ਤਾਇਆ ਸੰਤੋਖ ਸਿੰਘ ਸੱਪ ਦੀ ਖੱਡ ’ਤੇ ਚਾਹ ਬਣਾ ਕੇ ਪੀਣ ਵਾਲਾ ਬੰਦਾ। ਉਸ ਦੀ ਗੜਵੀ ਚੋਂ ਫੇਰ ਜਿਹੜਾ ਦੋ ਘੁੱਟਾਂ ਪੀ ਲੈਂਦਾ, ਉਹ ਵੀ ਕਿੱਕਰ ’ਤੇ ਚੜ੍ਹੀ ਕਾਟੋ ਵਾਂਗ ਕਲੋਲਾਂ ਕਰਦਾ। ਬਰਸੀਣ ’ਚ ਬੈਠੇ ਖਰਗੋਸ਼ ਵਾਂਗ ਉਹ ਬਾਹਰ ਤੋਂ ਵੇਖਣ ’ਚ ਬਹੁਤ ਸਿੱਧਾ ਲਗਦਾ ਪਰ ਜਦੋਂ ਉਹ ਸ਼ਿਕਾਰੀਆਂ ਸਾਹਮਣੇ ਦਸ ਦਸ ਫੁੱਟ ਦੀਆਂ ਛਾਲਾਂ ਮਾਰਦਾ ਤਾਂ ਉਨ੍ਹਾਂ ਨੂੰ ਬਾਜ਼ੀਗਰ ਦੀ ਲਾਈ ਸੂਲੀ ਦੀ ਛਾਲ ਯਾਦ ਆ ਜਾਂਦੀ ਐ।
ਖਾਲੀ ਝੋਲਾ ਲੈ ਕੇ ਘਰੋਂ ਤੁਰਿਆ ਤਾਇਆ ਜਦੋਂ ਆਪਣੇ ਝੋਲੇ ਚੋਂ ਕੱਢ ਕੇ ਕਿਸੇ ਨੂੰ ਆਪਣੀ ਲਿਖੀ ਕਿਤਾਬ ਫੜਾਉਂਦਾ ਤਾਂ ਇੰਜ ਲਗਦਾ ਜਿਵੇਂ ਆੜ੍ਹਤੀਆਂ ਦਾ ਮੁਨੀਮ ਪ੍ਰੋਫੈਸਰ ਲੱਗ ਗਿਆ ਹੋਵੇ।
ਦੱਖਣੀ ਅਫਰੀਕਾ ਤੋਂ ਤੁਰਿਆ ਹਾਲੇ ਉਹ ਰੁਕਿਆ ਨੀ। ਅਸਲ ‘ਚ ਇਹਦੇ ਪਿੱਛੇ ਵੀ ਇਕ ਰਾਜ਼ ਐ। ਤਾਏ ਨੂੰ ਪਤਾ ਬਈ ਸੁੱਕੇ ਖਾਲ਼ਾਂ ‘ਚ ਤਾਂ ਘਾਹ ਹੀ ਜੰਮਦਾ ਪਰ ਵਗਦਿਆਂ ‘ਚ ਲੋਕ ਬੇੜੀਆਂ ਵੀ ਤਾਰ ਦਿੰਦੇ ਐ। ਉਹ ਵੀ ਡਾਲਰਾਂ ਆਲੀਆਂ ਹਾਹਾਹਾ।
ਤਾਇਆ ਜਿੱਥੇ ਵੀ ਰਾਤ ਕੱਟਦਾ, ਉਥੇ ਆਪਣਾ ਕਛਹਿਰਾ ਜ਼ਰੂਰ ਭੁੱਲਦਾ। ਇਹਦੇ ਵਿਚ ਵੀ ਮੈਨੂੰ ਤਾਏ ਦੀ ਚਾਲ ਲਗਦੀ ਐ। ਬਈ ਤਾਏ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਲੋਕ ਕਿਹਾ ਕਰਨਗੇ, ਫਲਾਣੇ ਦੇ ਘਰ ਤਾਏ ਸੰਤੋਖ ਸਿੰਘ ਦਾ ਕਛਹਿਰਾ ਪਿਆ, ਚਲੋ ਦਰਸ਼ਨ ਕਰਕੇ ਆਈਏ।
ਤਾਏ ਦੇ ਜਗਤ ਤਾਇਆ ਹੋਣਾ ਬਹੁਤ ਰਾਸ ਆਇਆ। ਵਿਆਹ ਆਲ਼ੀ ਪ੍ਰੋਹਤਣੀ ਵਾਂਗ ਉਹ ਜਿਹੜੇ ਵੀ ਚੁੱਲ੍ਹੇ ਤੇ ਬੈਠਦਾ, ਉਸ ਦੇ ਭਤੀਜ ਉਸ ਦੁਆਲੇ ਤੀਵੀਂਆਂ ਵਾਂਗ ਘੇਰਾ ਘੱਤ ਕੇ ਬੈਠ ਜਾਂਦੇ ਨੇ। ਫੇਰ ਉਹ ਉਨ੍ਹਾਂ ਨੂੰ ਭੁੱਜੇ ਛੋਲਿਆਂ ਵਾਲੇ ਝੋਲ਼ੇ ਨੂੰ ਡਾਲਰਾਂ ਨਾਲ ਭਰਨ, ਗੁਰਦਵਾਰਿਆਂ ਚ ਰਾਤਾਂ ਕੱਟਣ, ਸਿੱਖਾਂ ਵੱਲੋਂ ਖੋਤਿਆਂ ਦੀ ਪ੍ਰਧਾਨਗੀ ਵਰਗੇ ਕਿੱਸੇ ਇੰਜ ਸੁਣਾਉਂਦਾ ਜਿਵੇਂ ਡਾਕਟਰ, ਕੰਪੋਡਰ ਨੂੰ ਸੂਆ ਲਾਉਣ ਦਾ ਵੱਲ ਦੱਸ ਰਿਹਾ ਹੋਵੇ।
ਤਾਏ ਦੀਆਂ ਗੱਲਾਂ ਕੜਾਹ ਵਰਗੀਆਂ ਨੀ, ਗੁਲਗਲਿਆਂ ਵਰਗੀਆਂ, ਜਿਨ੍ਹਾਂ ਨੂੰ ਖਾਣ ਲਈ ਚਮਚੇ ਦੀ ਲੋੜ ਨੀ ਪੈਂਦੀ।
ਤਾਏ ਦੀ ਕਿਤਾਬ ‘ਜਿੰਨੇ ਮੂੰਹ ਉਨੀਆਂ ਗੱਲਾਂ’ ਤਾਏ ਦੀਆਂ ਕਲਾਬਾਜ਼ੀਆਂ ਦੀ ਬਾਤ ਪਾਉਂਦੀ ਐ।
ਤਾਇਆ ਕਿਤਾਬ ‘ਚ ਟੋਟਕੇ ਬਹੁਤ ਸੁਣਾਉਂਦਾ। ਕਹਿੰਦੇ, ਇਕ ਵਾਰੀ ਇਕ ਮੀਰਜ਼ਾਦਾ ਗੁੜ ਪਿਆ ਵੰਡੇ। ਲੋਕਾਂ ਨੇ ਗੁੜ ਵੰਡਣ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਉਸ ਦੀ ਘੋੜੀ ਚੋਰੀ ਹੋ ਗਈ ਐ। ਲੋਕ ਕਹਿੰਦੇ ਕਿ ਇਹਦੇ ਵਿਚ ਖੁਸ਼ੀ ਮਨਾਉਣ ਵਾਲੀ ਕਿਹੜੀ ਗੱਲ ਹੋਈ? ਉਹ ਕਹਿੰਦਾ ਕਿ ਸ਼ੁਕਰ ਕਰੋ ਜਦੋਂ ਘੋੜੀ ਚੋਰੀ ਹੋਈ ਤਾਂ ਮੈਂ ਘੋੜੀ ‘ਤੇ ਨਹੀਂ ਬੈਠਾ ਸੀ, ਨਹੀਂ ਤਾਂ ਮੈਂ ਵੀ ਚੋਰੀ ਹੋ ਜਾਣਾ ਸੀ।
ਬਾਬੇ ਦੀ ਦਾਲ਼ ਵਿਚ ਘਿਉ ਪਾਉਣ ਵੇਲੇ ਪੁੱਛ ਪੁਛਈਏ ਦੀ ਕੀ ਲੋੜ ਐ! ਪੁੰਨ ਦੀ ਗਾਂ ਦੇ ਦੰਦ ਨਹੀਂ ਗਣੀਦੇ ਵਰਗੇ, ਲਫ਼ਜ਼ਾਂ ਦੇ ਘੋੜੇ ਕਿਤਾਬ ਨੂੰ ਭਜਾਈ ਰੱਖਦੇ ਨੇ।
