ਰੂਸੀਆਂ ਤੋਂ ਦੂਰ ਹੋਇਆ ਰਾਜ ਕਪੂਰ, ਨਵੀਂ ਪੀੜ੍ਹੀ ਨੂੰ ਚੜ੍ਹਿਆ ਹਾਲੀਵੁੱਡ ਦਾ ਫਤੂਰ

ਦੁਪਹਿਰ ਦੇ ਵੇਲੇ ਰੂਸ ਦੇ ਸ਼ਹਿਰ ਟਵੇਰ ਵਿੱਚ ਧਮਾਲ ਹੋ ਰਿਹਾ ਹੈ। ਇੱਕ ਵੱਡੇ ਲਾਉਡਸਪੀਕਰ ‘ਤੇ ਦਲੇਰ ਮਹਿੰਦੀ ਤੇ ਅਲਕਾ ਯਾਗਨਿਕ ਦਾ ਗੀਤ ‘ਓਏ ਹੋਏ, ਨੀ ਕੁੜੀਆਂ ਸ਼ਹਿਰ ਦੀਆਂ’ ਵੱਜ ਰਿਹਾ ਹੈ।ਇੱਕ ਵੱਡੇ ਹਾਲ ਵਿੱਚ ਇੱਕ ਦਰਜਨ ਰੂਸੀ ਕੁੜੀਆਂ ਭਾਰਤੀ ਪੋਸ਼ਾਕਾਂ ਵਿੱਚ ਨੱਚ ਰਹੀਆਂ ਹਨ।ਰੂਸੀ ਲੀਨਾ ਗੋਇਲ ਹਫਤੇ ਵਿੱਚ ਪੰਜ ਦਿਨ ਡਾਂਸ ਕਲਾਸ ਲੈਂਦੀ ਹੈ। ਇੱਥੇ ਬਾਲੀਵੁੱਡ ਗਾਣਿਆਂ ਅਤੇ ਭਾਰਤੀ ਸ਼ਾਂਸਤ੍ਰੀ ਸੰਗੀਤ ‘ਤੇ ਡਾਂਸ ਦੀ ਟ੍ਰੇਨਿੰਗ ਕਈ ਸਾਲਾਂ ਤੋਂ ਚੱਲ ਰਹੀ ਹੈ।

ਲੀਨਾ 20 ਸਾਲਾਂ ਤੋਂ ਇਹ ਕਰਦੀ ਆ ਰਹੀ ਹੈ। ਉਨ੍ਹਾਂ ਹੇਮਾ ਮਾਲਿਨੀ ਤੋਂ ਪ੍ਰੇਰਿਤ ਹੋ ਕੇ ਭਾਰਤ ਤੋਂ ਡਾਂਸ ਸਿੱਖਿਆ ਸੀ। ਲੀਨਾ ਨੇ ਦੱਸਿਆ, “ਮੈਨੂੰ ਬਾਲੀਵੁੱਡ ਦੀਆਂ ਪੁਰਾਣੀਆਂ ਫਿਲਮਾਂ ਬਹੁਤ ਚੰਗੀਆਂ ਲੱਗਦੀਆਂ ਹਨ। ਉਸ ਵੇਲੇ ਸੋਵਿਅਤ ਯੁਨੀਅਨ ਵਿੱਚ ‘ਸ਼ੋਲੇ’, ‘ਕਭੀ ਕਭੀ’, ‘ਦੋ ਅਨਜਾਨੇ’, ‘ਰਾਜਾ ਜਾਨੀ’ ਵਰਗੀਆਂ ਫਿਲਮਾਂ ਮਸ਼ਹੂਰ ਸਨ।” ”ਬਾਲੀਵੁੱਡ ਫਿਲਮਾਂ ਬੇਹੱਦ ਈਮੋਸ਼ਨਲ ਹੁੰਦੀਆਂ ਹਨ, ਇਹ ਭਾਰਤੀਆਂ ਤੇ ਰੂਸੀਆਂ ਦੇ ਦਿਲ ਨੂੰ ਛੂੰਹਦੀਆਂ ਹਨ।” ਬਾਲੀਵੁੱਡ ਫਿਲਮਾਂ ਤੋਂ ਦੂਰ ਹਨ ਰੂਸ ਦੇ ਨੌਜਵਾਨ ਭਾਰਤੀ ਸਿਨੇਮਾ ਦੇ ਸਿਤਾਰੇ ਰੂਸ ਵਿੱਚ ਹਮੇਸ਼ਾ ਮਸ਼ਹੂਰ ਰਹੇ ਹਨ, ਫੇਰ ਉਹ ਨਰਗਿਸ ਹੋਣ ਜਾਂ ਫੇਰ ਰਾਜ ਕਪੂਰ। ਸੋਵਿਅਤ ਯੁਨੀਅਨ ਨਾਲ ਭਾਰਤ ਦੇ ਚੰਗੇ ਰਿਸ਼ਤਿਆਂ ਲਈ ਇਨ੍ਹਾਂ ਫਿਲਮਾਂ ਦਾ ਵੱਡਾ ਕਿਰਦਾਰ ਰਿਹਾ ਹੈ।

