਗਲੇ ਹੀ ਪਲ ਕੇਤਕੀ ਦਰਵਾਜ਼ੇ ਦਾ ਪਰਦਾ ਚੁੱਕ ਕੇ ਉਸ ਦੇ ਸਾਹਮਣੇ ਖੜ੍ਹੀ ਸੀ। ਪਹਿਲਾਂ ਕੁਝ ਹੈਰਾਨ ਜਿਵੇਂ ਉਸ ਨੂੰ ਅਪਣੀਆਂ ਅੱਖਾਂ ‘ਤੇ ਇਤਬਾਰ ਨਾ ਆ ਰਿਹਾ ਹੋਵੇ। ਫੇਰ ਪ੍ਰਸੰਨਤਾ ਦੀ ਮੁਸਕਾਨ ਅਪਣੇ ਬੁੱਲਾਂ ‘ਤੇ ਘਲਾਰਦਿਆਂ ਰਘੂਮਣੀ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਤੱਕਣ ਲੱਗੀ। ਰਘੂਮਣੀ ਦਾ ਜੀਅ ਕੀਤਾ ਕਿ ਉਹ ਉੱਠ ਕੇ ਉਸ ਨੂੰ ਅਪਣੀਆਂ ਬਾਹਵਾਂ ‘ਚ ਘੁੱਟ ਕੇ ਚੁੰਮ ਲਵੇ। ਸ਼ਾਂਤੀਨਿਕੇਤਨ ‘ਚ ਵੀ ਇਸ ਤਰ੍ਹਾਂ ਦੇ ਕਈ ਅਵਸਰ ਆਏ ਸਨ। ਉਸ ਵੇਲੇ ਕੇਤਕੀ ਦਾ ਪਹਿਲਾ ਪ੍ਰਤਿਕਰਮ ਪ੍ਰਸੰਨਤਾ ਅਤੇ ਸਵੀਕਾਰਤਾ ਵਾਲਾ, ਫੇਰ ਉਸ ਨੂੰ ਅਪਣੇ ਹੱਥ ਨਾਲ ਪਰੇ ਰੱਖਦਿਆਂ ਕਿਹਾ ਕਰਦੀ ਸੀ, ‘‘ਜ਼ਿਆਦਾ ਅੱਗੇ ਵਧਣਾ ਉਚਿਤ ਨਹੀਂ।”

ਹੁਣ ਹੌਲੀ-ਹੌਲੀ ਪੈਰ ਅੱਗੇ ਵਧਾਉਂਦਿਆਂ ਕੇਤਕੀ ਉਸ ਵੱਲ ਵਧੀ। ਉਸ ਨੇ ਇਕ ‘ਚ ਫੜੀ ਫਾਈਲ ਇੱਕ ਮੇਜ਼ ‘ਤੇ ਰੱਖੀ ਅਤੇ ਬੜੀ ਸਹਿਜਤਾ ਨਾਲ ਅਪਣੇ ਦੋਵੇਂ ਹੱਥ ਅੱਗੇ ਵਧਾ ਦਿੱਤੇ। ਦੂਜੇ ਹੀ ਪਲ ਰਘੂਮਣੀ ਉਸ ਦੇ ਹੱਥਾਂ ਨੂੰ ਅਪਣੇ ਦੋਵੇਂ ਹੱਥਾਂ ‘ਚ ਘੁੱਟਦਿਆਂ ਖੜ੍ਹਾ ਸੀ। ਉਸ ਨੂੰ ਲੱਗਿਆ ਜਿਵੇਂ ਹੱਥਾਂ ਦੀ ਛੋਹ ਦੁਆਰਾ ਕੇਤਕੀ ਉਸ ਦੇ ਧੁਰ ਅੰਦਰ ਤੱਕ ਸਮਾਉਂਦੀ ਜਾ ਰਹੀ ਹੈ-ਕੁਝ ਪਲ ਉਹ ਦੋਵੇਂ ਇਸੇ ਤਰ੍ਹਾਂ ਇਕ ਦੂਜੇ ਦੇ ਪਿਆਰ ਦੀ ਗਰਮਾਇਸ਼ ਅਤੇ ਚਿਰਾਂ ਤੋਂ ਵਿਛੜੇ ਹੋਣ ਦੀ ਤੜਫ਼ ਅਪਣੀ ਇਸ ਛੋਹ ਦੁਆਰਾ ਮਹਿਸੂਸ ਕਰਦੇ ਰਹੇ। ਫੇਰ ਉਹ ਉਸੇ ਤਰ੍ਹਾਂ ਹੱਥ ਫੜਿਆਂ ਇਕ ਸੋਫੇ ‘ਤੇ ਬੈਠ ਗਏ। ਭਾਵੁਕਤਾ ਕਾਰਨ ਕੇਤਕੀ ਦੇ ਬੁੱਲ੍ਹ ਕੰਬ ਰਹੇ ਸਨ। ਫੇਰ ਉਹ ਅਪਣੇ ਆਪ ਨੂੰ ਸੰਭਾਲਦਿਆਂ ਅਤੇ ਅਪਣੀ ਸਾੜ੍ਹੀ ਦਾ ਪੱਲਾ ਠੀਕ ਕਰਦਿਆਂ ਬੋਲੀ-

‘‘ਐਨੀਂ ਦੇਰ ਲਾ ਦਿੱਤੀ ਆਉਣ ‘ਚ?” ਸਾਢੇ ਤਿੰਨ ਸਾਲ! ਲੱਗਦਾ ਹੈ ਜਿਵੇਂ ਉਮਰਾਂ ਬੀਤ ਗਈਆਂ।” ਕੇਤਕੀ ਦੇ ਬੋਲਾਂ ‘ਚ ਸ਼ਿਕਾਇਤ ਸੀ ਅਤੇ ਮਿਲਣ ਦੀ ਖ਼ੁਸ਼ੀ ਵੀ।

ਰਘੂਮਣੀ ਕੁਝ ਦੇਰ ਉਸਦਾ ਹੱਥ ਫੜੀ ਉਸ ਦੀਆਂ ਅੱਖਾਂ ‘ਚ ਤੱਕਦਾ ਰਿਹਾ। ਫੇਰ ਬੋਲਿਆ, ‘‘ਤੂੰ, ਤੁਸਾਂ ਇਹ ਕਿਉਂ ਨਹੀਂ ਦੱਸਿਆ ਕਿ ਤੁਸੀਂ ਰਾਜ ਕੁਮਾਰੀ ਹੋ।”

‘‘ਇਸ ਲਈ ਕਿ ਮੈਂ ਤੁਹਾਡੇ ਲਈ ਤੂੰ ਤੋਂ ਤੁਸੀਂ ਨਾ ਬਣ ਜਾਵਾਂ।” ਕੇਤਕੀ ਕੁੱਝ ਹੱਸਦਿਆਂ ਬੋਲੀ, ਨਾਲੇ ਇਹ ਦੱਸ ਕੇ ਮੈਂ ਤੁਹਾਡੇ ਮਨ ‘ਚ ਕੋਈ ਗ਼ਲਤਫਹਿਮੀ ਨਹੀਂ ਸੀ ਪੈਦਾ ਕਰਨਾ ਚਾਹੁੰਦੀ।”

ਇਹ ਤੇ ਵਾਸਤਵਿਕਤਾ ਹੈ; ਗ਼ਲਤਫਹਿਮੀ ਕਿਵੇਂ?” ਉਹ ਕੰਧਾਂ ‘ਤੇ ਟੰਗੀਆਂ ਢਾਲਾਂ, ਤਾਲਵਾਰਾਂ, ਤੀਰ ਕਮਾਨ ਆਦਿ ਵੱਲ ਤੱਕਦਿਆਂ ਬੋਲਿਆ।

‘‘ਅਸੀਂ ਉਨ੍ਹਾਂ ਰਾਜਿਆਂ ‘ਚੋਂ ਨਹੀਂ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ। ਇੱਥੇ ਨਾ ਨੌਕਰਾਂ ਦੀ ਫੌਜ, ਨਾ ਹਾਥੀ, ਨਾ ਘੋੜੇ। ਹਾਂ, ਇਕ ਕਾਰ ਜ਼ਰੂਰ ਹੈ, ਪੁਰਾਣੀ ਜਿਹੀ ਜਿਸ ਨੂੰ ਪਿਛਲੇ ਅੱਠ ਦਸ ਸਾਲ ਤੋਂ ਬਾਹਰ ਨਹੀਂ ਕੱਢਿਆ। ਮੈਂ ਤੁਹਾਡੇ ਸਾਹਮਣੇ ਝੂਠ ਵੀ ਨਹੀਂ ਸੀ ਬੋਲਿਆ। ਬਹੁਤ ਸਾਰੀਆਂ ਰਿਆਸਤਾਂ ‘ਚ ਵੱਸੋਂ ਚਾਹੇ ਆਦਿਵਾਸੀਆਂ ਦੀ ਹੁੰਦੀ ਹੈ, ਪਰ ਰਾਜੇ ਰਾਜਪੂਤ। ਪਰ ਮੇਰੇ ਪੂਰਵਜ਼ ਖ਼ਾਲਸ ਗੌਂਡ ਆਦਿਵਾਸੀ ਸਨ। ਇਹ ਘਰ ਜਿਸ ਨੂੰ ਲੋਕੀਂ ਸਾਰੰਗ ਮਹੱਲ ਕਹਿੰਦੇ ਸਨ, ਪਤਾ ਨਹੀਂ ਕਿਵੇਂ ਅਤੇ ਕਿਹੜੇ ਵੇਲਿਆਂ ‘ਚ ਬਣ ਗਿਆ।” ਫੇਰ ਪਰਦੇ ਪਿੱਛੇ, ਦੂਜੇ ਕਮਰੇ ‘ਚ ਖੜ੍ਹੀ ਨੌਕਰਾਣੀ ਨੂੰ ‘ਵਾਜ ਮਾਰਦਿਆਂ ਬੋਲੀ –

‘‘ਕੁਸਾਲਾ, ਮੇਰੇ ਲਈ ਚਾਹ ਬਣਾ ਦੇ, ਨਾਲੇ ਇਨ੍ਹਾਂ ਲਈ ਵੀ।”

ਫੇਰ ਰਘੂਮਣੀ ਵੱਲ ਤੱਕਦਿਆਂ ਆਖਿਆ, ‘‘ਹਾਲੇ ਵੀ ਦਸ-ਬਾਰਾਂ ਕੱਪ ਪੀਂਦੇ ਹੋ ਜਾਂ….?”

‘‘ਜੇ ਮਿਲ ਜਾਏ ਤਾਂ ਦਸ ਬਾਰਾਂ ਵੀ ਅਤੇ ਜੇ ਨਾ ਮਿਲੇ ਤਾਂ ਇੱਕ ਵੀ ਨਹੀਂ।”

‘‘ਹਾਲੇ ਵੀ ਉਹੀ ਹਾਲ? ਉਹੀ ਆਵਾਰਾਗਰਦੀ?” ਉਹ ਬੋਲੀ, ‘‘ਉਹ ਤੁਹਾਡੀ ਭਰਜਾਈ ਜਿਓਤਸਨਾ ਬਾਰੇ ਮੈਨੂੰ ਸ਼ਾਂਤੀਨਿਕੇਤਨ ‘ਚ ਹੀ ਪਤਾ ਲੱਗ ਗਿਆ ਸੀ।”

ਰਘੂਮਣੀ ਚੁੱਪ ਰਿਹਾ। ਫੇਰ ਆਲੇ-ਦੁਆਲੇ ਤੱਕਦਿਆਂ ਬੋਲਿਆ, ‘‘ਲੱਗਦਾ ਹੈ ਕਿ ਵਾਪਸ ਆ ਕੇ ਤੁਸੀਂ ਕੋਈ ਤਸਵੀਰ, ਕੋਈ ਮੂਰਤੀ ਨਹੀਂ ਬਣਾਈ।”

‘‘ਇਹ ਪੇਂਟਿੰਗ, ਇਹ ਮੂਰਤੀਆਂ ਬਣਾਉਣ ‘ਚ ਕੋਈ ਸਾਰ ਨਹੀਂ। ਮਹਾਂਨਗਰਾਂ ਦੇ ਸਟੇਜਾਂ ‘ਤੇ ਸਾਡੀਆਂ ਆਦਿਵਾਸੀ ਕੁੜੀਆਂ ਦੇ ਨਾਚ-ਗਾਣਿਆਂ ਦੀ ਤਰ੍ਹਾਂ ਕਿਸੇ ਕਰੋੜਪਤੀ ਦੇ ਕਮਰੇ ਜਾਂ ਕੰਧਾਂ ਦੀ ਸਜਾਵਟ ਬਣ ਕੇ ਰਹਿ ਜਾਂਦੀਆਂ ਹਨ। ਬਸ ਉਨ੍ਹਾਂ ਕਰੋੜਪਤੀਆਂ ਦੇ ਘਰਾਂ ਦੀਆਂ ਜੋ ਸਦੀਆਂ ਤੋਂ ਸਾਡੇ ਲੋਕਾਂ ਦਾ ਸ਼ੋਸ਼ਣ ਕਰਦੇ, ਉਜਾੜਦੇ ਆ ਰਹੇ ਹਨ।” ਕਹਿੰਦਿਆਂ ਕੇਤਕੀ ਦੇ ਬੋਲਾਂ ‘ਚ ਕੁੜੱਤਣ ਅਤੇ ਗੁੱਸਾ ਝਲਕ ਰਿਹਾ ਸੀ।

‘‘ਪਰ…. ਪਰ ਤੁਸੀਂ, ਤੂੰ ਸ਼ਾਂਤੀਨਿਕੇਤਨ ਛੱਡ ਕੇ ਅਚਾਨਕ ਕਿਉਂ ਚਲੀ ਆਈ?”

‘‘ਮੇਰੀ ਮਾਂ ਦੀ ਤਾਰ ਆ ਗਈ ਸੀ ਕਿ ਮੈਂ ਛੇਤੀ ਵਾਪਸ ਆ ਜਾਵਾਂ।”

‘‘ਕਿਉਂ? ਉਹ ਬਿਮਾਰ ਸਨ? ਅਤੇ ਤੁਹਾਡੇ ਪਿਤਾ?

ਕੇਤਕੀ ਕੁਝ ਦੇਰ ਚੁੱਪ ਰਹੀ। ਫੇਰ ਬੋਲੀ-

‘‘ਮਾਓਵਾਦੀਆਂ ਨਾਲ ਹਮਦਰਦੀ ਰੱਖਣ ਦੇ ਇਲਜ਼ਾਮ ‘ਚ ਇੱਥੋਂ ਦੀ ਪੁਲਿਸ ਅਤੇ ਨੇਤਾ ਉਨ੍ਹਾਂ ਨੂੰ ਬਹੁਤ ਤੰਗ ਕਰਦੇ ਰਹੇ। ਚਾਰ ਪੰਜ ਦਿਨ ਹਿਰਾਸਤ ਵਿੱਚ ਵੀ ਰੱਖਿਆ। ਇਹੀ ਸ਼ੁਕਰ ਕਿ ਇੱਥੋਂ ਦੀਆਂ ਕੁਝ ਅਖ਼ਬਾਰਾਂ ਅਤੇ ਇਨਸਾਫ਼ਪਸੰਦ ਲੋਕਾਂ ਨੇ ਸਾਡਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਕੁਝ ਰਾਹਤ ਮਿਲੀ।”

ਕਹਿੰਦਿਆਂ ਕੇਤਕੀ ਨੇ ਕੰਧ ਨਾਲ ਟੰਗੀ ਇਕ ਫ਼ੋਟੋ ਵੱਲ ਤੱਕਿਆ। ਰਘੂਮਣੀ ਦੀ ਨਜ਼ਰ ਵੀ ਉਸ ਪਾਸੇ ਮੁੜੀ; ਇੱਕ ਆਮ ਜਿਹਾ ਪੰਜਾਹ ਬਵੰਜਾ ਵਰ੍ਹਿਆਂ ਦਾ ਆਦਮੀ, ਛੋਟੀਆਂ-ਛੋਟੀਆਂ ਮੁੱਛਾਂ, ਮੋਢਿਆਂ ਤੱਕ ਲਮਕਦੇ ਲੰਮੇਂ ਵਾਲ ਜਿਨ੍ਹਾਂ ਦੁਆਲੇ ਲਾਲ ਰੰਗ ਦੀ ਇੱਕ ਪੱਟੀ ਜਿਹੀ ਵਲੀ ਹੋਈ। ਬਾਅਦ ‘ਚ ਰਘੂਮਣੀ ਨੂੰ ਪਤਾ ਲੱਗਾ ਕਿ ਪਿਛਲੇ ਸਮਿਆਂ ‘ਚ ਅਤੇ ਕਿਤੇ ਕਿਤੇ ਹੁਣ ਵੀ, ਸਾਰੇ ਗੌਂਡ ਆਦਿ-ਵਾਸੀ ਆਦਮੀ ਇਹ ਪੱਟੀ ਬੰਨ੍ਹਦੇ ਹਨ।

‘‘ਅਤੇ ਹੁਣ ਉਹ….?”

‘‘ਹੁਣ ਉਹ ਨਹੀਂ ਰਹੇ। ਉਨ੍ਹਾਂ ਜਿਊਂਦਿਆਂ ਵੀ ਕੋਈ ਸੁੱਖ ਨਹੀਂ ਭੋਗਿਆ।”

ਮੈਂ ਅਪਣੇ ਪਿਤਾ ਨੂੰ ਹੀ ਦੋਸ਼ ਦੇਂਦੀ ਰਹੀ। ਉਹ ਨਸ਼ਈ ਸਨ। ਸ਼ਰਾਬ ਨਾ ਮਿਲੇ ਤਾਂ ਅਫ਼ੀਮ, ਜੇ ਜੇਬ੍ਹ ‘ਚ ਪੈਸੇ ਨਾ ਹੋਣ ਤਾਂ ਜ਼ਮੀਨ ਜਾਂ ਘਰ ਦੀ ਕੋਈ ਚੀਜ਼ ਵੇਚ ਕੇ, ਜਾਂ ਉਧਾਰ…. ਸਾਰੀ ਉਮਰ ਕੋਈ ਕੰਮ ਨਹੀਂ ਕੀਤਾ। ਪਰ ਹੁਣ ਮੈਂ ਉਨ੍ਹਾਂ ਦੀ ਮਨੋਵਸਥਾ ਨੂੰ ਸਮਝ ਰਹੀ ਹਾਂ।”

ਇਹ ਕੁਝ ਸੁਣਦਿਆਂ ਰਘੂਮਣੀ ਨੇ ਕੰਧ ‘ਤੇ ਟੰਗੀ ਫੋਟੋ ਅਤੇ ਫੇਰ ਕੇਤਕੀ ਵੱਲ ਤੱਕਿਆ। ਕੇਤਕੀ ਅਪਣੀ ਗੱਲ ਨੂੰ ਜਾਰੀ ਰੱਖਦਿਆਂ ਬੋਲੀ, ‘‘ਉਨ੍ਹਾਂ ਨੇ ਅਪਣੇ ਬਚਪਨ ‘ਚ ਹੀ ਅਪਣੀਆਂ ਅੱਖਾਂ ਸਾਹਮਣੇ ਅਪਣੇ ਪਿਤਾ ਨੂੰ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਦੇ ਵੇਖਿਆ; ਅਪਣੇ ਵੱਡੇ ਭਰਾ ਨੂੰ ਵੀ ਅਤੇ ਇਸ ਦੇ ਨਾਲ ਹੀ ਜੋ ਥੋੜ੍ਹਾ ਬਹੁਤ ਰੁਤਬਾ, ਰਾਜ ਪਾਠ ਸੀ, ਖ਼ਤਮ ਹੋ ਗਿਆ। ਉਹ ਬਸ ਉਨ੍ਹਾਂ ਤਰਾਸਦੀਆਂ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ….।”

ਰਘੂਮਣੀ ਕੁਝ ਦੇਰ ਚੁੱਪ ਰਿਹਾ। ਉਸ ਨੂੰ ਕੇਤਕੀ ਦੀ ਇਹ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਆਈ। ਫੇਰ ਪੁੱਛਿਆ-

‘‘ਇਹ ਸਭ ਕੁਝ ਕਿਉਂ ਅਤੇ ਕਿਵੇਂ?”

ਉਸ ਨੇ ਵੇਖਿਆ ਕਿ ਕੇਤਕੀ ਦਾ ਚੇਹਰਾ ਸਖ਼ਤ ਹੋ ਗਿਆ, ਬੁੱਲ੍ਹ ਕੰਬਣ ਅਤੇ ਅੱਖਾਂ ‘ਚ ਅੱਥਰੂ ਤੈਰਨ ਲੱਗੇ। ਕਾਫ਼ੀ ਦੇਰ ਚੁੱਪ ਰਹਿਣ ਅਤੇ ਅਪਣੇ ਅੰਦਰ ਉਠਦੇ ਕ੍ਰੋਧ ਉੱਤੇ ਕਾਬੂ ਪਾਉਣ ਤੋਂ ਬਾਅਦ ਬੋਲੀ-

‘‘ਤੁਸਾਂ ‘ਜਲ੍ਹਿਆਂਵਾਲਾ ਬਾਗ਼’ ਬਾਰੇ ਤਾਂ ਸੁਣਿਆ ਹੀ ਹੋਵੇਗਾ?”

‘‘ਹਾਂ, ਉਸ ਘਟਨਾ ਨੂੰ ਕੌਣ ਨਹੀਂ ਜਾਣਦਾ। ਕੁਝ ਦਿਨ ਪਹਿਲਾਂ ਹੀ ਮੈਂ ਉੱਥੇ ਹੋ ਕੇ ਆਇਆ ਹਾਂ।”

‘‘ਸੁਣਿਆ ਹੈ ਕਿ ਹਾਲੇ ਵੀ ਉੱਥੋਂ ਦੀਆਂ ਕੰਧਾਂ ‘ਤੇ ਗੋਰੀ ਸਰਕਾਰ ਦੀਆਂ ਗੋਲੀਆਂ ਦੇ ਨਿਸ਼ਾਨ ਹਨ।”

‘‘ਹਾਂ, ਬਿਲਕੁਲ ਦਰੁਸਤ।”

‘‘ਸਾਡੇ ਘਰ-ਮਹੱਲ ਦੇ ਬਾਹਰ ਦੀਆਂ ਕੰਧਾਂ ‘ਤੇ ਵੀ ਤੀਹ ਚਾਲੀ ਨਹੀਂ, ਸੈਂਕੜੇ ਗੋਲੀਆਂ ਦੇ ਨਿਸ਼ਾਨ ਹਨ।” ਕੇਤਕੀ ਕਹਿ ਉੱਠੀ, ‘‘ਪੈਸੇ ਦੀ ਥੁੜ੍ਹ ਕਾਰਨ ਅਤੇ ਜਾਣ ਬੁੱਝ ਕੇ ਇਨ੍ਹਾਂ ਕੰਧਾਂ ਦੀ ਮੁਰੰਮਤ ਨਹੀਂ ਕਰਵਾਈ ਤਾਂ ਕਿ…. ..।”

ਫੇਰ ਕੁਝ ਰੁਕ ਕੇ ਅਤੇ ਪਾਣੀ ਪੀਣ ਤੋਂ ਬਾਅਦ ਅਪਣੀ ਗਲ ਜਾਰੀ ਰੱਖਦਿਆਂ ਬੋਲੀ-

“ਦੁੱਖ ਇਹ ਕਿ ਜੱਲ੍ਹਿਆਂ ਵਾਲੇ ਬਾਗ਼ ‘ਚ ਸ਼ਾਇਦ ਪੰਜ ਸਤ ਸੋ ਆਦਮੀ ਅੰਗਰੇਜ਼ ਸਰਕਾਰ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ, ਪਰ ਇੱਥੇ 5970 ਆਦਮੀ-ਤੀਵੀਆਂ ਅਪਣੀ ਹੀ ਸਰਕਾਰ ਹੱਥੋਂ ਗੋਲੀਆਂ ਦਾ ਨਿਸ਼ਾਨਾ ਬਣ ਗਏ। ਇਸ ਅਹਾਤੇ, ਛੱਤਾਂ ਅਤੇ ਵਰਾਂਡਿਆਂ ‘ਚ ਉਨ੍ਹਾਂ ਆਦਿਵਾਸੀ ਆਦਮੀਆਂ ਤੀਵੀਆਂ ਦੀਆਂ ਲਾਸ਼ਾਂ ਵਿਛੀਆਂ ਹੋਈਆਂ ਸਨ। ਉਨ੍ਹਾਂ ਦੇ ਨਾਲ ਮੇਰੇ ਦਾਦਾ ਅਤੇ ਉਸ ਦਾ ਇੱਕ ਪੁੱਤਰ ਵੀ। ਮੇਰੇ ਪਿਤਾ ਨੂੰ, ਜੋ ਉਸ ਵੇਲੇ ਬਹੁਤ ਛੋਟੇ ਸਨ, ਕਿਸੇ ਨੇ ਗੰਦੀਆਂ ਬੋਰੀਆਂ ਥੱਲੇ ਲੁਕਾ ਲਿਆ। ਉਹ ਬਚ ਗਏ ਬੇਸ਼ਕ, ਪਰ ਮਰਿਆਂ ਤੋਂ ਵੀ ਬਦਤਰ….।”

‘‘ਉਹ! ਪਰ ਇਹ ਕਿਓਂ ਅਤੇ ਕਿਵੇਂ।”

‘‘ਦੁੱਖ ਇਹ।” ਉਹ ਬੋਲਦੀ ਰਹੀ, ‘‘ਜੱਲਿਆਂ ਵਾਲੇ ਬਾਗ ਦੀ ਘਟਨਾ ਨੂੰ ਲੈ ਕੇ ਸਾਰਾ ਹਿੰਦੁਸਤਾਨ, ਸਾਰਾ ਦੇਸ਼ ਤੜਫ਼ ਉੱਠਿਆ, ਪਰ ਛੇ ਹਜ਼ਾਰ ਆਦਿ-ਵਾਸੀਆਂ ਦੇ ਗੋਲੀਆਂ ਨਾਲ ਭੁੰਨੇ ਜਾਣ ‘ਤੇ…. ….। ਅਖਬਾਰਾਂ ‘ਚ ਇਕ ਦੋ ਖ਼ਬਰਾਂ-ਤਸਵੀਰਾਂ ਛਪੀਆਂ ਅਤੇ ਬਸ। ਕਿਉਂਕਿ ਅਸੀਂ ਸ਼ਾਇਦ ਦੇਸ਼ ਵਾਸੀਆਂ ਦੀ ਗਿਣਤੀ ‘ਚ ਹੀ ਨਹੀਂ ਆਉਂਦੇ। ਸਭ ਤੋਂ ਵੱਡਾ ਦੁੱਖ ਇਹ ਕਿ ਇਹ ਗੋਲੀਆਂ ਦਿੱਲੀ ਦੀ ਹਕੂਮਤ ਦੇ ਹੁਕਮ ਨਾਲ ਚੱਲੀਆਂ ਸਨ।

‘‘ਮੈਂ ਕਿਵੇਂ ਮੰਨ ਲਵਾਂ? ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ?”

‘‘ਮੈਂ ਵਖਾਉਂਦੀ ਹਾਂ” ਕਹਿ ਕੇ ਉਹ ਉੱਠੀ ਅਤੇ ਅਲਮਾਰੀ ਖੋਲ੍ਹ ਕੇ ਇੱਕ ਪੁਰਾਣੀ ਐਲਬਮ ਲੈ ਆਈ। ਰਘੂਮਣੀ ਹੈਰਾਨੀ ਭਰੀਆਂ ਅੱਖਾਂ ਨਾਲ ਉਸ ਐਲਬਮ ‘ਚ ਲਾਈਆਂ ਤਸਵੀਰਾਂ ਨੂੰ ਵੇਖਣ ਲੱਗਾ। ਇਸੇ ਮਹੱਲ ਦੇ ਬਾਹਰ, ਕੰਧਾਂ ਉੱਤੇ, ਛੱਤ ਉੱਤੇ ਨੰਗੇ ਪਿੰਡਿਆਂ ਵਾਲੇ ਹਜ਼ਾਰਾਂ ਆਦਿਵਾਸੀ ਹੱਥਾਂ ‘ਚ ਤੀਰ ਕਮਾਨ ਲਈ ਖੜ੍ਹੇ ਹਨ। ਉਨ੍ਹਾਂ ਵਿਚਕਾਰ ਮੋਢਿਆਂ ਤੱਕ ਲਮਕਦੇ ਵਾਲਾਂ, ਨਿੱਕੀਆਂ ਮੁੱਛਾਂ ਵਾਲ ਇੱਕ ਚਾਲੀ-ਪੰਤਾਲੀ ਵਰ੍ਹਿਆਂ ਦਾ ਆਦਮੀ। ਦੂਜੀ ਫੋਟੋ ‘ਚ ਹੱਥਾਂ ‘ਚ ਬੰਦੂਕਾਂ ਫੜੀ ਹਿੰਦੁਸਤਾਨੀ ਸਿਪਾਹੀ ਖੜ੍ਹੇ ਹਨ। ਪਰ ਉਨ੍ਹਾਂ ਤਸਵੀਰਾਂ ‘ਚ ਕੋਈ ਐਸੀ ਫੋਟੋ ਨਹੀਂ ਸੀ, ਜਿਸ ‘ਚ ਉਨ੍ਹਾਂ ‘ਤੇ ਗੋਲੀਆਂ ਵਰ੍ਹਦੀਆਂ ਜਾਂ ਲੋਕਾਂ ਨੂੰ ਮਰਿਆਂ ਵਿਖਾਇਆ ਗਿਆ ਹੋਵੇ। ਉਸੇ ਵੇਲੇ ਕੇਤਕੀ ਨੇ ਐਲਬਮ ਦੇ ਕੁਝ ਵਰਕੇ ਪਲਟਾ ਕੇ ਇਕ ਫੋਟੋ ਵਾਲਾ ਪੰਨਾ ਉਸ ਦੇ ਸਾਹਮਣੇ ਕਰ ਦਿੱਤਾ।

‘‘ਇਹ ਫੋਟੋ ਇੱਥੋਂ ਦੇ ਕਿਸੇ ਲੋਕਲ ਫ਼ੋਟੋਗਰਾਫ਼ਰ ਨੇ ਖਿੱਚੀ ਸੀ। ਖਿੱਚੀਆਂ ਤਾਂ ਹੋਰ ਵੀ ਹੋਣਗੀਆਂ, ਪਰ ਦਿੱਲੀ ਸਰਕਾਰ ਨੇ ਅਖ਼ਬਾਰਾਂ ਨੂੰ ਉਨ੍ਹਾਂ ਦੇ ਛਾਪਣ ਤੋਂ ਮਨ੍ਹਾ ਕਰ ਦਿੱਤਾ।” ਇਸ ਫੋਟੋ ‘ਚ ਉਹ ਸਭ ਕੁਝ ਸਾਫ਼ ਦਿਸ ਰਿਹਾ ਸੀ ਜੋ-ਜੋ ਕੇਤਕੀ ਨੇ ਉਸ ਨੂੰ ਦੱਸਿਆ ਸੀ। ਇਨ੍ਹਾਂ ਵਿੱਚ ਹੀ ਗੋਲੀ ਖਾ ਕੇ ਉਸ ਦੇ ਦਾਦਾ ਦੇ ਡਿੱਗਣ ਦੀ ਫੋਟੋ ਵੀ ਸੀ।

ਦਿੱਲੀ ‘ਚ ਮੇਰੇ ਦਾਦਾ ਦਾ ਨਾਮ ਲੈ ਕੇ ਕਿਸੇ ਵੱਡੇ ਮਨਿਸਟਰ ਨੇ ਕਿਹਾ ਸੀ- ‘‘ਕਿਲ ਹਿਮ! ਸ਼ੂਟ ਹਿਮ।”

ਇਸ ਸਾਰੀ ਘਟਨਾ ਦੀ ਪਿੱਠ-ਭੂਮੀ ਨੂੰ ਬਿਆਨ ਕਰਦਿਆਂ ਉਸਨੇ ਦੱਸਿਆ ਕਿ ਦਿੱਲੀ ਸਰਕਾਰ ਦਾ ਮੰਨਣਾ ਸੀ ਕਿ ਇੱਥੋਂ ਦੀਆਂ ਛੋਟੀਆਂ-ਛੋਟੀਆਂ ਆਦਿ-ਵਾਸੀ ਆਬਾਦੀ ਵਾਲੀਆਂ ਰਿਆਸਤਾਂ ਨੂੰ ਮੱਧ-ਪ੍ਰਦੇਸ਼ ਨਾਲ ਮਿਲਾ ਦਿੱਤਾ ਜਾਵੇ। ਇਸ ਦੇ ਵਿਰੋਧ ‘ਚ ਮੇਰੇ ਦਾਦਾ ਭੂਮਿਹਰ ਦੇਓ ਦਾ ਕਹਿਣਾ ਸੀ ਕਿ ਸਾਨੂੰ ਵੱਖਰਿਆਂ ਰਹਿਣ ਦਿਓ ਤਾਂ ਕਿ ਅਸੀਂ ਅਪਣੀ ਮਾਨਸਿਕਤਾ ਅਤੇ ਪ੍ਰਕਿਰਤੀ ਅਨੁਸਾਰ ਜਿਉਂਦੇ ਵਸਦੇ ਰਹਿ ਸਕੀਏ, ਬਾਹਰਲੇ ਲੋਕ ਆ ਕੇ ਸਾਡੇ ਸਿੱਧੇ ਸਾਦੇ ਲੋਕਾਂ ਨੂੰ ਅਤੇ ਖਣਿਜ ਪਦਾਰਥਾਂ ਨੂੰ ਐਕਸਪਲਾਇਟ ਨਾ ਕਰ ਸਕਣ। ਇਹ ਵੀ ਚਾਹੁੰਦੇ ਸਨ ਕਿ ਇਹ ਜੰਗਲ ਉਸੇ ਤਰ੍ਹਾਂ ਆਦਿ ਵਾਸੀਆਂ ਦੀ ਮਲਕੀਅਤ ਰਹਿਣ ਜਿਵੇਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ।”

‘‘ਪਰ ਸਰਕਾਰ ਚਾਹੇ ਦੇਸੀ ਹੋਵੇ ਚਾਹੇ ਵਿਦੇਸ਼ੀ, ਮਾਨਸਿਕਤਾ ਇੱਕੋ  ਹੁੰਦੀ ਹੈ- ਆਪਣਾ ਹੁਕਮ ਮਨਾਉਣਾ ਤੇ ਛੋਟੇ ਰਾਜਾਂ ਨੂੰ ਦਬਾ ਕੇ ਰੱਖਣਾ। ਪਰ ਸਾਡੇ ਲੋਕਾਂ ਦਾ ਢੀਠਪੁਣਾ ਵੀ ਵੇਖੋ ਕਿ ਚਾਹੇ ਛਤਰੀ ਆਏ, ਰਾਜਪੂਤ, ਮੁਸਲਮਾਨ ਜਾਂ ਅੰਗਰੇਜ਼ ਆਏ, ਅਸੀਂ ਲੋਕ ਉਨ੍ਹਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਦੇ ਅਤੇ ਅਪਣੇ ਤਰੀਕੇ ਨਾਲ ਜਿਉਂਦੇ ਆਏ। ਪਰ…. …. ਪਰ ਹੁਣ ਇਨ੍ਹਾਂ ਅਪਣੇ ਹੀ ਲੋਕਾਂ ਤੋਂ ਬਚਣਾ ਅਸੰਭਵ ਲੱਗ ਰਿਹਾ ਹੈ, ਉਂਝ ਇਨ੍ਹਾਂ ਨੂੰ ਅਪਣਾ ਕਹਿਣ ‘ਚ ਮੈਨੂੰ ਸ਼ਰਮ ਆਉਂਦੀ ਹੈ।”

ਗੱਲਾਂ ਕਰਦਿਆਂ-ਕਰਦਿਆਂ ਕੇਤਕੀ ਜਿਵੇਂ ਥੱਕ ਗਈ ਹੋਵੇ। ਕੁਸਾਲਾ ਨੂੰ ‘ਵਾਜ ਮਾਰ ਕੇ ਪੀਣ ਲਈ ਪਾਣੀ ਮੰਗਵਾਇਆ, ਹੋਰ ਚਾਹ ਬਨਾਉਣ ਲਈ ਕਿਹਾ ਅਤੇ ਨਾਲ ਹੀ ਰਾਤ ਦੇ ਖਾਣੇ ਲਈ ਹਦਾਇਤਾਂ ਦੇਣ ਲੱਗੀ-

‘‘ਜੇ ਬਜ਼ਾਰੋਂ ਮੱਛੀ ਮਿਲ ਜਾਵੇ ਤਾਂ ਲੈ ਆਉਣਾ, ਨਹੀਂ ਤੇ ਡੀਮ-ਕਰੀ, ਆਂਡੇ ਦੀ ਤਰੀ ਵਾਲੀ ਸਬਜ਼ੀ।” ਉਹ ਜਾਣਦੀ ਸੀ ਕਿ ਇਹ ਦੋਵੇਂ ਬੰਗਾਲੀਆਂ ਦੀ ਮਨਭਾਉਂਦੀ ‘ਡਿਸ਼’ ਹੈ।

ਇਸ ਤੋਂ ਬਾਅਦ ਚਾਹ ਪੀਂਦਿਆਂ ਰਘੂਮਣੀ ਅਪਣੇ ਬਾਰੇ ਦੱਸਦਾ ਰਿਹਾ – ਕੀ-ਕੀ ਕਰਦਾ ਅਤੇ ਕਿੱਥੇ ਕਿੱਥੇ ਘੁੰਮਦਾ ਫਿਰਦਾ ਰਿਹਾ। ਫੇਰ ਕੇਤਕੀ ਨੇ ਉਸ ਵੱਲ ਤੱਕਦਿਆਂ ਆਖਿਆ –

“ਬਹੁਤ ਗੰਭੀਰ ਜਹੀਆਂ ਗੱਲਾਂ ਹੋ ਚੁੱਕੀਆਂ। ਹੁਣ ਤੁਸੀਂ ਉਹ ਠੁਮਰੀ ਸੁਣਾ ਦੇਵੋ, ਕੀ ਬੋਲ ਸੀ ਉਸਦੇ – ਆਏ ਨਾ ਬਾਲਮ, ਕਾ ਕਰੂੰ ਸਜਨੀ……।”

ਹਾਲੇ ਮੂਡ ਨਹੀਂ। ਨਾਲੇ ਬਹੁਤ ਚਿਰ ਹੋਇਆ ਗਾਏ ਨੂੰ।

ਮੈਨੂੰ ਮਿਲਿਆਂ ਵੀ ਤੇ ਬਹੁਤ ਚਿਰ ਹੋ ਗਿਆ?”

‘‘ਚੰਗਾ, ਜ਼ਰਾ ਠਹਿਰ ਕੇ ਸੁਣਾਵਾਂਗਾ।” ਰਘੂਮਣੀ ਬੋਲਿਆ, ‘‘ਪਹਿਲਾਂ ਤੇਰੇ ਬਾਰੇ ਹੋਰ ਕੁਝ ਵੀ ਜਾਨਣਾ ਚਾਹਵਾਂਗਾ।”

‘‘ਹੋਰ ਕੀ?”

‘‘ਇਹ ਕਿ ਅੱਜ ਕੱਲ੍ਹ ਕੀ ਕਰਦੇ ਹੋ? ਘਰ ‘ਚ ਹੋਰ ਕੌਣ ਕੌਣ ਹਨ। ਹੋਰ ਹਾਲਾਤ ਕਿਸ ਤਰ੍ਹਾਂ ਦੇ ਹਨ?”

‘‘ਸ਼ਾਇਦ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਘਰ ਦਾ ਖਰਚਾ ਕਿਵੇਂ ਚੱਲਦਾ। ਜ਼ਰੂਰ ਕੋਈ ਪੁਰਾਣੀ ਜ਼ਮੀਨ-ਜਾਇਦਾਦ ਹੋਵੇਗੀ? ਤਾਂ ਉਸਦਾ ਜਵਾਬ ਇਹ ਕਿ ਦਿੱਲੀ ਸਰਕਾਰ ਨੇ ਜਦ ਮੇਰੇ ਦਾਦਾ ਨੂੰ ਮਾਰ ਦਿੱਤਾ ਤਾਂ ਅੰਗਰੇਜ਼ ਸਰਕਾਰ ਵਾਂਗ ਕੋਈ ਦੂਰ ਦਾ ਰਿਸ਼ਤੇਦਾਰ ਲੱਭ ਕੇ ਉਸ ਨੂੰ ਮੇਰੇ ਦਾਦਾ ਦੀ ਥਾਂ ਬਿਠਾ ਦਿੱਤਾ। ਹੁਣ ਉਸ ਦੀ ਬੁੱਢੀ, ਮਰਨ ਕਿਨਾਰੇ ਬੈਠੀ ਤੀਵੀਂ ਨੇ ਮੈਨੂੰ ਇਸ ਕਮਰੇ ‘ਚੋਂ ਵੀ ਨਿਕਲ ਜਾਣ ਦਾ ਨੋਟਿਸ ਦੇ ਦਿੱਤਾ ਹੋਇਆ ਹੈ।”

‘‘ਅਗਲੀ ਗੱਲ ਜੋ ਤੁਸੀਂ ਜਾਨਣਾ ਚਾਹੁੰਦੇ ਹੋ, ਉਹ ਵੀ ਦੱਸ ਦੇਂਦੀ ਹਾਂ। ਪਰ ਮੈਨੂੰ ਸ਼ੱਕ ਹੈ ਕਿ ਤੁਸੀਂ ਉਸ ਨੂੰ ਸਮਝ ਨਹੀਂ ਸਕੋਗੇ।”

‘‘ਕਿਉਂ ਨਹੀਂ ਸਮਝ ਸਕਾਂਗਾ?”

‘‘ਖਿਮਾਂ ਚਾਹੁੰਦੀ ਹਾਂ। ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਵੱਖਰੀਆਂ ਵੱਖਰੀਆਂ ਜਾਤਾਂ ਹੁੰਦੀਆਂ ਹਨ, ਕਿੱਤੇ, ਪੇਸ਼ੇ, ਹੁੰਦੇ ਹਨ- ਜਿਵੇਂ ਟੈਕਸੀ ਜਾਂ ਟਰੱਕ ਡਰਾਈਵਰ ਚਾਹੇ, ਕਿਸੇ ਵੀ ਜਾਤ-ਪਾਤ ਦਾ ਹੋਵੇ, ਮਾਨਸਿਕਤਾ ਤਰਕੀਬਨ ਇੱਕੋ ਜਿਹੀ, ਇਸੇ ਤਰ੍ਹਾਂ ਕਿਸਾਨਾਂ, ਮਿਲ ਮਜ਼ਦੂਰਾਂ, ਵਪਾਰੀਆਂ ਦੀ ਮਾਨਸਿਕਤਾ। ਰਾਜੇ ਚਾਹੇ ਛੋਟੇ ਹੋਣ ਚਾਹੇ ਵੱਡੇ, ਉਨ੍ਹਾਂ ਦੀ ਇਕ ਵਿਸ਼ੇਸ਼ ਮਾਨਸਿਕਤਾ ਹੈ, ਜੋ ਉਨ੍ਹਾਂ ਦੀ ਪਰੰਪਰਾ ਦਾ ਹੀ ਭਾਗ ਬਣ ਗਿਆ ਹੋਇਆ ਹੈ। ਰਾਜ ਕੁਮਾਰਾਂ ਦੇ ਵਿਆਹ ਆਮ ਕਰਕੇ ਰਾਜ ਘਰਾਣਿਆਂ ‘ਚ ਹੁੰਦੇ ਹਨ। ਚਾਹੇ ਇਸ ‘ਚ ਕਦੀ-ਕਦੀ ਢਿੱਲ ਵਰਤੀ ਜਾ ਸਕਦੀ ਹੈ, ਪਰ ਰਾਜ ਕੁਮਾਰੀਆਂ ਦੇ ਸੰਦਰਭ ‘ਚ ਬਿਲਕੁਲ ਨਹੀਂ। ਲਹੂ ਹੀ ਵੱਖਰਾ ਹੁੰਦਾ ਹੈ ਇਨ੍ਹਾਂ ਦਾ, ਲਾਲ ਨਹੀਂ ਨੀਲਾ, ਬਲਿਊ ਬਲੱਡ। ਇਸ ਨੀਲੇ ਲਹੂ ਦੀ ਅਪਣੀ ਇਕ ਖ਼ਾਸੀਅਤ ਹੁੰਦੀ ਹੈ।”

‘‘ਇਹ ਮੈਂ ਨਹੀਂ ਮੰਨਦਾ। ਹਰ ਆਦਮੀ ਅਪਣੇ ਆਪ ‘ਚ ਇਕ ਵੱਖਰੀ ਸ਼ਖ਼ਸੀਅਤ ਹੁੰਦੀ ਹੈ। ਖੂਨ-ਖਾਨ ਦੀਆਂ ਗੱਲਾਂ ਸਭ ਐਵੇਂ ਹਨ।”

‘‘ਮੈਂ ਜਾਣਦੀ ਸਾਂ ਤੁਸੀਂ ਨਹੀਂ ਸਮਝੋਗੇ, ਚਾਹੇ ਕੁਝ ਵੀ ਹੋ ਜਾਵੇ, ਸਿਰ ਨੀਵਾਂ ਨਹੀਂ ਕਰਨਾ। ਸਿਰ ਨੀਵਾਂ ਕਰਨਾ ਮਰਨ ਤੋਂ ਵੀ ਬਦਤਰ।”

‘‘ਚਲੋ ਇਹੀ ਸਹੀ। ਪਰ ਤੁਹਾਨੂੰ ਕੋਈ ਰਾਜ ਕੁਮਾਰ ਤੇ ਮਿਲ ਹੀ ਸਕਦਾ ਸੀ।”

‘‘ਰਾਜ ਕੁਮਾਰ! ਰਾਜ ਖੋਹੇ ਗਏ। ਹੁਣ ਇਹ ਰਾਜ ਕੁਮਾਰ ਬਣ ਗਏ ਤ੍ਰਿਸ਼ੰਕੂ, ਨਾ ਰਾਜ ਕਰਨ ਦੇ ਹੱਕਦਾਰ, ਨਾ ਕੋਈ ਕੰਮ ਕਰਨ ਦੇ ਲਾਇਕ। ਜਿਨ੍ਹਾਂ ਕੋਲ ਜਮ੍ਹਾਂ ਕੀਤਾ ਹੋਇਆ ਧੰਨ ਹੈ, ਉਹ ਨਿਕੰਮੇ ਜਾਹਲਾਂ ਦੀ ਤਰ੍ਹਾਂ ਅਪਣੇ ਆਪ ਨੂੰ ਰਾਜਾ ਬਣੇ ਰਹਿਣ ਦਾ ਭਰਮ ਪਾਲਦਿਆਂ ਸ਼ਰਾਬਾਂ, ਅੱਯਾਸ਼ੀ ‘ਚ ਪੈਸਾ ਰੋੜ ਰਹੇ ਹਨ। ਜਿਨ੍ਹਾਂ ਕੋਲ ਨਹੀਂ, ਉਹ ਅਪਣੇ ਮਹੱਲਾਂ ਨੂੰ ਹੋਟਲਾਂ ਜੰਗਲ-ਰਿਜ਼ੋਰਟਾਂ ‘ਚ ਬਦਲ  ਰਹੇ ਹਨ। ਪੜ੍ਹਿਆ ਕੋਈ ਵੀ ਚੰਗੀ ਤਰ੍ਹਾਂ ਨਹੀਂ। ਇਕ ਦੋ ਨੂੰ ਛੱਡ ਕੇ। ਅਕਲ ਨਾਲ ਕਿਸੇ ਨੂੰ ਦੂਰ ਦਾ ਵੀ ਵਾਸਤਾ ਨਹੀਂ। ਦੁਨੀਆਂ ਕੀ ਹੁੰਦੀ ਹੈ, ਵਾਸਤਵਿਕਤਾ ਕੀ ਹੁੰਦੀ ਹੈ, ਇਸ ਦੀ ਨਾ ਇਨ੍ਹਾਂ ਦੇ ਪੁਰਖਿਆਂ ਨੇ ਕਦੀ ਪਰਵਾਹ ਕੀਤੀ ਅਤੇ ਨਾ ਹੀ ਹੁਣ ਕਰਦੇ ਹਨ।”

‘‘ਅਤੇ ਤੁਹਾਡੇ ਦਾਦਾ?” ਰਘੂਮਣੀ ਨੇ ਜਾਨਣਾ ਚਾਹਿਆ।

‘‘ਮੇਰੇ ਦਾਦਾ ਇਨ੍ਹਾਂ ਤੋਂ ਬਿਲਕੁਲ ਵੱਖਰੇ ਸਨ। ਆਦਮੀ ਨੂੰ ਅਪਣਿਆਂ ਤੋਂ ਵੱਖਰੇ ਹੋਣ, ਵੱਖਰਾ ਸੋਚਣ ਦਾ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਉਹ ਜੰਗਲਾਂ ‘ਚ ਜਾ ਕੇ ਆਦਿ-ਵਾਸੀਆਂ ਦੇ ਘਰਾਂ ‘ਚ ਰਹਿੰਦੇ, ਉਨ੍ਹਾਂ ਦੇ ਦੁੱਖਾਂ-ਸੁੱਖਾਂ ‘ਚ ਸ਼ਰੀਕ ਹੁੰਦੇ….।”

“ਤਾਂ ਤੇ, ਜੇ ਮੈਂ ਕਹਿਣ ਦੀ ਖੁੱਲ੍ਹ ਲੈ ਸਕਾਂ, ਤੁਸੀਂ ਵੀ ਤ੍ਰਸ਼ੰਕੂ ਦੀ ਤਰ੍ਹਾਂ?”

‘‘ਹਾਂ, ਤੁਸੀਂ ਠੀਕ ਹੀ ਕਿਹਾ। ਨਾ ਮੈਂ ਕਿਸੇ ਰਾਜ ਕੁਮਾਰ ਨਾਲ ਸੰਗ ਨਿਭਾ ਸਕਦੀ ਹਾਂ ਅਤੇ ਨਾ ਕਿਸੇ ਆਮ ਆਦਮੀ ਦੇ ਦੀ ਅਧੀਨਗੀ ‘ਚ…. ..।”

‘‘ਹੂੰ!” ‘ਅਧੀਨਗੀ’ ਸ਼ਬਦ ਬਾਰੇ ਸੋਚਦਿਆਂ ਰਘੂਮਣੀ ਦੇ ਮੂੰਹ ‘ਚੋਂ ਨਿਕਲਿਆ।

“ਪਰ ਇਹ ਸੋਚਦਿਆਂ ਵੀ ਮੇਰੇ ‘ਤੇ ਤਰਸ ਨਾ ਖਾਓ ਕਿ ਮੈਂ ਨਿਰਾਸ਼ ਜਾਂ ਦੁਖੀ ਪਰਾਣੀ ਹਾਂ। ਬਲਕਿ ਮੇਰੋ ਲਈ ਇਹ ਸਥਿਤੀ ਇਕ ਸੌਗਾਤ ਬਣ ਕੇ ਆਈ ਹੈ ਜਿਸ ਨੇ ਮੇਰੇ ਸਨਮੁਖ ਕਈ ਅਵਸਰਾਂ ਦੇ ਦੁਆਰ ਖੋਲ੍ਹ ਦਿੱਤੇ ਹਨ। ਸ਼ਾਇਦ ਇਹੀ ਮੇਰੀ ਹੋਣੀ ਹੈ।”

ਰਘੂਮਣੀ ਉਸ ਦੀਆਂ ਗੱਲਾਂ ਨੂੰ ਕੁਝ ਕੁਝ ਸਮਝਦਿਆਂ ਸਿਰ ਹਿਲਾਉਣ ਲੱਗਾ।

‘‘ਹੁਣ ਮੈਂ ਇਨ੍ਹਾਂ ਜੰਗਲ-ਵਾਸੀਆਂ ਦੀਆਂ ਸਮੱਸਿਆਵਾਂ, ਦੁਰਦਸ਼ਾ ਅਤੇ ਸਰਕਾਰ ਦੀਆਂ ਜ਼ਿਆਦਤੀਆਂ ਬਾਰੇ ਲੇਖ ਲਿਖਦੀ ਹਾਂ- ਉਨ੍ਹਾਂ ਦੇ ਹੱਕਾਂ ਬਾਰੇ, ਖਾਸ ਕਰਕੇ ਉਨ੍ਹਾਂ ਦੇ ਜੰਗਲਾਂ ਬਾਰੇ ਜਿਸ ਦੇ ਆਸਰੇ ਉਹ ਸਦੀਆਂ ਤੋਂ ਜਿਉਂਦੇ ਆ ਰਹੇ ਹਨ।”

ਇਹ ਕਹਿ ਕੇ ਕੇਤਕੀ ਉੱਠੀ। ਰਸੋਈ ‘ਚ ਜਾ ਕੇ ਕੁਸਾਲਾ ਨੂੰ ਕੁਝ ਆਖਿਆ ਅਤੇ ਮੁੜ ਰਘੂਮਣੀ ਕੋਲ ਆ ਕੇ ਬੋਲੀ-

‘‘ਪਰ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ੍ਹ? ਜੇ ਜਿਓਤਸਨਾ ਨਹੀਂ ਰਹੀ ਤਾਂ ਕੀ ਹੋਇਆ? ਜੇ ਕੇਤਕੀ ਵੀ ਤੁਹਾਡੀ ਦੁਨੀਆ ‘ਚੋਂ ਚਲੀ ਗਈ ਤਾਂ ਦੁਨੀਆਂ ਦਾ ਅੰਤ ਤੇ ਨਹੀਂ ਹੋ ਗਿਆ! ਦੇਵਦਾਸ ਵਾਂਗ ਜ਼ਿੰਦਗੀ ਤੋਂ ਭੱਜਦੇ ਰਹਿਣਾ ਵੀ ਤੇ ਜੀਵਨ ਨਹੀਂ ਹੈ ਮਾਈ ਡੀਅਰ ਰਘੂਮਣੀ! ਜੋ ਬੀਤ ਗਿਆ ਉਸ ਨੂੰ ਭੁਲਾਇਆ ਬੇਸ਼ੱਕ ਨਹੀਂ ਜਾ ਸਕਦਾ, ਪਰ ਫੇਰ ਵੀ….।”

ਰਘੂਮਣੀ ਕੁਝ ਦੇਰ ‘ਹਾਂ’ ‘ਚ ਸਿਰ ਹਿਲਾਉਂਦਾ ਰਿਹਾ। ਫੇਰ ਬੋਲਿਆ, ‘‘ਤੁਸੀਂ ਮੇਰੇ ਹੀ ਵਿਚਾਰਾਂ ਨੂੰ ਆਵਾਜ਼ ਦਿੱਤੀ ਹੈ। ਮੈਨੂੰ ਲੱਗਦਾ ਹੈ ਕਿ ਮੈਂ ਅੰਦਰੋਂ ਅਸੰਤੁਲਿਤ ਅਤੇ ਕੁਝ ਜ਼ਿਆਦਾ ਹੀ ਭਾਵੁਕ ਵਿਅਕਤੀ ਹਾਂ। ਇਹ ਵੀ ਸਾਡੇ ਬੰਗਾਲੀਆਂ ਦੀ ਸ਼ਾਇਦ ਸਮੂਹਿਕ ਮਾਨਸਿਕਤਾ ਹੈ।”

ਕੇਤਕੀ ਉਸ ਦੇ ਵਿਚਾਰੇ ਜਹੇ ਚਿਹਰੇ ਵੱਲ ਤੱਕਣ ਲੱਗੀ। ਉਸ ਨੂੰ ਰਘੂਮਣੀ ‘ਤੇ ਪਿਆਰ ਵੀ ਆ ਰਿਹਾ ਸੀ ਅਤੇ ਦਇਆ ਵੀ।

‘‘ਅੱਛਾ…. ਮੈਨੂੰ ਇਕ ਗੱਲ ਦੱਸੋ। ਕੀ ਮੈਂ ਤੁਹਾਡੇ ਨਾਲ ਮਿਲ ਕੇ ਤੁਹਾਡੇ ਕੰਮ ‘ਚ ਹੱਥ ਵਟਾ ਸਕਦਾ ਹਾਂ?” ਅਚਾਨਕ ਰਘੂਮਣੀ ਨੇ ਪੁੱਛਿਆ।

ਸੁਣ ਕੇ ਕੇਤਕੀ ਨੂੰ ਹਾਸਾ ਆ ਗਿਆ, ਉਹ ਅਪਣੀ ਥਾਂ ਤੋਂ ਉੱਠ ਕੇ ਉਸ ਨਾਲ ਜੁੜ ਕੇ ਸੋਫ਼ੇ ‘ਤੇ ਬੈਠ ਗਈ। ਫੇਰ ਉਸ ਦੁਆਲੇ ਬਾਂਹ ਵਲਦਿਆਂ ਬੋਲੀ, ‘‘ਮੇਰਾ ਰਘੂਮਣੀ ਸਦਾ ਰਘੂਮਣੀ ਹੀ ਰਹੇਗਾ।”

‘ਮੇਰਾ’ ਸ਼ਬਦ ਸੁਣ ਕੇ ਅਤੇ ਵਰ੍ਹਿਆਂ ਬਾਅਦ ਕੇਤਕੀ ਦੇ ਸਰੀਰ ਦੀ ਛੋਹ ਨੂੰ ਅਨੁਭਵ ਕਰਦਿਆਂ ਉਹ ਹੋਰ ਵੀ ਭਾਵੁਕ ਹੋ ਉੱਠਿਆ। ਅੱਖਾਂ ‘ਚ ਅੱਥਰੂ ਤੈਰਨ ਲੱਗੇ। ਕੇਤਕੀ ਕੁਝ ਦੇਰ ਇਸੇ ਤਰ੍ਹਾਂ ਉਸ ਨਾਲ ਜੁੜ ਕੇ ਬੈਠੀ ਰਹੀ। ਫੇਰ ਉਸ ਦੇ ਦੋਵੇਂ ਹੱਥ ਅਪਣੇ ਹੱਥਾਂ ‘ਚ ਫੜਦਿਆਂ ਬੋਲੀ- “ਜੇ ਤੁਸਾਂ ਸੱਚਮੁੱਚ ਹੀ ਕੁਝ ਕਰਨ ਦਾ ਮਨ ਬਣਾਇਆ ਹੈ ਤਾਂ ਅਪਣੇ ਬੋਲਪੁਰ ਜਾ ਕੇ ਕਰੋ। ਉਨ੍ਹਾਂ ਦੀ ਸਥਿਤੀ ਵੀ ਸਾਡੇ ਗੌਂਡ ਆਦਿਵਾਸੀਆਂ ਦੀ ਤਰ੍ਹਾਂ ਹੈ। ਉਨ੍ਹਾਂ ਤੋਂ ਵੀ ਉਨ੍ਹਾਂ ਦੇ ਰੋਟੀ ਦੇ ਵਸੀਲੇ-ਜੰਗਲ ਖੋਹੇ ਜਾ ਰਹੇ ਹਨ। ਨਾਲੇ ਹੋ ਸਕਦਾ ਹੈ ਕਿ ਮੇਰੇ ਰਘੂਮਣੀ ਨੂੰ ਉੱਥੇ ਵੀ ਕੋਈ ‘ਕੇਤਕੀ’, ਕੋਈ ‘ਮਹੁਆ’ ਮਿਲ ਜਾਏ।

ਰਘੂ ਨੇ ਉਸ ਦੀ ਗਲ੍ਹ ‘ਤੇ ਪਿਆਰ ਨਾਲ ਅਪਣਾ ਸੱਜਾ ਹੱਥ ਫੇਰਦਿਆਂ ਆਖਿਆ – “ਨਹੀਂ, ਰਘੂ ਲਈ ਦੁਨੀਆ ‘ਚ ਇਕੋ ਕੇਤਕੀ ਹੈ। ਹੋਰ ਕੋਈ ਨਹੀਂ।”

ਉਹ ਕੁਝ ਦੇਰ ਸ਼ਾਂਤੀਨਿਕੇਤਨ, ਸਥਾਲਾਂ ਅਤੇ ਬਾਉਲਾਂ ਦੇ ਮੇਲਿਆਂ ‘ਚ ਅਪਣੇ ਨੱਚਣ-ਗਾਉਣ, ਮੌਜ ਮਸਤੀ ਦੇ ਦਿਨਾਂ ਬਾਰੇ ਗੱਲਾਂ ਕਰਦੇ  ਅਤੇ ਖ਼ੁਸ਼ ਹੁੰਦੇ ਰਹੇ।

ਇਹ ਸਭ ਕੁਝ ਯਾਦ ਕਰਦਿਆਂ ਕੇਤਕੀ ਬੋਲ ਉੱਠੀ, ਜਿਵੇਂ ਅਪਣੇ ਆਪ ਨੂੰ ਕਹਿ ਰਹੀ ਹੋਵੇ।

‘ਉਹ ਦਿਨ ਵੀ ਕਿਸ ਤਰ੍ਹਾਂ ਦੇ ਸਨ!’

‘ਹਾਂ, ਦਰਿਆ ਦੀ ਕਿਸੇ ਮੌਜ ਦੀ ਤਰ੍ਹਾਂ!’

‘ਜੰਗਲ ਦੇ ਰੁੱਖਾਂ ‘ਚੋਂ ਲੰਘਦੀ ਹਵਾ ਦੀ ਤਰ੍ਹਾਂ!’

‘ਨੀਲੇ ਆਕਾਸ਼ ‘ਚ ਉਡਦੇ ਪੰਛੀ ਦੀ ਤਰ੍ਹਾਂ।’

‘ਕਿਸੇ ਰੁਮਾਂਟਿਕ ਕਹਾਣੀ ਦੀ ਤਰ੍ਹਾਂ।’

‘ਕਿਸੇ ਨਰਤਕੀ ਦੇ ਪੈਰਾਂ ‘ਚ ਛਣਕਦੇ ਘੁੰਗਰੂਆਂ ਦੀ ਤਰ੍ਹਾਂ।’

‘ਕਿਸੇ ਗਾਇਕ ਦੇ ਸੰਗੀਤ ਦੀ ਤਰ੍ਹਾਂ; ਕਵੀ ਦੀ ਕਵਿਤਾ ਦੀ ਤਰ੍ਹਾਂ।’

‘ਪਰ …. ਪਰ ਵਿੰਡਬਣਾ ਇਹ ਕਿ ਉਨ੍ਹਾਂ ਖੁਸ਼ਗਵਾਰ ਪਲਾਂ ਦੇ ਬੀਤ ਜਾਣ ਤੋਂ ਬਾਅਦ ਹੀ ਮਨੁੱਖ ਨੂੰ ਅਨੁਭਵ ਹੁੰਦਾ ਹੈ ਕਿ ਉਹ ਦਿਨ ਵੀ ਕਿਵੇਂ ਚੰਗੇ ਸਨ!’

‘ਜਿਸ ਤਰ੍ਹਾਂ ਅੱਜ ਦਾ ਇਹ ਦਿਨ….!’

ਕਮਰੇ ਅੰਦਰ ਹਨੇਰਾ ਪਸਰ ਰਿਹਾ ਸੀ। ਕੇਤਕੀ ਨੇ ਉੱਠ ਕੇ ਲਾਈਟ ਜਲਾਈ ਅਤੇ ਬੋਲੀ, ‘‘ਤੁਸੀਂ ਬਾਥਰੂਮ ‘ਚ ਜਾ ਕੇ ਮੂੰਹ ਹੱਥ ਧੋ ਲਵੋ, ਦੀਵਾਨ ‘ਤੇ ਲੰਮੇ ਪੈ ਕੇ ਆਰਾਮ ਕਰੋ। ਉਨੀਂ ਦੇਰ ਮੈਂ ਰਸੋਈ ‘ਚ ਜਾ ਕੇ ਵੇਖਦੀ ਹਾਂ।”

‘‘ਤੁਸੀਂ ਜਾਓਗੇ ਰਸੋਈ ‘ਚ?”

‘‘ਕਿਉਂ ਨਹੀਂ? ਮੈਂ…. ਮੈਂ….।” ਕਹਿੰਦਿਆਂ ਕਹਿੰਦਿਆਂ ਉਹ ਚੁੱਪ ਹੋ ਗਈ।

ਖਾਣਾ ਖਾਣ ਤੋਂ ਬਾਅਦ ਰਘੂਮਣੀ ਸੋਚ ਰਿਹਾ ਸੀ ਕਿ ਅੱਜ ਰਾਤ ਉਹ ਕਿੱਥੇ ਬਿਤਾਏ? ਇਹ ਇਕੱਲੀ ਰਹਿੰਦੀ ਹੈ। ਇਸ ਦੇ ਘਰ ਸੌਣਾ? ਲੋਕੀਂ ਕੀ ਸੋਚਣਗੇ? ਸ਼ਹਿਰ ‘ਚ ਕੋਈ ਹੋਟਲ-ਸ਼ੋਟਲ ਤੇ ਹੋਵੇਗਾ ਹੀ। ਦਰਅਸਲ ਮੈਨੂੰ ਪਹਿਲਾਂ ਹੀ ਕਿਸੇ ਹੋਟਲ ‘ਚ ਅਪਣਾ ਸਾਮਾਨ ਰੱਖ ਕੇ ਆਉਣਾ ਚਾਹੀਦਾ ਸੀ।

ਰਘੂਮਣੀ ਵੱਲ ਤੱਕਦਿਆਂ ਕੇਤਕੀ ਕਹਿ ਉੱਠੀ, ‘‘ਮੈਂ ਸਮਝਦੀ ਹਾਂ ਤੁਸੀਂ ਕੀ ਸੋਚ ਰਹੇ ਹੋ। ਇਸ ਸ਼ਹਿਰ ‘ਚ ਹੋਟਲ ਵਗੈਰਾ ਕੁਝ ਨਹੀਂ। ਰੇਲਵੇ ਸਟੇਸ਼ਨ ਵੀ ਨਹੀਂ ਜਿੱਥੇ ਵੇਟਿੰਗ ਰੂਮ ‘ਚ ਜਾਂ ਪਲੇਟ ਫਾਰਮ ‘ਤੇ ਜਾ ਕੇ ਸੌਂ ਸਕੋ। ਅਲਬੱਤਾ ਇਕ ਧਰਮਸ਼ਾਲਾ ਜ਼ਰੂਰ ਹੈ-ਜੇ ਤੁਹਾਨੂੰ ਮੇਰੇ ਘਰ ਦੀ ਬਜਾਏ ਮੱਛਰਾਂ ਜਾਂ ਚੂਹਿਆਂ ਦਾ ਸਾਥ ਜ਼ਿਆਦਾ ਚੰਗਾ ਲੱਗਦਾ ਹੋਵੇ ਤਾਂ ਮੈਂ ਰੋਕਾਂਗੀ ਨਹੀਂ।”

ਉਨ੍ਹਾਂ ਦੇ ਰੋਟੀ ਖਾਂਦਿਆਂ, ਗੱਲਾਂ ਕਰਦਿਆਂ ਕਰਦਿਆਂ ਜਦ ਸਮਾਂ ਦਸ ਤੋਂ ਉੱਪਰ ਹੋ ਗਿਆ ਤਾਂ ਕੁਸਾਲਾ ਨੇ ਆ ਕੇ ਆਖਿਆ,

‘‘ਕਮਰਾ ਤਿਆਰ ਹੈ। ਪਾਣੀ ਵਗੈਰਾ ਵੀ ਰੱਖ ਦਿੱਤਾ। ਹੁਣ ਮੈਂ…. ਮੈਂ ਜਾਵਾਂ?”

