ਪੰਜਾਬ ਨੂੰ ਵੱਡਾ ਵਿੱਤੀ ਘਾਟਾ ਝੱਲਣਾ ਪਿਆ : ਕੈਪਟਨ ਅਮਰਿੰਦਰ ਸਿੰਘ

0
67

ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕਰੋਨਾਵਾਇਰਸ ਕਾਰਨ ਲਗਾਏ ਲੌਕਡਾਊਨ ਅਤੇ ਕਰਫਿਊ ਦੌਰਾਨ ਵੱਡਾ ਘਾਟਾ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵੱਖ ਵੱਖ ਤਰ੍ਹਾਂ ਟੈਕਸ ਮਾਲੀਏ ਤੋਂ ਕੋਈ ਆਮਦਨ ਨਹੀਂ ਹੋਈ ਅਤੇ ਪੰਜਾਬ ਵਿੱਚ ਮੌਜੂਦਾ ਸਮੇਂ ਕੁੱਲ ਉਦਯੋਗਿਕ ਯੂਨਿਟਾਂ ਦਾ ਲਗਪਗ 1.5 ਹਿੱਸਾ ਹੀ ਕਾਰਜਸ਼ੀਲ ਹੈ। ਉਨ੍ਹਾਂ ਪੰਜਾਬ ਦੇ ਵਿੱਤੀ ਘਾਟੇ ਬਾਰੇ ਦਸਿਆ ਕਿ ਪੰਜਾਬ ਨੂੰ ਅਪ੍ਰੈਲ ਮਹੀਨੇ ਵਿੱਚ ਲਗਪਗ 88 ਫੀਸਦੀ ਘਾਟਾ ਝੱਲਣਾ ਪਿਆ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਹੁੰਦੀ ਆਮਦਨ ਵੀ ਨਹੀਂ ਹੋਈ। ਮੁੱਖ ਮੰਤਰੀ ਪੰਜਾਬ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਨਾ ਮਿਲਣ ਕਾਰਨ ਵੱਡੀ ਮੁਸ਼ਕਲ ਪੈਦਾ ਹੋ ਗਈ ਹੈ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਸਬੰਧੀ ਰੋਕਥਾਮ ਲਈ ਅਪਣਾਈ ਜਾ ਰਹੀ ਨੀਤੀ ਅਤੇ ਸੂਬੇ ਦੇ ਵਿੱਤੀ ਢਾਂਚੇ ਦੀ ਮੁੜ ਉੁਸਾਰੀ ਲਈ ਉਠਾਏ ਜਾ ਰਹੇ ਕਦਮਾਂ ਬਾਰੇ ਹੋਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਸਮੇਂ ਦਿੱਤੀ। ਇਸ ਸਮੇਂ ਵੀਡੀਓ ਕਾਨਫ਼ਰੰਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੋਂ ਇਲਾਵਾ ਡਾ. ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਕਾਂਗਰਸ ਦੀ ਅਗਵਾਈ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਸ਼ਾਮਲ ਸਨ।

ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਹੁਣ ਤੱਕ ਹੋਈ ਕਣਕ ਦੀ ਖ਼ਰੀਦ ਬਾਰੇ ਵਿਸਥਾਰ ਵਿਚ ਦਸਿਆ ਜਿਸ ਵਿੱਚ ਹੁਣ ਤੱਕ 100 ਮੀਟਰਿਕ ਟਨ ਕਣਕ ਦੀ ਆਮਦ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਖ਼ਰੀਦ ਦੀ ਪ੍ਰਕਿਰਿਆ ਚੱਲ ਰਹੇ ਮਈ ਮਹੀਨੇ ਦੇ ਅੱਧ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਸੂਬੇ ਨੂੰ ਅਪ੍ਰੈਲ ਮਹੀਨੇ ਦੌਰਾਨ 3360 ਕਰੋੜ ਦੀ ਇਕੱਤਰ ਹੋਣ ਵਾਲੇ ਮਾਲੀਏ ਵਿੱਚੋਂ ਸਿਰਫ਼ ਤੇ ਸਿਰਫ਼ 396 ਕਰੋੜ ਦੀ ਆਮਦਨ ਹੀ ਹੋਈ ਹੈ ਅਤੇ ਬਿਜਲੀ ਦੀ ਖਪਤ 30 ਫ਼ੀਸਦੀ ਤੱਕ ਘਟਣ ਕਾਰਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਬਿਜਲੀ ਦਰਾਂ ਵਿੱਚ ਰੋਜ਼ਾਨਾ 30 ਕਰੋੜ ਦਾ ਘਾਟਾ ਵੀ ਹੋ ਰਿਹਾ ਹੈ। ਮੁੱਖ ਮੰਤਰੀ ਨੇ ਜੀ.ਐਸ.ਟੀ. ਦੇ ਬਕਾਏ ਬਾਰੇ ਦੱਸਿਆ ਕਿ ਸੂਬੇ ਨੂੰ ਕੇਂਦਰ ਵਲੋਂ 4365.37 ਕਰੋੜ ਦੀ ਰਕਮ ਬਕਾਇਆ ਚੱਲ ਰਹੀ ਹੈ। ਸੂਬੇ ਨੂੰ ਵਿੱਤੀ ਅਤੇ ਉਦਯੋਗਿਕ ਪੱਖੋਂ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਮੌਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਮਾਹਿਰਾਂ ਦੀ ਮੁੱਢਲੀ ਰੀਪੋਰਟ ਆਉਂਦੇ ਤਿੰਨ ਮਹੀਨਿਆਂ ਵਿੱਚ ਮਿਲਣ ਦੀ ਸੰਭਾਵਨਾ ਹੈ।