ਕਈ ਫਿਲਮਾਂ ਤਾਂ ਇਕੱਠੀਆਂ ਹੀ ਬਣੀਆਂ ਤੇ ਦੋਵੇਂ ਦੇਸਾਂ ਵਿੱਚ ਇਕੱਠੀਆਂ ਹੀ ਰਿਲੀਜ਼ ਵੀ ਹੋਈਆਂ।

ਬਾਲੀਵੁੱਡ

‘ਪਰਦੇਸੀ’ ਵਰਗੀਆਂ ਫਿਲਮਾਂ ਦੋਹਾਂ ਦੇਸਾਂ ਦੇ ਆਪਸੀ ਸਹਿਯੋਗ ਨਾਲ ਬਣੀਆਂ ਸਨ।

ਪੁਰਾਣੇ ਸਿਤਾਰਿਆਂ ਲਈ ਉਤਸ਼ਾਹ

ਉਹ ਜ਼ਮਾਨਾ ਵੀ ਸੀ ਜਦ ‘ਸ਼੍ਰੀ 420’, ‘ਆਵਾਰਾ’ ਅਤੇ ‘ਮੇਰਾ ਨਾਮ ਜੋਕਰ’ ਵਰਗੀਆਂ ਫਿਲਮਾਂ ਰੂਸ, ਯੂਕਰੇਨ ਅਤੇ ਜੌਰਜੀਆ ਵਿੱਚ ਕਈ ਮਹੀਨਿਆਂ ਤੱਕ ਲੱਗੀਆਂ ਰਹਿੰਦੀਆਂ ਸਨ।ਪਰ ਕੀ ਅੱਜ ਵੀ ਬਾਲੀਵੁੱਡ ਰੂਸ ਵਿੱਚ ਓਨਾ ਹੀ ਪ੍ਰਚਲਿਤ ਹੈ ? ਜਦ ਅਸੀਂ ਭਾਰਤ ਵਿੱਚ ਬਾਲੀਵੁੱਡ ਫਿਲਮਾਂ ਵੇਖਦੇ ਸਨ ਤਾਂ ਸੁਣਦੇ ਸੀ ਕਿ ਰੂਸ ਵਿੱਚ ਵੀ ਇਨ੍ਹਾਂ ਫਿਲਮਾਂ ਦਾ ਬੁਖਾਰ ਹੈ। ਇਹ ਗੱਲ ਸੱਚ ਨਿੱਕਲੀ ਪਰ ਅਜੇ ਵੀ ਪੁਰਾਣੇ ਸਿਤਾਰਿਆਂ ਲਈ ਉਤਸ਼ਾਹ ਵੱਧ ਹੈ।

ਐਨਾ, ਲੀਨਾ ਗੋਇਲ, ਸ਼ਬਨਮ
ਫੋਟੋ ਕੈਪਸ਼ਨ ਐਨਾ, ਲੀਨਾ ਗੋਇਲ, ਸ਼ਬਨਮ

ਅਸੀਂ ਮੌਸਕੋ ਦੇ ਇੱਕ ਪੌਸ਼ ਇਲਾਕੇ ਵਿੱਚ ਪਹੁੰਚੇ ਜਿੱਥੇ ਮਸ਼ੂਹਰ ਭਾਰਤੀ ਰੈਸਟੋਰੈਂਟ ਹਨ। ਮੇਰੀ ਮੁਲਾਕਾਤ ਹਿੰਦੀ ਬੋਲਣ ਵਾਲੀ ਇੱਕ ਰੂਸੀ ਔਰਤ ਸ਼ਬਨਮ ਨਾਲ ਹੋਈ।ਸ਼ਬਨਮ ਨੂੰ ਬਾਲੀਵੁੱਡ ਨਾਲ ਪਿਆਰ ਹੈ ਜਿਸ ਕਰਕੇ ਉਹ ਕਈ ਸਾਲਾਂ ਤੋਂ ਇੱਥੇ ਕੰਮ ਕਰਦੀ ਹੈ।ਪਰ ਉਸਨੂੰ ਅਫਸੋਸ ਹੈ ਕਿ ਰੂਸ ਵਿੱਚ ਭਾਰਤੀ ਫਿਲਮਾਂ ਨਾ ਹੀ ਸਿਨੇਮਾਘਰਾਂ ਵਿੱਚ ਲੱਗਦੀਆਂ ਹਨ ਅਤੇ ਨਾ ਹੀ ਬਾਜ਼ਾਰਾਂ ਵਿੱਚ ਮਿਲਦੀਆਂ ਹਨ।ਸ਼ਬਨਮ ਨੇ ਕਿਹਾ, ”ਜਿਮੀ ਜਿਮੀ ਆਜਾ ਵਾਲਾ ਮਿਥੁਨ ਦਾ ਡਾਂਸ ਅਤੇ ਗਾਣਾ ਇੱਥੇ ਗਾਉਂਦੇ ਸਨ। ਪਰ ਮੈਂ ਨਵੀਂ ਪੀੜ੍ਹੀ ਦੇ ਅਦਾਕਾਰਾਂ ਨੂੰ ਨਹੀਂ ਜਾਣਦੀ। ਹੁਣ ਇੱਥੇ ਅਮਰੀਕਨ ਜਾਂ ਅੰਗਰੇਜ਼ੀ ਫਿਲਮਾਂ ਵੇਖਦੇ ਹਨ।”