‘‘ਹਾਂ, ਤੂੰ ਜਾਹ।”

ਕੁਸਾਲਾ ਦੇ ਜਾਣ ਤੋਂ ਕੁਝ ਦੇਰ ਬਾਅਦ ਕੇਤਕੀ ਰਘੂਮਣੀ ਨੂੰ ਉਸ ਦੇ ਬੈੱਡ-ਰੂਮ ਤੱਕ ਛੱਡਣ ਗਈ। ਦਰਵਾਜ਼ੇ ਦੀਆਂ ਦਲੀਜਾਂ ‘ਚ ਖੜ੍ਹੇ ਹੋ ਕੇ ਕੇਤਕੀ ਨੇ ਉਸ ਨੂੰ ਹਲਕੀ ਜਿਹੀ ਗਲਵਕੜੀ ਪਾਈ ਜਿਵੇਂ ਕਿ ਉਹ ਸ਼ਾਂਤੀਨਿਕੇਤਨ ‘ਚ ਕਰਿਆ ਕਰਦੀ ਸੀ। ਫੇਰ ਕੁਝ ਸ਼ਰਾਰਤ ਦੇ ਲਹਿਜ਼ੇ ‘ਚ ਬੋਲੀ, ‘‘ਹੁਣ ਆਰਾਮ ਨਾਲ ਸੌਂ ਜਾਓ।”

ਕੇਤਕੀ ਬਾਰੇ ਸੋਚਦਿਆਂ, ਰਘੂਮਣੀ ਕੁਝ ਦੇਰ ਸਰਹਾਣੇ ‘ਤੇ ਸਿਰ ਰੱਖ ਕੇ ਅਪਣੇ ਆਪ ਨਾਲ ਗੱਲਾਂ ਕਰਦਾ ਰਿਹਾ। ਐਨੇ ਦਿਨ ਇਕੱਲਿਆਂ ਭਟਕਦੇ ਰਹਿਣ ਤੋਂ ਬਾਅਦ ਅੱਜ ਕੇਤਕੀ ਨਾਲ ਗੱਲਾਂ ਕਰਨ ਅਤੇ ਇਸ ਵੇਲੇ ਇੱਕੋ ਛੱਤ ਥੱਲੇ ਲੰਮੇ ਪਿਆਂ ਉਸ ਨੂੰ ਚੰਗਾ ਚੰਗਾ ਲੱਗ ਰਿਹਾ ਸੀ, ‘‘ਮੈਂ ਪਹਿਲਾਂ ਹੀ ਕਿਉਂ ਨਾ ਆ ਗਿਆ?” ਅਤੇ ਉਸ ਨਾਲ ਹੋਈਆਂ ਅੱਜ ਦੀਆਂ ਗੱਲਾਂ ਬਾਰੇ ਸੋਚਦਿਆਂ ਨੀਂਦ ਆ ਗਈ।

5.

ਇਹ ਧਰਤੀ ਸੱਚਮੁੱਚ ਇਨ੍ਹਾਂ ਦੀ ਮਾਂ ਹੈ।

ਇਸ ਲਈ ਇਹ ਧਰਤੀ ਨਹੀਂ ਪੁੱਟਦੇ।

ਬਿਨਾਂ ਹਲ ਚਲਾਇਆਂ ਬੀਅ ਸੁੱਟ ਦੇਂਦੇ ਹਨ।

‘‘ਚਲੋ ਆਓ ਤੁਹਾਨੂੰ ਸੈਰ-ਸੂਰ ਕਰਾ ਦੇਵਾਂ। ਨਹੀਂ ਤਾਂ ਬੈਠੇ ਬੈਠੇ ਬੋਰ ਹੋ ਜਾਵੋਗੇ।” ਸਵੇਰੇ ਬਰੇਕਫਾਸਟ ਕਰਦਿਆਂ ਕੇਤਕੀ ਨੇ ਆਖਿਆ।

‘‘ਨਹੀਂ ਕੇਤਕੀ, ਤੇਰੇ ਨਾਲ ਜੇ ਮੈਂ ਸਾਰੀ ਉਮਰ ਇਸੇ ਤਰ੍ਹਾਂ ਬੈਠਾ ਰਹਾਂ ਤਾਂ ਬੋਰ ਨਹੀਂ ਹੋਵਾਂਗਾ।”

‘‘ਮੈਨੂੰ ਵੀ ਕੁਝ ਕੰਮ ਹਨ। ਇਸ ਤਰ੍ਹਾਂ ਦੋਵੇਂ ਕੰਮ ਹੋ ਜਾਣਗੇ। ਉਂਝ ਬਹੁਤ ਕੁਝ ਹੈ ਸਾਡੇ ਇਸ ਖੇਤਰ ‘ਚ ਵੇਖਣ-ਜਾਨਣ ਲਈ; ਪ੍ਰਾਚੀਨ ਮੰਦਰ, ਬੋਧ-ਵਿਹਾਰ, ਆਬਸ਼ਾਰਾਂ, ਜੰਗਲ-ਪਰਬਤ….!”

ਬਰੇਫਾਸਟ ਕਰਦਿਆਂ-ਕਰਦਿਆਂ ਹੀ ਇਕ ਟੈਕਸੀ ਆ ਕੇ ਬੂਹੇ ਸਾਹਮਣੇ ਆ ਖੜ੍ਹੀ ਹੋਈ। ਲੱਗਦਾ ਸੀ ਕਿ ਟੈਕਸੀ ਆਉਣ ਲਈ ਉਸ ਨੇ ਪਹਿਲਾਂ ਤੋਂ ਹੀ ਕਿਹਾ ਹੋਇਆ ਸੀ।

‘‘ਤੁਹਾਡੇ ਪਾਸ ਕੈਮਰਾ ਹੈ? ਬਾਹਰ ਵੱਲ ਜਾਂਦਿਆਂ ਕੇਤਕੀ ਨੇ ਪੁੱਛਿਆ।

‘‘ਕੈਮਰਾ? ਮੇਰੇ ਪਾਸ ਤੇ ਬਸ ਇਹ ਦੋ ਜੋੜੀ ਕੱਪੜੇ ਹਨ; ਜਾਂ ਪੜ੍ਹਨ ਲਈ ਕੁਝ ਪੁਸਤਕਾਂ ਅਤੇ ਲਿਖਣ ਲਈ ਇਕ ਕਾਪੀ।”

ਅਤੇ ਬਾਂਸੁਰੀ?

‘‘ਉਹ ਵੀ ਹੈ। ਬਾਂਸੁਰੀ ਦਾ ਇਹ ਸੁੱਖ ਕਿ ਜਿੱਥੇ ਮਰਜ਼ੀ ਲੈ ਜਾਓ।”

ਟੈਕਸੀ ਚਾਲਕ ਨੇ ਬੜੇ ਅਦਬ ਨਾਲ ਦੋਹਾਂ ਨੂੰ ਨਮਸਕਾਰ ਕੀਤਾ। ਟੈਕਸੀ ਦਾ ਬੁਹਾ ਖੋਲ੍ਹਿਆ ਅਤੇ ਉਹ ਦੋਵੇਂ ਪਿਛਲੀ ਸੀਟ ‘ਤੇ ਬੈਠ ਗਏ। ਟੈਕਸੀ ਕਾਫੀ ਪੁਰਾਣੀ ਸੀ ਅਤੇ ਸੀਟਾਂ ਵੀ ਘਸੀਆਂ ਹੋਈਆਂ।

‘‘ਕਿੱਧਰ?” ਟੈਕਸੀ ਡਰਾਈਵਰ ਨੇ ਪੁੱਛਿਆ।

‘‘ਪਹਿਲਾਂ ਮਾਧੋ ਫੋਟੋਗਰਾਫ਼ਰ ਦੀ ਦੁਕਾਨ ‘ਤੇ, ਫੇਰ ਭੂਮਦੇਵ ਮੰਦਰ।”

ਫ਼ੋਟੋਗਰਾਫਰ ਦੀ ਦੁਕਾਨ ਤੋਂ ਕੈਮਰਾ ਲੈ ਕੇ ਟੈਕਸੀ ਛੇਤੀ ਹੀ ਸ਼ਹਿਰ ‘ਚੋਂ ਨਿਕਲ ਕੇ ਇਕ ਕੱਚੀ ਜਹੀ ਸੜਕ ‘ਤੇ ਚੱਲਣ ਲੱਗੀ। ਸੜਕ ਦੇ ਦੋਵੇਂ ਪਾਸੇ ਜ਼ਿਆਦਾਤਰ ਬੰਜਰ ਜ਼ਮੀਨ ਵਿਚਕਾਰ ਟਾਵੇਂ-ਟਾਵੇਂ ਖੇਤ, ਖੇਤਾਂ ਵਿਚਕਾਰ ਪੰਜ-ਸੱਤ  ਝੌਂਪੜੀਆਂ, ਆਦਮੀ ਨੰਗੇ ਪਿੰਡੇ, ਤੇੜ ਗਮਛਾ, ਪਰਨਾ ਜਿਹਾ ਬੰਨ੍ਹਿਆ ਹੋਇਆ, ਤੀਵੀਆਂ ਨੇ ਵੀ ਬਸ ਚਾਰ ਗਜ਼ ਕੱਪੜਾ ਅਪਣੇ ਦੁਆਲੇ ਲਪੇਟਿਆ ਹੋਇਆ। ਛਾਤੀਆਂ ਢਕੀਆਂ ਜਾਂ ਨੰਗੀਆਂ, ਇਸ ਬਾਰੇ ਉਨ੍ਹਾਂ ਤੀਵੀਆਂ ਨੂੰ ਜਿਵੇਂ ਕੋਈ ਚਿੰਤਾ ਹੀ ਨਹੀਂ ਸੀ।

ਦੋ ਕੁ ਘੰਟੇ ਬਾਅਦ ਉਹ ਇਕ ਸਰੋਵਰ ਦੇ ਕੰਢੇ ਖੜ੍ਹੇ ਇਕ ਕਾਫ਼ੀ ਪ੍ਰਭਾਵਸ਼ਾਲੀ ਮੰਦਰ ਕੋਲ ਪਹੁੰਚ ਕੇ ਟੈਕਸੀ ‘ਚੋਂ ਉੱਤਰ ਗਏ। ਉਨਾਂ੍ਹ ਦੇ ਉਤਰਦਿਆਂ ਹੀ ਚਾਹ ਦੇ ਖੋਖੇ ਵਾਲੇ ਅਤੇ ਫੁੱਲ ਵੇਚਣ ਵਾਲੇ ਨੇ ਆ ਕੇ ਕੇਤਕੀ ਦੇ ਪੈਰੀਂ ਹੱਥ ਲਾਇਆ। ਪੁਜਾਰੀ ਵੀ ਮੰਦਰ ਦੀਆਂ ਚਾਰ-ਪੰਜ ਪੌੜੀਆਂ ਉਤਰ ਕੇ ਆਇਆ ਅਤੇ ਬੋਲਿਆ –

‘‘ਆਓ ਰਾਜੀ ਮਾਂ, ਅੱਜ ਕਈ ਦਿਨਾਂ ਬਾਅਦ ਆਏ।”

ਪੁਜਾਰੀ ਨਾਲ ਇਕ-ਦੋ ਰਸਮੀਂ ਗੱਲਾਂ ਕਰਨ ਤੋਂ ਬਾਅਦ ਕੇਤਕੀ ਰਘੂਮਣੀ ਨੂੰ ਮੰਦਰ ਦੇ ਅੰਦਰ ਲੈ ਗਈ ਅਤੇ ਫੇਰ ਆਲੇ ਦੁਆਲੇ ਕੰਧਾਂ ‘ਤੇ ਘੜੀਆਂ ਮੂਰਤੀਆਂ ਵਿਖਾਉਣ ਲੱਗੀ।

‘‘ਇਹ ਮੰਦਰ ਕਿਸੇ ਰਾਜੇ ਨੇ ਨਹੀਂ ਬਣਵਾਇਆ। ਸਾਡੇ ਲੋਕਾਂ ਨੇ ਚੰਦਾ ਇਕੱਠਾ ਕਰਕੇ, ਪਰ ਜ਼ਿਆਦਾਤਰ ਅਪਣੇ ਹੱਥਾਂ ਨਾਲ, ਅਪਣੀ ਮਿਹਨਤ ਨਾਲ ਬਣਾਇਆ ਹੈ।”

‘‘ਹੂੰ!”

‘‘ਭੂਮ ਦੇਵ, ਭਾਵ ਧਰਤੀ ਦੇਵਤਾ-ਸ਼ਿਵ ਜੀ ਮਹਾਰਾਜ ਦਾ ਇਕ ਰੂਪ। ਅਸੀਂ ਆਦਿਵਾਸੀ ਧਰਤੀ ਦੀ, ਅਪਣੀ ਮਾਂ ਦੀ ਕੇਵਲ ਪੂਜਾ ਹੀ ਨਹੀਂ ਕਰਦੇ ਬਲਕਿ ਵਿਓਹਾਰ ‘ਚ ਵੀ ਲਿਆਉਂਦੇ ਹਾਂ। ਇਸੇ ਲਈ ਬਹੁਤ ਸਾਰੇ ਖ਼ਾਲਸ ਆਦਿਵਾਸੀ ਧਰਤੀ ‘ਤੇ ਹਲ ਨਹੀਂ ਚਲਾਉਂਦੇ, ਜੋ ਵੀ ਅਪਣੇ ਆਪ ਉੱਗ ਜਾਵੇ, ਬਸ ਉਸ ਤੋਂ ਗੁਜ਼ਾਰਾ ਕਰਦੇ ਹਨ। ਜਾਂ ਫੇਰ ਬਿਨਾਂ ਹਲ ਚਲਾਇਆਂ, ਬਿਨਾਂ ਜ਼ਮੀਨ ਪੁੱਟਿਆਂ ਬੀਅ ਸੁੱਟ ਦੇਂਦੇ ਹਨ।”

‘‘ਮੈਂ ਜਾਣਦਾ ਹਾਂ”, ਰਘੂਮਣੀ ਬੋਲਿਆ, ‘‘ਬੋਲਪੁਰ ਦੇ ਕੋਲ ਸਾਂਥਾਲਾਂ ਦਾ ਵੀ ਇਹੀ ਵਿਸ਼ਵਾਸ ਹੈ।”

ਮੰਦਰ ਵੇਖ ਕੇ ਅਤੇ ਫ਼ੋਟੋਆਂ ਖਿੱਚ ਕੇ ਜਾਣ ਲੱਗੇ ਤਾਂ ਚਾਹ ਵਾਲੇ ਨੇ ਰੋਕ ਕੇ ਆਖਿਆ-

‘‘ਹੁਣ ਰਾਜੀ ਮਾਂ ਚਾਹ ਪੀ ਕੇ ਹੀ ਜਾਣਾ।”

ਚਾਹ ਪੀਣ ਤੋਂ ਬਾਅਦ ਉਥੋਂ ਤੁਰ ਕੇ ਰਸਤੇ ‘ਚ ਇਕ ਬੋਧ ਵਿਹਾਰ ਦੇ ਖੰਡਰਾਂ ‘ਚ ਖਿਲਰੀਆਂ ਮੂਰਤੀਆਂ ਨੂੰ ਵੇਖਦੇ, ਰਸਤੇ ‘ਚ ਇਕ ਦੋ ਪਿੰਡਾਂ ‘ਚ ਰੁਕਦੇ ਉਹ ਇਕ ਤਲਾਅ ਦੇ ਕੋਲ ਆਣ ਰੁਕੇ। ਇੱਥੇ ਅੱਠ-ਦਸ ਆਦਿਵਾਸੀ ਖੜ੍ਹੇ ਜਿਵੇਂ ਕੇਤਕੀ ਦਾ ਹੀ ਇੰਤਜ਼ਾਰ ਕਰ ਰਹੇ ਸਨ। ਪੱਕੇ ਰੰਗ, ਕਿੱਕਰ ਵਾਂਗ ਸੁੱਕੇ-ਪੀਲੇ ਜੁੱਸੇ, ਹੱਥਾਂ ‘ਚ ਕਿਸੇ ਕਿਸੇ ਨੇ ਤੀਰ ਕਮਾਨ ਚੁੱਕੇ ਹੋਏ। ਇਨ੍ਹਾਂ ‘ਚੋਂ ਇਕ ਮੁੰਡਾ ਜਿਸ ਨੇ ਪੁਰਾਣੀ ਜਿਹੀ ਪੈਂਟ ਅਤੇ ਮੈਲੀ ਜਿਹੀ ਬਨੈਣ ਪਾਈ ਹੋਈ ਸੀ, ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਿਆ ; ਸਾਰਿਆਂ ਨੇ ਕੇਤਕੀ ਦੇ ਪੈਰਾਂ ਨੂੰ ਛੋਹਿਆ ਅਤੇ ਅਦਬ ਨਾਲ ਇੱਕ ਪਾਸੇ ਖੜ੍ਹੇ ਹੋ ਗਏ।

‘‘ਇਹ ‘ਮਾਵੜੀ’ ਹੈ; ਬਹੁਤ ਹੋਣਹਾਰ ਮੁੰਡਾ, ਦਸਵੀਂ ਤੱਕ ਪੜ੍ਹਿਆ ਹੋਇਆ। ਕੇਤਕੀ ਨੇ ਉਸ ਦੀ ਜਾਣ-ਪਛਾਣ ਰਘੂਮਣੀ ਨਾਲ ਕਰਾਉਂਦੇ ਹੋਏ ਆਖਿਆ :

‘‘ਅਤੇ ਇਹ ਰਘੂਮਣੀ ਬੰਗਾਲ ਤੋਂ, ਮੇਰੇ ਮਿੱਤਰ ਅਤੇ ਗੁਰੂ।”

‘‘ਗੁਰੂ! ਐਵੇਂ ਦੂਜਿਆਂ ਨੂੰ ਗਲਤ ਫਹਿਮੀਆਂ ‘ਚ ਨਾ ਪਾਵੋ। ਮੈਂ ਤੇ ਆਪ ਹੀ ਭਟਕਿਆ ਹੋਇਆਂ ਹਾਂ, ਦੂਜਿਆਂ ਨੂੰ ਕੀ ਸਿਖਾ ਸਕਦਾ ਹਾਂ।”

‘‘ਜਿਸ ਨੇ ਸਿੱਖਣਾ ਹੋਵੇ ਉਹ ਤੇ ‘ਐਸ’ ਤੋਂ ਸਿੱਖ ਸਕਦਾ ਹੈ।” ਕੇਤਕੀ ਨੇ ਹੱਸਦਿਆਂ ਆਖਿਆ। ਖੋਤੇ ਦੀ ਥਾਂ ਅੰਗਰੇਜ਼ੀ ਦਾ ‘ਐਸ’ ਸ਼ਬਦ ਵਰਤਿਆ ਤਾਂ ਕਿ ਉੱਥੇ ਖੜ੍ਹੇ ਆਦਿਵਾਸੀ ਨਾ ਸਮਝ ਸਕਣ।

‘‘ਤਾਂ ਮੈਂ ਐਸ ਹੋਇਆ।”

‘‘ਨਹੀਂ, ਮੈਂ ਪੂਰੀ ਸੰਜੀਦਗੀ ਨਾਲ ਕਹਿ ਰਹੀ ਹਾਂ ‘ਐਸ’ ਤੋਂ ਵੱਧ ਸ਼ਾਂਤਮਈ, ਵਫ਼ਾਦਾਰ, ਦੂਜਿਆਂ ਦੇ ਕੰਮ ਆਉਣ ਅਤੇ ਅਹਿੰਸਾ ‘ਚ ਵਿਸ਼ਵਾਸ ਰੱਖਣ ਵਾਲਾ ਪਰਾਣੀ ਇਸ ਧਰਤੀ ‘ਤੇ ਹੋਰ ਕੋਈ ਨਹੀਂ। ਰਿਸ਼ੀਆਂ ਮੁਨੀਆਂ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਇਨ੍ਹਾਂ ਵਿਚਾਰਾਂ ‘ਚ ਆਸਥਾ ਰੱਖਦੇ ਆਏ ਹਨ। ਕਿਓਂ ਮੈਂ ਕੋਈ ਝੂਠ ਤੇ ਨਹੀਂ ਬੋਲਿਆ।”

‘‘ਹਾਂ, ਇਹ ਤੇ ਸਹੀ ਹੈ। ਮੈਂ ਇਸ ਬਾਰੇ ਕਦੇ ਇਸ ਤਰ੍ਹਾਂ ਨਹੀਂ ਸੋਚਿਆ।”

ਤਾਂ ਫੇਰ ਹੁਣ ਸੋਚਣਾ ਸ਼ੁਰੂ ਕਰ ਦੇਵੋ। ‘ਤੁਹਾਡੇ’ ਲੋਕ ਅਤੇ ਤੁਹਾਡੀ ਸਰਕਾਰ, ਇਨ੍ਹਾਂ ਨੂੰ ਖੋਤੇ ਵਾਂਗ ਵਰਤਦੀ ਅਤੇ ਖੋਤਾ ਹੀ ਰਹਿਣ ਦੇਣਾ ਚਾਹੁੰਦੀ ਹੈ। ਇਨ੍ਹਾਂ ਦੀਆਂ ਗੱਲਾਂ ‘ਚ ਆ ਕੇ ਜਾਂ ਮਜਬੂਰ ਹੋ ਕੇ ਇਹ ਲੋਕ ਇਨ੍ਹਾਂ ਦੀਆਂ ਸੜਕਾਂ, ਖਾਨਾਂ ਅਤੇ ਕਾਰਖਾਨਿਆਂ ‘ਚ ਕੰਮ ਲੱਗੇ ਹਨ, ਇਨ੍ਹਾਂ ਦਾ ਜੀਵਨ ਇਕ ਖੋਤੇ ਤੋਂ ਬਿਹਤਰ ਨਹੀਂ ‘‘ਤੂੰ ਸੱਚ ਕਹਿ ਰਹੀ ਏਂ ਕੇਤਕੀ, ਸੱਚ ਹੀ ਕਹਿ ਰਹੀ ਏ।”

‘‘ਪਰ ਹੁਣ ਤੁਹਾਡੇ ਲੋਕਾਂ ਲਈ ਇਹ ਸਮੱਸਿਆ ਦਾ ਕਾਰਨ ਬਣ ਗਏ ਹਨ ਕਿਉਂਕਿ ਹੁਣ ਇਨ੍ਹਾਂ ਖੋਤੇ ਬਣੇ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਹ ਸ਼ੇਰ ਬਣਦੇ ਜਾ ਰਹੇ ਹਨ।”

ਫੇਰ ਕੇਤਕੀ ਨੇ ਮਾਵੜੇ ਵੱਲ ਤੱਕਦਿਆਂ ਆਖਿਆ- ਜ਼ਰਾ ਪਾਣੀ ਪਲਾ ਦੇ। ਗਰਮੀ ਬਹੁਤ ਅਤੇ ਤੇਹ ਵੀ ਲੱਗੀ ਹੋਈ ਹੈ।

ਆਓ, ਆਪਾਂ ਇੱਥੇ ਬੈਠਦੇ ਹਾਂ। ਕਹਿ ਕੇ ਕੇਤਕੀ ਰਘੂਮਣੀ ਨੂੰ ਇਕ ਰੁੱਖ ਦੀ ਛਾਂ ਥੱਲੇ ਲੈ ਆਈ। ਪਾਣੀ ਆਉਣ ‘ਤੇ ਅਤੇ ਪਾਣੀ ਪੀ ਕੇ ਕੇਤਕੀ ਨੇ ਸਾਰਿਆਂ ਨੂੰ ਅਪਣੇ ਕੋਲ ਬੁਲਾ ਲਿਆ। ਉਨ੍ਹਾਂ ਅਪਣੀ ਸਮੱਸਿਆ ਦੱਸੀ, ਜੋ ਰਘੂਮਣੀ ਨੂੰ ਸਮਝ ਆਇਆ ਉਹ ਇਹ ਕਿ ਕੇਤਕੀ ਅਤੇ ਕੇਤਕੀ ਨਾਲ ਕੰਮ ਕਰਦੇ ਸਮਾਜ ਸੇਵਕਾਂ ਦੇ ਕਹਿਣ ‘ਤੇ ਇਨ੍ਹਾਂ ਲੋਕਾਂ ਨੇ ਇੱਥੇ ਛੇ-ਸੱਤ ਮਹੀਨੇ ਦੀ ਮਿਹਨਤ ਕਰਕੇ ਇਕ ਤਲਾਅ ਨੂੰ ਡੂੰਘਾ ਕੀਤਾ, ਆਲੇ-ਦੁਆਲੇ ਤੋਂ ਬਰਸਾਤ ਦਾ ਪਾਣੀ ਇਸ ‘ਚ ਪਾਉਣ ਲਈ ਨਾਲੀਆਂ ਬਣਾਈਆਂ, ਵਿੱਚ ਮੱਛੀਆਂ ਪਾਈਆਂ ਤਾਂ ਜੋ ਲੋੜ ਪੈਣ ‘ਤੇ ਮੱਛੀਆਂ ਫੜ ਸਕਣ। ਹੁਣ ਜੰਗਲਾਤ ਵਾਲੇ ਕਹਿੰਦੇ ਹਨ ਕਿ ਇਹ ਜੰਗਲਾਤ ਦੀ ਜ਼ਮੀਨ ਹੈ। ਕੋਈ ਇੱਥੇ ਤਲਾਅ ਨਹੀਂ ਬਣਾ ਸਕਦਾ। ਨਾ ਹੀ ਮੱਛੀਆਂ ਫੜ ਸਕਦਾ ਹੈ।”

‘‘ਤਾਂ ਫੇਰ?” ਰਘੂਮਣੀ ਬੋਲਿਆ

‘‘ਤਾਂ ਫੇਰ ਕੀ? ਜੋ ਹੋਣਾ ਹੈ, ਉਹੀ ਹੋਵੇਗਾ।”

ਕੇਤਕੀ ਉਸ ਨੂੰ ਰੁੱਖ ਥੱਲੇ ਬਿਠਾ ਕੇ ਆਪ ਉਨ੍ਹਾਂ ਨਾਲ ਕਿਤੇ ਚਲੇ ਗਈ। ਕਾਫ਼ੀ ਦੇਰ ਬਾਅਦ ਜਦ ਮਾਵੜੇ ਨਾਲ ਵਾਪਸ ਆਈ ਤਾਂ ਦੋਹਾਂ ਨੇ ਪੱਤਿਆਂ ‘ਚ ਲਪੇਟਿਆ ਹੋਇਆ ਕੁਝ ਫੜਿਆ ਹੋਇਆ ਸੀ। ਇੱਕ ਪੱਤਾ ਖੋਲ੍ਹ ਕੇ ਰਘੂਮਣੀ ਅੱਗੇ ਰੱਖਦਿਆਂ ਕੇਤਕੀ ਨੇ ਆਖਿਆ :

‘ਲਓ ਰਘੂਮਣੀ, ਅੱਜ ਆਦਿ ਵਾਸੀਆਂ ਵਾਲਾ ਲੰਚ ਵੀ ਕਰੋ।”

ਰਘੂਮਣੀ ਨੇ ਵੇਖਿਆ, ਉਸ ਦੇ ਸਾਹਮਣੇ ਉੱਬਲੇ ਹੋਏ ਚੌਲ ਪਏ ਸਨ, ਜਿਸ ‘ਚ ਰੋੜਿਆਂ ਦੇ ਨਾਲ ਨਾਲ ਲੂਣ ਦੇ ਇਲਾਵਾ ਹੋਰ ਕੁਝ ਨਹੀਂ ਸੀ।

ਰਘੂਮਣੀ ਨੂੰ ਕੇਤਕੀ ਦੇ ਘਰ ਰਹਿੰਦਿਆਂ ਨੌ-ਦਸ ਦਿਨ ਬੀਤ ਗਏ। ਰਘੂਮਣੀ ਨੂੰ ਕਦੀ-ਕਦੀ ਉਹ ਅਪਣੇ ਨਾਲ ਆਦਿਵਾਸੀਆਂ ਦੀਆਂ ਬਸਤੀਆਂ, ਜੰਗਲਾਂ ‘ਚ ਲੈ ਜਾਂਦੀ, ਕਦੀ ਉਸ ਨੂੰ ਘਰ ‘ਚ ਹੀ ਛੱਡ ਕੇ ਸਾਰਾ-ਸਾਰਾ ਦਿਨ ਗਾਇਬ ਰਹਿੰਦੀ। ਕੇਤਕੀ ਦੇ ਘਰ ਦੇ ਇਕ ਪਾਸੇ ਜੰਗਲ ਜਹੇ ਦਾ ਟੁਕੜਾ ਸੀ ਜੋ ਕਦੀ ਫਲਾਂ-ਫੁਲਾਂ ਭਰਿਆ ਬਾਗ ਹੋਇਆ ਕਰਦਾ ਸੀ। ਕਦੀ ਕਦੀ ਰਾਤ ਦੇ ਹਨੇਰੇ ‘ਚ ਕੋਈ ਇਸ ਜੰਗਲ ਵਿਚੋਂ ਹੋ ਕੇ ਕੇਤਕੀ ਕੋਲ ਆਉਂਦਾ ਅਤੇ ਉਸ ਨਾਲ ਪੰਜ-ਸੱਤ ਗੱਲਾਂ ਕਰਦੇ ਰਹਿਣ ਤੋਂ ਬਾਅਦ ਜਿਸ ਤਰ੍ਹਾਂ ਆਇਆ ਸੀ, ਉਸੇ ਤਰ੍ਹਾਂ ਹਨੇਰੇ ‘ਚ ਗੁੰਮ ਹੋ ਜਾਂਦਾ। ਕਦੀ-ਕਦੀ ਦਿਨ ਵੇਲੇ ਕੋਈ ਪੱਤਰਕਾਰ ਜਾਂ ਨੌਜਵਾਨ ਮੁੰਡੇ ਕੁੜੀਆਂ ਉਸ ਦੇ ਡਰਾਈਂਗ ਰੂਮ ‘ਚ ਆ ਜੁੜਦੇ ਅਤੇ ਉੱਥੋਂ ਦੀਆਂ ਸਿਆਸੀ ਅਤੇ ਖਾਸ ਕਰਕੇ ਮਾਓਵਾਦੀਆਂ ਦੀਆਂ ਗਤੀਵਿਧੀਆਂ ਬਾਰੇ ਗੱਲਾਂ ਕਰਨ ਲੱਗਦੇ। ਪਹਿਲਾਂ ਪਹਿਲ ਰਘੂਮਣੀ ਨੇ ਉਨ੍ਹਾਂ ਦੀਆਂ ਬੈਠਕਾਂ, ਬਹਿਸਾਂ ‘ਚ ਕੋਈ ਦਿਲਚਸਪੀ ਨਹੀਂ ਵਿਖਾਈ, ਪਰ ਜੋ ਕੁਝ ਉਸ ਨੇ ਅੱਖੀਂ ਵੇਖਿਆ, ਉਸ ਤੋਂ ਵੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਿਆ।

ਕੁਝ ਦਿਨ ਪਹਿਲਾਂ ਹੀ ਉਸ ਨੇ ਕੇਤਕੀ ਨਾਲ ਜਾਂਦਿਆਂ ਵੇਖਿਆ ਸੀ ਕਿ ਕਿਵੇਂ ਰਿਲਾਇੰਸ ਕੰਪਨੀ ਨੇ ਜੰਗਲਾਂ ਨੂੰ ਸਾਫ ਕਰਕੇ ਅਪਣੀ ਲੋਹੇ ਦੀ ਮਿਲ ਲਾਈ; ਇਕ ਤਲਾਅ ਨੂੰ, ਜਿਸ ‘ਚੋਂ ਪੰਜ-ਸੱਤ ਆਦਿਵਾਸੀ ਬਸਤੀਆਂ ਦੀਆਂ ਗਾਵਾਂ, ਬੱਕਰੀਆਂ ਪਾਣੀ ਪੀਂਦੀਆਂ, ਆਦਮੀ ਤੀਵੀਆਂ ਨਹਾਉਂਦੀਆਂ ਜਾਂ ਮੱਛੀਆਂ ਫੜਦੇ, ਉਸ ਨੂੰ ਸਵਿਮਿੰਗ ਪੂਲ ਬਣਾ ਕੇ ਉਸ ਕੋਲ ਅਪਣਾ ਇਕ ਹਾਲੀਡੇ ਹੋਮ ਵੀ ਉਸਾਰ ਲਿਆ।

ਥੋੜ੍ਹੀ ਦੂਰ ਹੀ ਗਏ ਸਨ ਕਿ ਰਘੂਮਣੀ ਨੇ ਵੇਖਿਆ-ਰੰਗ ਬਰੰਗੇ ਕੱਪੜੇ ਪਾਈ, ਵਾਲਾਂ ਵਿੱਚ ਪਲਾਸ਼ ਅਤੇ ਅਮਲਤਾਸ਼ ਦੇ ਫੁਲ ਟੰਗੀ ਤੇਜ਼ ਤੇਜ਼ ਪੈਰ ਚੁੱਕਦੀਆਂ ਕੁੜੀਆਂ ਦੀ ਇਕ ਟੋਲੀ ਆ ਰਹੀ ਸੀ। ਨਾਲ ਇਕ ਢੋਲ ਵਜਾਉਣ ਵਾਲਾ। ਰਘੂਮਣੀ ਨੇ ਟੈਕਸੀ ਰੁਕਵਾ ਲਈ ਅਤੇ ਕੈਮਰਾ ਕੱਢ ਕੇ, ਉਨ੍ਹਾਂ ਦੀਆਂ ਫੋਟੋਆਂ ਖਿੱਚਣ ਲੱਗਾ। ਕੁੜੀਆਂ ਮਨ੍ਹਾਂ ਕਰਦੀਆਂ, ਅਪਣੇ ਮੂੰਹ ਫੇਰਨ ਲੱਗੀਆਂ। ਫੇਰ ਜਦ ਉਨ੍ਹਾਂ ਕੇਤਕੀ ਨੂੰ ਵੀ ਟੈਕਸੀ ‘ਚੋਂ ਉਤਰਦਿਆਂ ਵੇਖਿਆ ਤਾਂ ‘ਪਾਓ ਲਾਗੂ, ਪਾਓ ਲਾਗੂ’ ਕਰਦੀਆਂ ਉਸ ਕੋਲ ਆ ਗਈਆਂ। ਹੁਣ ਉਨ੍ਹਾਂ ਦੀਆਂ ਫ਼ੋਟੋ ਖਿੱਚਣ ‘ਚ ਵੀ ਰਘੂਮਣੀ ਨੂੰ ਕੋਈ ਦਿੱਕਤ ਨਹੀਂ ਆਈ। ਕੇਤਕੀ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਈ।

ਕੁਝ ਦੇਰ ਬਾਅਦ, ਟੈਕਸੀ ‘ਚ ਬੈਠਿਆਂ ਰਘੂਮਣੀ ਨੇ ਪੁੱਛਿਆ ਕਿ ਇਹ ਸਜ-ਵਜ ਕੇ ਕਿੱਧਰ ਜਾ ਰਹੀਆਂ ਹਨ। ਕੋਈ ਤੀਜ ਤਿਉਹਾਰ?

ਕੇਤਕੀ ਦੇ ਮੁੱਖ ‘ਤੇ ਵਿਅੰਗਮਈ ਮੁਸਕਾਨ ਆ ਗਈ ਅਤੇ ਬੋਲੀ-

‘‘ਇਨ੍ਹਾਂ ਨੂੰ ਬੁਲਾਇਆ ਗਿਆ ਹੈ, ਉਸ ਹਾਲੀਡੇ ਹੋਮ ‘ਚ, ਕਿਸੇ ਖਾਸ ਮਹਿਮਾਨ ਦਾ ਮਨੋਰੰਜਨ ਕਰਨ ਲਈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਨ੍ਹਾਂ ਦੀਆਂ ਤੀਵੀਆਂ ਮਨੋਰੰਜਨ ਦਾ ਸਾਧਨ ਅਤੇ ਆਦਮੀ ਖਾਣਾਂ ਅਤੇ ਕਾਰਖਾਨਿਆਂ ਦਾ ਬਾਲਣ ਬਣ ਕੇ ਰਹਿ ਜਾਣਗੇ।” ਫੇਰ ਕੁਝ ਦੇਰ ਰੁਕਣ ਤੋਂ ਬਾਅਦ ਬੋਲੀ-

“ਤੁਸੀਂ ਤਾਂ ਵੇਖਿਆ ਹੋਣਾ ਹੈ ਆਦਿਵਾਸੀਆਂ ਦਾ ਇਹ ਨਾਚ ਅਪਣੇ ਬੋਲਪੁਰ, ਝਾਰਖੰਡ ‘ਚ! ਕਿਸੇ ਦਿਨ-ਤਿਓਹਾਰ ਵਾਲੇ ਦਿਨ ਜਦੋਂ ਢੋਲ ਵੱਜਦਾ ਹੈ ਤਾਂ ਇੰਝ ਲੱਗਣ ਲੱਗਦਾ ਹੈ ਜਿਵੇਂ ਜੰਗਲ ‘ਚ ਰੰਗ ਬਰੰਗੇ ਫੁੱਲ ਖਿੜੇ ਹੋਣ, ਕੁੜੀਆਂ ਮੁੰਡੇ ਆਣ ਇਕੱਠੇ ਹੁੰਦੇ ਅਤੇ ਇਕ ਦੂਜੇ ਦੇ ਲੱਕ ‘ਚ ਹੱਥ ਪਾਈ ਝੂਮ ਝੂਮ ਨੱਚਦੇ ਹਨ। ਇਹ ਨਾਚ, ਇੰਹ ਗੀਤ ਇਨ੍ਹਾਂ ਨੂੰ ਇਕ ਦੂਜੇ ਨਾਲ ਗੂੜ੍ਹੇ ਰਿਸ਼ਤੇ ‘ਚ ਬੰਨ੍ਹਦੇ ਹਨ। ਤੁਸੀਂ ਸਟੇਜਾਂ ਉੱਤੇ ਵਿਖਿਆਤ ਨਰਤਕੀਆਂ ਨੂੰ ਵੀ ਨੱਚਦਾ ਵੇਖਿਆ ਹੋਵੇਗਾ। ਸਟੇਜਾਂ ‘ਤੇ ਨੱਚਣ ਵਾਲੀਆਂ ਤਾੜੀਆਂ ਦੀ ਗੂੰਜ ਅਤੇ ਅਪਣੀ ਸ਼ੋਭਾ ਖੱਟਣ ਲਈ ਨੱਚਦੀਆਂ ਹਨ। ਉਨ੍ਹਾਂ ‘ਚ ਉਹ ਸਹਿਜਪਣ ਜਾਂ ਉਨਮਾਦ ਨਹੀਂ ਹੁੰਦਾ ਜੋ ਇਨ੍ਹਾਂ ਜੰਗਲੀ ਕੁੜੀਆਂ ‘ਚ ਹੈ। ਇਹ ਸਿਰਫ਼ ਅਪਣੇ ਲਈ ਨੱਚਦੀਆਂ, ਗਾਉਂਦੀਆਂ ਹਨ। ਤੇ ਹੁਣ…. ਇਨ੍ਹਾਂ ਹਾਲੀਡੇ ਹੋਮ ਵਲ ਜਾ ਰਹੀਆਂ ਕੁੜੀਆਂ ‘ਚੋਂ ਅੱਜ ਰਾਤ ਇਕ ਦੋ ਵਾਪਸ ਨਹੀਂ ਆਉਣਗੀਆਂ….।”

ਕੁਝ ਦੇਰ ਰੁਕ ਕੇ ਕੇਤਕੀ ਬੋਲੀ-

‘ਇੱਕ ਕਹਾਵਤ ਜਹੀ ਯਾਦ ਆ ਰਹੀ ਹੈ।’ ਅਤੇ ਸੁਨਾਉਣ ਲੱਗੀ:

ਬਾਣੀਏਂ ਕੋਲੋਂ ਤਕੜੀ ਖੋਹ ਲਓ

ਕਿਸਾਨ ਦੇ ਕੋਲੋਂ ਧਰਤੀ ਖੋਹ ਲਓ

ਗਾਇਕ ਕੋਲੋਂ ਸੁਰ ਨੂੰ ਖੋਹ ਲਓ

ਵਾਦਕ ਕੋਲੋਂ ਸਾਜ਼ ਨੂੰ ਖੋਹ ਲਓ

ਛਤਰੀ ਕੋਲੋਂ ਸ਼ਸਤਰ ਖੋਹ ਲਓ

ਨਾਚੀ ਕੋਲੋਂ ਪਾਇਅਲ ਖੋਹ ਲਓ

ਗੌਂਡ ਦੇ ਕੋਲੋਂ ਜੰਗਲ ਖੋਹ ਲਓ।

‘‘ਵਾਹ! ਇਹ ਤੇ ਕਵਿਤਾ ਬਣਾ ਗਈ।”

‘‘ਕਵਿਤਾ ਨਹੀਂ, ਇਹ ਰੁਦਨ ਹੈ ਇਨ੍ਹਾਂ ਧਰਤੀ-ਪੁੱਤਰਾਂ ਦਾ ਅਤੇ ਹੁਣ ਇਨ੍ਹਾਂ ਕੋਲੋਂ ਪਾਇਅਲ, ਜੰਗਲ, ਸੁਰ ਅਤੇ ਧਰਤੀ ਸਭ ਕੁਝ ਖੋਹਿਆ ਜਾ ਰਿਹਾ ਹੈ।”

ਰਘੂ ਕੁਝ ਦੇਰ ਤੱਕ ਟੈਕਸੀ ਦੀ ਵਿੰਡੋ ‘ਚੋਂ ਬਾਹਰ ਵੱਲ ਤਕਦਾ ਰਿਹਾ। ਫੇਰ ਬੋਲਿਆ-

ਕਦੀ-ਕਦੀ ਮੈਂ ਸੋਚਦਾ ਹਾਂ ਕਿ ਇਹ ਲੋਕ ਜੰਗਲੀ ਚੌਲ ਖਾਂਦੇ, ਪੱਤਿਆਂ ਦਾ ਸੂਪ ਪੀਂਦੇ ਅਤੇ ਅੱਧ-ਭੁੱਖੇ ਸਾਰਾ ਦਿਨ ਜੰਗਲ ‘ਚ ਘੁੰਮਦੇ ਫਿਰਦੇ ਰਹਿੰਦੇ ਹਨ। ਐਸਾ ਇਨ੍ਹਾਂ ਕੋਲ ਕੀ ਹੈ ਜੋ ਇਹ ਗਵਾਉਣਾ ਨਹੀਂ ਚਾਹੁੰਦੇ, ਸ਼ਹਿਰਾਂ ਨਾਲ ਜੁੜ ਕੇ?”

‘‘ਇਹ ਬਹੁਤ ਪੇਚੀਦਾ ਸਵਾਲ ਹੈ ਜਿਸ ਦਾ ਜਵਾਬ ਸ਼ਬਦਾਂ ‘ਚ ਨਹੀਂ ਦਿੱਤਾ ਜਾ ਸਕਦਾ। ਮੈਂ ਬਸ ਇਹੀ ਕਹਿ ਸਕਦੀ ਹਾਂ ਕਿ ਇਨ੍ਹਾਂ ਨੇ ਸਹਿਜ ਪੱਧਰ ‘ਤੇ ਕਿਸੇ ਐਸੇ ਭੇਦ, ਐਸੇ ਦਰਸ਼ਨ ਨੂੰ ਪਾ ਲਿਆ ਹੈ, ਜਿਸ ਕਾਰਨ ਮਹਾਂਭਾਰਤ ਕਾਲ ਤੋਂ ਲੈ ਕੇ ਅੱਜ ਤੱਕ ਇਸੇ ਜੀਵਨ ਢੰਗ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਇਸ ਪ੍ਰਸ਼ਨ ਦਾ ਉੱਤਰ ਮੈਂ ਅਪਣੇ ਸ਼ਬਦਾਂ ਦੀ ਬਜਾਏ ਕਿਸੇ ਦੀ ਲਿਖੀ ਹੋਈ ਇਕ ਕਵਿਤਾ ‘ਚ ਦੇਣਾ ਚਾਹਵਾਂਗੀ।”

ਅਤੇ ਉਹ ਸੁਣਾਉਣ ਲੱਗੀ।

ਅਸੀਂ ਜੰਗਲਾਂ ‘ਚ ਰਹਿਣ ਵਾਲੇ ਆਦਿ-ਵਾਸੀ-ਅਸੱਭਅ

ਅਸੀਂ ਅਸੱਭਅ ਹੀ ਸਹੀ ਕਿਉਂਕਿ,

ਇੱਥੇ ਤੀਵੀਆਂ ਨਾਲ ਬਲਾਤਕਾਰ ਨਹੀਂ ਹੁੰਦਾ

ਨਾ ਹੀ ਜਿਊਂਦੀਆਂ ਸਾੜੀਆਂ ਜਾਂਦੀਆਂ ਹਨ, ਅਤੇ ਨਾ ਹੀ

ਵਿਧਵਾਵਾਂ ਨੂੰ ਨਰਕ ਭੋਗਣਾ ਪੈਂਦਾ ਹੈ, ਸਾਰੀ ਉਮਰ

ਅਸੀਂ ਅਸੱਭਅ ਹੀ ਸਹੀ-ਕਿਉਂਕਿ

ਸਾਡੇ ‘ਚ ਨਾ ਕੋਈ ਬਾ੍ਰਹਮਣ, ਨਾ ਛਤਰੀ, ਨਾ ਸ਼ੂਦਰ

ਨਾ ਹੀ ਭਾਂਡੇ ਮਾਂਜਣ ਵਾਲੀ ਮਾਈ, ਨਾ ਮੁੰਡੂ

ਨਾ ਹੀ ਦਫ਼ਤਰ ਦੇ ਬੂਹੇ ਬਾਹਰ ਬੈਠਾ ਵਿਚਾਰਾ ਚਪੜਾਸੀ

ਅਸੀਂ ਅਸੱਭਅ ਹਾਂ, ਅਨਪੜ੍ਹ, ਅਗਿਆਨੀ

ਨਾ ਰਿਸ਼ੀ ਨਾ ਵਿਦਵਾਨ, ਨਾ ਅਭਿਮਾਨ

ਨਾ ਕੋਈ ਪ੍ਰਾਪਤੀ, ਨਾ ਤਿਆਗ

ਨਾ ਕ੍ਰਿਸ਼ਨ, ਨਾ ਰਾਮ, ਨਾ ਅਵਤਾਰ


ਚਾਹੇ ਕੇਤਕੀ ਨੇ ਆਖਿਆ ਨਹੀਂ ਪਰ ਰਘੂਮਣੀ ਸਮਝ ਗਿਆ ਕਿ ਇਹ ਕਵਿਤਾ ਉਸ ਨੇ ਆਪ ਹੀ ਲਿਖੀ ਹੋਵੇਗੀ।

 

ਅਗਲੇ ਦਿਨ ਉਹ ਦੋਵੇਂ ਉਸੇ ਟੈਕਸੀ ਵਿਚ ਬੈਠੇ ਕਿਤੋਂ ਵਾਪਸ ਆ ਰਹੇ ਸਨ। ਰਸਤੇ ‘ਚ ਉਹ ਮੈਲੇ-ਪੁਰਾਣੇ ਜਹੇ ਤੰਬੂਆਂ ਦੀ ਇੱਕ ਬਹੁਤ ਵੱਡੀ ਬਸਤੀ ਕੋਲੋਂ ਲੰਘੇ। ਰਘੂਮਣੀ ਦੇ ਪੁੱਛਣ ‘ਤੇ ਕੇਤਕੀ ਨੇ ਦੱਸਿਆ ਕਿ ਇਹ ਉਨ੍ਹਾਂ ਵੀਹ ਹਜ਼ਾਰ ਆਦਿਵਾਸੀਆਂ ਦਾ ਕੈਂਪ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ-ਜੰਗਲਾਂ ‘ਚੋਂ ਜ਼ਬਰਦਸਤੀ ਚੁੱਕ ਕੇ ਇੱਥੇ ਲਿਆ ਸੁੱਟਿਆ ਗਿਆ ਹੈ। ਇਨ੍ਹਾਂ ਦੀਆਂ ਬਸਤੀਆਂ ਦੀ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੂੰ ਅਪਣੇ ਕਾਰਖਾਨੇ ਲਾਉਣ ਲਈ ਦੇ ਦਿੱਤੀ ਗਈ ਹੈ। ਪਰਚਾਰ ਇਹ ਕੀਤਾ ਗਿਆ ਕਿ ਇਨ੍ਹਾਂ ਨੂੰ ਨਕਸਲੀਆਂ, ਮਾਓਵਾਦੀਆਂ ਤੋਂ ਬਚਾਉਣ ਦੇ ਉਦੇਸ਼ ਨਾਲ ਇਸ ਸੁਰੱਖਿਅਤ ਕੈਂਪ ‘ਚ ਲਿਆ ਇਕੱਠਾ ਕੀਤਾ ਗਿਆ ਹੈ।

‘‘ਅਤੇ ਜਦ ਉਹ ਕਾਰਖਾਨੇ ਬਣ ਜਾਣਗੇ”, ਕੇਤਕੀ ਕਹਿ ਰਹੀ ਸੀ, ‘‘ਤਾਂ ਇਨ੍ਹਾਂ ਨੂੰ ਉਨ੍ਹਾਂ ‘ਚ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ।”

‘ਵਾਹ!’ ਰਘੂਮਣੀ ਉਸ ਦੀ ਗਲ ਸਮਝਦਿਆਂ ਬੋਲਿਆ, ‘‘ਇਸ  ਤਰ੍ਹਾਂ ਉਨ੍ਹਾਂ ਨੂੰ ਜ਼ਮੀਨ ਵੀ ਮਿਲ ਗਈ ਅਤੇ ਕੰਮ ਕਰਨ ਲਈ ਸਸਤੇ ਮਜ਼ਦੂਰ ਵੀ।”

ਇਕ ਬਸਤੀ ਕੋਲ ਭੀੜ ਖੜ੍ਹੀ ਵੇਖ ਕੇ ਕੇਤਕੀ ਨੇ ਟੈਕਸੀ ਰੁਕਵਾ ਲਈ। ਇੱਥੇ ਕਾਫ਼ੀ ਸਾਰੇ ਲੋਕੀਂ ਜਮਾਂ ਸਨ ਅਤੇ ਰੌਲਾ ਪੈ ਰਿਹਾ ਸੀ। ਟੈਕਸੀ ‘ਚੋਂ ਉਤਰਨ ਤੋਂ ਪਹਿਲਾਂ ਕੇਤਕੀ ਨੇ ਰਘੂਮਣੀ ਨੂੰ ਕਿਹਾ, ‘‘ਅਪਣੇ ਝੋਲੇ ‘ਚੋਂ ਕੈਮਰਾ ਕੱਢ ਲਵੋ। ਇਹ ਸਾਲਵਾ ਜੂਡਮ ਦੇ ਆਦਮੀ ਹਨ। ਇਹ ਲੋਕਾਂ ਨੂੰ ਤੰਗ ਕਰ ਰਹੇ ਹੋਣਗੇ।”

‘‘ਸਾਲਵਾ ਜੂਡਮ ਕੀ?”

‘‘ਸਾਡੀ ਛੱਤੀਸਗੜ੍ਹ ਦੀ ਸਰਕਾਰ ਨੇ ਇਕ ਪ੍ਰਾਈਵੇਟ ਆਰਮੀ ਬਣਾਈ ਹੋਈ ਹੈ, ਤਥਾਕਥਿਤ ਮਾਓਵਾਦੀਆਂ, ਅੱਤਵਾਦੀਆਂ ਨਾਲ ਲੜਨ ਲਈ। ਦਰਅਸਲ ਇਨ੍ਹਾਂ ‘ਚ ਜ਼ਿਆਦਾਤਰ ਪਿੰਡਾਂ ਅਤੇ ਸ਼ਹਿਰਾਂ ਦੇ ਗੁੰਡੇ ਬਦਮਾਸ਼ ਕਿਸਮ ਦੇ ਆਦਮੀ ਹਨ। ਇਨ੍ਹਾਂ ਦੁਆਰਾ ਸਰਕਾਰ ਐਸੇ ਗ਼ੈਰ ਕਾਨੂੰਨੀ ਅਤੇ ਗੁੰਡਾਗਰਦੀ ਦੇ ਕੰਮ ਕਰਵਾਉਂਦੀ ਹੈ, ਜੋ ਸਿੱਧੇ ਤੌਰ ‘ਤੇ ਆਪ ਨਹੀਂ ਕਰ ਸਕਦੀ।”

ਕੈਂਪ ਦੇ ਬਾਹਰ ਕਰਕੇ ਪੰਦਰਾਂ ਵੀਹ ਆਦਮੀ, ਹੱਥਾਂ ‘ਚ ਡਾਂਗਾਂ ਅਤੇ ਬੰਦੂਕਾਂ ਫੜੀ ਇਕ ਆਦਿਵਾਸੀ ਆਦਮੀ ਅਤੇ ਤੀਵੀਂ ਨੂੰ ਘੜੀਸ ਰਹੇ ਸਨ। ਆਲੇ ਦੁਆਲੇ ਆਦਿਵਾਸੀਆਂ ਦੀ ਭੀੜ ਸੀ।

‘‘ਇਹ ਕੀ ਹੋ ਰਿਹਾ ਹੈ?” ਕੇਤਕੀ ਨੇ ਟੈਕਸੀ ‘ਚੋਂ ਉਤਰਦਿਆਂ ਹੀ ਬੜੇ ਰੋਹਬ ਨਾਲ ਕੜਕਵੀਂ ਆਵਾਜ਼ ‘ਚ ਕਿਹਾ।

ਕੇਤਕੀ ਨੂੰ ਵੇਖ ਕੇ ਉਹ ਘਬਰਾ ਗਏ। ਫੇਰ ਬੋਲੇ, ‘‘ਤੁਹਾਨੂੰ ਨਹੀਂ ਪਤਾ ਇਹ ਦੋਵੇ ਬੜੇ ਖ਼ਤਰਨਾਕ ਮਾਓਵਾਦੀ ਹਨ।”

‘‘ਤੁਸੀਂ ਕੌਣ ਹੁੰਦੇ ਹੋ, ਇਨ੍ਹਾਂ ਨੂੰ ਫੜਨ ਵਾਲੇ? ਇਹ ਕੰਮ ਪੁਲੀਸ ਦਾ ਹੈ।”

‘‘ਅਸੀਂ ਵੀ ਪੁਲੀਸ ਹਾਂ।”

ਕੇਤਕੀ ਨੇ ਰਘੂਮਣੀ ਨੂੰ ਇਸ਼ਾਰਾ ਕੀਤਾ ਕਿ ਉਹ ਇਨ੍ਹਾਂ ਦੀ ਫੋਟੋ ਖਿੱਚ ਲਵੇ। ਨਾਲ ਹੀ ਇਹ ਬੋਲੀ, ‘‘ਇਹ ਦਿੱਲੀ ਤੋਂ ਆਏ ਹਨ, ਅਖ਼ਬਾਰ ਵਾਲੇ….।”

ਸੁਣ ਕੇ ਉਹ ਡਰ ਗਏ, ਪਰ ਇਨ੍ਹਾਂ ‘ਚੋਂ ਚਾਰ ਪੰਜ ਆਦਮੀ ਕੁਝ ਜ਼ਿਆਦਾ ਹੀ ਹੁਸ਼ਿਆਰ ਅਤੇ ਭੌਂਤੇ ਹੋਏ ਸਨ, ਪੁਲੀਸ ਦੇ ਖਾਸ ਬੰਦੇ। ਉਨ੍ਹਾਂ ਰਘੂਮਣੀ ਤੋਂ ਕੈਮਰਾ ਖੋਹ ਕੇ ਤੋੜ ਸੁੱਟਿਆ। ਨਾਲੇ ਉਸ ਨੂੰ ਮਾਰਿਆ ਕੁੱਟਿਆ ਵੀ। ਇਸੇ ਵਿਚਕਾਰ ਉਹ ਆਦਮੀ ਤੀਵੀਂ ਜਿਨ੍ਹਾਂ ਨੂੰ ਫੜ ਕੇ ਲਈ ਜਾ ਰਹੇ ਸਨ, ਅਵਸਰ ਪਾ ਕੇ ਭੱਜ ਗਏ।

6.

ਨਦੀਆ ਕੇ ਪਾਰ ਗਿਰਤਾ ਹੈ ਗਾਛ

ਤਬ ਬਹੁਤ ਦੁਖੀ ਹੋਤਾ ਹੈ ਮਨ

ਯੇਹ ਜਾਨ ਕਰ ਕਿ ਯੇਹ ਗਾਛ

ਅਬ ਹਮਾਰਾ ਨਹੀਂ ਰਹਾ, ਨੀਲਾਮ ਹੋ ਗਿਆ ਹੈ

ਰਾਤ ਪੈ ਗਈ ਸੀ। ਕੇਤਕੀ ਨੇ ਉੱਠ ਕੇ ਲਾਈਟ ਦਾ ਇਕ ਮੇਨ ਸਵਿੱਚ ਆਨ ਕੀਤਾ ਅਤੇ ਦੂਜਾ ਇਕ ਹੋਰ ਸਵਿੱਚ ਆਨ ਕਰਨ ‘ਤੇ ਮੇਜ਼ ਉੱਤੇ ਪਿਆ ਇਕ ਟੇਬਲ-ਲੈਂਪ ਜਗ ਪਿਆ। ਇਸ ਦੀ ਰੋਸ਼ਨੀ ਕਾਲੇ ਰੰਗ ਦੀਆਂ ਅਤੇ ਤਕਰੀਬਨ ਇਕ ਫੁੱਟ ਉੱਚੀਆਂ ਦੋ ਮੂਰਤੀਆਂ ‘ਤੇ ਪੈ ਰਹੀ ਸੀ। ਇਨ੍ਹਾਂ ‘ਚੋਂ ਇਕ ਮੂਰਤੀ ਕਿਸੇ ਆਦਿਵਾਸੀ ਜੋੜੇ ਦੀ ਸੀ ਅਤੇ ਦੂਜੀ ਕਿਸੇ ਬੁੱਢੇ ਆਦਮੀ ਦੀ।

‘‘ਲੱਗਦਾ ਹੈ ਕਿ ਮੂਰਤੀ ਕਲਾ ‘ਚ ਤੇਰੀ ਰੁਚੀ ਤਕਰੀਬਨ ਖ਼ਤਮ ਹੋ ਗਈ ਹੈ।” ਰਘੂਮਣੀ ਨੇ ਆਖਿਆ।

ਕੇਤਕੀ ਨੇ ਇਕ ਲੰਮਾ ਜਿਹਾ ਸਾਹ ਖਿੱਚਿਆ, ਕੁਝ ਪਲ ਅੱਖਾਂ ਬੰਦ ਕਰਕੇ ਬੈਠੀ ਰਹੀ। ਫੇਰ ਬੋਲੀ-

‘‘ਉਹ ਬਚਪਨ ਦੀਆਂ ਭਾਵਨਾਵਾਂ ਸਨ।”

‘‘ਤੇਰਾ ਭਾਵ ਹੈ ਕਿ ਇਹ ਮੂਰਤੀਕਾਰ, ਚਿਤਰਕਾਰ, ਸਾਰੇ ਬਚਪਨ ‘ਚ ਹੀ ਵਿਚਰਦੇ ਪਏ ਹਨ?”

‘‘ਇਸ ਬਾਰੇ ਤੁਸੀਂ ਜਾਣੋ ਜਾਂ ਉਹ ਆਪ ਜਾਨਣ! ਹਰ ਕੋਈ ਅਪਣੇ ਕੰਮ ਨੂੰ ਸ਼੍ਰੇਸਠ ਸਮਝਦਾ ਹੈ। ਪਰ ਜੇ ਮੈਨੂੰ ਪੁੱਛੋ ਤਾਂ ਪਹਿਲਾਂ ਅਵਚੇਤਨ ਪੱਧਰ ‘ਤੇ, ਫੇਰ ਸ਼ਾਂਤੀਨਿਕੇਤਨ ਤੋਂ ਸਾਰੰਗਪੁਰ ਆ ਕੇ ਪੁਰੀ ਤਰ੍ਹਾਂ ਆਭਾਸ ਹੋ ਗਿਆ ਹੈ ਕਿ ਇਹ ਸਾਰੇ ਕਲਾਕਾਰ ਕਵੀ, ਲੇਖਕ, ਚਿਤਰਕਾਰ ਐਸਕੇਪਿਸਟ ਹੁੰਦੇ ਹਨ, ਜਿਨ੍ਹਾਂ ਨੇ ਜੀਵਨ ਦੀਆਂ ਬਹੁਤ ਸਾਰੀਆਂ ਸੱਚਾਈਆਂ, ਚਿੰਤਾਵਾਂ, ਸਮੱਸਿਆਵਾਂ ਤੋਂ ਮੂੰਹ ਮੋੜ ਲਿਆ ਹੋਇਆ ਹੈ।”

‘‘ਮੈਨੂੰ ਨਹੀਂ ਪਤਾ ਕਿ ਤੇਰੇ ਮਸਤਕ ‘ਚ ਇਹ ਕੁਝ ਕਿਵੇਂ ਅਤੇ ਕਿੱਥੋਂ ਆਇਆ ਹੈ। ਪਰ ਤੇਰੇ ਵੱਲ ਵੇਖਦਿਆਂ, ਤੇਰੇ ਬਾਰੇ ਸੋਚਦਿਆਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਤੇਰੇ ਲਈ ਇਸ ਤਰ੍ਹਾਂ ਸੋਚਣਾ ਸਿਹਤਮੰਦ ਨਹੀਂ। ਤੂੰ …. ਤੂੰ ਅਪਣੀ ਆਯੂ ਤੋਂ ਬਹੁਤ ਅੱਗੇ ਦੀਆਂ ਗੱਲਾਂ ਕਰਨ ਲੱਗ ਪਈ ਏਂ….।”

ਕੇਤਕੀ ਨੇ ਅਪਣੀ ਬਾਂਹ ‘ਚ ਪਈਆਂ ਚੂੜੀਆਂ ਨੂੰ ਛੋਹਿਆ; ਅਤੇ ਹਥੇਲੀ ਖੋਲ੍ਹ ਕੇ ਉਸ ਵੱਲ ਤੱਕਦਿਆਂ ਬੋਲੀ-

‘‘ਇਹ ਵੱਡੇ ਵੱਡੇ ਕੈਨਵਸਾਂ ‘ਤੇ ਪੇਂਟਿੰਗ ਕਰਨ ਵਾਲੇ, ਪੱਥਰ ਦੇ ਬੁੱਤ ਬਨਾਉਣ ਵਾਲੇ ਕਲਾਕਾਰ ਕਵੀ ਅਤੇ ਲੇਖਕ ਬਹੁਤ ਕਰਕੇ ਅਪਣੀ ਕਾਲਪਨਿਕ ਚੇਤਨਾ ਦੀ ਅਵਸਥਾ ‘ਚ ਐਸਕੇਪ ਹੋ ਜਾਂਦੇ ਹਨ। ਰਚਨਾ ਕਰਦਿਆਂ, ਉਹ ਕਿਸੇ ਆਵੇਸ਼ ਦੇ ਪ੍ਰਭਾਵ ਥੱਲੇ ਅਪਣੇ ਆਪ ਉਤਪੰਨ ਕੀਤੀ ਹੋਈ ਖੁਮਾਰੀ ‘ਚ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਤਾੜੀਆਂ ਦੀ ਗੂੰਜ ਹੀ ਉਨ੍ਹਾਂ ਲਈ ਸਭ ਕੁਝ ਬਣ ਜਾਂਦੀ ਹੈ।” ਇਨ੍ਹਾਂ ਦੀ ਤਥਾਕਥਿਤ ਸੁਤੰਤਰ ਸੋਚ ਅਤੇ ਬੌਧਿਕਤਾ ਵਿਚ ਇਕ ਭਰਮ, ਸਵੈ ਭੁਲਾਵੇ ਤੋਂ ਵੱਧ ਕੁਝ ਨਹੀਂ-ਧਾਰਮਕ ਆਦਮੀ ਦੇ ਮਾਲਾ ਫੇਰਨ, ਕੀਰਤਨ ਕਰਨ ਅਤੇ ਸਮਾਧੀਆਂ ਲਾ ਕੇ ਬੈਠੇ ਰਹਿਣ ਵਾਲਿਆਂ ਵਾਂਗ। ਫੇਰ ਕੁਝ ਦੇਰ ਉਸ ਵੱਲ ਤਕਦੇ ਰਹਿਨ ਤੋਂ ਬਾਅਦ ਬੋਲੀ, ‘‘ਮੈਂ ਨਹੀਂ ਜਾਣਦੀ ਕਿ ਮੈਂ ਅਪਣੀ ਗੱਲ ਸਪੱਸ਼ਟ ਕਰ ਸਕੀ ਹਾਂ ਕਿ ਨਹੀਂ। ਪਰ ਮੈਂ ਸਮਝਦੀ ਹਾਂ ਕਿ ਤੁਸੀਂ….।”

‘‘ਮੈਂ ਐਨਾ ਮੰਦ-ਬੁੱਧੀ ਤਾਂ ਨਹੀਂ ਕਿ ਕੁਝ ਸਮਝ ਹੀ ਨਾ ਸਕਾਂ। ਉਂਝ ਪਿਛਲੇ ਦਿਨਾਂ ‘ਚ ਤੇਰੇ ਨਾਲ ਰਹਿੰਦਿਆਂ ਤੇਰੀ ਬਦਲੀ ਹੋਈ ਮਾਨਸਿਕਤਾ ਅਤੇ ਵਿਚਾਰਾਂ ਨੂੰ ਕੁਝ ਕੁਝ ਸਮਝਣ ਲੱਗ ਪਿਆ ਹਾਂ।”

‘‘ਬਦਲੀ ਹੋਈ ਨਹੀਂ ਬਲਕਿ ਸੁੱਤੀ ਹੋਈ, ਜਾਂ ਮੇਰੇ ਅਵਚੇਤਨ ‘ਚ ਬੈਠੀ ਹੋਈ ਮਾਨਸਿਕਤਾ।”

ਰਘੂਮਣੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੇਤਕੀ ‘ਚ ਆਏ ਇਸ ਪਰਿਵਰਤਨ ‘ਤੇ ਖੁਸ਼ ਹੋਵੇ ਜਾਂ ਦੁਖੀ। ਨਾਲ ਹੀ ਇਹ ਸੋਚਦਿਆਂ ਕਿ ਇਕ ਸੂਝਵਾਨ ਅਤੇ ਪੂਰੀ ਤਰ੍ਹਾਂ ਜਾਗਰੂਕ ਕੁੜੀ ਮੇਰੀ ਪ੍ਰੇਮਕਾ ਹੈ, ਮਨ ਵਿਚ ਅਭਿਮਾਨ ਦੀ ਭਾਵਨਾ ਉਤਪੰਨ ਹੋ ਉੱਠੀ। ਨਾਲ ਇਹ ਤੌਖਲਾ ਵੀ ਕਿ ਕਿਤੇ ਕੇਤਕੀ ਦੀਆਂ ਇਹ ਗਤੀਵਿਧੀਆਂ ਉਸ ਨੂੰ ਇਸ ਤੋਂ ਦੂਰ ਨਾ ਲੈਣ ਜਾਣ।

ਪਿਛਲੇ ਕਈ ਦਿਨਾਂ ਤੋਂ ਅਖ਼ਬਾਰਾਂ ਅਤੇ ਟੀ..ਵੀ.. ‘ਚ ਮਾਓਵਾਦੀਆਂ ਬਾਰੇ ਖ਼ਬਰਾਂ ਆ ਰਹੀਆਂ ਸਨ ਕਿ ਜੰਗਲਾਤ ਦੇ ਮਹਿਕਮੇ ਦੇ ਆਦਮੀ ਜਦ ਜੰਗਲ ‘ਚ ਗਸ਼ਤ ਲਾ ਰਹੇ ਸਨ ਤਾਂ ਮਾਉਵਾਦੀਆਂ ਨੇ ਉਨ੍ਹਾਂ ਨੂੰ ਮਾਰ ਮੁਕਾਇਆ। ਪੰਜ ਸਿਪਾਹੀ ਜਦ ਕਿਸੇ ਬਸਤੀ ‘ਚ ਤਹਿਕੀਕਾਤ ਕਰਨ ਗਏ ਤਾਂ ਉਨ੍ਹਾਂ ਨੂੰ ਘੇਰ ਕੇ ਮਾਰ ਦਿੱਤਾ ਗਿਆ। ਫਲਾਣੀ ਥਾਵੇਂ ਜੰਗਲਾਤ ਦੀ ਚੌਕੀ ਸਾੜ ਦਿੱਤੀ ਗਈ, ਇਕ ਪੁਲਿਸ ਚੌਕੀ ‘ਤੇ ਹਮਲਾ ਕਰਕੇ ਅਸਲਾ ਲੁੱਟ ਕੇ ਲੈ ਗਏ।

ਉਸ ਸ਼ਾਮੀਂ ਜਦ ਕੇਤਕੀ ਦੇ ਕੁਝ ਦੋਸਤ ਉਸ ਦੇ ਡਰਾਇੰਗ ਰੂਮ ‘ਚ ਬੈਠੇ ਇਨ੍ਹਾਂ ਖ਼ਬਰਾਂ ਬਾਰੇ ਗੱਲਾਂ ਕਰ ਰਹੇ ਸਨ ਤਾਂ ਰਘੂਮਣੀ ਵੀ ਉਨ੍ਹਾਂ ਕੋਲ ਆ ਬੈਠਾ। ਫੇਰ ਅਵਸਰ ਮਿਲਣ ‘ਤੇ ਬੋਲਿਆ-

‘‘ਪਰ ਇਨ੍ਹਾਂ ਗਰੀਬ ਸਿਪਾਹੀਆਂ ਅਤੇ ਜੰਗਲਾਤ ਦੇ ਵਰਕਰਾਂ ਨੂੰ ਮਾਰਨ ਦਾ ਕੀ ਲਾਭ?”

