ਵਿਸ਼ਵ ਵਾਤਾਵਰਣ ਦਿਵਸ ”ਤੇ ਜਾਣੋ ਸਵਿਟਜ਼ਰਲੈਂਡ ਦੇ ਨੰਬਰ ਵਨ ਬਣਨ ਦੇ ਰਾਜ਼

0
111

ਜਲੰਧਰ : ਐਨਵਾਇਰਨਮੈਂਟ ਪਰਫਾਰਮੈਂਸ ਇੰਡੈਕਸ ਦੀ ਪਿਛਲੇ ਸਾਲ ਜਾਰੀ ਹੋਏ ਰੈਂਕਿੰਗ ‘ਚ ਸਵਿਟਜ਼ਰਲੈਂਡ ਪਹਿਲੇ ਨੰਬਰ ‘ਤੇ ਰਿਹਾ ਸੀ। ਵਰਲਡ ਇਕਾਨੋਮਿਕ ਫੋਰਮ ਵਲੋਂ ਕੋਲੰਬੀਆ ਯੂਨੀਵਰਸਿਟੀ ਅਤੇ ਯੇਨ ਯੂਨੀਵਰਸਿਟੀ ਵਲੋਂ ਸਾਂਝੇ ਤੌਰ ‘ਤੇ ਵਿਸ਼ਵ ਪੱਧਰ ‘ਤੇ ਕਈ ਪੈਮਾਨਿਆਂ ਦੇ ਆਧਾਰ ‘ਤੇ ਕੀਤੀ ਗਈ 180 ਦੇਸ਼ਾਂ ਦੀ ਰੈਂਕਿੰਗ ‘ਚ ਭਾਰਤ 177ਵੇਂ ਨੰਬਰ ‘ਤੇ ਸੀ, ਇਸ ਰੈਂਕਿੰਗ ਨੂੰ ਤਿਆਰ ਕਰਨ ਲਈ ਹਵਾ ਦੀ ਕੁਆਲਿਟੀ ਦੇ ਨਾਲ ਵਾਟਰ ਐਂਡ ਸੈਨੀਟੇਸ਼ਨ, ਹੈਵੀ ਮੈਟਲਜ਼, ਬਾਇਓਡਾਇਵਰਸਿਟੀ ਐਂਡ ਹੈਵੀਟੇਟ, ਫਾਰੈਸਟ, ਫਿਸ਼ਰੀਜ਼, ਕਲਾਈਮੇਟ ਐਂਡ ਐਨਰਜੀ, ਹਵਾ ਪ੍ਰਦੂਸ਼ਣ, ਵਾਟਰ ਰਿਸੋਰਸ ਅਤੇ ਖੇਤੀ ਦੇ ਖੇਤਰ ‘ਚ ਹੋ ਰਹੇ ਕੰਮ ਨੂੰ ਆਧਾਰ ਬਣਾਇਆ ਗਿਆ। ਵਾਤਾਵਰਣ ਬਚਾਉਣ ਲਈ ਸਵਿਟਜ਼ਰਲੈਂਡ ‘ਚ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਨਾਗਰਿਕਾਂ ਨੂੰ ਜ਼ਿੰਮੇਦਾਰ ਬਣਾਉਣ ਦੇ ਨਾਲ ਨਿਕਾਸੀ ਦੇ ਸਖਤ ਨਿਯਮ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਤੋਂ ਲੈ ਕੇ ਨਦੀਆਂ ਦਾ ਪਾਣੀ ਸਾਫ ਰੱਖਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਦੇ ਕਦਮ ਚੁੱਕੇ ਜਾ ਰਹੇ ਹਨ। ਆਓ ਜਾਣਦੇ ਹਾਂ ਕਿਹੜੇ ਤਰੀਕਿਆਂ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਕਾਰਣ ਸਵਿਟਜ਼ਰਲੈਂਡ ਇਸ ਰੈਂਕਿੰਗ ‘ਚ ਨੰਬਰ ਵਨ ਬਣਿਆ ।
ਕੁਦਰਤੀ ਸੋਮਿਆਂ ਦੀ ਰੱਖਿਆ ਲਈ ਨਾਗਰਿਕ ਜ਼ਿੰਮੇਵਾਰ
ਵਧਦੀ ਹੋਈ ਜਨਸੰਖਿਆ ਦੇ ਨਾਲ ਵਧਦੀ ਖਪਤਕਾਰ ਸਮਰੱਥਾ ਅਤੇ ਆਰਥਿਕ ਵਿਕਾਸ ਦੀ ਕੁਦਰਤੀ ਸੋਮਿਆਂ ਦੇ ਨੁਕਸਾਨ ਦਾ ਵੱਡਾ ਕਾਰਨ ਹੈ। ਕੁਦਰਤੀ ਸੋਮਿਆਂ ਦੀ ਰੱਖਿਆ ਲਈ ਸਵਿਟਜ਼ਰਲੈਂਡ ਨੇ ਵਾਤਾਵਰਣ ਨੀਤੀ ਬਣਾਈ ਹੈ। ਜੋ ਆਪਣੇ ਨਾਗਰਿਕਾਂ ਨੂੰ ਕੁਦਰਤੀ ਸੋਮਿਆਂ ਦੀ ਸੀਮਤ ਵਰਤੋਂ ਲਈ ਪ੍ਰੇਰਿਤ ਕਰਦੀ ਹੈ। ਇਸ ਨੀਤੀ ਤਹਿਤ ਰੀਨਿਊਏਬਲ ਐਨਰਜੀ ਨੂੰ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰੀਨ ਇਕਾਨੋਮੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਾਡਕਟਾਂ ਨੂੰ ਰੀਸਾਈਕਲ ਕਰਕੇ ਦੁਬਾਰਾ ਇਸਤੇਮਾਲ ਕਰਨ ਲਈ ਵੀ ਨੀਤੀ ਬਣਾਈ ਗਈ ਹੈ।
ਕੰਕਰੀਟ ਦੇ ਜੰਗਲ ‘ਤੇ ਰੋਕ ਲਈ ਕਾਨੂੰਨ
ਸਮੁੱਚੀ ਦੁਨੀਆ ‘ਚ ਸ਼ਹਿਰਾਂ ਦੇ ਵਿਕਾਸ ਦੀ ਵਧਦੀ ਰਫਤਾਰ ਵਾਤਾਵਰਣ ਲਈ ਚੁਣੌਤੀ ਹੈ। ਇਸ ਦੇ ਲਈ ਸਵਿਟਜ਼ਰਲੈਂਡ ਨੇ 2013 ‘ਚ ਖਾਸ ਤੌਰ ‘ਤੇ ਕਾਨੂੰਨ ਪਾਸ ਕੀਤਾ ਹੈ। ਇਸ ਕਾਨੂੰਨ ਤਹਿਤ ਸ਼ਹਿਰਾਂ ‘ਚ ਮੌਜੂਦ ਜ਼ਮੀਨ ਦਾ ਪੂਰਾ ਅਤੇ ਸਹੀ ਇਸਤੇਮਾਲ ਯਕੀਨੀ ਕਰਨ ਦੇ ਨਾਲ ਇਮਾਰਤਾਂ ਦੇ ਅੰਨ੍ਹੇਵਾਹ ਵਾਧੇ ‘ਤੇ ਬਰੇਕ ਲਾਉਣ ਦੀ ਵੀ ਵਿਵਸਥਾ ਹੈ। ਇਸ ਕਾਨੂੰਨ ਕਾਰਨ ਖੇਤੀਯੋਗ ਜ਼ਮੀਨ ‘ਤੇ ਖੜ੍ਹੇ ਹੋਣ ਵਾਲੇ ਕੰਕਰੀਟ ਦੇ ਜੰਗਲ ‘ਤੇ ਰੋਕ ਲੱਗੀ ਹੈ।
ਕਾਰਬਨ ਨਿਕਾਸੀ ਰੋਕਣ ਲਈ ਟੈਕਸ
ਸਵਿਟਜ਼ਰਲੈਂਡ ‘ਚ ਵਾਹਨਾਂ ਦੇ ਇਸਤੇਮਾਲ ਅਤੇ ਨਿਰਮਾਣ ਸਰਗਰਮੀਆਂ ਨਾਲ ਵਧਣ ਵਾਲੇ ਤਾਪਮਾਨ ਨੂੰ 2 ਡਿਗਰੀ ਤੱਕ ਘੱਟ ਕਰਨ ਲਈ ਕਦਮ ਚੁੱਕੇ ਗਏ ਹਨ। ਕਾਰਬਨ ਦੀ ਨਿਕਾਸੀ ਰੋਕਣ ਲਈ ਸਵਿਟਜ਼ਰਲੈਂਡ ‘ਚ 2014 ‘ਚ ਕਾਨੂੰਨ ਬਣਾ ਕੇ ਵਾਹਨਾਂ ਅਤੇ ਨਿਰਮਾਣ ਸਰਗਰਮੀਆਂ ਨਾਲ ਹੋਣ ਵਾਲੀ ਕਾਰਬਨ ਦੀ ਨਿਕਾਸੀ ‘ਤੇ ਟੈਕਸ ਨੂੰ ਵਧਾ ਦਿੱਤਾ ਗਿਆ ਹੈ। ਇਸ ਕਾਨੂੰਨ ਤੋਂ ਬਾਅਦ ਕਾਰਬਨ ਨਿਕਾਸੀ ਨੂੰ ਰੋਕਣ ‘ਚ ਮਦਦ ਮਿਲੀ ਹੈ।