ਬਾਲੀਵੁੱਡ ਦਾ ਘਟਿਆ ਚਾਅ

ਮੈਨੂੰ ਵੀ ਰੂਸ ਦੇ ਕਿਸੇ ਸਿਨੇਮਾਘਰ ਵਿੱਚ ਬਾਲੀਵੁੱਡ ਫਿਲਮ ਲੱਗੀ ਜਾਂ ਉਨ੍ਹਾਂ ਦੇ ਪੋਸਟਰ ਨਹੀਂ ਦਿਖਾਈ ਦਿੱਤੇ।ਭਾਰਤੀ ਮੂਲ ਦੇ ਕੁਝ ਲੋਕਾਂ ਨੇ ਦੱਸਿਆ ਕਿ ਜੋ ਲੋਕ ਸੋਵਿਅਤ ਯੂਨੀਅਨ ਦੇ ਦੌਰ ਵਿੱਚ ਆਏ ਸੀ ਉਨ੍ਹਾਂ ਵਿੱਚ ਹੀ ਬਾਲੀਵੁੱਡ ਫਿਲਮਾਂ ਦਾ ਵੱਧ ਉਤਸ਼ਾਹ ਹੈ।ਲੇਖਕ ਤੇ ਪੱਤਰਕਾਰ ਰਾਮੇਸ਼ਵਰ ਸਿੰਘ 30 ਸਾਲ ਪਹਿਲਾਂ ਸੋਵਿਅਤ ਯੁਨੀਅਨ ਆਏ ਸਨ, ਪਤਨੀ ਇੱਥੋਂ ਦੀ ਹੈ ਪਰ ਹਿੰਦੀ ਬੋਲਦੀ ਤੇ ਸਮਝਦੀ ਹੈ।ਉਨ੍ਹਾਂ ਦੱਸਿਆ, ”ਵਪਾਰ ਹੋਵੇ ਜਾਂ ਕੁਝ ਹੋਰ, ਅਜ ਕਲ ਦੇਸਾਂ ਵਿਚਾਲੇ ਵਿਰਸੇ ਦਾ ਲੈਣ ਦੇਣ ਸੰਗੀਤ ਅਤੇ ਫਿਲਮਾਂ ਰਾਹੀਂ ਹੁੰਦਾ ਹੈ।”

ਰਾਮੇਸ਼ਵਰ ਸਿੰਘ

ਰੂਸ ਵਿੱਚ ਬਾਲੀਵੁੱਡ ਫਿਲਮਾਂ ਲਈ ਉਤਸ਼ਾਹ ਭਾਵੇਂ ਹੀ ਘਟਿਆ ਹੋਵੇ ਪਰ ਭਾਰਤੀ ਡਾਂਸ ਨੂੰ ਹਾਲੇ ਵੀ ਪਸੰਦ ਕਰਦੇ ਹਨ।ਲੀਨਾ ਗੋਇਲ ਦੇ ਸਕੂਲ ਵਿੱਚ ਸਾਡੀ ਮੁਲਾਕਾਤ ਇੱਕ ਡਾਂਸ ਸਿੱਖ ਰਹੀ ਕੁੜੀ ਐਨਾ ਨਾਲ ਹੋਈ।ਉਨ੍ਹਾਂ ਦੱਸਿਆ, ”ਮਾਂ ਬਣਨ ਤੋਂ ਬਾਅਦ ਮੈਂ ਕੁਝ ਸਮੇਂ ਲਈ ਡਾਂਸ ਛੱਡ ਦਿੱਤਾ ਸੀ। ਹੁਣ ਮੁੜ ਤੋਂ ਸ਼ੁਰੂ ਕੀਤਾ ਹੈ, ਮੈਂ ਇੱਕ ਦਿਨ ਭਾਰਤੀ ਮੰਚ ‘ਤੇ ਪਰਫੌਰਮ ਕਰਨਾ ਚਾਹੁੰਦੀ ਹਾਂ।”ਐਨਾ ਵਰਗੇ ਕਈ ਹੋਰ ਲੋਕ ਹਨ ਜਿਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਫਿਲਮਾਂ ਤੇ ਗਾਣੇ ਰੂਸ ਵਿੱਚ ਦੋਬਾਰਾ ਵਾਪਸੀ ਕਰਨਗੇ।

Leave a Reply

Your email address will not be published. Required fields are marked *