‘‘ਹੋਰ ਕਿਸ ਨੂੰ ਮਾਰਨ?”

‘‘ਮਾਰਨਾ ਹੈ ਤਾਂ ਉਨ੍ਹਾਂ ਨੂੰ ਮਾਰੋ ਜੋ ਹੁਕਮ ਦੇਂਦੇ ਹਨ।”

‘‘ਇਹ ਲੋਕ ਉਨ੍ਹਾਂ ਤੋਂ ਵੱਖ ਨਹੀਂ। ਇਹ ਪੁਲਿਸ ਨਹੀਂ ਲੁਟੇਰੇ ਹਨ ਲੁਟੇਰੇ। ਸਾਡੀ ਜਿਸ ਬਸਤੀ ‘ਚ ਵੜ ਜਾਣ ਉਥੋਂ ਦੀਆਂ ਕੁਕੜੀਆਂ ਵੀ ਚੁੱਕ ਕੇ ਲੈ ਜਾਂਦੇ ਹਨ ਅਤੇ ਕੁੜੀਆਂ ਵੀ।  ਨਾਲੇ ਇਹੀ ਤੇ ਉਨ੍ਹਾਂ ਦੀਆਂ ਲੱਤਾਂ ਬਾਹਾਂ ਹਨ। ਜਦੋਂ ਸਮਾਂ ਆਵੇਗਾ ਤਾਂ ਸਿਰ ਨੂੰ ਵੀ….।” ਕਹਿੰਦਿਆਂ ਕਹਿੰਦਿਆਂ ਉਹ ਜੋਸ਼ੀਲਾ ਮੁੰਡਾ ਚੁੱਪ ਹੋ ਗਿਆ। ਉਹ ਸੋਚਣ ਲੱਗਾ ਸੀ ਕਿ ਸ਼ਾਇਦ ਇਸ ਓਪਰੇ ਆਦਮੀ ਦੇ ਸਾਹਮਣੇ ਉਸ ਨੂੰ ਇਹ ਕੁਝ ਨਹੀਂ ਸੀ ਕਹਿਣਾ ਚਾਹੀਦਾ। ਕੇਤਕੀ ਇਕ ਪਾਸੇ ਬੈਠੀ ਬੜੀ ਦਿਲਚਸਪੀ ਨਾਲ ਰਘੂਮਣੀ ਵੱਲ ਵੇਖ ਰਹੀ ਸੀ।

‘‘ਅਖਬਾਰਾਂ, ਟੀ..ਵੀ.. ‘ਚ ਉਹੀ ਕੁਝ ਛਪਦਾ ਅਤੇ ਵਿਖਾਇਆ ਜਾਂਦਾ ਹੈ ਜੋ ਸਰਕਾਰ ਅਤੇ ਵੱਡੇ ਲੋਕ ਚਾਹੁੰਦੇ ਹਨ।” ਇਕ ‘ਮੰਦਾ’ ਨਾਮ ਦੀ ਪਤਲੀ ਜਹੀ ਕੁੜੀ ਕੁਝ ਉਤੇਜਿਤ ਹੋ ਕੇ ਬੋਲੀ, ‘‘ਇਹ ਕਿਉਂ ਨਹੀਂ ਲਿਖਿਆ ਅਖ਼ਬਾਰ ਵਾਲਿਆਂ ਕਿ ਜਿਸ ਚੌਕੀ ‘ਤੇ ਮਾਓਵਾਦੀਆਂ ਨੇ ਹਮਲਾ ਕੀਤਾ ਉਸ ਚੌਕੀ ‘ਚ ਦੋ ਕੁੜੀਆਂ ਨਾਲ ਬਲਾਤਕਾਰ ਕੀਤਾ ਗਿਆ ਸੀ। ਇਹੀ ਜੰਗਲਾਤ ਵਾਲੇ ਜਾ ਕੇ ਰਿਪੋਰਟ ਦਿੰਦੇ ਹਨ ਕਿ ਮਾਓਵਾਦੀ ਕਿੱਥੇ ਬੈਠ ਕੇ ਮੀਟਿੰਗ ਕਰਦੇ ਅਤੇ ਆਦਿਵਾਸੀਆਂ ਨੂੰ ਅਪਣੀ ਜ਼ਮੀਨ ਕੰਪਨੀਆਂ ਨੂੰ ਦੇਣ ਤੋਂ ਰੋਕਦੇ ਹਨ…. ਅਤੇ ਅਤੇ…. ਖ਼ੈਰ- ਤੁਸੀਂ ਨਹੀਂ ਸਮਝ ਸਕਦੇ ਇਹ ਕੁਝ….।” ਕਹਿ ਕੇ ਉਹ ਚੁੱਪ ਹੋ ਗਈ।” ਰਘੂਮਣੀ ਉਸ ਪਤਲੀ ਜਿਹੀ ਅਤੇ ਪੱਕੇ ਰੰਗ ਦੀ ਕੁੜੀ ਵੱਲ ਦੇਖਦਾ ਰਿਹਾ।

ਕਮਰੇ ‘ਚ ਕੁਝ ਦੇਰ ਸੰਜੀਦਾ ਜਹੀ ਚੁੱਪ ਪਸਰੀ ਰਹੀ। ਫੇਰ ਕੇਤਕੀ ਨੇ ਰਘੂਮਣੀ ਨੂੰ ਭਾਵਪੂਰਨ ਨਜ਼ਰਾਂ ਨਾਲ ਤੱਕਿਆ। ਰਘੂਮਣੀ ਬੋਲਣ ਲੱਗਾ : ‘‘ਮੈਂ ਨਹੀਂ ਕਹਿੰਦਾ ਕਿ ਇਹ ਲੋਕ ਗ਼ਲਤ ਹਨ। ਪਰ ਇਹ ਕੁਝ ਬੰਗਾਲ ਵਿਚ ਵੀ ਹੁੰਦਾ ਰਿਹਾ ਅਤੇ ਜਿਸ ਦੇ ਸਿੱਟੇ ਬੁਰੇ ਨਹੀਂ ਤਾਂ ਚੰਗੇ ਵੀ ਨਹੀਂ ਨਿਕਲੇ।”

‘‘ਨਕਸਾਲਵਾਦ ਦੀ ਉਸ ਲਹਿਰ ਅਤੇ ਇਸ ‘ਚ ਇਕ ਮੂਲ ਅੰਤਰ ਹੈ। ਉਹ ਲਹਿਰ ਕੁਝ ਪ੍ਰਾਪਤ ਕਰਨ ਲਈ ਸੀ-ਕਿਸੇ ਵਰਗ ਦੇ ਵਿਰੁੱਧ ਸੀ। ਇਹ ਕੇਵਲ ਲਹਿਰ ਨਹੀਂ। ਅਖ਼ਬਾਰਾਂ ਅਤੇ ਟੀ..ਵੀ.. ਵਾਲੇ ਸਾਡੇ ਇਸ ਸੰਘਰਸ਼ ਨੂੰ ਮਾਓਵਾਦ ਜਾਂ ‘ਨਕਸਲਵਾਦ’ ਦਾ ਨਾਮ ਦਿੰਦੇ ਹਨ। ਪਰ ਇਹ ਕੋਈ ਇਸ ਤਰ੍ਹਾਂ ਦਾ ਵਾਦ ਨਹੀਂ, ਖਾਲਸ ਵਿਦਰੋਹ ਹੈ। ਕੁਝ ਪ੍ਰਾਪਤ ਕਰਨ ਲਈ ਨਹੀਂ ਬਲਕਿ ਸਦੀਆਂ ਤੋਂ ਜੋ ਕੁਝ ਸਾਡੇ ਕੋਲ ਹੈ, ਉਸ ਦੇ ਖੋਹੇ ਜਾਣ ਦੇ ਵਿਰੁੱਧ ਉੱਠ ਖੜ੍ਹੇ ਹੋਏ ਹਾਂ।” ਕੇਤਕੀ ਉਤੇਜਿਤ ਹੁੰਦਿਆਂ ਬੋਲੀ।”

‘‘ਅਸੀਂ ਲੋਕ ਸਦੀਆਂ ਤੋਂ ਇਹੀ ਕੁਝ ਸਹਿੰਦੇ ਆਏ ਹਾਂ।” ਮੰਦਾ ਨੇ ਕੇਤਕੀ ਦੀ ਗੱਲ ਨੂੰ ਅੱਗੇ ਵਧਾਉਂਦਿਆਂ ਆਖਿਆ, ‘‘ਬਾਹਰਲੇ ਲੋਕ ਸਾਡੇ ਇਸ ਵਿਦਰੋਹ ਨੂੰ ਨਹੀਂ ਸਮਝ ਸਕਦੇ। ਦਰਅਸਲ ਸਾਡਾ ਇਹ ਦੇਸ਼ ਦੋ ਹਿੱਸਿਆਂ ‘ਚ ਵੰਡਿਆ ਹੋਇਆ ਹੈ। ਇਕ ਸ਼ਹਿਰਾਂ-ਪਿੰਡਾਂ ‘ਚ ਰਹਿਣ ਵਾਲੇ ਅਤੇ ਦੂਜੇ ਜੰਗਲ-ਵਾਸੀ। ਕਿਉਂਕਿ ਪਹਿਲੀ ਸ਼੍ਰੇਣੀ ਦੇ ਲੋਕ ਆਦਿਵਾਸੀਆਂ ਬਾਰੇ ਕੁਝ ਨਹੀਂ ਜਾਣਦੇ ਇਸ ਲਈ ਇਨ੍ਹਾਂ ਦਾ ਉਨ੍ਹਾਂ ਲਈ ਕੋਈ ਵਜੂਦ ਹੀ ਨਹੀਂ।”

ਫੇਰ ਕੁਝ ਦੇਰ ਤੱਕ ਰਘੂਮਣੀ ਵੱਲ ਤੱਕਣ ਤੋਂ ਬਾਅਦ ਬੋਲੀ, ‘‘ਇਸ ਲਈ ਬਾਹਰਲੇ ਲੋਕ ਇਨ੍ਹਾਂ ਦੀ ਬਦਨਸੀਬੀ ਅਤੇ ਸੰਤਾਪ ਬਾਰੇ ਵੀ ਨਹੀਂ ਜਾਣ ਸਕਦੇ।” ਮੰਦਾ ਨੂੰ ਲੱਗਿਆ ਕਿ ਕਿਤੇ ਇਹ ਕੁਝ ਕਹਿੰਦਿਆਂ ਐਵੇਂ ਅਪਣੇ ਸ਼ਬਦਾਂ ਨੂੰ ਜਾਇਆ ਤਾਂ ਨਹੀਂ ਕਰ ਰਹੀ। ਉਹ ਚੁੱਪ ਹੋ ਗਈ। ਫੇਰ ਉਸ ਦੀ ਗੱਲ ਨੂੰ ਅੱਗੇ ਵਧਾਉਂਦਿਆਂ ਕੇਤਕੀ ਨੇ ਆਖਿਆ :

‘‘ਅਸੀਂ ਕੋਈ ਨਵੀਂ ਗੱਲ ਨਹੀਂ ਕਰ ਰਹੇ। ਸਾਰਾ ਇਤਿਹਾਸ ਹੀ ਕਿਸੇ ਨਾ ਕਿਸੇ ਵਿਰੁੱਧ ਵਿਦਰੋਹ ਦਾ ਇਤਿਹਾਸ ਹੈ, ਚਾਹੇ ਉਸ ਵਿਦਰੋਹ ਦਾ ਕਾਰਨ ਕੋਈ ਧਰਮ ਹੋਵੇ, ਹਕੂਮਤ ਹੋਵੇ ਜਾਂ ਕੁਝ ਹੋਰ।”

ਕੁਸਾਲਾ ਨੂੰ ਇਕ ਟਰੇਅ ‘ਚ ਚਾਹ ਆਦਿ ਲਿਆਉਂਦਿਆਂ ਵੇਖ ਕੇ ਕੇਤਕੀ ਬੋਲੀ, ‘‘ਚਲੋ ਛੱਡੋ ਇਨ੍ਹਾਂ ਗੱਲਾਂ ਨੂੰ ਫਿਲਹਾਲ ਅਤੇ ਚਾਹ ਪੀਵੋ।”

ਕੇਤਕੀ ਅਤੇ ਮੰਦਾ ਮਿਲ ਕੇ ਕੇਤਲੀ ‘ਚੋਂ ਪਿਆਲੀਆਂ ‘ਚ ਚਾਹ ਉਲਟਾਉਣ ਲੱਗੀਆਂ। ਕੁਝ ਦੇਰ ਬਾਅਦ ਚਾਹ ਦੀ ਪਿਆਲੀ ਹੱਥ ‘ਚ ਫੜਦਿਆਂ ਰਘੂਮਣੀ ਬੋਲਿਆ-

‘‘ਬਸ ਇਕ ਆਖ਼ਰੀ ਸਵਾਲ। ਮੈਂ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਮੈਂ ਤੁਹਾਡੀ ਹਿੰਮਤ ਅਤੇ ਭਾਵਨਾਵਾਂ ਦੀ ਦਾਦ ਦੇਂਦਾ ਹਾਂ। ਪਰ ਇਕ ਗੱਲ ਵਾਰ-ਵਾਰ ਮੇਰੇ ਮਸਤਕ ‘ਚ ਆ ਕੇ ਖ਼ਲਲ ਪਾ ਰਹੀ ਹੈ-“ਕੀ ਤੁਸੀਂ ਲੋਕ ਬੰਗਾਲ ਦੇ ਨਕਸਲਵਾਦੀਆਂ ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਕੱਚੀਆਂ-ਪੱਕੀਆਂ ਲਹਿਰਾਂ ਵਾਂਗ ਅਪਣੇ ਆਪ ਨੂੰ, ਅਪਣੀ ਸ਼ਕਤੀ ਨੂੰ ਸਿਰਫ ਜ਼ਾਇਆ ਹੀ ਤੇ ਨਹੀਂ ਕਰ ਰਹੇ? ਕੀ ਇਹ ਸਭ ਕੁਝ ਤੁਹਾਡੇ ਮਨ ‘ਚ ਉਪਜੇ ਕ੍ਰੋਧ ਅਤੇ ਰੋਸ ਦਾ ਪ੍ਰਗਟਾਵਾ ਮਾਤਰ ਹੀ ਤੇ ਨਹੀਂ ਰਹਿ ਜਾਵੇਗਾ? ਅਤੇ ਕੁਝ ਸਾਲਾਂ ਬਾਅਦ ਸਭ ਕੁਝ…. ….।”

‘‘ਤੁਹਾਡੀ ਸ਼ੰਕਾ ਬਿਲਕੁਲ ਸਹੀ ਹੈ।” ਮੰਦਾ ਕਹਿਣ ਲੱਗੀ, ਅਸੀਂ ਇਸ ਬਾਰੇ ਸ਼ੁਰੂ ਤੋਂ ਹੀ ਪੂਰੀ ਤਰ੍ਹਾਂ ਜਾਗਰੂਕ ਹਾਂ। ਸਾਡੇ ਇਸ ਵਿਦਰੋਹ ਅਤੇ ਨਕਸਲਵਾਦੀ ਲਹਿਰ ਵਿਚਕਾਰ ਮੂਲ ਅੰਤਰ ਇਹ ਵੀ ਹੈ ਕਿ ਉਨ੍ਹਾਂ ਕੋਲ ਸਿਰਫ਼ ਜੋਸ਼ ਸੀ, ਬਲਿਦਾਨ ਦੀ ਭਾਵਨਾ ਸੀ, ਪਰ ਕੋਈ ਲੌਂਗ ਰੇਂਜ, ਦੂਰਦਰਸ਼ੀ ਯੋਜਨਾ ਨਹੀਂ ਸੀ। ਪਰ ਸਾਡੇ ਪਾਸ ਇਕ ਪੂਰੀ ਯੋਜਨਾ ਹੈ-ਸੌ ਸਾਲ ਤੱਕ ਲੜਦੇ ਰਹਿਣ ਦੀ ਯੋਜਨਾ। …. ਪਰ…. ਪਰ, ਉਹ ਕੁਝ ਰੁਕ ਕੇ ਅਤੇ ਚਾਹ ਦੇ ਦੋ ਘੁੱਟ ਭਰਦਿਆਂ ਬੋਲੀ, ‘‘ਹਰ ਵਿਦਰੋਹ ਲਈ ਇਹ ਜ਼ਰੂਰੀ ਨਹੀਂ ਕਿ ਉਹ ਕਾਮਯਾਬ ਹੀ ਹੋਵੇ। ਬੇਇਨਸਾਫੀ-ਜ਼ੁਲਮ ਦੇ ਵਿਰੁੱਧ ਵਿਦਰੋਹ ਦੀ ਆਵਾਜ਼ ਬੁਲੰਦ ਕਰਨਾ ਅਪਣੇ ਆਪ ਵਿਚ ਇਕ ਵਿਸ਼ੇਸ਼ ਕਰਮ ਹੈ। …. ….”

ਇਸ ਤੋਂ ਬਾਅਦ ਸੰਜੀਦਾ ਜਹੀ ਚੁੱਪ ਵਿਚਕਾਰ ਸਾਰੇ ਚਾਹ ਪੀਂਦੇ ਰਹੇ। ਫੇਰ ਕੇਤਕੀ ਨੇ ਚੁੱਪ ਨੂੰ ਤੋੜਦਿਆਂ ਆਖਿਆ।

‘‘ਜਿਥੋਂ ਤੱਕ ਮੈਨੂੰ ਯਾਦ ਹੈ ਅੱਜ ਕੁਝ ਸਾਥੀਆਂ ਨੇ ਕਵਿਤਾਵਾਂ ਸੁਣਾਉਣੀਆਂ ਸਨ। ਕੋਈ ਲਿਆਇਆ ਹੈ ਲਿਖ ਕੇ?”

ਇਕ ਕਾਲੇ ਜਹੇ ਅਤੇ ਫੀਨੇ ਨੱਕ ਵਾਲੇ ਮੁੰਡੇ ਨੇ ਝੋਲੇ ‘ਚੋਂ ਇਕ ਕਾਗਜ਼ ਕੱਢ ਕੇ ਅਤੇ ਉਸ ਦੀ ਤੈਅ ਖੋਲ੍ਹਦਿਆਂ ਆਖਿਆ, ‘‘ਮੈਂ ਲਿਆਇਆ ਹਾਂ। ਜੇ ਆਗਿਆ ਹੋਵੇ ਤਾਂ ਸੁਣਾਵਾਂ।” ਅਤੇ ਉਹ ਸੁਨਾਉਣ ਲੱਗਾ-

ਸਾਡੇ ਹਰਿਆਲੇ ਜੰਗਲ ਨੂੰ ਚੀਰਦੀ ਜਿੱਥੇ ਮੁਹਵਾ ਦੇ

ਫੁਲ ਖਿੜਦੇ ਅਤੇ

ਕੁੜੀਆਂ ਪੰਛੀਆਂ ਵਾਂਗ ਚਹਿਚਹਾਉਂਦੀਆਂ ਹਨ

ਕੋਲਤਾਰ ਦੀ ਬਦਸੂਰਤ

ਸੜਕ ਬਣ ਰਹੀ ਹੈ।

ਉਹ ਧਰਤੀ ਜੋ ਸਦੀਆਂ ਤੋਂ

ਸਾਡੀ ਜੀਵਨ ਦਾਤਾ ਸੀ

ਹੁਣ ਧੂੰਆਂ ਛਡਦੇ ਕਾਰਖਾਨੇ ਵਾਲਿਆਂ ਦੀ ਹੋ ਜਾਵੇਗੀ

ਅਤੇ ਅਸੀਂ ਬੇਘਰ ਹੋ ਕੇ

ਉਨ੍ਹਾਂ ਕਾਰਖਾਨਿਆਂ ਦੀ ਅੱਗ ‘ਚ ਸੜਦਿਆਂ

ਧੂੰਆਂ ਬਣ ਜਾਵਾਂਗੇ।

ਉਸ ਦੇ ਕੋਲ ਬੈਠਾ ਇਕ ਦੂਜਾ ਮੁੰਡਾ ਸੁਣਾਉਣ ਲੱਗਾ

ਨਦੀਆ ਕੇ ਉਸ ਪਾਰ ਬਜ ਰਹੀ ਹੈ ਬਾਂਸੁਰੀ

ਨਦੀਆ ਕੇ ਉਸ ਪਾਰ ਜਬ ਗਿਰਤਾ ਹੈ ਗਾਛ

ਤਬ ਬਹੁਤ ਦੁਖੀ ਹੋਤਾ ਹੈ ਮਨ-

ਯੇਹ ਜਾਨ ਕਰ ਕਿ ਯੇਹ ਗਾਛ

ਅਬ ਹਮਾਰਾ ਨਹੀਂ ਰਹਾ

ਨੀਲਾਮ ਹੋ ਗਿਆ ਹੈ

ਚਾਹ, ਕਵਿਤਾਵਾਂ ਅਤੇ ਗੱਲਬਾਤਾਂ ਦੇ ਦੌਰ ਤੋਂ ਬਾਅਦ ਜਦ ਰਾਤ ਕਾਫ਼ੀ ਬੀਤ ਗਈ ਤਾਂ ਕੇਤਕੀ ਨੇ ਰਘੂਮਣੀ ਨੂੰ ਕਿਹਾ ਕਿ ਉਹ ‘ਮੰਦਾ’ ਨੂੰ ਉਸ ਦੇ ਘਰ ਤੱਕ ਛੱਡ ਆਵੇ, ਚਾਹੇ ਮੰਦਾ ਕਹਿੰਦੀ ਰਹੀ ਕਿ ਉਹ ਆਪੇ ਚਲੇ ਜਾਵੇਗੀ। ਬਾਕੀ ਮੁੰਡਿਆਂ ਨੇ ਕਿਸੇ ਖਾਸ ਕੰਮ ਕਿਸੇ ਹੋਰ ਪਾਸੇ ਜਾਣਾ ਸੀ। ਮੰਦਾ ਦਾ ਘਰ ਬਹੁਤ ਦੂਰ ਨਹੀਂ ਸੀ। ਮੰਦਾ ਨੂੰ ਲੈ ਕੇ ਉਹ ਹਾਲੇ ਉਸ ਦੇ ਘਰ ਤੱਕ ਪਹੁੰਚਿਆ ਹੀ ਸੀ ਕਿ ਪੁਲਿਸ ਦੇ ਅੱਠ ਦਸ ਸਿਪਾਹੀਆਂ ਨੇ ਉਨ੍ਹਾਂ ਨੂੰ ਆਣ ਘੇਰਿਆ। ਕੁਝ ਨੇ ਮੰਦਾ ਨੂੰ ਫੜ ਲਿਆ ਅਤੇ ਕੁਝ ਨੇ ਰਘੂਮਣੀ ਨੂੰ-ਫੇਰ ਮੰਦਾ ਤੋਂ ਚਾਬੀ ਲੈ ਕੇ ਉਸ ਦੇ ਘਰ ਦੀ ਤਲਾਸ਼ੀ ਲੈਂਦਿਆਂ ਤੋੜ ਭੰਨ ਕਰਦੇ ਰਹੇ।

ਇਸ ਤੋਂ ਬਾਅਦ ਪੁਲਿਸ ਨੇ ਉਹੀ ਕੁਝ ਕੀਤਾ ਜੋ ਕੁਝ ਇਸ ਤਰ੍ਹਾਂ ਦੇ ਮੌਕਿਆਂ ‘ਤੇ ਕਰਦੀ ਆਈ ਹੈ। ਮਿਲਿਆ ਬੇਸ਼ਕ ਕੁਝ ਵੀ ਨਹੀਂ, ਪਰ ਇਲਜ਼ਾਮ ਇਹ ਲਾਇਆ ਗਿਆ ਕਿ ਉਸ ਦੇ ਘਰੋਂ ਪੰਜ ਕਿਲੋ ਆਰ ਡੀ ਐਕਸ ਬਰਾਮਦ ਹੋਈ ਹੈ। ਰਘੂਮਣੀ ‘ਤੇ ਇਹ ਇਲਜ਼ਾਮ ਕਿ ਉਹ ਬੰਗਾਲ ਦੇ ਨਾਲ ਲੱਗਦੇ ਖੇਤਰ ਝਾਰਖੰਡ ਦਾ ਖ਼ਤਰਨਾਕ ਮਾਓਵਾਦੀ ਹੈ ਅਤੇ ਰਾਜ ਕੁਮਾਰੀ ਕੇਤਕੀ ਨਾਲ ਪੁਰਾਣੀ ਜਾਣ-ਪਛਾਣ ਦਾ ਫਾਇਦਾ ਉਠਾ ਕੇ ਛੱਤੀਸਗੜ੍ਹ ਅਤੇ ਝਾਰਖੰਡ ਦੇ ਮਾਓਵਾਦੀਆਂ ਵਿਚਕਾਰ ਸੰਗਠਨ ਨੂੰ ਮਜ਼ਬੂਤ ਕਰਨ ਆਇਆ ਹੈ। ਇਹ ਵੀ ਮੁਮਕਿਨ ਹੈ ਕਿ ਕੋਈ ਖਾਸ ਅਤੇ ਖ਼ਤਰਨਾਕ ਸਾਜਿਸ਼ ਨੂੰ ਸਰਅੰਜਾਮ ਕਰਨ ਆਇਆ ਹੋਵੇ-ਪੁੱਛ ਗਿੱਛ ਜਾਰੀ ਹੈ….।

ਕੇਤਕੀ ਨੂੰ ਪੁਲਿਸ ਤੋਂ ਖ਼ਤਰਾ ਤਾਂ ਪਹਿਲਾਂ ਹੀ ਸੀ, ਪਰ ਨਾਲ ਇਹ ਵੀ ਸਮਝਦੀ ਸੀ ਕਿ ਉਸ ਦੀ ਅਪਣੀ ਤਾਈ, ਜੋ ਕੇਤਕੀ ਨੂੰ ਮਹੱਲ ‘ਚੋਂ ਕੱਢਣਾ ਚਾਹੁੰਦੀ ਸੀ, ਪੁਲਿਸ ਨੂੰ ਹੱਲਾਸ਼ੇਰੀ ਦੇ ਰਹੀ ਹੈ।

ਦੋ-ਤਿੰਨ ਦਿਨ ਦੀ ਨੱਸ-ਦੌੜ ਤੋਂ ਬਾਅਦ ਕੇਤਕੀ ਦੇ ਹਮਦਰਦ ਅਖਬਾਰ ਵਾਲਿਆਂ ਦੀ ਮਦਦ ਨਾਲ ਰਘੂਮਣੀ ਨੂੰ ਤਾਂ ਛੁਡਾ ਲਿਆ ਪਰ ਮੰਦਾ ਨੂੰ ਨਹੀਂ ਛੁਡਾ ਸਕੇ। ਉਸ ਨੂੰ ਸਾਰੰਗਪੁਰ ਤੋਂ ਕਾਫੀ ਦੂਰ ਦਾਂਤੇਵਾੜਾ ਦੀ ਸਪੈਸ਼ਲ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ।

7..

ਹਰ ਹਕੂਮਤ ਅਨੇਕਾਂ ਅਪਰਾਧਾਂ ਦਾ ਸਰੋਤ ਹੁੰਦੀ ਹੈ

ਇਸ ਲਈ ਵਿਦਰੋਹ ਪ੍ਰਮਾਤਮਾ ਵੱਲੋਂ ਜਾਇਜ਼ ਹੈ   -(ਅਲਬਰਟ ਕੈਮੋਂ)

‘‘ਆਓ ਕੇਤਕੀ ਬੇਟਾ, ਤੈਨੂੰ ਤਾਂ ਮੇਰੇ ਘਰ ਦਾ ਰਸਤਾ ਹੀ ਭੁਲ ਗਿਆ ਲਗਦਾ ਹੈ।” ਕੇਤਕੀ ਅਤੇ ਰਘੂਮਣੀ ਦੇ ਅੰਦਰ ਵੜਦਿਆਂ ਹੀ ਇਕ ਬੁੱਢੇ ਆਦਮੀ ਨੇ ਪਹਿਲਾਂ ਕੇਤਕੀ ਅਤੇ ਫੇਰ ਰਘੂਮਣੀ ਵੱਲ ਗੌਹ ਨਾਲ ਤੱਕਦਿਆਂ ਆਖਿਆ।

ਰਘੂਮਣੀ ਨੇ ਵੀ ਬੁੱਢੇ ਵੱਲ ਗੌਹ ਨਾਲ ਤੱਕਿਆ, ਉਮਰ 75-76 ਦੇ ਆਸ ਪਾਸ, ਸਿਰ ਦੇ ਵਾਲ ਬਿਲਕੁਲ ਸਫੈਦ ਜਿਸ ‘ਤੇ ਕੈਂਚੀ ਫੇਰਿਆਂ ਸ਼ਾਇਦ ਕਈ ਮਹੀਨੇ ਬੀਤ ਗਏ ਸਨ। ਪੱਕੇ ਰੰਗ ਦੇ ਚਿਹਰੇ ‘ਤੇ ਦੋ ਤਿੰਨ ਉਂਗਲ ਵਧੀ ਹੋਈ ਦਾਹੜੀ, ਅੱਖਾਂ ‘ਚ ਚਮਕ ਅਤੇ ਅੰਗਾਂ ‘ਚ ਜਵਾਨਾਂ ਵਰਗੀ ਫੁਰਤੀ-ਝੁਰੀਆਂ ਬਹੁਤ ਘੱਟ। ਜੇ ਚਿੱਟੇ ਵਾਲ-ਦਾਹੜੀ ਨਾ ਹੁੰਦੀ ਤਾਂ ਪੰਜਾਹ-ਪਚਵੰਜਾਂ ਤੋਂ ਵੱਧ ਨਹੀਂ ਸੀ ਲਗਣਾ।

ਪ੍ਰੋਫੈਸਰ ਮਹਾਂਦੇਵ ਵਲ ਆਉਂਦਿਆਂ ਕੇਤਕੀ ਨੇ ਰਘੂਮਣੀ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਕਈ ਸ਼ਾਗਿਰਦ ਅਸੰਬਲੀ ਦੇ ਮੈਂਬਰ ਅਤੇ ਮਨਿਸਟਰ ਬਣ ਗਏ ਹੋਏ ਹਨ। ਉਹ ਇਨ੍ਹਾਂ ਨੂੰ ਆ ਕੇ ਕਹਿੰਦੇ ਹਨ ਕਿ ਛੱਡੋ ਇਹ ਕੰਮ ਗੁਰੂ ਜੀ ਅਤੇ ਆ ਜਾਓ ਸਾਡੇ ਨਾਲ। ਐਜੂਕੇਸ਼ਨ ਮਨਿਸਟਰੀ ਦਵਾ ਦੇਵਾਂਗੇ। ਇਸ ਦੋ ਕਮਰੇ ਦੇ ਘਰ ਦੀ ਥਾਵੇਂ ਆਲੀਸ਼ਾਨ ਕੋਠੀ-ਕਾਰ ਦੇ ਨਾਲ ਡਰਾਈਵਰ, ਪਰ ਇਨ੍ਹਾਂ ਹੱਸ ਕੇ ਮਨ੍ਹਾ ਕਰ ਦਿੱਤਾ। ਇਹ ਮਨਿਸਟਰ ਕੁਝ ਕੁਝ ਜਾਣਦੇ ਹਨ ਇਨ੍ਹਾਂ ਦੀ ਆਦਿਵਾਸੀਆਂ, ਵਿਦਰੋਹੀਆਂ ਨਾਲ ਹਮਦਰਦੀ ਬਾਰੇ, ਪਰ ਇਨ੍ਹਾਂ ‘ਤੇ ਹੱਥ ਪਾਉਣ ਤੋਂ ਘਬਰਾਉਂਦੇ ਹਨ। ਕੋਈ ਠੋਸ ਸਬੂਤ ਵੀ ਨਹੀਂ ਹੈ ਇਨ੍ਹਾਂ ਵਿਰੁੱਧ। ਪਰ ਮੈਂ ਸਮਝਦੀ ਹਾਂ ਕਿ ਇਨ੍ਹਾਂ ਦੇ ਘਰ ਆਉਣ ਜਾਣ ਵਾਲਿਆਂ ਉੱਤੇ ਨਜ਼ਰ ਜ਼ਰੂਰ ਰੱਖੀ ਜਾ ਰਹੀ ਹੋਵੇਗੀ।

‘‘ਤੁਸੀਂ ਯਾਦ ਕੀਤਾ, ਮੈਂ ਆ ਗਈ।” ਕੇਤਕੀ ਬੋਲੀ।

‘‘ਬਿਨਾ ਯਾਦ ਕੀਤਿਆਂ ਵੀ ਯਾਦ ਕੀਤਾ ਜਾ ਸਕਦਾ ਹੈ।” ਅੱਛਾ ਤਾਂ ਇਹ ਹਨ ਤੇਰੇ ਮਹਿਮਾਨ-ਕੀ ਨਾ ਹੈ ਭਾਈ ਤੇਰਾ….?

‘‘ਜੀ ਰਘੂਮਣੀ।”

ਕਮਰੇ ‘ਚ ਫਰਸ਼ ‘ਤੇ ਚਟਾਈਆਂ ਵਿਛੀਆਂ ਹੋਈਆਂ ਅਤੇ ਇਕ ਪਾਸੇ ਲਕੜੀ ਦੇ ਤਖ਼ਤਪੋਸ਼ ‘ਤੇ ਵੀ ਚਟਾਈ ਵਿਛੀ ਹੋਈ ਸੀ।  ਕੇਤਕੀ ਨੇ ਦੱਸਿਆ ਕਿ ਇਹ ਇਕ ਤਰ੍ਹਾਂ ਉਸ ਦੇ ਗਾਈਡ, ਗੁਰੂ ਅਤੇ ਪਿਤਾ ਸਮਾਨ ਹਨ। ਜਦੋਂ 1962 ਵਿਚ ਉਨ੍ਹਾਂ ਦੇ ਮਹੱਲ ਵਾਲਾ ਘੱਲੂਘਾਰਾ ਹੋਇਆ ਤਾਂ ਇਨ੍ਹਾਂ ਦੀ ਆਯੂ ਪੰਝੀ-ਛੱਬੀ ਸਾਲ ਦੀ ਸੀ। ਇਨ੍ਹਾਂ ਨੂੰ ਵੀ ਗੋਲੀ ਲੱਗੀ, ਮੋਢੇ ‘ਚੋਂ ਹੋ ਕੇ ਲੰਘ ਗਈ, ਪਰ ਬਚ ਗਏ।

ਕੇਤਕੀ ਨਾਲ ਕੁਝ ਖ਼ਾਸ ਗੱਲਾਂ ਕਰਨ ਦੇ ਨਾਲ ਨਾਲ ਇਹ ਬੁੱਢਾ ਮਹਾਂਦੇਵ ਰਘੂਮਣੀ ਨੂੰ ਵੀ ਵੇਖਣਾ-ਪਰਖਣਾ ਚਾਹੁੰਦਾ ਸੀ-ਕਿ ਕਿਤੇ ਐਵੇਂ ਹੀ ਤੇ ਇਹ ਕੇਤਕੀ ਕਿਸੇ ਫਜ਼ੂਲ ਜਹੇ ਆਦਮੀ ਦੇ ਪ੍ਰੇਮ ਦੇ ਚੱਕਰ ‘ਚ ਫਸ ਗਈ।

ਦੀਵਾਨ ਉੱਤੇ ਬੈਠ ਕੇ ਪਾਣੀ ਦਾ ਗਲਾਸ ਪੀਂਦਿਆਂ ਰਘੂਮਣੀ ਕੰਧ ‘ਤੇ ਟੰਗੀਆਂ ਦੋ ਤਸਵੀਰਾਂ ਵੱਲ ਤੱਕਣ ਲੱਗਾ। ਉਸ ਨੂੰ ਲੱਗਿਆ ਇਕ ਤਸਵੀਰ ਕੇਤਕੀ ਦੇ ਦਾਦਾ ਦੀ ਹੈ ਅਤੇ ਦੂਸਰੀ ਕਿਸੇ ਰਾਣੀ ਦੀ ਜਿਸ ਦੇ ਹੱਥ ‘ਚ ਨੰਗੀ ਤਲਵਾਰ ਫੜੀ ਹੋਈ ਸੀ। ‘ਰਾਣੀ ਲਕਸ਼ਮੀ ਬਾਈ ਤੇ ਨਹੀਂ ਹੋ ਸਕਦੀ।’ ਰਘੂਮਣੀ ਨੇ ਮਨ ਹੀ ਮਨ ਆਖਿਆ। ਸ਼ਾਇਦ ਸਾਰੰਗਪੁਰ ਦੀ ਕੋਈ ਰਾਣੀ ਹੋਵੇ, ਬੀਤੇ ਸਮਿਆਂ ਦੀ।

‘‘ਇਹ ਗੌਂਡ ਰਾਣੀ ਦੁਰਗਾਵਤੀ ਦੀ ਤਸਵੀਰ ਹੈ।” ਰਘੂਮਣੀ ਨੂੰ ਤਸਵੀਰ ਵੱਲ ਤੱਕਦਿਆਂ ਵੇਖ ਕੇ ਮਹਾਂਦੇਵ ਬੋਲੇ। ਇਸ ਨੇ ਹਿੰਮਤ ਕੀਤੀ ਸੀ ਦਿੱਲੀ ਦੇ ਮੁਗਲ ਸਾਮਰਾਜ ਨਾਲ ਟੱਕਰ ਲੈਣ ਦੀ।”

“ਅਤੇ ਇਨ੍ਹਾਂ ਬਾਰੇ ਤਾਂ ਤੂੰ ਜਾਣ ਹੀ ਗਿਆ ਹੋਵੇਂਗਾ। ਇਹ ਕੇਤਕੀ ਦੇ ਦਾਦਾ ਰਾਜਾ ਭੂਮਿਹਰ ਦੇਵ ਹਨ। ਚਾਹੇ ਇਹ ਬਹੁਤ ਭਾਵੁਕ ਅਤੇ ਦੁਨਿਆਵੀ ਪੱਧਰ ‘ਤੇ ਕੁਝ ਬੇਸਮਝ ਸਨ, ਪਰ ਮੈਂ ਇਨ੍ਹਾਂ ਦੇ ਸਨਮੁਖ ਨਤ-ਮਸਤਕ ਹਾਂ। ਇਹ ਰਾਜਾ ਹੁੰਦਿਆਂ ਹੋਇਆਂ ਵੀ ਦਿਲ-ਦਿਮਾਗ ਤੋਂ ਆਦਿਵਾਸੀ ਸਨ। ਹੋਰ ਕਈ ਰਾਜਿਆਂ ਨੇ ਵੀ ਦਿੱਲੀ ਸਰਕਾਰ ਵਿਰੁੱਧ ਵਿਦਰੋਹ ਕੀਤਾ, ਪਰ ਉਨ੍ਹਾਂ ਦਾ ਉਹ ਵਿਦਰੋਹ ਉਨ੍ਹਾਂ ਦੇ ਅਪਣੇ ਨਿੱਜੀ ਹਿੱਤ ਦੀ ਖ਼ਾਤਰ ਜਾਂ ਧਰਮ ਦੇ ਨਾਮ ‘ਤੇ, ਪਰ ਇਨ੍ਹਾਂ ਦਾ ਵਿਦਰੋਹ ਅਪਣੇ ਆਦਿਵਾਸੀ ਲੋਕਾਂ ਲਈ ਸੀ ਅਤੇ ਦਿੱਲੀ ਦੀਆਂ ਬੰਦੂਕਾਂ ਦਾ ਮੁਕਾਬਲਾ ਕਰਨ ਲਈ ਭੂਮਿਹਰ ਦੇਵ ਕੋਲ ਕੋਈ ਫੌਜ ਨਹੀਂ ਸੀ, ਬਲਕਿ ਅਪਣੇ ਪ੍ਰਾਚੀਨ ਤੀਰ ਕਮਾਨ ਹੱਥ ‘ਚ ਫੜੀ ਭੋਲੇ ਭਾਲੇ ਆਦਿਵਾਸੀ ਹੀ ਸਨ।”

ਕਹਿ ਕੇ ਮਹਾਂਦੇਵ ਕੁਝ ਚੁੱਪ ਹੋ ਗਏ ਜਿਵੇਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਅੱਜ ਤੋਂ ਕਈ ਵਰ੍ਹੇ ਪਹਿਲਾਂ ਦੇ ਉਸ ਘੱਲੂਮਾਰੇ ਦਾ ਦ੍ਰਿਸ਼ ਸਾਕਾਰ ਹੋ ਉੱਠਿਆ ਹੋਵੇ। ਫੇਰ ਉਨ੍ਹਾਂ ਇਕ ਲੰਮਾ ਜਿਹਾ ਸਾਹ ਲਿਆ ਅਤੇ ਅਪਣੀ ਗਲ ਨੂੰ ਜਾਰੀ ਰੱਖਦਿਆਂ ਬੋਲੇ।

‘ਅਸਲੀ ਚੀਜ਼ ਇਹ ਵਿਚਾਰ, ਇਹ ਭਾਵਨਾ ਹੁੰਦੀ ਹੈ ਕਿ ਮੈਂ ਵਿਦਰੋਹ ਕਰਦਾ ਹਾਂ ਇਸ ਲਈ ਮੈਂ ‘ਹਾਂ’। ਜਾਂ ਜਿਸ ਨੂੰ ਉਲਟੇ ਤਰੀਕੇ ਨਾਲ ਕਹਿ ਲਓ, ਮੈਂ ਹਾਂ, ਇਸ ਲਈ ਵਿਦਰੋਹ ਕਰਦਾ ਹਾਂ। ਵਿਦਰੋਹ ਦੀ ਗੂੰਜਦੀ ਆਵਾਜ਼ ਗੁੱਝੇ ਢੰਗ ਨਾਲ ਬੰਦੇ ਦੇ ਮਨ ਵਿਚ ਕੁਝ ਮੂਲ ਕਦਰਾਂ-ਕੀਮਤਾਂ ਜਗਾਉਂਦੀ ਹੈ।”

‘‘ਰਘੂਮਣੀ ਨੇ ਸਵਾਲੀਆ ਨਜ਼ਰਾਂ ਨਾਲ ਮਹਾਂਦੇਵ ਵੱਲ ਤੱਕਿਆ, ਫੇਰ ਨਜ਼ਰਾਂ ਝੁਕਾ ਲਈਆਂ।”

‘‘ਹਾਂ ਬੋਲੋ ਬੇਟੇ, ਨਿਸ਼ੰਗ ਪੁੱਛੋ ਜੋ ਪੁੱਛਣਾ ਚਾਹੁੰਦੇ ਹੋ। ਅੱਜ ਮੈਂ ਵੀ ਕੁਝ ਕਹਿਣ ਦੇ ਮੂਡ ਵਿਚ ਹਾਂ।”

‘‘ਜੇ ਕੋਈ ਕਹੇ ਕਿ ਹੁਣ ਤਾਂ ਕੋਈ ਮੁਗਲਾਂ ਦੀ ਜਾਂ ਅੰਗਰੇਜ਼ਾਂ ਦੀ ਸਰਕਾਰ ਨਹੀਂ ਦਿੱਲੀ ‘ਚ, ਅਪਣੀ ਹੀ ਸਰਕਾਰ ਹੈ, ਅਪਣੇ ਹੀ ਲੋਕਾਂ ਦੀ?”

‘‘ਅਪਣੀ? ਅਪਣੇ ਹੀ ਲੋਕਾਂ ਦੀ?” ਮਹਾਂਦੇਵ ਕੁਝ ਉਤੇਜਤ ਹੋ ਕੇ ਬੋਲੇ”, ਇਹ ਦਿੱਲੀ ਸਰਕਾਰ ਹੀ ਸਦਾ ਤੋਂ ਬੁਰਾਈ, ਪਾਪ ਅਤੇ ਜੁਰਮ ਦਾ ਸਰੋਤ ਰਹੀ ਹੈ। ਇਹ ਰਿਆਸਤਾਂ ਵੀ ਅਪਣੀ ਤਾਕਤ ਅਤੇ ਪਰੇਰਨਾ ਦਿੱਲੀ ਤੋਂ ਹੀ ਹਾਸਲ ਕਰਦੀਆਂ ਹਨ; ਸਿਰਫ਼ ਮੁਗਲਾਂ, ਮੁਸਲਮਾਨਾਂ ਅਤੇ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਨਹੀਂ ਬਲਕਿ ਮਹਾਂਭਾਰਤ ਕਾਲ ਤੋਂ ਹੀ।”

ਮਹਾਂ ਭਾਰਤ ਕਾਲ ਤੋਂ? ਰਘੂਮਣੀ ਅਪਣੇ ਮਸਤਕ ‘ਤੇ ਜ਼ੋਰ ਪਾਉਂਦਿਆਂ ਕਹਿ ਉੱਠਿਆ, ‘‘ਉਦੋਂ ਤਾਂ ਦਿੱਲੀ ਦਾ ਨਾਮ ਇੰਦਰਪ੍ਰਸਤ ਸੀ ਅਤੇ ਪਾਂਡੂਆਂ ਦੀ ਰਾਜਧਾਨੀ ਸੀ।”

‘‘ਤੇ ਜਿਸ ਦੇ ਮਹਾਰਾਜਾ-ਅਧਿਰਾਜ ਸੱਤਅ-ਪੁੱਤਰ ਯੁਧਿਸ਼ਟਰ ਸਨ।” ਮਹਾਂਦੇਵ ਕੁਝ ਵਿਅੰਗ ਦੇ ਸੁਰ ‘ਚ ਬੋਲੇ, ‘‘ਉਹਨਾਂ ਦੇ ਹੁਕਮ ਨਾਲ ਹੀ ਉਨ੍ਹਾਂ ਦੇ ਭਰਾ ਅਰਜੁਨ ਅਤੇ ਦੋਸਤ ਗੁਰੂ ਕ੍ਰਿਸ਼ਨ ਨੇ ਪਾਂਡਵ ਵਣ ਨੂੰ ਸਾੜਿਆ ਅਤੇ ਜਿਸ ਕਿਸੇ ਜੰਗਲ ਵਾਸੀ ਨੇ ਉਸ ਦਾਵਾਨਲ ‘ਚੋਂ ਬਚ ਕੇ ਨਿਕਲ ਜਾਣ ਦਾ ਯਤਨ ਕੀਤਾ, ਉਨ੍ਹਾਂ ਨੂੰ ਅਪਣੇ ਤੀਰਾਂ ਦਾ ਨਿਸ਼ਾਨਾ ਬਣਾ ਦਿੱਤਾ ਤਾਂ ਕਿ ਉਹ ਅਪਣੇ ਇੰਦਰਪ੍ਰਸਤ ਦੀ ਰਾਜਧਾਨੀ ਦਾ ਖੇਤਰਫਲ ਵਧਾ ਸਕਣ, ਉਪਜ ਦੀਆਂ ਜ਼ਮੀਨਾਂ ਹਾਸਲ ਕਰ ਸਕਣ….। ਕੁਝ ਨਹੀਂ ਬਦਲਿਆ ਰਘੂਮਣੀ, ਇਨ੍ਹਾਂ ਚਾਰ ਪੰਜ ਹਜ਼ਾਰ ਸਾਲਾਂ ਦਰਮਿਆਨ ਵੀ ਕੁਝ ਨਹੀਂ ਬਦਲਿਆ।

ਫੇਰ ਰਘੂਮਣੀ ਵੱਲ ਤੱਕਦਿਆਂ ਅਤੇ ਕੁਝ ਸੋਚਦਿਆਂ ਬੋਲੇ, ‘‘ਤੁਸੀਂ ਸ਼ਾਇਦ ਬੰਗਾਲ ਤੋਂ ਹੋ?”

‘‘ਹਾਂ, ਮੇਰੇ ਪਿਤਾ ਬੰਗਾਲੀ ਸਨ ਅਤੇ ਮਾਂ ਪੰਜਾਬੀ ਸਿੱਖ।”

‘‘ਤਾਂ ਤੇ ਤੁਹਾਨੂੰ ਪਤਾ ਹੋਵੇਗਾ ਕਿ….। ਵੇਖੋ ਰਘੂਮਣੀ, ਕਿਸੇ ਦੀ ਨਾਜਾਇਜ਼ ਹਕੂਮਤ, ਨਾਜਾਇਜ਼ ਹੁਕਮਾਂ ਨੂੰ ਨਾ ਮੰਨਣਾ ਹਰ ਮਨੁੱਖ ਦਾ ਅਧਿਕਾਰ ਹੈ, ਮਨੁੱਖ ਹੋਣ ਦੇ ਨਾਤੇ ਅਤੇ ਅਪਣੀ ਹੋਂਦ ਨੂੰ ਕਾਇਮ ਰੱਖਣ ਦੇ ਨਾਤੇ ਉਹ ਵਿਦਰੋਹ ਕਰਦਾ ਹੈ ਅਤੇ ਜਦ ਕੁਝ ਬੰਗਾਲੀਆਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਤਾਂ ਉਹਨਾਂ ਨੂੰ ਸਬਕ ਸਿਖਾਉਣ ਅਤੇ ਮਾਨਸਿਕ ਪੱਧਰ ‘ਤੇ ਕਮਜ਼ੋਰ ਕਰਨ ਲਈ ਸੰਨ 1942 ‘ਚ ਕਾਲ ਪਵਾ ਦਿੱਤਾ। ਉਸ ਵੇਲੇ ਬੜੀ ਆਸਾਨੀ ਨਾਲ ਰੇਲ ਗੱਡੀਆਂ ਰਾਹੀਂ ਦੂਜੇ ਪ੍ਰਾਂਤਾਂ ਤੋਂ ਅਨਾਜ ਪੁਚਾਇਆ ਜਾ ਸਕਦਾ ਸੀ, ਪਰ ਦਿੱਲੀ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ। ਨਤੀਜੇ ਵਜੋਂ ਛਿਆਹਟ ਲੱਖ ਬੰਗਾਲੀ ਭੁੱਖ ਨਾਲ ਤੜਫਦੇ ਮਰ ਗਏ।”

‘‘ਹੂੰ!” ਉਸ ਭੁਖਮਰੀ ਬਾਰੇ ਯਾਦ ਕਰਦਿਆਂ ਰਘੂਮਣੀ ਦੇ ਮੂੰਹ ‘ਚੋਂ ਨਿਕਲਿਆ।”

‘‘ਜਲ੍ਹਿਆਂਵਾਲੇ ਬਾਗ ਵਾਲੀ ਘਟਨਾ ਬਾਰੇ ਤਾਂ ਤੈਨੂੰ ਪਤਾ ਹੀ ਹੋਵੇਗਾ।”

ਅਤੇ ਵੇਖੋ ਹੈਰਾਨੀ ਦੀ ਗੱਲ, ‘‘ਮਹਾਦੇਵ ਅਪਣੀ ਗੱਲ ਜਾਰੀ ਰੱਖਦਿਆਂ ਬੋਲੇ, “ਇਹ ਪ੍ਰਮਾਤਮਾ ਵੀ ਸਦਾ ਇਨ੍ਹਾਂ ਜ਼ਾਲਮਾਂ ਦਾ ਹਮਾਇਤੀ ਰਿਹਾ ਹੈ-ਇਸ ਨੂੰ ਸਾਡੇ ਗਰੀਬਾਂ, ਮਜ਼ਲੂਮਾਂ ਦਾ ਖ਼ਿਆਲ ਕਿਉਂ ਨਹੀਂ ਆਇਆ ਕਦੀ? ਮੈਂ ਤੇ ਕਹਾਂਗਾ ਕਿ ਜੇ ਪ੍ਰਮਾਤਮਾ ਕਿਤੇ ਉੱਪਰ ਬੈਠਾ ਇਹ ਕੁਝ ਦੇਖਦਿਆਂ ਚੁੱਪ ਹੈ ਤਾਂ ਉਸ ਨੂੰ ‘ਹੋਣ’ ਦਾ ਕੋਈ ਹੱਕ ਨਹੀਂ-ਜਾਂ ਫੇਰ ਉਹ ਹੈ ਹੀ ਨਹੀਂ ਅਤੇ ਜੇ ਹੈ ਤਾਂ ਆਮ ਬੰਦੇ ਨੂੰ ਉਸਦੀ ਲੋੜ ਨਹੀਂ। ਜ਼ੁਲਮ ਕਰਨ ਵਾਲਿਆਂ ਲਈ ਪ੍ਰਮਾਤਮਾ ਦਾ ਨਾਮ ਇਕ ਹਥਿਆਰ ਮਾਤਰ ਹੀ ਰਿਹਾ ਹੈ। ਸੰਭਵ ਹੈ ਕਿ ਮੈਂ ਕੁਝ ਗ਼ਲਤ ਕਹਿ ਰਿਹਾ ਹੋਵਾਂ, ਪਰ ਇੰਨਾ ਜ਼ਰੂਰ ਕਹਾਂਗਾ ਕਿ ਪ੍ਰਮਾਤਮਾ ਦੇ ਸੰਦਰਭ ‘ਚ ਆਖ਼ਰੀ ਗੱਲ ਕਹਿਣੀ ਹਾਲੇ ਬਾਕੀ ਹੈ….।”

ਇਹ ਕੁਝ ਕਹਿ ਕੇ ਪ੍ਰੋਫੈਸਰ ਮਹਾਂਦੇਵ ਚੁੱਪ ਹੋ ਗਏ। ਉਤੇਜਨਾ ਨਾਲ ਬੋਲਦਿਆਂ ਕੁਝ ਥੱਕ ਗਏ ਲੱਗਦੇ ਸਨ। ਉਸ ਤੋਂ ਵੀਹ ਬਾਈ ਵਰ੍ਹੇ ਛੋਟੀ ਉਸ ਦੀ ਪਤਨੀ ਇਸ ਵਾਰਤਾਲਾਪ ਵਿਚਕਾਰ ਕਦੇ ਕਦੇ ਕਮਰੇ ‘ਚ ਆਉਂਦੀ, ਕੁਝ ਦੇਰ ਰੁਕਦੀ ਜਾਂ ਚਾਹ-ਪਾਣੀ ਮੇਜ਼ ‘ਤੇ ਰੱਖ ਕੇ ਚਲੀ ਜਾਂਦੀ ਸੀ। ਇੱਥੇ ਆਉਣ ਤੋਂ ਪਹਿਲਾਂ ਹੀ ਕੇਤਕੀ ਨੇ ਰਘੂਮਣੀ ਨੂੰ ਇਸ ਬਾਰੇ ਦੱਸ ਦਿੱਤਾ ਸੀ। ਇਹ ਪ੍ਰੋਫੈਸਰ ਮਹਾਂਦੇਵ ਦੀ ਐਕਸ-ਸਟੂਡੈਂਟ, ਵਿਦਿਆਰਥੀ ਹੋਇਆ ਕਰਦੀ ਸੀ। ਇਹ ਇਨ੍ਹਾਂ ਉੱਤੇ ਐਨੀ ਸ਼ੁਦਾਈ ਹੋ ਗਈ ਕਿ ਆਖਿਆ ਕਿ ਜੇ ਵਿਆਹ ਕਰਾਉਣਾ ਅਤੇ ਰਹਿਣਾ ਹੈ ਤਾਂ ਇਨ੍ਹਾਂ ਨਾਲ ਹੀ। ਤਦ ਤੱਕ ਇਨ੍ਹਾਂ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਾ ਸੀ।

ਪ੍ਰੋਫੈਸਰ ਮਹਾਂਦੇਵ ਦਾ ਭਾਸ਼ਨ ਖ਼ਤਮ ਹੋਣ ਤੋਂ ਬਾਅਦ ਉਹ ਕੇਤਕੀ ਕੋਲ ਆ ਬੈਠੀ। ਕੇਤਕੀ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਬੋਲੀ, ‘‘ਇਨ੍ਹਾਂ ਨੂੰ ਮੈਂ ਕਈ ਵਾਰੀ ਕਿਹਾ ਹੈ ਕਿ ਐਨੀਂ ਉਤੇਜਨਾ ਇਨ੍ਹਾਂ ਦੇ ਸੁਆਸਥ ਲਈ ਠੀਕ ਨਹੀਂ, ਖਾਸ ਕਰਕੇ ਇਸ ਆਯੂ ਵਿਚ।”

‘‘ਮੈਨੂੰ ਕੁਝ ਨਹੀਂ ਹੋਇਆ ਸਾਮਾਂ। ਜਦ ਤੱਕ ਬੰਦਾ ਅਪਣੇ ਹੱਥ ਪੈਰ ਅਤੇ ਮਸਤਕ ਇਸਤੇਮਾਲ ਕਰਦਾ ਰਹੇ ਤਦ ਤੱਕ ਠੀਕ ਰਹਿੰਦਾ ਏ।”

‘‘ਹਾਂ, ਇਹ ਤੇ ਠੀਕ ਹੈ ਗੁਰੂ ਜੀ”, ਕੇਤਕੀ ਬੋਲੀ, ਪਰ ਤੁਸਾਂ ਇਹੋ ਕੁਝ ਅਪਣੇ ਦੋਸਤ, ਯਾਅਨੀ ਮੇਰੇ ਪਿਤਾ ਨੂੰ ਕਿਉਂ ਨਹੀਂ ਸਿਖਾਇਆ?”

‘‘ਸਮਝਾਇਆ, ਬਹੁਤ ਸਮਝਾਇਆ, ਪਰ ਨਾ ਤੇ ਉਸ ਨੂੰ ਅਪਣੇ ਪਿਤਾ ਭੂਮਿਹਰ ਦੇਵ ਵਰਗਾ ਦਿਮਾਗ ਮਿਲਿਆ ਅਤੇ ਨਾ ਹੀ ਸਾਹਸ। ਬਸ, ਹੌਂਸਲਾ ਹੀ ਹਾਰ ਬੈਠੇ। ਪਰ ਤੇਰੇ ਵਿੱਚ ਮੈਂ ਭੂਮਿਹਰ ਦੇਵ ਵਾਲੇ ਗੁਣ ਜ਼ਰੂਰ ਵੇਖ ਰਿਹਾ ਹਾਂ।”

ਸੁਣ ਕੇ ਕੇਤਕੀ ਨੇ ਸਿਰ ਨੀਵਾਂ ਕਰ ਲਿਆ। ਅਪਣੀ ਵਡਿਆਈ ਸੁਣ ਕੇ ਮਨ ਹੀ ਮਨ ਖੁਸ਼ ਵੀ ਸੀ। ਰਘੂਮਣੀ ਭੂਮਿਹਰ ਦੇਵ ਅਤੇ ਉਸ ਵਰਗੇ ਹੋਰ ਵਿਦਰੋਹੀਆਂ, ਕਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਬਾਰੇ ਕੁਝ ਪਲ ਬੈਠਾ ਸੋਚਦਾ ਰਿਹਾ। ਫੇਰ ਬੋਲਿਆ-

‘‘ਪਰ ਗੁਰੂ ਜੀ, ਕੀ ਲਾਭ ਹੋਇਆ ਉਨ੍ਹਾਂ ਦੀਆਂ ਕੁਰਬਾਨੀਆਂ ਦਾ? ਜੋ ਹੋ ਰਿਹਾ ਹੈ, ਉਹ ਤੇ ਤੁਸੀਂ ਵੇਖ ਹੀ ਰਹੋ ਹੋ।‘’

ਪ੍ਰੋਫੈਸਰ ਮਹਾਂਦੇਵ ਕੁਝ ਸੋਚਦਿਆਂ ਸਿਰ ਹਿਲਾਉਂਦੇ ਰਹੇ। ਫੇਰ ਬੋਲੇ, ‘‘ਵਿਦਰੋਹੀ ਦਾ ਵਿਸ਼ੇਸ਼ ਗੁਣ ਇਹ ਹੈ ਕਿ ਉਹ ਜਿਉਣ ਦੇ ਅਰਥਾਂ ਬਾਰੇ ਸੋਚਦਾ ਹੈ। ਪਸ਼ੂਆਂ ਵਾਂਗ ਸਿਰਫ਼ ਜੀਵਨ ਹੰਡਾਉਣ ਬਾਰੇ ਨਹੀਂ। ਆਤਮ ਸਨਮਾਨ ਅਤੇ ਇਨਸਾਫ਼ ਮੰਗਦਾ ਹੈ। ਜਦ ਉਸ ਨੂੰ ਇਹ ਕੁਝ ਨਹੀਂ ਮਿਲਦਾ ਤਾਂ ਸਮਝ ਲੈਂਦਾ ਹੈ ਕਿ ਇਨਸਾਫ਼ ਹਾਸਲ ਕਰਨਾ ਹੁਣ ਉਸ ਦੇ ਅਪਣੇ ਉੱਤੇ ਨਿਰਭਰ ਕਰਦਾ ਹੈ। ਉਸ ਵੇਲੇ ਉਹ ਇਹ ਵੀ ਸਮਝ ਲੈਂਦਾ ਹੈ ਕਿ ਨਾ ਤੇ ਪ੍ਰਮਾਤਮਾ ਅਤੇ ਨਾ ਕੋਈ ਹੋਰ ਉਸ ਦੀ ਸਹਾਇਤਾ ਕਰ ਸਕਦਾ ਹੈ। ਇਸੇ ਲਈ ਜ਼ਿਆਦਾਤਰ ਵਿਦਰੋਹੀ ਪ੍ਰਮਾਤਮਾ ਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਹਨ-ਮੇਰੀ ਤਰ੍ਹਾਂ। ਸਾਡੇ ਆਦਿਵਾਸੀਆਂ ਲਈ ਤਾਂ ਪ੍ਰਮਾਤਮਾ ਪਹਿਲਾਂ ਤੋਂ ਹੀ ਨਹੀਂ ਹੈ।”

ਲੱਗਦਾ ਸੀ ਕਿ ਪ੍ਰੋਫੈਸਰ ਮਹਾਂਦੇਵ ਕੇਤਕੀ ਅਤੇ ਰਘੂਮਣੀ ਦੇ ਪਰਸਪਰ ਸਬੰਧਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ। ਇਹ ਵੀ ਕਿ ਕੇਤਕੀ ਵੀ ਕਿਸੇ ਖਾਸ ਮੰਤਵ ਲਈ ਰਘੂਮਣੀ ਨੂੰ ਇੱਥੇ ਲੈ ਕੇ ਆਈ ਸੀ। ਹੁਣ ਮਹਾਂਦੇਵ ਕੇਤਕੀ ਨੂੰ ਅਤੇ ਇਕ ਤਰ੍ਹਾਂ ਰਘੂਮਣੀ ਨੂੰ ਸੁਣਾਉਂਦਿਆਂ ਹੋਇਆ ਬੋਲੇ-

ਵੇਖੋ ਕੇਤਕੀ, ਤੂੰ ਹੁਣ ਪੂਰੀ ਤਰ੍ਹਾਂ ਇਸ ਯੁੱਧ-ਭੂਮੀ ‘ਚ ਛਾਲ ਮਾਰਨ ਜਾ ਰਹੀ ਏਂ। ਛਾਲ ਮਾਰਨ ਤੋਂ ਪਹਿਲਾਂ ਇਸ ਵਾਸਤਵਿਕਤਾ ਨੂੰ ਚੰਗੀ ਤਰ੍ਹਾਂ ਸਮਝ ਲੈ ਕਿ ਵਿਦਰੋਹ ਲਈ ਹਥਿਆਰ ਚੁਕਦਿਆਂ ਹੀ ਵਿਅਕਤੀ ਮੌਤ ਨਾਲ ਜੂਝਣ ਲੱਗਦਾ ਹੈ। ਉਸ ਤੋਂ ਬਾਅਦ ਨਾ ਤੇ ਉਸ ਨੇ ਮਨ ‘ਚ ਕੋਈ ਰੁਮਾਂਟਿਕ ਫੀਲਿੰਗ ਰੱਖਣੀਆਂ ਹੁੰਦੀਆਂ ਹਨ ਅਤੇ ਨਾ ਹੀ ਕਿਸੇ ਨਾਲ ਗੂੜ੍ਹਾ ਰਿਸ਼ਤਾ।

ਸੁਣ ਕੇ ਕੇਤਕੀ ਚੁੱਪ ਰਹੀ। ਇਕ ਦੋ ਵਾਰੀ ਅੱਖ ਚੁੱਕ ਕੇ ਰਘੂਮਣੀ ਵੱਲ ਤੱਕਿਆ ਤੇ ਮੁੜ ਨਜ਼ਰਾਂ ਝੁਕਾ ਲਈਆਂ।

ਉਸੇ ਵੇਲੇ ਪ੍ਰੋਫੈਸਰ ਦੀ ਪਤਨੀ ਨੇ ਅੱਖ ਨਾਲ ਕੁਝ ਸੰਕੇਤ ਕਰਦਿਆਂ ਆਖਿਆ, ‘‘ਉਹ ਆ ਗਏ ਹਨ।”

ਪ੍ਰੋਫੈਸਰ ਉੱਠ ਕੇ ਪਿਛਲੇ ਕਮਰੇ ‘ਚ ਚਲੇ ਗਏ। ਰਘੂਮਣੀ ਨੇ ਬਾਰੀ ਥਾਣੀ ਬਾਹਰ ਵੱਲ ਤੱਕਿਆ। ਰਾਤ ਹੋ ਚੁੱਕੀ ਸੀ। ਕਮਰੇ ‘ਚ ਵੀ ਬੱਤੀ ਕਦੋਂ ਦੀ ਜਲ ਗਈ ਹੋਈ ਸੀ।

‘ਕੁਝ ਦੇਰ ਬਾਅਦ ਪ੍ਰੋਫੈਸਰ ਦੀ ਪਤਨੀ ਕੇਤਕੀ ਨੂੰ ਵੀ ਬੁਲਾ ਕੇ ਪਿਛਲੇ ਕਮਰੇ ‘ਚ ਲੈ ਗਈ। ਰਘੂਮਣੀ ਇਕੱਲਾ ਬੈਠਾ ਰਿਹਾ। ਪਿਛਲੇ ਕਮਰੇ ‘ਚੋਂ ਉਨ੍ਹਾਂ ਸਾਰਿਆਂ ਦੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਥੋੜ੍ਹੀ ਦੇਰ ਬਾਅਦ ਜਦ ਉਹ ਦੋਵੇਂ ਇਕ ਸਾਈਕਲ ਰਿਕਸ਼ਾ ‘ਚ ਬੈਠੇ ਵਾਪਸ ਜਾ ਰਹੇ ਸਨ ਤਾਂ ਕੇਤਕੀ ਬਹੁਤ ਗੰਭੀਰ ਸੀ ਜਿਵੇਂ ਬੜੀਆਂ ਡੂੰਘੀਆਂ ਸੋਚਾਂ ਵਿਚ ਹੋਵੇ। ਬਹੁਤ ਪੁੱਛਣ ‘ਤੇ ਉਹ ਅੰਗਰੇਜ਼ੀ ‘ਚ ਬੋਲੀ, ਤਾਂ ਕਿ ਰਿਕਸ਼ਾ ਚਾਲਕ ਨਾ ਸਮਝ ਸਕੇ-

‘‘ਮੇਰੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋ ਗਏ ਹਨ।”

‘‘ਤਾਂ ਫੇਰ?”

‘‘ਅਤੇ ਮੰਦਾ ਦੇ ਨਾਲ ਨਾਲ ਸਾਡੀਆਂ ਹੋਰ ਵੀ ਪੰਜ ਤੀਵੀਆਂ ਦਾਂਤੇਵਾੜਾ ਦੀ ਜੇਲ੍ਹ ‘ਚ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ। ਢਾਈ ਸੌ ਤੋਂ ਉੱਪਰ ਵਿਦਰੋਹੀ ਕੈਦ ‘ਚ ਹਨ। ਇਨ੍ਹਾਂ ‘ਚ ਤਿੰਨ ਚਾਰ ਬਹੁਤ ਇਮਪੋਰਟੈਂਟ ਕਮਾਂਡਰ ਵੀ। ਉਨ੍ਹਾਂ ਨੂੰ ਛੇਤੀ ਹੀ ਕਿਸੇ ‘ਇਨਕਾਊਂਟਰ’ ‘ਚ ਮਾਰ ਦੇਣ ਦੇ ਵਰਬਲ, ਜ਼ਬਾਨੀ ਹੁਕਮ ਉੱਪਰੋਂ ਜਾਰੀ ਹੋ ਗਏ ਹਨ……..।”

8..

ਮਾਂ ਨੇ ਕਿਹਾ ਸੀ ਕਿਸੇ ਗ਼ੈਰ ਮਰਦ ਦੇ ਕਮਰੇ ਦੀਆਂ ਦਲੀਜਾਂ ਨਹੀਂ ਟੱਪਣੀਆਂ।

ਪਹਿਲਾਂ ਉਸ ਨੂੰ ਲੱਗਿਆ ਜਿਵੇਂ ਉਹ ਸੁਫਨਾ ਵੇਖ ਰਿਹਾ ਹੋਵੇ। ਉਸ ਨੇ ਲੰਮੇ ਪਿਆਂ ਹੀ ਬੈੱਡ-ਸਵਿੱਚ ਦਬਾਇਆ। ਰੋਸ਼ਨੀ ਹੋਣ ‘ਤੇ ਵੇਖਿਆ-ਸਾਹਮਣੇ ਬੂਹੇ ਦੀਆਂ ਦਲੀਜ਼ਾਂ ‘ਚ ਕੇਤਕੀ ਹੱਥ ‘ਚ ਚਾਹ ਦਾ ਭਰਿਆ ਗਲਾਸ ਲਈ ਖੜ੍ਹੀ ਹੈ।

‘‘ਉੱਠੋ ਡੀਅਰ ਰਘੂਮਣੀ ਅਤੇ ਚਾਹ ਪੀਵੋ ਗਰਮ-ਗਰਮ।”

ਰਘੂਮਣੀ ਨੇ ਤਿਪਾਈ ‘ਤੇ ਪਈ ਘੜੀ ਚੁੱਕ ਕੇ ਟਾਇਮ ਵੇਖਿਆ।

‘‘ਐਨੀ ਸਵੇਰੇ? ਹਾਲੇ ਤਾਂ ਮਸਾਂ ਸਾਢੇ ਤਿੰਨ ਹੀ ਵੱਜੇ ਹਨ।”

‘‘ਅੱਜ ਕਿਤੇ ਛੇਤੀ ਜਾਣਾ ਹੈ।”

ਕੇਤਕੀ ਨੂੰ ਦਲੀਜ਼ਾਂ ‘ਚ ਖੜ੍ਹੇ ਵੇਖ ਕੇ ਉਸ ਨੂੰ ਸ਼ਾਂਤੀਨਿਕੇਤਨ ਦੇ ਦਿਨ ਯਾਦ ਆ ਗਏ। ਨਾਂ ‘ਤੇ ਇਸ ਨੇ ਉਦੋਂ ਹੀ ਉਸ ਦੇ ਕਮਰੇ ਦੀਆਂ ਦਲੀਜ਼ਾਂ ਟੱਪੀਆਂ ਸਨ ਅਤੇ ਨਾ ਹੀ ਅਪਣੇ ਇਸ ਘਰ ਵਿਚ। ਅੱਜ ਰਾਤੀਂ ਵੀ ਅੱਧੀ ਰਾਤ ਵੇਲੇ ਕੋਈ ਆਇਆ ਸੀ ਅਤੇ ਉਸ ਦੇ ਕੰਨਾਂ ‘ਚ ਕੁਝ ਦੇਰ ਤੱਕ ‘ਉਸ’ ਆਦਮੀ ਦੀ ਆਵਾਜ਼ ਪੈਂਦੀ ਰਹੀ ਸੀ। ਉਸ ਨੂੰ ਯਾਦ ਸੀ ਕੇਤਕੀ ਦੀ ਤਿੰਨ ਵਰ੍ਹੇ ਪਹਿਲਾਂ ਕਹੀ ਗੱਲ  ਕਿ ਉਸ ਨੂੰ ਪਿੱਛੇ ਕੋਈ ਉਡੀਕ ਰਿਹਾ ਹੈ। ਕੀ ਇਹ ਉਹੀ ਆਦਮੀ ਤੇ ਨਹੀਂ, ਇਸ ਨੂੰ ਰਾਤੀਂ ਆ ਕੇ ਚੋਰੀ ਚੋਰੀ ਮਿਲਣ ਵਾਲਾ?

ਰਘੂਮਣੀ ਨੇ ਬਿਸਤਰੇ ਤੋਂ ਉੱਤਰਦਿਆਂ ਕੁੜਤਾ ਪਾਇਆ, ਕੇਤਕੀ ਕੋਲ ਆ ਕੇ ਚਾਹ ਦਾ ਗਲਾਸ ਫੜਦਿਆਂ ਅਤੇ ਦਲੀਜਾਂ ‘ਚ ਖੜ੍ਹੇ ਵੇਖਦਿਆਂ ਬੋਲਿਆ-

‘‘ਕੀ ਇਹ ਦਲੀਜ਼ਾਂ ਕਦੇ ਨਹੀਂ ਟੱਪੇਂਗੀ?”

‘‘ਮਾਂ ਨੇ ਕਿਹਾ ਸੀ, ‘‘ਉਹ ਕੁਝ ਚੰਚਲਤਾ ਨਾਲ ਮੁਸਕਰਾਉਂਦਿਆਂ ਬੋਲੀ, ‘‘ਮਾਂ ਨੇ ਕਿਹਾ ਸੀ ਕਿ ਕਿਸੇ ਦੀਆਂ ਦਲੀਜਾਂ ਨਾ ਕਦੇ ਟੱਪਣੀਆਂ ਅਤੇ ਨਾ ਹੀ ਕਿਸੇ ਨੂੰ ਅਪਣੀਆਂ ਦਲੀਜਾਂ ਟੱਪਣ ਦਾ ਅਵਸਰ ਦੇਣਾ।”

‘‘ਗੱਲ ਦਲੀਜ਼ਾਂ ਦੀ ਹੈ ਜਾਂ ‘ਉਸ’ ਦੀ ਜੋ ਪਿੱਛੇ ਤੁਹਾਡਾ ਇੰਤਜ਼ਾਰ ਕਰਦਾ ਰਿਹਾ ਸੀ?” ਬਹੁਤ ਦਿਨਾਂ ਤੋਂ ਜੋ ਪੁੱਛਣਾ ਚਾਹੁੰਦਾ ਸੀ, ਆਖਰ ਰਘੂਮਣੀ ਦੇ ਮੂੰਹ ‘ਚੋਂ ਨਿਕਲ ਹੀ ਗਿਆ।

‘‘ਕੌਣ ਇੰਤਜ਼ਾਰ?”

‘‘ਓਹ, ਜਿਸ ਬਾਰੇ ਸ਼ਾਂਤੀਨਿਕੇਤਨ ‘ਚ ਤੂੰ ਇੱਕ ਦੋ ਵਾਰੀ ਕਿਹਾ ਸੀ।”

‘‘ਓਹ! ਉਹ ਤੇ ਮੈਂ ਐਵੇਂ ਕਹਿ ਦਿੱਤਾ ਸੀ ਤਾਂ ਕਿ ਇਕ ਰਿਸਪੈਕਟੇਬਲ, ਉਚਿਤ ਜਿਹਾ ਫ਼ਾਸਲਾ ਬਣਿਆ ਰਹੇ।” ਕੀ ਹਾਲੇ ਤੱਕ ਤੁਸੀਂ ਇੰਨਾ ਵੀ ਨਹੀਂ ਸਮਝ ਸਕੇ?”

‘‘ਓਹ!” ਰਘੂਮਣੀ ਦੇ ਦਿਲ ‘ਤੇ ਪਿਆ ਜਿਵੇਂ ਕੋਈ ਭਾਰਾ ਪੱਥਰ ਲਹਿ ਗਿਆ ਹੋਵੇ। ਫੇਰ ਬੋਲਿਆ, ‘‘ਪਰ ਪਰ ਜੇ ਮੈਨੂੰ ਇਸ ਦਾ ਪਤਾ ਹੁੰਦਾ ਤਾਂ ਮੈਂ ਬਹੁਤ ਪਹਿਲਾਂ ਤੁਹਾਡੇ ਕੋਲ ਆ ਜਾਣਾ ਸੀ।

ਸੁਣ ਕੇ ਕੇਤਕੀ ਕੁਝ ਦੇਰ ਚੁੱਪ ਰਹੀ ਅਤੇ ਰਘੂਮਣੀ ਉਸ ਦੇ ਸਾਹਮਣੇ ਖੜ੍ਹਾ ਉਸ ਵੱਲ ਗੌਹ ਨਾਲ ਤੱਕਦਿਆਂ ਚਾਹ ਪੀਂਦਾ ਰਿਹਾ।

‘‘ਤੇ ਜੇ ਕਦੇ ਨਿਖੜਣਾ ਪਿਆ।” ਕੇਤਕੀ ਕੁਝ ਗੰਭੀਰ ਲਹਿਜੇ ‘ਚ ਬੋਲੀ।

‘‘ਨਹੀਂ, ਹੁਣ ਇਹ ਨਹੀਂ ਹੋ ਸਕਦਾ। ਮੈਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗਾ।” ਰਘੂਮਣੀ ਨੇ ਭਾਵੁਕ ਹੁੰਦਿਆਂ ਆਖਿਆ।

‘‘ਸਭ ਕੁਝ ਤੇ ਬੰਦੇ ਦੇ ਆਪਣੇ ਵੱਸ ‘ਚ ਨਹੀਂ ਹੁੰਦਾ।” ਕੇਤਕੀ ਸਿਆਣਿਆਂ ਵਾਂਗ ਬੋਲੀ, ‘‘ਤੁਸੀ ਹੁਣ ਤੱਕ ਮੈਨੂੰ ਜਾਣ ਗਏ ਹੋਵੋਗੇ। ਮੇਰਾ ‘ਨੀਲਾ ਲਹੂ’ ਹੈ ਅਤੇ ਹੁਣ ਮੇਰਾ ਗੂੜ੍ਹਾ ਰਿਸ਼ਤਾ ਹੈ, ਇਸ ‘ਕਾਲੇ ਲਹੂ’ ਨਾਲ।”

‘‘ਕਾਲਾ ਲਹੂ?”

‘‘ਇਹੀ, ਮੇਰੇ ਕਾਲੇ ਜਹੇ ਆਦਿਵਾਸੀ। ਤੁਸੀਂ ਇਹ ਵੀ ਜਾਣ ਗਏ ਹੋਵੋਗੇ ਕਿ ਮੈਂ ਕਿਹੜਾ ਰਾਹ ਚੁਣ ਲਿਆ ਹੋਇਆ ਹੈ ਅਪਣੇ ਲਈ।”

‘‘ਇਹੀ ਤੇਰਾ ਸਹੀ ਰਾਹ ਹੈ ਕੇਤਕੀ।” ਰਘੂਮਣੀ ਨੇ ਆਖਿਆ। ਤੇਰਾ ਅਪਣੇ ਪੁਰਖਿਆਂ ਦੀਆਂ ਅਪੂਰਨ ਇੱਛਾਵਾਂ ਨੂੰ ਪੂਰਨ ਕਰਨ ਦਾ ਇਹੀ ਰਾਹ ਹੈ। ਇਕ ਸਾਥੀ, ਇਕ ਪ੍ਰੇਮਕਾ ਦੇ ਤੌਰ ‘ਤੇ ਤੈਨੂੰ ਹਾਸਲ ਕਰਕੇ ਮੈਂ ਅਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ।”

ਸੁਣ ਕੇ ਕੇਤਕੀ ਕੁਝ ਭਾਵੁਕ ਹੋ ਉੱਠੀ। ਉਸ ਦੇ ਪੈਰ ਦਲੀਜ਼ਾਂ ਟੱਪਣ ਲਈ ਕੁਝ ਹਿੱਲੇ। ਫੇਰ ਅਪਣੇ ਆਪ ‘ਤੇ ਕਾਬੂ ਰੱਖਦਿਆਂ ਅਤੇ ਪਿੱਛੇ ਮੁੜਦਿਆਂ ਬੋਲੀ, ‘‘ਅੱਛਾ, ਹੁਣ ਤੁਸੀਂ ਅਪਣਾ ਸਮਾਨ ਸਾਂਭ ਲਓ। ਮੈਂ ਵੀ ਤਿਆਰੀ ਕਰਨੀ ਹੈ। ਸਵੇਰੇ ਪੰਜ ਵਜੇ ਦੀ ਟ੍ਰੇਨ ਫੜਨੀ ਹੈ।”

ਸਟੇਸ਼ਨ ਜਾਣ ਲਈ ਕੇਤਕੀ ਨੇ ਟੈਕਸੀ ਦੀ ਬਜਾਏ ਸਾਈਕਲ ਰਿਕਸ਼ਾ ਮੰਗਵਾਈ। ਅਟੈਚੀ ਕੇਸ ਰਿਕਸ਼ਾ ‘ਚ ਰਖਵਾਇਆ, ਘਰ ਨੂੰ ਜੰਦਰਾ ਲਾ ਕੇ ਇਕ ਚਾਬੀ ਕੁਸਾਲਾ ਨੂੰ ਦਿੱਤੀ ਅਤੇ ਰਘੂਮਣੀ ਨਾਲ ਰਿਕਸ਼ਾ ‘ਚ ਬੈਠ ਗਈ। ਇਸ ਤੋਂ ਪਹਿਲਾਂ ਜਦੋਂ ਕੇਤਕੀ ਉਸ ਨਾਲ ਰਿਕਸ਼ਾ ‘ਚ ਬੈਠ ਕੇ ਜਾਂਦੀ ਤਾਂ ਉਸ ਤੋਂ ਥੋੜ੍ਹੀ ਜਿਹੀ ਵਿੱਥ ਰੱਖ ਕੇ ਬੈਠਦੀ ਸੀ। ਹੁਣ ਉਹ ਉਸ ਨਾਲ ਜੁੜ ਕੇ ਬੈਠ ਗਈ। ਕੋਈ ਵਾਕਫ਼ ਘਰ ਤੋਂ ਰੇਲਵੇ ਸਟੇਸ਼ਨ ਵਿਚਕਾਰ ਮਿਲਿਆ ਤਾਂ ਉਸ ਨੂੰ ਵੀ ਹੱਥ ਹਿਲਾ ਕੇ ਨਮਸਕਾਰ, ਬਾਈ ਬਾਈ ਆਖਦੀ ਰਹੀ। ਰੇਲਵੇ ਸਟੇਸ਼ਨ ‘ਤੇ ਜਾ ਕੇ ਵੀ ਟੀ-ਸਟਾਲ ‘ਤੇ ਖੜ੍ਹੇ ਹੋ ਕੇ ਚਾਹ ਪੀਂਦੇ ਰਹੇ। ਰਘੂਮਣੀ ਨੂੰ ਇੰਝ ਲੱਗਿਆ ਜਿਵੇਂ ਇਹ ਸਭ ਕੁਝ ਉਹ ਜਾਣ ਕੇ ਕਰ ਰਹੀ ਹੈ। ਕਿਉਂ ਕਰ ਰਹੀ ਹੈ? ਇਸ ਦਾ ਪਤਾ ਉਸ ਨੂੰ ਓਦੋਂ ਲੱਗਿਆ ਜਦੋਂ ਘੰਟੇ ਕੁ ਬਾਅਦ ਗੱਡੀ ਇਕ ਸਟੇਸ਼ਨ ‘ਤੇ ਜਾ ਕੇ ਰੁਕੀ।

ਗੱਡੀ ਰੁਕਦਿਆਂ ਹੀ ਕੇਤਕੀ ਨੇ ਅਪਣਾ ਸੂਟਕੇਸ ਚੁੱਕਿਆ ਅਤੇ ਚੁੱਪ ਕਰਕੇ ਸਵੇਰ ਦੇ ਘੁਸਮੁਸੇ ‘ਚ ਉਸ ਸਟੇਸ਼ਨ ‘ਤੇ ਉਤਰ ਗਈ। ਉਤਰਦਿਆਂ ਬੋਲੀ, ‘‘ਚੰਗਾ, ਤੁਸੀਂ ਜਾਓ ਅਪਣੇ ਕਲਕਤੇ। ਮੈ ਤੁਹਾਨੂੰ ਖ਼ਤ ਲਿਖਦੀ ਰਹਾਂਗੀ।”

‘‘ਨਹੀਂ!” ਉਸ ਦੇ ਅੰਦਰੋਂ ਇਕ ਚੀਕ ਜਹੀ ਉੱਠੀ ਅਤੇ ਗੱਡੀ ਚੱਲਣ ਤੋਂ ਇਕ ਸਕਿੰਟ ਪਹਿਲਾਂ ਉਹ ਵੀ ਛਾਲ ਮਾਰ ਕੇ ਉੱਤਰ ਗਿਆ।

ਸਟੇਸ਼ਨ ਦੇ ਬਾਹਰ ਛੱਤ ਵਾਲੀ ਇਕ ਜੀਪ ਖੜ੍ਹੀ ਸੀ। ਜੀਪ ‘ਚ ਤਿੰਨ ਕੁ ਹਥਿਆਰਬੰਦ ਆਦਮੀ ਬੈਠੇ ਸਨ। ਰਘੂਮਣੀ ਸਮਝ ਗਿਆ ਕਿ ਇਹ ਸਭ ਕੁਝ ਪੂਰਵ-ਨਿਸ਼ਚਿਤ ਯੋਜਨਾ ਅਨੁਸਾਰ ਹੋਇਆ ਹੈ। ਕੇਤਕੀ ਬੜੀ ਫੁਰਤੀ ਨਾਲ ਜੀਪ ਦੀ ਪਿਛਲੀ ਸੀਟ ‘ਤੇ ਬੈਠ ਗਈ। ਰਘੂਮਣੀ ਵੀ ਬੈਠਣ ਲੱਗਾ ਤਾਂ ਇਕ ਸੁੱਕੇ ਜਿਹੇ ਬੰਦੂਕਧਾਰੀ ਆਦਮੀ ਨੇ ਉਸ ਨੂੰ ਹਲਕਾ ਜਿਹਾ ਧੱਕਾ ਦੇ ਕੇ ਪਿੱਛੇ ਹਟਾ ਦਿੱਤਾ। ਜੀਪ ਤੁਰ ਪਈ ਅਤੇ ਜੀਪ ਦੇ ਚੱਲਣ ਨਾਲ ਉੱਡਦੀ ਧੂੜ ‘ਚ ਰਘੂਮਣੀ ਅਪਣਾ ਪਿੱਠੂ ਜਿਹਾ ਫੜੀ ਖੜ੍ਹਾ ਰਿਹਾ। ਉਸ ਨੂੰ ਲੱਗਿਆ ਜਿਵੇਂ ਉਸ ਨੂੰ ਚੱਕਰ ਆ ਰਹੇ ਹੋਣ ਅਤੇ ਉਹ ਡਿੱਗ ਪਵੇਗਾ।

ਫੇਰ ਉਸ ਵੇਖਿਆ ਕਿ ਜੀਪ ਰੁਕੀ ਹੈ ਅਤੇ ਘੂੰ ਘੂੰ ਕਰਦੀ ਪਿੱਛੇ ਵੱਲ ਆ ਰਹੀ ਹੈ। ਜੀਪ ਉਸ ਦੇ ਬਿਲਕੁਲ ਕੋਲ ਆ ਜਾਣ ‘ਤੇ ਕੇਤਕੀ ਦਾ ਹੱਥ ਜੀਪ ਦੇ ਬਾਹਰ ਨਿਕਲਿਆ ਅਤੇ ਰਘੂਮਣੀ ਦਾ ਹੱਥ ਖਿੱਚ ਕੇ ਜੀਪ ‘ਚ ਬਿਠਾ ਲਿਆ।

9..

ਜੀਵਨ ਇਕ ਮਾਰਗਹੀਣ ਭੂਮੀ ਹੈ-ਵਿਚਾਰ ਅਤੇ ਅਨੁਭਵ ਦੀ ਪਹੁੰਚ ਤੋਂ ਪਰ੍ਹੇ।

ਰਘੂਮਣੀ ਦੇ ਕੇਤਕੀ ਨਾਲ ਜੀਪ ‘ਚ ਬੈਠ ਕੇ ਚਲੇ ਜਾਣ ਤੋਂ ਤਕਰੀਬਨ ਇਕ ਮਹੀਨੇ ਬਾਅਦ ਮੈਨੂੰ ਉਸ ਦਾ ਖ਼ਤ ਮਿਲਿਆ। ਖ਼ਤ ਉੱਤੇ ਮਿਤੀ ਜਾਂ ਸਥਾਨ ਕੋਈ ਨਹੀਂ ਸੀ ਲਿਖਿਆ ਹੋਇਆ। ਅਗਲੀਆਂ ਘਟਨਾਵਾਂ ਬਾਰੇ ਜੇ ਮੈਂ ਅਪਣੇ ਵਲੋਂ ਕੁਝ ਨਾ ਲਿਖ ਕੇ ਉਸ ਦੇ ਖ਼ਤ ਦੀ ਹੀ ਇੱਥੇ ਨਕਲ ਕਰ ਦੇਵਾਂ ਤਾਂ ਚੰਗਾ ਰਹੇਗਾ। ਉਸ ਨੇ ‘ਮੈਂ ਇੱਥੇ ਮੌਜ ਵਿਚ ਹਾਂ….’ ਆਦਿ ਲਿਖਣ ਤੋਂ ਬਾਅਦ ਲਿਖਿਆ ਸੀ –

ਪਿਆਰ ਅਤੇ ਯੁੱਧ ਦੇ ਵਿਪਰੀਤ ਅਰਥਾਂ ਦੇ ਬਾਵਜੂਦ ਕੁਝ ਮਹੱਤਵਪੂਰਨ ਸਮਾਨਤਾਵਾਂ ਹਨ। ਦੋਹਾਂ ‘ਚ ਜਜ਼ਬਾ, ਭਾਵਨਾਵਾਂ ਅਤੇ ਮਨੁੱਖ ਦੀ ਊਰਜਾ ਚਰਮ ਸੀਮਾ ‘ਤੇ ਹੁੰਦੀ ਹੈ, ਜਿਵੇਂ ਜੀਵਨ ਦਾ ਸਾਰਾ ਰਸ, ਸਾਰਾ ਤੱਤ ਉਨ੍ਹਾਂ ਪਲਾਂ ‘ਚ ਸਮਾ ਗਿਆ ਹੋਵੇ। ਸਮਾਧੀ ਕੀ ਹੁੰਦੀ ਹੈ? ਅਪਣੇ ਆਪ ਨੂੰ ਦੁਨੀਆ ਦੀ ਹਰ ਚੀਜ਼ ਤੋਂ, ਹਰ ਕਿਰਿਆ ਅਤੇ ਸੋਚ-ਵਿਚਾਰ ਤੋਂ ਵੱਖਰਾ ਕਰ ਲੈਣਾ। ਪ੍ਰੇਮ, ਯੁੱਧ ਅਤੇ ਵਿਦਰੋਹ ‘ਚ ਵੀ ਆਦਮੀ ਇਸ ਅਵਸਥਾ ‘ਚ ਪਹੁੰਚ ਜਾਂਦਾ ਹੈ। ਪਰ ਇਹ ਕੁਝ ਬਾਅਦ ‘ਚ। ਪਹਿਲਾਂ ਮੈਂ ਉਸ ਪਲ ਤੋਂ ਸ਼ੁਰੂ ਕਰਦਾ ਹਾਂ, ਜਦੋਂ ਟ੍ਰੇਨ ਇਕ ਛੋਟੇ ਜਿਹੇ ਸਟੇਸ਼ਨ ‘ਤੇ ਰੁਕੀ ਅਤੇ ਜੀਪ ਸਾਨੂੰ ਲੈ ਕੇ ਕਿਸੇ ਅਗਿਆਤ ਸਥਾਨ ਵੱਲ ਤੁਰੀ। ਇਹ ਤਾਂ ਸਮਝ ਹੀ ਲਿਆ ਹੋਵੇਗਾ ਕਿ ਸਿਵਾਏ ਮੈਨੂੰ ਨਾਲ ਲੈ ਕੇ ਜਾਣ ਦੇ ਬਾਕੀ ਸਭ ਪੂਰਵ-ਨਿਸ਼ਚਿਤ ਸੀ, ਪ੍ਰੀ-ਪਲੈਂਡ। ਕੇਤਕੀ ਦਾ ਕਲਕੱਤੇ ਦੀ ਟਿਕਟ ਲੈਣਾ, ਘਰੋਂ ਨਿਕਲਦਿਆਂ ਪੰਡਤ ਨੂੰ ਵੀ ਇਹੀ ਕਹਿਣਾ ਤਾਂ ਕਿ ਲੋਕੀ ਅਤੇ ਪੁਲੀਸ ਇਹੀ ਸਮਝਣ ਕਿ ਕੇਤਕੀ ਅਪਣੇ ‘ਪ੍ਰੇਮੀ’ ਨਾਲ ਕਲਕੱਤੇ ਭੱਜ ਗਈ ਹੈ ਤਾਂਕਿ ਪੁਲਿਸ ਬਹੁਤੀ ਖੋਜ ਪੜਤਾਲ ਨਾ ਕਰੇ।

ਦੋ ਕੁ ਘੰਟੇ ਦੀ ਡਰਾਈਵ ਤੋਂ ਬਾਅਦ ਜੀਪ ਸਾਨੂੰ ਜੰਗਲ ਵਿਚਕਾਰ ਆਦਿਵਾਸੀਆਂ ਦੀ ਇਕ ਬਸਤੀ ‘ਚ ਛੱਡ ਗਈ। ਸਾਰਾ ਦਿਨ ਅਸੀਂ ਝੌਂਪੜੀ ‘ਚ ਹੀ ਬੈਠੇ ਰਹੇ। ਘੁਸ-ਮੁਸਾ ਹੁੰਦਿਆਂ ਹੀ ਕੇਤਕੀ ਨੇ ਮੈਨੂੰ ਕਿਹਾ- ‘ਚੱਲ ਉੱਠ ਚਲੀਏ।’ ਝੌਂਪੜੀ ‘ਚ ਬੈਠੇ ਇਕ ਆਦਮੀ ਨੇ ਨਾਲ ਚੱਲਣਾ ਚਾਹਿਆ।

‘‘ਜੰਗਲੀ ਰਸਤਾ ਹੈ ਅਤੇ ਕਈ ਥਾਵੇਂ ਪਗਡੰਡੀ ਜੰਗਲ ‘ਚ ਗੁੰਮ ਹੋ ਜਾਂਦੀ ਹੈ।”

‘‘ਤੈਨੂੰ ਇਸ ਜੰਗਲ ‘ਚ ਰਹਿੰਦਿਆਂ ਜ਼ਿਆਦਾ ਤੋਂ ਜ਼ਿਆਦਾ ਅਠਾਈ ਤੀਹ ਸਾਲ ਹੋਏ ਹੋਣੇ, ਸਾਨੂੰ ਇਸ ਪਗਡੰਡੀ ‘ਤੇ ਤੁਰਦਿਆਂ ਸਦੀਆਂ ਬੀਤ ਗਈਆਂ।” ਉਸ ਨੇ ਉੱਤਰ ਦਿੱਤਾ। ਇਸ ਦਾ ਅਸਲੀ ਅਰਥ ਮੈਨੂੰ ਅੱਗੇ ਚੱਲ ਕੇ ਪਤਾ ਲੱਗਿਆ।

