ਮਾਹਲੇ ਕਾ ਬੰਤਾ-3

0
722
Novels of Jaswant singh Kanwal
Novels of Jaswant singh Kanwal

ਕੰਵਲ ਦੇ ਜਨਮ ਸਮੇਂ ਢੁੱਡੀਕੇ ਦੀ ਆਬਾਦੀ ਇਕ ਹਜ਼ਾਰ ਤੋਂ ਵੀ ਘੱਟ ਹੋਵੇਗੀ ਜਿਸ ਵਿਚ ਦੋ ਕੁ ਸੌ ਮੁਸਲਮਾਨ ਹੋਣਗੇ। ਪਿੰਡ ਵਿਚ ਗਿੱਲ ਜੱਟ ਸਭ ਤੋਂ ਵੱਧ ਸਨ ਅਤੇ ਹੋਰਨਾਂ ਗੋਤਾਂ ਦੇ ਜੱਟ ਘੱਟ। ਮਹਾਜਨ, ਖੱਤਰੀ, ਅਰੋੜੇ, ਮਜ਼੍ਹਬੀ ਸਿੱਖ, ਰਵਿਦਾਸੀਏ, ਰਾਮਗੜ੍ਹੀਏ, ਬਾਵੇ, ਨਾਈ, ਛੀਂਬੇ, ਝਿਓਰ, ਜੁਲਾਹੇ, ਮੋਚੀ, ਘੁਮਿਆਰ, ਅਰਾਈਂ ਗੱਲ ਕੀ ਬਹੁਤ ਸਾਰੀਆਂ ਜਾਤਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਸਨ। ਲਗਭਗ ਸਾਰੇ ਵਰਗਾ ਦੇ ਲੋਕ ਹੀ ਕਿਰਤੀ ਸਨ। ਕੋਈ ਬਹੁਤਾ ਵੱਡਾ ਜਿ਼ਮੀਦਾਰ ਨਹੀਂ ਸੀ। ਕੰਵਲ ਨੂੰ ਕਿਰਤੀ ਪੇਂਡੂ ਸਮਾਜ ਵਿਰਸੇ ਵਿਚ ਮਿਲਿਆ।

ਮਾਹਲੇ ਕਾ ਬੰਤਾ ਦੇ ਪਹਿਲੇ ਦੋ ਭਾਗ ਪੜ੍ਹੋ : ਮਾਹਲੇ ਕਾ ਬੰਤਾ -1 ਅਤੇ ਮਾਹਲੇ ਕਾ ਬੰਤਾ-2

ਢੁੱਡੀਕੇ ਦੀ ਇਕ ਅੰਦਰਲੀ ਫਿਰਨੀ ਹੈ ਤੇ ਦੂਜੀ ਬਾਹਰਲੀ ਫਿਰਨੀ। ਕੰਵਲ ਹੋਰਾਂ ਦਾ ਜੱਦੀ ਘਰ ਅੰਦਰਲੀ ਫਿਰਨੀ ਦੇ ਅੰਦਰਵਾਰ ਸੀ ਜਦ ਕਿ ਬਾਹਰਲੀ ਕੋਠੀ ਬਾਹਰਲੀ ਫਿਰਨੀ ਦੇ ਬਾਹਰਵਾਰ ਹੈ। ਪਿੰਡ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਖ ਵੱਖ ਅ

ਪ੍ਰਿੰਸੀਪਲ ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ

ਗਵਾੜਾਂ ਵਿਚ ਪੰਜ ਖੂਹ ਸਨ। ਹੁਣ ਉਹ ਸਾਰੇ ਖੂਹ ਪੂਰੇ ਜਾ ਚੁੱਕੇ ਹਨ। ਚਾਰ ਛੱਪੜ ਸਨ ਜੋ ਹੁਣ ਵੀ ਹਨ। ਜੇਠ ਹਾੜ ਵਿਚ ਜਦ ਛੱਪੜ ਸੁੱਕ ਜਾਂਦੇ ਤਾਂ ਉਨ੍ਹਾਂ ਦੀ ਚੀਕਣੀ ਮਿੱਟੀ ਦੇ ਢਲੇ ਪੁੱਟ ਕੇ ਕੰਧਾਂ ਕੋਠੇ ਉਸਾਰੇ ਜਾਂਦੇ ਸਨ। ਕੰਵਲ ਦਾ ਬਚਪਨ ਉਨ੍ਹਾਂ ਕੰਧਾਂ ਕੋਠਿਆਂ ਵਿਚ ਬੀਤਿਆ। ਕੰਵਲ ਉਦੋਂ ਦਸਵੇਂ ਸਾਲ ‘ਚ ਸੀ ਜਦੋਂ 17 ਨਵੰਬਰ 1928 ਨੂੰ ਲਾਲਾ ਲਾਜਪਤ ਰਾਏ ਦਾ ਦੇਹਾਂਤ ਹੋਇਆ। ਲਾਲੇ ਦਾ ਬਦਲਾ ਲੈਂਦਿਆਂ ਭਗਤ ਸਿੰਘ ਹੋਰਾਂ ਦੀ ਸ਼ਹੀਦੀ ਹੋਈ। ਕਰਤਾਰ ਸਿੰਘ ਸਰਾਭਾ ਢੁੱਡੀਕੇ ਦੇ ਗਦਰੀ ਬਾਬਿਆਂ ਵਾਂਗ ਪਹਿਲਾਂ ਹੀ ਸ਼ਹੀਦ ਹੋ ਗਿਆ ਸੀ। ਕੰਵਲ ਦੇ ਦੱਸਣ ਮੂਜਬ ਉਸ ਨੇ ਲਾਲਾ ਲਾਜਪਤ ਰਾਏ ਨੂੰ ਕਦੇ ਨਹੀਂ ਸੀ ਵੇਖਿਆ ਪਰ ਪਿੰਡ ਦੇ ਵਿਕਾਸ ਲਈ ਲਾਲਾ ਜੀ ਦਾ ਨਾਂ ਸਭ ਤੋਂ ਵੱਧ ਕੰਵਲ ਨੇ ਹੀ ਵਰਤਿਆ।

ਗੱਲ ਵਿਚੋਂ ਇਹ ਸੀ ਕਿ ਲਾਲਾ ਲਾਜਪਤ ਰਾਏ ਦੇ ਇਕ ਸਾਥੀ ਲਾਲਾ ਮੋਹਨ ਲਾਲ ਨੇ 1950ਵਿਆਂ ਵਿਚ ਸਾਬਤ ਕਰ ਦਿੱਤਾ ਸੀ ਕਿ ਲਾਲਾ ਜੀ ਦਾ ਜਨਮ ਉਦੋਂ ਦੇ ਰਿਵਾਜ ਅਨੁਸਾਰ ਉਸ ਦੇ ਨਾਨਕੇ ਪਿੰਡ ਢੁੱਡੀਕੇ ਵਿਚ ਹੋਇਆ ਸੀ। ਪਹਿਲਾਂ ਲਾਲਾ ਜੀ ਦਾ ਜਨਮ ਜਗਰਾਓਂ ਵਿਚ ਹੋਇਆ ਮੰਨਿਆ ਜਾਂਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੀਆਂ ਸਕੂਲੀ ਪਾਠ ਪੁਸਤਕਾਂ ਵਿਚ ਲਾਲਾ ਜੀ ਦਾ ਜਨਮ ਜਗਰਾਓਂ ਵਿਚ ਹੋਇਆ ਹੀ ਪੜ੍ਹਾਇਆ ਗਿਆ ਸੀ।

1950ਵਿਆਂ ਵਿਚ ਜਸਵੰਤ ਸਿੰਘ ਕੰਵਲ ਢੁੱਡੀਕੇ ਦਾ ਸਰਪੰਚ ਸੀ। ਜਦ ਲਾਲਾ ਜੀ ਦਾ ਜਨਮ ਢੁੱਡੀਕੇ ‘ਚ ਹੋਇਆ ਸਿੱਧ ਹੋ ਗਿਆ ਤਾਂ ਲਾਲਾ ਜੀ ਦੀ ਯਾਦਗਾਰ ਬਣਾਉਣ ਲਈ ਕਮੇਟੀ ਬਣਾਈ ਗਈ। ਕਮੇਟੀ ਵਿਚ ਕਾਂਗਰਸੀ ਨੇਤਾ ਪਾਏ ਗਏ ਕਿਉਂਕਿ ਲਾਲਾ ਲਾਜਪਤ ਰਾਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਸਨ। ਉਨ੍ਹਾਂ ਬ੍ਰਿਟਿਸ਼ ਸਰਕਾਰ ਦੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਿਆਂ ਲਾਠੀਆਂ ਖਾਧੀਆਂ ਸਨ। ਕੁਝ ਦਿਨਾਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ਤੇ ਉਹ ਸ਼ਹੀਦ ਐਲਾਨੇ ਗਏ ਸਨ। ਪੰਜਾਬ ਤੇ ਭਾਰਤ ਦੀਆਂ ਕਾਂਗਰਸ ਸਰਕਾਰਾਂ ਲਾਲਾ ਜੀ ਦੇ ਨਾਂ ਉਤੇ ਢੁੱਡੀਕੇ ਨੂੰ ਕੁਝ ਵੀ ਦੇਣ ਲਈ ਤਿਆਰ ਸਨ। ਸਰਪੰਚ ਜਸਵੰਤ ਸਿੰਘ ਕੰਵਲ ਨੇ ਪਿੰਡ ਦੇ ਵਿਕਾਸ ਲਈ ਗਦਰੀ ਬਾਬਿਆਂ ਦੀ ਥਾਂ ਲਾਲਾ ਜੀ ਨਾਂ ਵਰਤਣਾ ਮੌਕੇ ਦੀ ਸਿਆਸਤ ਸਮਝਿਆ।

ਜਾਣੋ ਕੌਣ ਸਨ ਜਸਵੰਤ ਸਿੰਘ ਕੰਵਲ

ਲਾਲਾ ਜੀ ਦੇ ਜਨਮ ਦਿਨ ਅਤੇ ਸਹੀਦੀ ਦਿਵਸ ਉਤੇ ਸ਼ਰਧਾਂਜਲੀ ਭੇਟ ਕਰਨ ਲਈ ਰਾਜਸੀ ਨੇਤਾ ਢੁੱਡੀਕੇ ਪਧਾਰਨ ਲੱਗੇ। ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਵੀ ਆਏ ਅਤੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਵੀ। ਮੰਤਰੀਆਂ, ਮੁੱਖ ਮੰਤਰੀਆਂ ਤੇ ਗਵਰਨਰਾਂ ਨੇ ਤਾਂ ਫਿਰ ਆਉਣਾ ਹੀ ਸੀ। ਲਾਲਾ ਲਾਜਪਤ ਰਾਏ ਯਾਦਗਾਰ, ਲਾਇਬ੍ਰੇਰੀ, ਢੁੱਡੀਕੇ ਤੋਂ ਅਜੀਤਵਾਲ ਤਕ ਪੱਕੀ ਸੜਕ, ਡਾਕ ਤੇ ਤਾਰ ਘਰ, ਸੀਨੀਅਰ ਸੈਕੰਡਰੀ ਸਕੂ਼ਲ, ਡਿਗਰੀ ਕਾਲਜ, ਹਸਪਤਾਲ, ਬੈਂਕ ਤੇ ਵਾਟਰ ਵਰਕਸ ਵਰਗੀਆਂ ਸਹੂਲਤਾਂ ਪਿੰਡ ਵਿਚ ਆ ਗਈਆਂ। ਗਲੀਆਂ ਨਾਲੀਆਂ ਪੱਕੀਆਂ ਕਰ ਦਿੱਤੀਆਂ ਗਈਆਂ।

ਇਕ ਦਿਨ ਢੁੱਡੀਕੇ ਵਿਚ ਕਮਿਊਨਿਸਟਾਂ ਦੀ ਕਾਨਫ੍ਰੰਸ ਹੋਈ। ਦੇਸ਼ਭਗਤ ਯਾਦਗਾਰ ਜਲੰਧਰ ਵਾਲਾ ਬਾਬਾ ਗੁਰਮੁਖ ਸਿੰਘ ਕੰਵਲ ਦੇ ਘਰ ਆ ਕੇ ਖੂੰਡਾ ਚੁੱਕ ਖਲੋਤਾ। ਤੇਜਾ ਸਿੰਘ ਸੁਤੰਤਰ ਤੇ ਅਵਤਾਰ ਸਿੰਘ ਮਲਹੋਤਰਾ ਵੀ ਮੌਕੇ ‘ਤੇ ਹਾਜ਼ਰ ਸਨ। ਬਾਬਾ ਪੈਂਦੀ ਸੱਟੇ ਕੰਵਲ ਨੂੰ ਪੈ ਗਿਆ, “ਓਏ ਕੰਵਲਾ! ਖੋਟੇ ਲਾਲੇ ਦਿਆ ਝੋਲੀ ਚੁੱਕਾ! ਤੈਨੂੰ ਯਾਦਗਾਰਾਂ ਬਣਾਉਣ ਲਈ ਫਾਂਸੀ ਚੜ੍ਹਨ ਵਾਲੇ ਪਿੰਡ ਦੇ ਦੇਸ਼ ਭਗਤ ਸ਼ਹੀਦ ਨਾ ਦਿਸੇ। ਗਦਰੀ ਬਾਬਿਆਂ ਦਾ ਫੰਡ ਹਜ਼ਮ ਕਰਨ ਵਾਲਾ ਲਾਲਾ ਅਸਮਾਨੇ ਚਾੜ੍ਹ ਛੱਡਿਆ?”

ਕੰਵਲ ਨੇ ਲਿਖਿਆ ਹੈ, “ਮੈਂ ਹੀ ਨਹੀਂ, ਸਾਰਾ ਹਿੰਦੋਸਤਾਨ ਬਾਬਾ ਗੁਰਮੁਖ ਸਿੰਘ ਦੀ ਬੱਤੀ ਵਰ੍ਹੇ ਕੱਟੀ ਸਖ਼ਤ ਜੇਲ੍ਹ ਦਾ ਸਤਿਕਾਰ ਕਰਦਾ ਸੀ। ਮੈਂ ਬਾਬਾ ਜੀ ਦੇ ਸਖਤ ਖਿੰਗਰ ਸੁਭਾਅ ਨੂੰ ਸਤਿਕਾਰਤ ਮਖਣੀ ਲਾਇਆ ਚਾਹੁੰਦਾ ਸਾਂ। ਲਾਲੇ ਦਾ ਨਾਂ ਵਰਤਣ ਤੇ ਮੈਨੂੰ ਬਾਬੇ ਦੇ ਔਖੇ ਹੋਣ ਦਾ ਪਹਿਲੋਂ ਹੀ ਪਤਾ ਸੀ। ਇਸ ਗੱਲ ‘ਤੇ ਇਕ ਵਾਰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਵੀ ਉਹ ਮੇਰੇ ਗਲ ਪਿਆ ਸੀ। ਮੈਂ ਨਿਮਰਤਾ ਨਾਲ ਬੇਨਤੀ ਕੀਤੀ ਸੀ:

“ਬਾਬਾ ਜੀ! ਸਾਡਾ ਪਿੰਡ ਬੁਰੀ ਤਰ੍ਹਾਂ ਕਤਲਾਂ ਦੀ ਮਾਰ ਹੇਠ ਆਇਆ ਹੋਇਆ ਸੀ। ਲਾਲੇ ਦੇ ਨਾਂ ਨਾਲ ਸਰਕਾਰੀ ਮੱਝ ਪਸਮਦੀ ਸੀ। ਅਸਾਂ ਚਾਟ ਪਾ ਕੇ ਚੋ ਲਈ, ਕੀ ਬੁਰਾ ਕੀਤਾ? ਅਸਾਂ ਕਾਲਜ ਤਕ ਦੀਆਂ ਸਹੂਲਤਾਂ ਖੜ੍ਹੀਆਂ ਕਰ ਲਈਆਂ; ਕੀ ਮਾੜਾ ਕੀਤਾ? ਗ਼ਦਰੀ ਬਾਬਿਆਂ ਨੂੰ ਅੱਗੇ ਰੱਖਦੇ, ਮੁੜ ਪਿੰਡ ‘ਤੇ ਤਾਜ਼ੀਰੀ ਚੌਕੀ ਪੁਆ ਲੈਂਦੇ ਤੇ ਲੋਕਾਂ ਵਾਧੂ ਦੀਆਂ ਗਾਲ੍ਹਾਂ ਵੱਖ ਦੇਣੀਆਂ ਸਨ। ਲੋਕ ਕੰਮ ਕਾਰਨ ਸਾਡੇ ਨਾਲ ਹਨ। ਨਿਰੀ ਨੁਕਤਾਚੀਨੀ ਕੀ ਸੁਆਰਦੀ ਐ? ਇਸ ਮਿਲਵਰਤਨ ਕਾਰਨ ਚੂਹੜਚੱਕ ਨਾਲੋਂ ਅਸੈਂਬਲੀ ਵਿਚ ਵੱਧ ਵੋਟਾਂ ਭੁਗਤਾਈਆਂ ਹਨ। ਤੁਹਾਡੇ ਵਾਲੀ ਅੜਵਾਈ ਦੀ ਥਾਂ ਜੇ ਪਾਰਟੀ ਨੇ ਮਿਲਵਰਤਣੀ ਪਾਲਿਸੀ ਅਪਨਾਈ ਹੁੰਦੀ, ਰਾਜ ਭਾਗ ਤੁਹਾਡੇ ਆਪਣੇ ਹੱਥ ਹੋਣਾ ਸੀ। ਗਾਂਧੀ ਤੁਹਾਡੇ ਬਹੁਤੇ ਸਿਆਣਿਆਂ ਨਾਲ ਕਿਵੇਂ ਠੱਗੀ ਮਾਰ ਗਿਆ? ਜੇਲ੍ਹਾਂ ਦੀ ਸਖਤ ਕੁੱਟ ਤੁਸਾਂ ਖਾਧੀ; ਚੂਰੀ ਖੀਰ ਬਾਹਮਣ ਤੋਤੇ ਮੁਫ਼ਤ ਵਿਚ ਹੀ ਖਾ ਗਏ।”

ਮੈਂ ਬਾਬੇ ਦਾ ਸਖ਼ਤ ਰਵੱਈਆ ਤਾੜ ਲਿਆ ਸੀ; ਜੇ ਬਹੁਤਾ ਨਰਮ ਪਿਆ, ਆਪਣੇ ਘਰ ਵਿਚ ਹੀ ਬਾਬੇ ਤੋਂ ਕੁੱਟ ਖਾਵਾਂਗਾ।
“ਹੁਣ ਬੱਚੂ ਤੂੰ ਸਾਨੂੰ ਮੱਤਾਂ ਦੇਵੇਂਗਾ?”

“ਬਾਬਾ ਜੀ! ਕਾਂਗਰਸ ਸਰਕਾਰ ਦਾ ਅੰਦਰਲਾ ਤੱਤ ਫਿਰਕੂ ਐ। ਮਿਸਟਰ ਜਿਨਾਹ ਠੀਕ ਆਖਦਾ ਸੀ। ਇਸ ਸਰਕਾਰ ਨੇ ਚੌਦਾਂ ਪੰਦਰਾਂ ਦੇ ਗ਼ਦਰੀ ਬਾਬਿਆਂ ਦੇ ਨਾਂ ‘ਤੇ ਧਾਰਾਂ ਨਹੀਂ ਸਨ ਦੇਣੀਆਂ। ਲਾਲਾ ਲਾਜਪਤ ਰਾਏ ਮੇਰੇ ਪਿੰਡ ਜੰਮਿਆ ਸੀ। ਉਸ ਦੇ ਨਾਂ ‘ਤੇ ਫਿਰਕੂ ਸਰਕਾਰ ਨੂੰ ਚੋ ਲੈਣ ਦਿਓ। ਅਸੀਂ ਪਿੰਡ ਦਾ ਮੂੰਹ ਮੱਥਾ ਸਵਾਰਨਾ ਚਾਹੁੰਦੇ ਆਂ।”

“ਤੈਨੂੰ ਐਨਾ ਵੀ ਪਤਾ ਨਹੀਂ, ਲਾਜਪਤ ਰਾਏ ਵਾਇਸਰਾਏ ਦੀਆਂ ਲੇਲੜੀਆਂ ਕੱਢ ਕੇ ਛੁੱਟਿਆ ਸੀ? ਤੂੰ ਫਾਂਸੀ ਚੜ੍ਹਨ ਵਾਲੇ ਦੇਸ਼ ਭਗਤਾਂ ਨੂੰ ਛੱਡ ਕੇ ਹਿੰਦੂ ਮਹਾਂਸਭਾ ਦੇ ਪ੍ਰਧਾਨ ਲਾਲੇ ਦਾ ਨਾਂ ਚਾੜ੍ਹਿਆ?” ਬਾਬਾ ਹੋਰ ਤੱਤਾ ਹੋ ਗਿਆ।

ਸੋਚਿਆ, ਬਾਬਾ ਗੁਰਮੁਖ ਸਿੰਘ ਨੂੰ ਕਿਵੇਂ ਠੰਢਾ ਕਰਾਂ; ਜਿਹੜਾ ਲੁਹਾਰ ਦੀ ਭੱਠੀ ਵਾਂਗ ਭਵਕਦਾ ਹੀ ਰਹਿੰਦਾ ਏ।
“ਬਾਬਾ ਜੀ! ਫਾਂਸੀ ਚੜ੍ਹਨ ਵਾਲੇ ਦੇਸ਼ ਭਗਤਾਂ ਦੇ ਨਾਂ ਸੁਣਨ ਲਈ ਵੀ ਸਰਕਾਰ ਤਿਆਰ ਨਹੀਂ। ਅਸੀਂ ਲੋਕਾਂ ਦੀਆਂ ਸਹੂਲਤਾਂ, ਕਾਲਜ, ਹੈਲਥ ਸੈਂਟਰ ਆਦ ਲੈਣਾ ਚਾਹੁੰਦੇ ਆਂ। ਜੇ ਇਹ ਕੁਝ ਲਾਲੇ ਦੇ ਨਾਂ ਨੂੰ ਮਿਲਦਾ ਹੈ, ਕੀ ਮਾੜਾ ਹੈ? ਤੁਸੀਂ ਦੇਸ਼ ਭਗਤਾਂ ਲਈ ਕੋਈ ਬੀੜਾ ਚੁੱਕੋ, ਮੈਂ ਤੁਹਾਡੇ ਨਾਲ ਖਲੋਵਾਂਗਾ। ਮੈਂ ਇਹ ਕੁਝ ਲੋਕਾਂ ਲਈ ਕਰ ਰਿਹਾ ਆਂ; ਆਪਣੇ ਨਿੱਜ ਲਈ ਤਾਂ ਨਹੀਂ ਕਰ ਰਿਹਾ।”

ਜਾਣੋ ਜਸਵੰਤ ਸਿੰਘ ਕੰਵਲ ਨੇ ਕੀ ਕੁਝ ਪੰਜਾਬੀਆਂ ਦੀ ਝੋਲੀ ’ਚ ਪਾਇਆ

“ਫਾਂਸੀ ਚੜ੍ਹਨ ਵਾਲੇ ਦੇਸ਼ ਭਗਤਾਂ ਨੂੰ ਛੱਡ ਕੇ ਫਿਰਕੂ ਲਾਜਪਤ ਦੀ ਯਾਦਗਾਰ ਬਣਾਉਣਾ ਖੁਦਗਰਜ਼ੀ ਨਹੀਂ?” ਤੇਜਾ ਸਿੰਘ ਸੁਤੰਤਰ ਨੇ ਮੈਨੂੰ ਟੋਕਿਆ।

“ਲੋਕਾਂ ਨੂੰ ਸਿਖਿਅਤ ਕਰਨਾ ਖ਼ੁਦਗਰਜ਼ੀ ਨਹੀ। ਲੋਕਾਂ ਨੂੰ ਸਿਆਣੇ ਬਣਾਏ ਬਿਨਾਂ ਕੋਈ ਇਨਕਲਾਬ ਨਹੀਂ ਆਉਣਾ।”
ਸੁਤੰਤਰ ਚੁੱਪ ਵੱਟ ਗਿਆ। ਉਹ ਨੈਨੀਤਾਲ ਬੈਂਕ ਡਕੈਤੀ ਤੋਂ ਪਹਿਲੋਂ ਦੋ ਰਾਤਾਂ ਵਾਰੰਟਡ ਹਾਲਤ ਵਿਚ ਮੇਰੇ ਕੋਲ ਕੱਟ ਗਿਆ ਸੀ।
ਬਾਬਾ ਮੁੜ ਬੁੜ੍ਹਕ ਪਿਆ, “ਤੇਰੇ ਵਰਗਿਆਂ ਹੀ ਇਨਕਲਾਬ ਦਾ ਭੱਠਾ ਬਹਾਇਆ ਏ।”

ਬਾਬਾ ਮੇਰੇ ਬਾਪ ਵਰਗਾ ਸੀ। ਉਹ ਜੁੱਤੀਆਂ ਵੀ ਮਾਰਦਾ ਮੈਂ ਸਹਿ ਲੈਂਦਾ। ਉਹਦੀ ਕੁਰਬਾਨੀ ਅੱਗੇ ਸਾਰੇ ਹਿੰਦੋਸਤਾਨ ਦਾ ਸਿਰ ਝੁਕਦਾ ਸੀ।
ਚੰਗਾ ਕਹੋ ਭਾਵੇਂ ਮਾੜਾ, ਜਿਹੜਾ ਖੋਲਿਆਂ ਵਰਗਾ ਪਿੰਡ ਢੁੱਡੀਕੇ ਜਸਵੰਤ ਸਿੰਘ ਕੰਵਲ ਦੇ ਜਨਮ ਵੇਲੇ ਸੀ ਉਹ ਲਾਲਾ ਲਾਜਪਤ ਰਾਏ ਦਾ ਨਾਂ ਵਰਤ ਕੇ ਕੰਵਲ ਤੇ ਉਹਦੇ ਸੰਗੀਆਂ ਸਾਥੀਆਂ ਨੇ ਪੰਜਾਬ ਹੀ ਨਹੀਂ, ਦੇਸ਼ ਦਾ ਦਰਸ਼ਨੀ ਪਿੰਡ ਬਣਾ ਦਿੱਤਾ ਹੈ। ਕਿਸੇ ਸਮੇਂ ਗੁੰਮਨਾਮ ਤੇ ਬਦਨਾਮ ਪਿੰਡ ਢੁੱਡੀਕੇ ਹੁਣ ਦੇਸ਼ ਦਾ ਮਾਡਲ ਪਿੰਡ ਵੱਜਦਾ ਹੈ। ਕੰਵਲ ਨੂੰ ਮਾਣ ਹੈ ਕਿ ਉਹ ਦੇਸ਼ਭਗਤਾਂ ਦੇ ਪਿੰਡ ਢੁੱਡੀਕੇ ਦਾ ਜੰਮਪਲ ਵੀ ਹੈ ਤੇ ਸਾਰੀ ਉਮਰ ਦਾ ਵਾਸੀ ਵੀ। ਡਾ. ਮਹਿੰਦਰ ਸਿੰਘ ਰੰਧਾਵਾ ਵੱਲੋਂ ਚੰਡੀਗੜ੍ਹ ‘ਚ ਪਲਾਟ ਦੇਣ ਦੀ ਪੇਸ਼ਕਸ਼ ਦੇ ਬਾਵਜੂਦ ਉਸ ਨੇ ਨਾ ਪਲਾਟ ਲਿਆ ਤੇ ਨਾ ਪਿੰਡ ਛੱਡ ਕੇ ਸ਼ਹਿਰ ਗਿਆ। (ਸਮਾਪਤ)

ਪੁਸਤਕ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਵਿਚੋਂ

ਪ੍ਰਿੰਸੀਪਲ ਸਰਵਣ ਸਿੰਘ

principalsarwansingh@gmail.com