ਪਾਣੀ ਦੀ ਕੁਆਲਿਟੀ ਬਣਾਈ ਰੱਖਣਾ ਰਾਸ਼ਟਰੀ ਜ਼ਿੰਮੇਵਾਰੀ
ਯੂਰਪ ਦੇ ਵਾਟਰ ਟਾਵਰ ਕਹੇ ਜਾਂਦੇ ਸਵਿਟਜ਼ਰਲੈਂਡ ‘ਚ ਕਈ ਝੀਲਾਂ ਅਤੇ ਨਦੀਆਂ ਹਨ। ਰਹੀਨ ਅਤੇ ਰਹੌਨ ਨਦੀਆਂ ਸਵਿਟਜ਼ਰਲੈਂਡ ਤੋਂ ਹੀ ਨਿਕਲਦੀਆਂ ਹਨ। ਇਨ੍ਹਾਂ ਨਦੀਆਂ ਅਤੇ ਝੀਲਾਂ ਦੇ ਪਾਣੀ ਨੂੰ ਸਾਫ ਰੱਖਣ ਲਈ 1960 ਅਤੇ 1970 ਦੇ ਦਹਾਕੇ ‘ਚ ਹੀ ਸਵਿਟਜ਼ਰਲੈਂਡ ‘ਚ ਵਾਟਰ ਪਿਊਰੀਫਿਕੇਸ਼ਨ ਸਟੇਸ਼ਨ ਬਣਾਏ ਗਏ ਸਨ ਪਰ ਖੇਤੀ ਕੰਮਾਂ ‘ਚ ਫਸਲਾਂ ਦੀ ਬੀਮਾਰੀ ਰੋਕਣ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਰਾਹੀਂ ਪ੍ਰਦੂਸ਼ਿਤ ਹੋਣ ਵਾਲੇ ਪਾਣੀ ਨੂੰ ਸਾਫ ਕਰਨ ਅਤੇ ਮਾਈਕ੍ਰੋਪਾਲਿਊਟੈਂਟਸ ਨੂੰ ਰੋਕਣ ਲਈ ਕਰੀਬ 100 ਵਾਟਰ ਟ੍ਰੀਟਮੈਂਟ ਪਲਾਂਟ ਲਾਏ ਗਏ ਹਨ। ਇਨ੍ਹਾਂ ‘ਚ ਸਵਿਟਜ਼ਰਲੈਂਡ ਦਾ ਪਾਣੀ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ।
ਜੈਵ ਭਿੰਨਤਾ ਨੂੰ ਬਚਾਉਣ ਲਈ ਨਿਯਮ
ਸਵਿਟਜ਼ਰਲੈਂਡ ਦੀ ਮਿੱਟੀ ਅਤੇ ਸਵੱਛ ਵਾਤਾਵਰਣ ਕਾਰਨ ਇਸ ਦੇਸ਼ ‘ਚ ਜੀਵਾਂ ਦੀਆਂ 50 ਹਜ਼ਾਰ ਦੇ ਕਰੀਬ ਪ੍ਰਜਾਤੀਆਂ ਰਹਿੰਦੀਆਂ ਹਨ ਪਰ ਸ਼ਹਿਰਾਂ ਦੇ ਵਿਕਾਸ ਕਾਰਨ ਇਨ੍ਹਾਂ ‘ਚੋਂ ਕਈ ਪ੍ਰਜਾਤੀਆਂ ‘ਤੇ ਖਤਰਾ ਪੈਦਾ ਹੋ ਗਿਆ ਸੀ। ਇਕ ਸਰਵੇ ‘ਚ ਇਹ ਗੱਲ ਸਾਹਮਣੇ ਆਈ ਕਿ ਸਵਿਟਜ਼ਰਲੈਂਡ ਦੀਆਂ 30 ਫੀਸਦੀ ਜੀਵ ਪ੍ਰਜਾਤੀਆਂ ਖਤਰੇ ‘ਚ ਹਨ ਅਤੇ ਇਸ ਰਿਪੋਰਟ ਨੂੰ ਦੇਖਦੇ ਹੋਏ 2012 ‘ਚ ਕੇਂਦਰੀ ਮੰਤਰਾਲੇ ਨੇ ਦੇਸ਼ ਦੀ ਜੈਵ ਭਿੰਨਤਾ ਨੂੰ ਬਚਾਉਣ ਲਈ ਨਿਯਮਾਂ ਦਾ ਐਲਾਨ ਕੀਤਾ। ਇਨ੍ਹਾਂ ਨਿਯਮਾਂ ਤਹਿਤ ਸੁਰੱਖਿਅਤ ਜ਼ੋਨ ਨੂੰ ਦੁਬਾਰਾ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਜੈਵ ਭਿੰਨਤਾ ਨੂੰ ਬਚਾਉਣ ਲਈ ਵਚਨਬੱਧਤਾ ਦੁਹਰਾਈ ਗਈ ਹੈ।