ਮੈਂ ਅਪਣਾ ਝੋਲਾ ਮੋਢੇ ਨਾਲ ਲਮਕਾਇਆ, ਕੇਤਕੀ ਨੇ ਅਪਣਾ ਬੈਗ ਚੁੱਕਿਆ ਅਤੇ ਅਸੀਂ ਸਾਲ, ਕੈਲ ਅਤੇ ਮਹੂਆ ਦੇ ਰੁੱਖਾਂ ‘ਚੋਂ ਹੁੰਦੇ ਹੋਏ ਪਗਡੰਡੀ ‘ਤੇ ਤੁਰਨ ਲੱਗੇ। ਜੰਗਲ ਦੇ ਪੱਤਿਆਂ, ਮਿੱਟੀ ਦੀ ਖੁਸ਼ਬੋ ਅਤੇ ਮੇਰੇ ਅੰਦਰੋਂ ਉੱਠਦੀ ਸੁਗੰਧ ਨਾਲ ਮੇਰਾ ਅੰਤਰ ਮਨ ਸਰਸ਼ਾਰ ਹੋ ਉੱਠਿਆ। ਮੈਨੂੰ ਲੱਗਿਆ ਜਿਵੇਂ ਮੈਂ ਅਪਣੇ ਜੀਵਨ ਦੀ ਵਾਸਤਵ ਯਾਤਰਾ ‘ਤੇ ਨਿਕਲ ਆਇਆ ਹੋਵਾਂ। ਕੇਤਕੀ ਨੇ ਅਪਣੇ ਖੱਬੇ ਹੱਥ ਨਾਲ ਮੇਰਾ ਹੱਥ ਫੜਿਆ ਹੋਇਆ ਸੀ। ਸੁੱਕੇ ਪੱਤਿਆਂ ਉੱਤੇ ਪੈਂਦੇ ਸਾਡੇ ਪੈਰਾਂ ਕਾਰਨ ਹਲਕੀ-ਹਲਕੀ ਚੁਰ-ਮੁਰ, ਕਿਸੇ ਸੁੱਕੇ ਪੱਤੇ ਦਾ ਰੁੱਖ ਦੀ ਟਾਹਣੀ ਤੋਂ ਟੁੱਟ ਕੇ ਹੌਲੀ-ਹੌਲੀ ਝੁਮਦਿਆਂ ਥੱਲੇ ਡਿੱਗਣਾ, ਘੁਸਮੁਸੇ ਤੋਂ ਬਾਅਦ ਰੁੱਖਾਂ ‘ਚੋਂ ਛਣ ਕੇ ਆ ਰਹੀ ਅਰਧ-ਚੰਨ ਦੀ ਚਾਨਣੀ ਅਤੇ ਕੇਤਕੀ ਦੇ ਸਾਥ ‘ਚ ਮੈਨੂੰ ਇੰਝ ਭਾਸਣ ਲੱਗਾ ਜਿਵੇਂ ਮੈਂ ਇਕ ਸਥੂਲ ਸਰੀਰ ਨਾ ਹੋ ਕੇ ਕੇਵਲ ਆਤਮਾ, ਜਾਂ ਕੁਝ ਹੋਰ ਹੀ ਹੋ ਗਿਆ ਹੋਵਾਂ। ਕੇਤਕੀ ਦੀ ਅਵਸਥਾ ਵੀ ਸ਼ਾਇਦ ਮੇਰੇ ਤੋਂ ਵੱਖਰੀ ਨਹੀਂ ਸੀ। ਇਸੇ ਵਜਦ ਜਹੇ ‘ਚ ਅਸੀਂ ਚੁੱਪ ਚਾਪ ਤੁਰਦੇ ਰਹੇ। ਇਸ ਵਜਦ ‘ਚ ਇਕ ਐਸਾ ਵਾਰਤਾਲਾਪ ਜੋ ਅਸ਼ਬਦ ਸੀ, ਫੇਰ ਵੀ ਸੁਣਾਈ ਦੇ ਰਿਹਾ ਸੀ। ਜੀ ਕਰ ਰਿਹਾ ਸੀ  ਕਿ ਇਸੇ ਤਰ੍ਹਾਂ ਕੇਤਕੀ ਨਾਲ ਤੁਰਦਾ ਜਾਵਾਂ, ਤੁਰਦਾ ਜਾਵਾਂ, ਸਾਰੀ ਉਮਰ ਅਤੇ ਇਸ ਜੰਗਲੀ ਪਗਡੰਡੀ ਦਾ ਸਫ਼ਰ ਕਦੀ ਖ਼ਤਮ ਨਾ ਹੋਵੇ।

ਪਤਾ ਨਹੀਂ ਕਿੰਨੀ ਦੇਰ ਤੱਕ ਤੁਰਦੇ ਰਹੇ ਇਸੇ ਤਰ੍ਹਾਂ। ਸ਼ਾਇਦ ਦੋ-ਤਿੰਨ ਜਾਂ ਚਾਰ ਘੰਟੇ। ਫੇਰ ਇਕ ਕੁ ਘੰਟੇ ਦੀ ਚੜ੍ਹਾਈ ਚੜ੍ਹ ਕੇ ਐਸੇ ਸਥਾਨ ‘ਤੇ ਆ ਪਹੁੰਚੇ ਜੋ ਕਾਫ਼ੀ ਉੱਚਾ ਲੱਗ ਰਿਹਾ ਸੀ। ਕੇਤਕੀ ਨੇ ਮੇਰਾ ਫੜਿਆ ਹੱਥ ਛੱਡ ਦਿੱਤਾ ਅਤੇ ਗੌਹ ਨਾਲ ਅਪਣੇ ਸੱਜੇ ਪਾਸੇ ਵੱਲ ਤੱਕਣ ਲੱਗੀ। ਕੁਝ ਦੇਰ ਬਾਅਦ ਉਹ ਬੋਲੀ – ‘‘ਤੁਹਾਨੂੰ ਪਤਾ ਹੈ ਅਸੀਂ ਕਿੱਥੇ ਖੜ੍ਹੇ ਹਾਂ?” ਇਹ ਮੇਰੇ ਪੁਰਖਿਆਂ ਦਾ ਇਕ ਪ੍ਰਾਚੀਨ ਪਵਿੱਤਰ ਸਥਾਨ ਹੈ। ਇਸ ਸਥਾਨ ਨੂੰ ਮੈਂ ਮੰਦਰ ਕਹਿ ਕੇ ਇਸ ਦੀ ਬੇਅਦਬੀ ਨਹੀਂ ਕਰਨਾ ਚਾਹੁੰਦੀ। ਪੂਜਾ ਘਰ ਕਹਿਣਾ ਜ਼ਿਆਦਾ ਬਿਹਤਰ ਹੋਵੇਗਾ।”

‘‘ਕਦੋਂ ਤੋਂ?” ਮੈਂ ਪੁੱਛਿਆ।

‘‘ਸ਼ਾਇਦ ਦੋ-ਤਿੰਨ ਹਜ਼ਾਰ ਸਾਲ ਤੋਂ।”

‘‘ਅਤੇ ਹੁਣ?”

‘‘ਕਈ ਵਰ੍ਹੇ ਪਹਿਲਾਂ ਅਸੀਂ ਅਪਣੇ ਦੇਵਤਾ ਨੂੰ ਥੱਲੇ ਲੈ ਗਏ ਹੋਏ ਹਾਂ। ਮੇਰੇ ਘਰ ਅਤੇ ਮਹੱਲ ਦੇ ਮੁੱਖ ਦਵਾਰ ਵਿਚਕਾਰ ਤੁਸਾਂ ਜੋ ਮੰਦਰ ਜਿਹਾ ਵੇਖਿਆ ਹੋਵੇਗਾ, ਓਥੇ।” ਮੈਨੂੰ ਵੀ ਕਈ ਵਰ੍ਹੇ ਬੀਤ ਗਏ ਇੱਥੇ ਆਇਆਂ।”

ਮੈਂ ਵੇਖਿਆ, ਪਹਿਲਾਂ ਜ਼ਰੂਰ ਇੱਥੇ ਕੋਈ ਪੂਜਾ ਘਰ-ਮੰਦਰ ਵਰਗੀ ਚੀਜ਼ ਹੁੰਦੀ ਹੋਵੇਗੀ। ਹੁਣ ਚੰਨ ਦੀ ਚਾਨਣੀ ‘ਚ ਰੁੱਖਾਂ-ਝਾੜੀਆਂ ‘ਚੋਂ ਝਾਕਦੀਆਂ ਪੱਥਰ ਦੀਆਂ ਦੋ-ਤਿੰਨ ਟੁੱਟੀਆਂ ਕੰਧਾਂ ਦਿਸ ਰਹੀਆਂ ਸਨ। ਅਸੀਂ ਅਪਣੇ ਝੋਲੇ-ਬੈਗ ਇਕ ਪਾਸੇ ਰੱਖ ਦਿੱਤੇ ਹੋਏ ਸਨ। ਰਸਤੇ ਵਿਚ ਵੀ ਮੈਂ ਕਦੀ-ਕਦੀ ਉਸ ਦਾ ਬੈਗ ਫੜ ਲੈਂਦਾ ਸੀ ਜੋ ਬਹੁਤਾ ਭਾਰੀ ਨਹੀਂ ਸੀ।

‘ਆਓ।” ਕਹਿ ਕੇ ਉਹ ਇਕ ਪਾਸੇ ਤੁਰ ਪਈ। ਝਾੜੀਆਂ ਨੂੰ ਹੱਥਾਂ ਨਾਲ ਪਰੇ ਹਟਾਉਂਦਿਆਂ ਰਸਤਾ ਬਣਾਉਂਦਿਆਂ ਅਸੀਂ ਇਕ ਖੁੱਲ੍ਹੀ ਜਹੀ ਥਾਵੇਂ ਪਹੁੰਚ ਗਏ ਜਿਸ ਵਿਚਕਾਰ ਇਕ ਪੰਜ-ਛੇ ਕੁ ਫੁੱਟ ਲੰਮੀ ਅਤੇ ਚਾਰ ਫੁੱਟ ਚੌੜੀ ਪੱਥਰ ਦੀ ਸਿਲ ਪਈ ਹੋਈ ਸੀ।

ਫੇਰ ਉਹ ਚੁੱਪ-ਚਾਪ ਉਸ ਸਿੱਲ ਉੱਤੇ ਜਾ ਖੜ੍ਹੀ ਹੋਈ। ਉਸ ਦੇ ਬੁੱਲ੍ਹਾਂ ‘ਤੇ ਰਹੱਸਮਈ ਮੁਸਕਾਨ ਅਤੇ ਅੱਖਾਂ ਅੱਧੀਆਂ ਕੁ ਬੰਦ ਸਨ, ਅੰਦਰੋਂ ਉੱਠਦੀ ਕਿਸੇ ਅਗਿਆਤ ਪ੍ਰੇਰਣਾ ਅਤੇ ਮਸਤੀ ਕਾਰਨ। ਪਹਿਲਾਂ ਉਸ ਨੇ ਅਪਣੇ ਪੈਰਾਂ ‘ਚ ਪਾਏ ਜੰਗਲਾਂ ‘ਚ ਤੁਰਨ ਵਾਲੇ ਬੂਟ ਉਤਾਰੇ, ਅਪਣੀ ਚੋਲੀ ਦੇ ਬਟਨ ਖੋਲ੍ਹ ਕੇ ਇਕ ਪਾਸੇ ਸੁੱਟਿਆ, ਫੇਰ ਹੌਲੀ-ਹੌਲੀ ਅਪਣੀ ਨੀਲੇ ਰੰਗ ਦੀ ਸਾੜ੍ਹੀ ਉਤਾਰ ਕੇ ਇਕ ਪੱਲਾ ਅਪਣੇ ਮੋਢਿਆਂ ‘ਤੇ ਪਾਇਆ ਅਤੇ ਬਾਕੀ ਦਾ ਹਿੱਸਾ ਉਸ ਦੇ ਸਰੀਰ ਦੀਆਂ ਗੋਲਾਈਆਂ ਤੋਂ ਹੁੰਦਾ ਹੋਇਆ ਉਸ ਦੇ ਪੈਰਾਂ ‘ਚ ਗੁੱਛਾ ਮੁੱਛਾ ਹੋ ਗਿਆ। ਅਰਧ-ਚੰਨ ਦੀ ਮੱਧਮ ਜਹੀ ਚਾਨਣੀ ਵਿਚ ਉਸ ਦਾ ਸੁਨਹਿਰੀ ਭਾ ਮਾਰਦਾ ਸਰੀਰ ਬਰੀਕ ਸਾੜ੍ਹੀ ਦੇ ਪੱਲੇ ਥੱਲਿਓਂ ਝਾਕਦਾ ਪ੍ਰਤੀਤ ਹੋ ਰਿਹਾ ਸੀ।

ਵੇਖ ਕੇ ਮੇਰਾ ਵੀ ਸਾਹ ਜਿਵੇਂ ਰੁਕ ਗਿਆ ਹੋਵੇ। ਇਸ ਤੋਂ ਪਹਿਲਾਂ ਮੈਂ ਕਿਸੇ ਨਗਨ ਜਵਾਨ ਔਰਤ ਨੂੰ ਨਹੀਂ ਸੀ ਵੇਖਿਆ, ਸਿਵਾਏ ਚਿੱਤਰਕਾਰਾਂ ਦੁਆਰਾ ਬਣਾਏ ਗਏ ਚਿੱਤਰਾਂ ਦੇ। ਨਾ ਹੀ ਮੈਂ ਅਪਣੀ ਕਲਪਨਾ ‘ਚ ਕੇਤਕੀ ਨੂੰ ਕਦੀ ਇਸ ਰੂਪ ‘ਚ ਤੱਕਿਆ ਸੀ। ਮੈਨੂੰ ਇਹ ਕਿਸੇ ਅਸਮਾਨੋਂ ਉੱਤਰੀ ਉਰਵਸ਼ੀ, ਖਜੂਰਾਹੋ ਦੀ ਕਿਸੇ ਮੂਰਤੀ ਵਾਂਗ ਦਿਸ ਰਹੀ ਸੀ ਅਤੇ ਸੱਚ ਪੁੱਛੇਂ ਤਾਂ ਮੈਂ ਅਪਣੇ ਅੰਦਰ ਕਿਸੇ ਉਤੇਜਨਾ ਦੀ ਬਜਾਏ ਵਿਸਮਿਤ ਭਰੀਆਂ ਅੱਖਾਂ ਨਾਲ ਉਸ ਵੱਲ ਤੱਕਦਾ ਰਿਹਾ। ਉਸ ਦੇ ਬੁੱਲ੍ਹਾਂ ‘ਤੇ ਅਲੌਕਿਕ ਜਿਹੀ ਮੁਸਕਾਨ ਸੀ ਅਤੇ ਅੱਖਾਂ ਵਿੱਚ ਜਿਵੇਂ ਜੀਵਨ-ਜੋਤ ਲਟ-ਲਟ ਬਲ ਰਹੀ ਹੋਵੇ।

ਫੇਰ ਉਸ ਨੇ ਅਪਣੇ ਦੋਵੇਂ ਹੱਥ ਉੱਪਰ ਕਰਕੇ ਅਪਣਾ ਜੂੜਾ ਖੋਲ੍ਹਿਆ ਅਤੇ ਦੂਜੇ ਹੀ ਪਲ ਉਸ ਦੇ ਵਾਲ ਕਿਸੇ ਕਾਲੀ ਆਬਸ਼ਾਰ ਵਾਂਗ ਉਸ ਦੀ ਪਿੱਠ ‘ਤੇ ਡਿੱਗ ਪਏ। ਉਸ ਨੇ ਅਪਣੇ ਦੋਵੇਂ ਹੱਥ ਮੇਰੇ ਵੱਲ ਵਧਾਏ ਅਤੇ ਬੋਲੀ-

‘‘ਆਓ ਰਘੂਮਣੀ, ਆਓ! ਕੀ ਤੁਸੀਂ ਇਸ ਪਲ ਦੀ ਉਡੀਕ ਨਹੀਂ ਕਰਦੇ ਰਹੇ…. ..?”

ਤੇ ਵੇਖੋ ਮਨਮੋਹਨ ਜਿਸ ਪਲ ਦੀ ਮੈਂ ਸੱਚਮੁੱਚ ਕਾਮਨਾ ਕਰਦਾ ਰਿਹਾ ਹੁਣ ਮੈਂ ਉਸ ‘ਪਲ’ ਦੇ ਸਾਹਮਣੇ ਅਹਿਲ ਖੜ੍ਹਾ ਸਾਂ। ਅੰਦਰ ਕੋਈ ਕਹਿ ਰਿਹਾ ਸੀ-ਨਹੀਂ! ਮੈਂ ਐਨੀ ਅਦਭੁਤ, ਸੁੰਦਰ ਦੇਹਿ ਨੂੰ ਮੈਲਾ ਕਿਵੇਂ ਕਰਾਂਗਾ। ਮੈਂ ਮੁੜ ਉਸਦੀ ਅਸ਼ਬਦ ਆਵਾਜ਼ ਸੁਣੀ। ਮੈਂ ਮੰਤਰ-ਮੁਗਧ ਜਿਹਾ ਅੱਗੇ ਵਧਿਆ ਅਤੇ ਅਪਣੀ ਕਮੀਜ਼ ਉਤਾਰ ਕੇ ਉਸ ਨੂੰ ਅਪਣੀਆਂ ਬਾਹਵਾਂ ‘ਚ ਘੁੱਟ ਲਿਆ…. ….।

ਅਸੀਂ ਇਸੇ ਤਰ੍ਹਾਂ ਉਸ ਸਿਲ ‘ਤੇ ਸਾਰੀ ਰਾਤ ਪਏ ਰਹੇ, ਇਕ ਦੂਜੇ ਦੀਆਂ ਬਾਹਵਾਂ ‘ਚ ਇਕ ਦੂਜੇ ‘ਚ ਰਚਦੇ-ਮਿਚਦੇ ਰਹੇ। ਚਾਰੇ ਪਾਸੇ, ਰੁੱਖਾਂ, ਢਲਾਣਾਂ ਤੇ ਖਿਲਰੀ ਨਿਰਮਲ ਅਸੀਮ ਚੰਦ ਦੀ ਚਾਨਣੀ ਖਿਲਰੀ ਹੋਈ-ਮੈਨੂੰ ਲੱਗਿਆ ਜਿਵੇਂ ਮੈਂ ਪਿਘਲ ਕੇ ਚੰਨ ਦੀ ਚਾਨਣੀ ‘ਚ ਘੁਲ-ਮਿਲ ਗਿਆ ਹੋਵਾਂ। ਇਹੀ ਆਉਂਦਾ ਰਿਹਾ ਮਨ ਵਿਚ ਕਿ ਇਸ ਤੋਂ ਖੂਬਸੂਰਤ ਅਨੁਭਵ ਕੋਈ ਹੋਰ ਹੋ ਨਹੀਂ ਸਕਦਾ। ਜੀਵਨ ਦੀ ਭਰਪੂਰਤਾ ਦਾ ਅੰਤਿਮ ਸਿਖ਼ਰ! ਇਸੇ ਲਈ ਤੇ ਮੈਂ ਪ੍ਰੇਮ ਅਤੇ ਯੁੱਧ ਵਿਚਕਾਰ ਸਮਾਨਤਾ ਦੀ ਗੱਲ ਕੀਤੀ ਸੀ। ਇਨ੍ਹਾਂ ਦੋਹਾਂ ‘ਚ ਸਵਾਏ ਵਰਤਮਾਨ ਦੇ ਬਾਕੀ ਸਭ ਕੁਝ ਅਲੋਪ ਹੋ ਜਾਂਦਾ ਹੈ। ਨਾਲ ਇਹ ਵੀ ਵਾਰ-ਵਾਰ ਮਨ ‘ਚ ਉੱਠਦਾ ਰਿਹਾ ਕਿ ਜੇ ਮੈਂ ਹੁਣ ਮਰ ਵੀ ਜਾਵਾਂ ਤਾਂ ਕੋਈ ਅਫ਼ਸੋਸ ਨਹੀਂ ਹੋਵੇਗਾ।

ਬਾਅਦ ਵਿਚ, ਜਦੋਂ ਚੜ੍ਹਦੇ ਸੂਰਜ ਦੀ ਲਾਲੀ ਆਕਾਸ਼ ‘ਚ ਪਸਰਨ ਲੱਗੀ ਤਾਂ ਉਸ ਨੇ ਆਖਿਆ ਸੀ-

‘‘ਵੇਖੋ ਸਮੇਂ ਦੀ ਵਿੰਡਬਣਾ, ਪੱਥਰ ਦੀ ਇਸ ਸਿਲ ਉੱਤੇ, ਜਿਸ ‘ਤੇ ਕੁਝ ਸੌ ਵਰ੍ਹੇ ਪਹਿਲਾਂ ਪਸ਼ੂਆਂ ਦੀ ਜਾਂ ਸ਼ਾਇਦ ਨਰ-ਬਲੀ ਦਿੱਤੀ ਜਾਂਦੀ ਸੀ, ਸਾਡੇ ਲਈ ਇਹ ਉਪਹਾਰ ਦੀ ਸਿਲ ਬਣ ਗਈ ਹੈ।”

‘‘ਜੀਵਨ ਦਾ ਸਭ ਤੋਂ ਕੀਮਤੀ ਉਪਹਾਰ।” ਮੈਂ ਆਖਿਆ।

ਚਾਰ-ਪੰਜ ਘੰਟੇ ਦੀ ਵਾਟ ਤੇ ਸਾਡੀ ਉਡੀਕ ਕਰ ਰਹੇ ਉਸ ਦੇ ਸਾਥੀਆਂ ਕੋਲ ਪਹੁੰਚਣ ਤੋਂ ਪਹਿਲਾਂ ਮੈਂ ਉਸ ਨੂੰ ਪੁੱਛਿਆ :

‘‘ਇਹ ਦੱਸ ਕੇਤਕੀ ਡੀਅਰ ਕਿ ਐਨੇਂ ਦਿਨਾਂ ਤਕ  ਤਾਂ ਤੂੰ ਦਲੀਜਾਂ ਨਹੀਂ ਟੱਪੀਆਂ ਅਤੇ ਅੱਜ?”

‘‘ਹਰ ਘਟਨਾ ਦੇ ਵਾਪਰਨ ਦਾ ਇਕ ਸਮਾਂ ਹੁੰਦਾ ਹੈ।”

‘‘ਨਹੀਂ, ਸੱਚ ਦੱਸ। ਟਾਲ ਨਾ।”

‘‘ਗਲ ਇਸ ਤਰ੍ਹਾਂ,” ਉਹ ਬੋਲਣ ਲੱਗੀ, ‘‘ਕਿ ਕੱਲ੍ਹ ਜਦੋਂ ਅਸੀਂ ਦੋਵੇਂ ਉਸ ਝੌਂਪੜੇ ‘ਚ ਬੈਠੇ ਹਨੇਰਾ ਹੋਣ ਦੀ ਉਡੀਕ ਕਰ ਰਹੇ ਸਾਂ ਤਾਂ ਮੈਂ ਆਰਾਮ ਕਰਨ ਵਾਸਤੇ ਕੁਝ ਦੇਰ ਲਈ ਲੰਮੇ ਪੈ ਗਈ। ਫੇਰ ਨੀਂਦ ਆ ਗਈ। ਸੁਫ਼ਨੇ ‘ਚ ਮੈਂ ਦੇਖਿਆ ਕਿ ਮੇਰੀ ਮਾਂ ਸਾਹਮਣੇ ਖੜ੍ਹੀ ਹੈ ਅਤੇ ਕਹਿ ਰਹੀ ਹੈ- ਮੈਂ ਤੈਨੂੰ ਇਹ ਤੇ ਨਹੀਂ ਸੀ ਆਖਿਆ ਕਿ ਤੂੰ ਅਪਣੇ ਉੱਤੇ ਐਨਾ ਜ਼ੁਲਮ ਕਰਦੀ ਰਹੇਂ, ਫੇਰ ਮਾਂ ਮੇਰੇ ਸਿਰ ‘ਤੇ ਹੱਥ ਰੱਖਦਿਆਂ ਬੋਲੀ- ਜਾਓ ਮੈਂ ਤੈਨੂੰ ਅਪਣੇ ਉਸ ਆਦੇਸ਼ ਤੋਂ ਆਜ਼ਾਦ ਕਰਦੀ ਹਾਂ।

ਕੇਤਕੀ ਦੀ ਇਹ ਗੱਲ ਸੁਣ ਕੇ ਮੈਂ ਕੁਝ ਹੈਰਾਨ ਵੀ ਹੋਇਆ ਅਤੇ ਹਾਸਾ ਵੀ ਆਇਆ। ਉਸ ਦਿਨ ਜਦ ਅਸੀਂ ਉਸ ਝੌਂਪੜੀ ‘ਚ ਰੁਕੇ ਹੋਏ ਸਾਂ ਤਾਂ ਕੇਤਕੀ ਆਰਾਮ ਕਰਨ ਲਈ ਲਿਪੇ ਹੋਏ ਫਰਸ਼ ‘ਤੇ ਵਿਛੀ ਹੋਈ ਘਾਹ ਉੱਤੇ ਲੰਮੀ ਪੈ ਗਈ। ਮੈਂ ਇਸ ਦੇ ਕੋਲ ਬੈਠਾ ਉਸ ਵੱਲ ਤੱਕਦਿਆਂ ਮਨ ਹੀ ਮਨ ਕਹਿ ਉੱਠਿਆ-ਐਨੀ ਨੇੜੇ ਅਤੇ ਇੰਨਾ ਫ਼ਾਸਲਾ। ਇਹ ਅਪਣੇ ਆਪ ਉੱਤੇ ਅਤੇ ਮੇਰੇ ਉੱਤੇ ਐਨਾ ਜ਼ੁਲਮ ਕਿਓਂ ਕਰ ਰਹੀ ਹੈ? ਇਹ ਆਪ ਵੀ ਸ਼ਾਇਦ ਇਸੇ ਤਰ੍ਹਾਂ ਸੋਚਦਿਆਂ ਸੁੱਤੀ ਹੋਵੇਗੀ ਅਤੇ ਫੇਰ ਇਹ ਸਭ ਕੁਝ ਉਸ ਦੀ ਮਾਂ ਦੇ ਰੂਪ ਵਿਚ ਸੁਫ਼ਨਾ ਬਣ ਕੇ ਪਰਗਟ ਹੋ ਗਿਆ।

ਇਸ ਤੋਂ ਬਾਅਦ ਉਸ ਖ਼ਤ ‘ਚ ਰਘੂਮਣੀ ਨੇ ਪ੍ਰੇਮ ਦੀ ਪਰਿਭਾਸ਼ਾ ਕਰਦਿਆਂ ਬਹੁਤ ਕੁਝ ਲਿਖਿਆ ਸੀ, ਬਹੁਤ ਭਾਵੁਕ ਹੋ ਕੇ, ਬੰਗਾਲੀਆਂ ਵਾਂਗ, ਜੋ ਮੈਂ ਇੱਥੇ ਛੱਡ ਰਿਹਾ ਹਾਂ। ਅੱਗੇ ਉਸ ਤੋਂ ਬਾਅਦ ਲਿਖਿਆ ਸੀ

‘‘ਅਗਲੀ ਸਵੇਰ ਅੱਖ ਖੁੱਲ੍ਹਦਿਆਂ ਮੈਂ ਵੇਖਿਆ ਕਿ ਉਹ ਪਹਿਲਾਂ ਹੀ ਉੱਠ ਕੇ ਸਾਰੇ ਕੱਪੜੇ ਪਾ ਕੇ ਸਿਲ ਦੇ ਇਕ ਪਾਸੇ ਬੈਠੀ ਅਪਣੇ ਵਾਲ ਵਾਹੁੰਦਿਆਂ ਜੂੜਾ ਬਣਾ ਰਹੀ ਹੈ। ਫੇਰ ਉਹ ਉੱਠੀ ਅਤੇ ਇਕ ਝਾੜੀ ਤੋਂ ਲਾਲ ਰੰਗ ਦੇ ਚਾਰ-ਪੰਜ ਜੰਗਲੀ ਫੁਲ ਤੋੜ ਕੇ ਅਪਣੇ ਜੂੜੇ ‘ਚ ਟੰਗ ਲਏ।

ਕੁਝ ਦੇਰ ਬਾਅਦ ਜਦੋਂ ਮੈਂ ਵੀ ਕੱਪੜੇ ਪਾ ਕੇ ਤਿਆਰ ਹੋਇਆ ਤਾਂ ਉਸ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਤੱਕਦਿਆਂ। ‘ਹੁਣ ਕਿੱਧਰ?’

‘‘ਇਹ ਪਰਬਤ ਦਾ ਸਿਖ਼ਰ ਹੈ ਅਤੇ ਇਕ ਤਰ੍ਹਾਂ ਨਾਲ ਮੇਰੇ ਤੁਹਾਡੇ ਸਬੰਧਾਂ ਦਾ ਅਤੇ ਸਿਖ਼ਰ ‘ਤੇ ਕੋਈ ਬਹੁਤੀ ਦੇਰ ਖੜ੍ਹਾ ਨਹੀਂ ਰਹਿ ਸਕਦਾ।” ਉਹ ਬੋਲੀ।

ਸੁਣ ਕੇ ਮੈਂ ਅੰਦਰੋ-ਅੰਦਰ ਘਬਰਾ ਉੱਠਿਆ ਅਤੇ ਉਸਦੇ ਅਗਲੇ ਵਾਕ ਦੀ ਉਡੀਕ ਉਤਸੁਕਤਾ ਨਾਲ ਕਰਨ ਲੱਗਾ।

‘‘ਪੱਛਮ ਦੀ ਦਿਸ਼ਾ ਵੱਲ ਉਤਰਦਾ ਇਹ ਰਾਹ ਜਿਸ ਪਾਸੇ ਮੈਨੂੰ ਲੈ ਜਾਵੇਗਾ, ਉਸ ਪਾਸੇ ਤੁਸੀਂ ਸਮਝਦੇ ਹੀ ਹੋਵੋਗੇ ਕਿ ਮੁਸੀਬਤਾਂ, ਔਕੜਾਂ ਅਤੇ ਦੁੱਖਾਂ ਦੇ ਇਲਾਵਾ ਹੋਰ ਕੁਝ ਨਹੀਂ। ਜੇ ਚਾਹੋ ਤਾਂ ਹਾਲੇ ਵੀ ਵਾਪਸ ਜਾ ਸਕਦੇ ਹੋ।”

“ਸੁਣੋ ਕੇਤਕੀ ਅਤੇ ਧਿਆਨ ਨਾਲ ਸੁਣੋ। ਪ੍ਰੇਮ ਬਿਨਾ ਸੁੱਖ ਅਤੇ ਪ੍ਰੇਮ ਦੇ ਨਾਲ ਦੁੱਖ ‘ਚੋਂ ਹੀ ਜੇ ਮੈਨੂੰ ਚੋਣ ਕਰਨੀ ਪਵੇ ਤਾਂ ਮੈਂ ਪ੍ਰੇਮ ਦੇ ਨਾਲ ਦੁੱਖ ਨੂੰ ਹੀ ਚੁਣਾਂਗਾ।”

ਸੁਣ ਕੇ ਕੇਤਕੀ ਵੀ ਕੁਝ ਭਾਵੁਕ ਹੋ ਉੱਠੀ ਅਤੇ ਮੇਰੇ ਬੁੱਲ੍ਹਾਂ ਨੂੰ ਹਲਕਾ ਜਿਹਾ ਚੁੰਮਦਿਆਂ ਆਖਿਆ,

‘‘ਦੁੱਖ-ਸੁੱਖ ਤੇ ਜੀਵਨ ਦੀ ਖੇਡ ਹੈ। ਪਰ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜਿਨ੍ਹਾਂ ਲੋਕਾਂ ਵਿਚਕਾਰ ਮੈਂ ਜਾ ਰਹੀ ਹਾਂ, ਉਨ੍ਹਾਂ ਦਾ ਲਹੂ ‘ਕਾਲਾ’ ਹੈ। ਕੀ ਤੁਸੀਂ ਉਨ੍ਹਾਂ ਵਿੱਚ….?”

‘‘ਜੇ ਤੂੰ ਜਾਣਨਾ ਹੀ ਚਾਹੁੰਦੀ ਏਂ ਤਾਂ ਮੇਰਾ ਉੱਤਰ ‘ਹਾਂ’ ਵਿਚ ਹੈ। ਤੇਰੇ ਨਾਲ ਰਹਿੰਦਿਆਂ, ਤੇਰੇ ਅਦਿਵਾਸੀਆਂ  ਦੀਆਂ ਸਮੱਸਿਆਵਾਂ ਅਤੇ ਦਰਦਨਾਕ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ ਹਾਂ। ਦੂਜੀ ਗੱਲ ਇਹ ਕਿ ਮੈਂ ਹਾਲੇ ਤੱਕ ਅਪਣੇ ਜੀਵਨ ਦੇ ਅਰਥਾਂ ਨੂੰ ਲੱਭਦਾ ਭਟਕਦਾ ਰਿਹਾ ਸਾਂ। ਹੁਣ ਇਸ ਰਾਹ ‘ਤੇ ਚੱਲਦਿਆਂ ਜੇ ਮੌਤ ਨੂੰ ਵੀ ਗਲ ਲਾਉਣਾ ਪਵੇਗਾ ਤਾਂ ਵੀ ਮਨਜੂਰ ਹੈ। ਜੇ ਤੂੰ ਸੱਚ ਪੁੱਛੇਂ ਤਾਂ ਹੁਣ ਇਹੀ ਮੇਰਾ ‘ਸ਼ਾਂਤੀਨਿਕੇਤਨ’ ਹੈ।

ਕੁਝ ਦੇਰ ਬਾਅਦ ਅਸੀਂ ਦੂਜੇ ਪਾਸੇ ਪਹਾੜ ਦੀ ਉਤਰਾਈ ਉੱਤਰ ਰਹੇ ਸਾਂ।

Writer : Manmohan Bawa

Leave a Reply

Your email address will not be published. Required fields are marked *