ਚੈਨ ਸਿੰਘ ਸੈਣੀ ਵਰਗੇ ਬੰਦੇ ਪਤਾ ਨੀ ਕਿਹੜੇ ਪੱਤਣਾਂ ਦੇ ਤਾਰੂ ਸੀ, ਜਿਸ ਨੇ ਦਰਬਾਰ ਸਾਹਿਬ ‘ਤੇ ਹਮਲੇ ਬਾਰੇ ਕਈ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ।
ਨਨਕਾਣਾ ਸਾਹਿਬ ਦੇ ਕਾਤਲਾਂ ਦਾ ਅੰਤ ਕਿਵੇਂ ਹੋਇਆ, ਉਹ ਇਸ ਕਿਤਾਬ ਦਾ ਹਾਸਲ ਐ। ਨਰੈਣੂੰ ਮਹੰਤ ਦੇ ਲੰਗੌੜਾਂ ਨੂੰ ਸਿੰਘਾਂ ਨੇ ਵਾਹਣਾਂ ‘ਚ ਭਜਾ ਭਜਾ ਕੇ ਚਾਹਟਾ ਛਕਾਇਆ।
ਤਾਏ ਦੀ ਕਿਤਾਬ ਪੜ੍ਹ ਕੇ ਲੱਗਿਆ ਬਈ ਅਵੱਲਪੁਣੇ ਤੇ ਝੱਲਪੁਣੇ ਵਿਚ ਜਿਹੜੇ ਨਜ਼ਾਰੇ ਨੇ ਉਹ ਤਾਂ ਘੋੜੀ ਗੁੰਮ ਹੋਣ ‘ਤੇ ਮਰਾਸੀ ਦੇ ਗੁੜ ਵੰਡਣ ਵਰਗੇ ਨੇ, ਜਿਨ੍ਹਾਂ ਦਾ ਸਵਾਦ ਚਰ੍ਹੀ ਦੇ ਖੇਤ ਵਿਚ ਆਪ ਮੁਹਾਰੇ ਉਗੀ ਵੇਲ ਨਾਲੋਂ ਤੋੜ ਕੇ ਖਾਧੇ ਚਿੱਬੜਾਂ ਵਰਗਾ ਐ।
ਤਾਏ ਦੀ ਕਿਤਾਬ ਨੇ ਮੇਰੇ ਬੜੀਆਂ ਚੂੰਢੀਆਂ ਵੱਢੀਆਂ ; ਬਈ ਤੂੰ ਏਥੇ ਬੈਠਾ ਕੀ ਮੂੰਗੀ ਦਲ ਰਿਹੈਂ! ਐਡਾ ਜਹਾਨ ਅਜੇ ਗਾਹਣ ਨੂੰ ਪਿਆ।
ਮੈਨੂੰ ਤਾਏ ਨਾਲ ਈਰਖਾ ਵੀ ਬਹੁਤ ਐ; ਬਈ ਤਾਇਆ ਕਿੱਕਰਾਂ ਦੀ ਦਾਤਣ ਕਰਦਾ ਕਰਦਾ ਸਾਰੀ ਦੁਨੀਆਂ ਦੇ ਅਖਰੋਟਾਂ ਦਾ ਸੁਆਦ ਵੇਖ ਗਿਆ ਤੇ ਏਥੇ ਰੋਜ਼ ਅਮ੍ਰੀਕਾ ਦੀ ਕੰਪਨੀ ਦਾ ਬੁਰਸ਼ ਕਰਨ ਵਾਲੇ ਘਰ ਦੀ ਚਾਹ ਵਿਚ ਹੀ ਮੁੱਛਾਂ ਲਬੇੜ ਕੇ ਆਪਣੀ ਪਿੱਠ ਥਾਪੜੀ ਜਾਂਦੇ ਐ।
ਤਾਇਆ ਐਦਾਂ ਹੀ ਰੂਹਾਂ ਦੇ ਮੇਲੇ ਲਾ ਕੇ, ਆਪਣੇ ਪੜ੍ਹਨ ਵਾਲਿਆਂ ਨੂੰ ਚਾਵਾਂ ਦੀ ਪੀਂਘ ਝੁਟਾਉਂਦਾ ਰਹੇ! ਏਹੀ ਅਰਦਾਸ ਐ।
ਤਾਏ ਦੇ ਬੋਲ ਰੂਹ ਨੂੰ ਜਿਵੇਂ ਆਪਣੇ ਕਲਾਵੇ ਵਿਚ ਲੈ ਕੇ ਕਹਿੰਦੇ ਨੇ, “ਕੱਤ ਲੈ ਕੋਈ ਸੱਧਰਾਂ ਦੀ ਪੂਣੀ, ਕੋਈ