ਆਟੋ ਇੰਡਸਟਰੀ ਲਈ ਸਖਤ ਸੀ. ਓ. ਟੂ. ਏਮਿਸ਼ਨ ਨਿਯਮ
ਹਾਲਾਂਕਿ ਸਵਿਟਜ਼ਰਲੈਂਡ ‘ਚ ਹਵਾ ਦੀ ਕੁਆਲਿਟੀ ਕਾਫੀ ਸਾਫ ਹੈ ਅਤੇ ਪਿਛਲੇ 25 ਸਾਲ ‘ਚ ਹਵਾ ਦੀ ਕੁਆਲਿਟੀ ‘ਚ 50 ਫੀਸਦੀ ਤਕ ਦਾ ਸੁਧਾਰ ਵੀ ਹੋਇਆ ਹੈ ਪਰ ਇਸ ਦੇ ਬਾਵਜੂਦ ਸਵਿਟਜ਼ਰਲੈਂਡ ਨੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੇ ਸਾਰੇ ਤਰੀਕੇ ਅਪਣਾਏ ਹਨ। ਆਟੋ ਸੈਕਟਰ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲੇ ਸੈਕਟਰਾਂ ‘ਚੋਂ ਇਕ ਹੈ। ਇਸ ਸੈਕਟਰ ‘ਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਵਿਟਜ਼ਰਲੈਂਡ ‘ਚ ਸੀ. ਓ-ਟੂ ਏਮਿਸ਼ਨ ਦੇ ਸਖਤ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਤਹਿਤ ਇੰਡਸਟਰੀ ਤੇ ਵਾਹਨਾਂ ‘ਤੇ ਉੱਚ ਕੁਆਲਿਟੀ ਦੇ ਫਿਲਟਰ ਲਾਉਣਾ ਜ਼ਰੂਰੀ ਹੈ ਤਾਂ ਜੋ ਵਾਹਨਾਂ ਤੋਂ ਪ੍ਰਦੂਸ਼ਣ ਨਾ ਹੋ ਸਕੇ।
ਖੇਤੀ ਯੋਗ ਜ਼ਮੀਨ ਬਚਾਉਣ ਲਈ ਕਿਸਾਨਾਂ ਨੂੰ ਟ੍ਰੇਨਿੰਗ
ਕੁਦਰਤੀ ਬਾਰਿਸ਼ ਅਤੇ ਜ਼ਮੀਨ ਅੰਦਰ ਪਾਣੀ ਦੀ ਸੁਰੱਖਿਆ ‘ਚ ਕਿਸੇ ਵੀ ਸਥਾਨ ਦੀ ਮਿੱਟੀ ਦੀ ਅਹਿਮ ਭੂਮਿਕਾ ਰਹਿੰਦੀ ਹੈ ਪਰ ਸ਼ਹਿਰਾਂ ਦੇ ਵਿਕਾਸ ਅਤੇ ਘੱਟ ਹੁੰਦੇ ਜੰਗਲਾਂ ਕਾਰਨ ਖੇਤੀ ਯੋਗ ਉਪਜਾਊ ਜ਼ਮੀਨ ਦੀ ਕਮੀ ਹੋ ਰਹੀ ਹੈ। ਇਸ ਨੂੰ ਰੋਕਣ ਲਈ ਸਵਿਟਜ਼ਰਲੈਂਡ ਸਰਕਾਰ ਵਲੋਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਉਹ ਆਪਣੀ ਖੇਤੀ ਯੋਗ ਜ਼ਮੀਨ ‘ਤੇ ਮਿੱਟੀ ਦਾ ਘੱਟ ਤੋਂ ਘੱਟ ਸਥਾਈ ਨੁਕਸਾਨ ਕਰਨ। ਇਸ ਤੋਂ ਇਲਾਵਾ ਅਜਿਹੇ ਪ੍ਰੋਫੈਸ਼ਨਲਜ਼ ਤਿਆਰ ਕੀਤੇ ਜਾ ਰਹੇ ਹਨ, ਜੋ ਨਿਰਮਾਣ ਸਰਗਰਮੀਆਂ ਨਾਲ ਜੁੜੇ ਲੋਕਾਂ ਨੂੰ ਵਾਤਾਵਰਣ ਅਤੇ ਮਿੱਟੀ ਦੀ ਰੱਖਿਆ ਦੀ ਟ੍ਰੇਨਿੰਗ ਦਿੰਦੇ ਹਨ।