ਅਮਰੀਕਾ – ਨਾਈਟ ਕਲੱਬ ਦੇ ਟਾਇਲਟ ‘ਚ ਲੱਗੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ

0
117

ਅਮਰੀਕਾ ਵਿੱਚ ਨਿਊਯਾਰਕ ਦੇ ਇੱਕ ਨਾਈਟ ਕਲੱਬ ‘ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਟਾਇਲਟ ਵਿੱਚ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੀ ਸ਼ਿਕਾਇਤ ਓਹਾਇਓ ਵਿੱਚ ਰਹਿਣ ਵਾਲੀ ਇੱਕ ਭਾਰਤੀ ਮੂਲ ਦੀ ਅਮਰੀਕੀ ਅੰਕਿਤਾ ਮਿਸ਼ਰਾ ਨੇ ਕੀਤੀ।ਅੰਕਿਤਾ ਮਿਸ਼ਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਅਤੇ ਇੱਕ ਹੋਰ ਬਲਾਗ ਰਾਹੀਂ ਇਸ ਬਾਰੇ ਦੱਸਿਆ ਅਤੇ ਟਾਇਲਟ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੇ।ਆਪਣੇ ਇਸ ਤਜ਼ਰਬੇ ‘ਤੇ ਅੰਕਿਤਾ ਨੇ 16 ਨਵੰਬਰ ਨੂੰ ਬ੍ਰਾਊਨਗਰਲ ਨਾਮ ਦੀ ਇੱਕ ਸਾਈਟ ‘ਤੇ ਇੱਕ ਬਲਾਗ ਲਿਖਿਆ, ਜਿਸ ਵਿੱਚ ਉਨ੍ਹਾਂ ਨੇ ਘਟਨਾ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ।
ਅੰਕਿਤਾ ਮਿਸ਼ਰਾ ਨੇ ਲਿਖਿਆ ਹੈ ਕਿ ਉਹ ਪਿਛਲੇ ਮਹੀਨੇ ‘ਹਾਊਸ ਆਫ ਯਸ’ ਨਾਈਟ ਕਲੱਬ ਗਈ ਸੀ।ਉੱਥੇ ਉਨ੍ਹਾਂ ਦੇ ਦੋਸਤਾਂ ਨੇ ਕਾਫੀ ਮਹਿੰਗਾ ਆਰਡਰ ਕੀਤਾ ਸੀ, ਇਸ ਲਈ ਉਨ੍ਹਾਂ ਨੂੰ ਵੀਆਈਪੀ ਬਾਥਰੂਮ ਇਸਤੇਮਾਲ ਕਰਨ ਦਾ ਮੌਕਾ ਮਿਲਿਆ।ਜਦੋਂ ਉਹ ਬਾਥਰੂਮ ਗਏ ਤਾਂ ਪਹਿਲਾਂ ਉਨ੍ਹਾਂ ਦਾ ਧਿਆਨ ਤਸਵੀਰਾਂ ‘ਤੇ ਨਹੀਂ ਗਿਆ ਪਰ ਫੇਰ ਟਾਇਲਟ ਪੇਪਰ ਕੱਢਣ ਵੇਲੇ ਉਨ੍ਹਾਂ ਦੀ ਨਜ਼ਰ ‘ਮਹਾਦੇਵ’ ਦੀ ਤਸਵੀਰ ‘ਤੇ ਪਈ।ਫੇਰ ਉਨ੍ਹਾਂ ਨੇ ਚਾਰੇ ਪਾਸੇ ਨਜ਼ਰ ਘੁੰਮਾ ਕੇ ਦੇਖਿਆ ਤਾਂ ਹੈਰਾਨ ਰਹਿ ਗਈ। ਟਾਇਲਟ ਦੀਆਂ ਕੰਧਾਂ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿੱਚ ਗਣੇਸ਼, ਸਰਸਵਤੀ, ਕਾਲੀ ਮਾਤਾ ਅਤੇ ਸ਼ਿਵ ਦੀਆਂ ਤਸਵੀਰਾਂ ਸ਼ਾਮਿਲ ਸਨ। ਕਲੱਬ ‘ਚ ਕੀਤੀ ਸ਼ਿਕਾਇਤ ਅੰਕਿਤਾ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ, “ਇੱਕ ਤਰ੍ਹਾਂ ਮੈਂ ਮੰਦਿਰ ਵਿੱਚ ਸੀ ਪਰ ਉੱਥੇ ਸਾਰਾ ਕੁਝ ਉਲਟ ਸੀ। ਮੈਂ ਜੁੱਤੀ ਪਾਈ ਹੋਈ ਸੀ, ਮੈਂ ਥੁੱਕ ਰਹੀ ਸੀ…” “ਮੈਂ ਭਾਰਤੀ-ਅਮਰੀਕੀ ਹਾਂ ਅਤੇ ਪਹਿਲਾਂ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰ ਚੁੱਕੀ ਹਾਂ। ਮੈਂ ਰੂਬਿਨ ਮਿਊਜ਼ੀਅਮ ਆਫ ਆਰਟ ਵਿੱਚ ਅਧਿਆਪਕ ਰਹੀ ਹਾਂ, ਜਿੱਥੇ ਮੇਰੇ ‘ਤੇ ਮੇਰੇ ਸੱਭਿਆਚਾਰ ਕਾਰਨ ਮਿਹਣੇ ਮਾਰੇ ਜਾਂਦੇ ਹਨ ਪਰ ਇਸ ਵਾਰ ਦੀ ਘਟਨਾ ਦੀ ਮੈਂ ਅਣਦੇਖੀ ਨਹੀਂ ਕਰ ਸਕੀ। ” ਕਲੱਬ ਤੋਂ ਵਾਪਸ ਆ ਕੇ ਅੰਕਿਤਾ ਨੇ ਇਸ ਬਾਰੇ ਕਾਫੀ ਸੋਚਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਵੀ ਦੱਸਿਆ ਅਤੇ ਫੇਰ ਅੰਤ ਵਿੱਚ ਕਲੱਬ ਨੂੰ ਮੇਲ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ।