ਕੇਰਲਾ ’ਚ ਤਾਂ ਸਭ ਖੋਤੇ, ਤੋਤੇ ਅੰਗਰੇਜ਼ੀ ਜਾਣਦੇ ਨੇ !

0
122

ਪੰਜਾਬ ਹੁਣ ਜਰਨਲ ਡੈਰ ਦੀਆਂ ਭੇਡਾਂ ਦਾ ਬਹੁਤ ਹੀ ਕਮਾਲ ਦਾ ਵਾੜਾ ਬਣ ਗਿਐ। ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਅੰਗਰੇਜ਼ੀ ਸਭ ਤੋਂ ਵੱਧ ਕਿੱਥੇ ਬੋਲੀ ਜਾਂਦੀ ਐ, ਤਾਂ ਕਾਂਵਾਂ ਰੌਲੀ ਪੈਣ ਲੱਗ ਜਾਂਦੀ ਐ, ਉਹ ਬਈ ਕੇਰਲਾ ’ਚ ਤਾਂ ਖੋਤੇ, ਤੋਤੇ, ਰੇਹੜੀ, ਰਿਕਸ਼ੇ ਵਾਲੀ ਸਭ ਅੰਗਰੇਜ਼ੀ ਬੋਲਦੇ ਐ। ਜੇ ਉਨ੍ਹਾਂ ਨੂੰ ਪੁੱਛੋ ਕਿ ਤੁਹਾਨੂੰ ਕਿਸ ਨੇ ਦੱਸਿਆ ਤਾਂ ਕਹਿਣਗੇ, ਉਹ ਫਲਾਣੇ ਨੇ। ਫਲਾਣੇ ਨੂੰ ਪੁੱਛੋ ਤਾਂ ਉਹ ਢਮਕਾਣੇ ਨੇ। ਬਸ ਸੁਣਿਆ ਸੁਣਾਇਆ ਕਿੱਸਾ ਪੜ੍ਹੀ ਜਾਂਦੇ ਐ।

ਲਉ ਬਈ ਕੇਰਲਾ ਦੀ ਸੁਣ ਲਉ। ਗੋਆ ਦੇ ਸਮੁੰਦਰੀ ਕੰਢਿਆਂ ’ਤੇ ਦਸ ਦਿਨ ਘੁਮੱਕੜਪੁਣਾ ਕਰਨ ਤੋਂ ਬਾਅਦ, ਮੈਂ ਗੋਆ ਦੇ ਮਡਗਾਉਂ ਟੇਸ਼ਣ ਤੋਂ ਕਾਲੀਕਟ (ਕੋਜੀਕੋੜ) ਜਾ ਰਹੀ ਕੇਰਲਾ ਜਨਸੰਪਰਕ ਕ੍ਰਾਂਤੀ ਐਕਸਪ੍ਰੈੱਸ ਦੇ ਬੱਕਰੀ ਡੱਬੇ ’ਚ ਜਾ ਵੜਿਆ। ਕਾਲੀਕਟ ਰਹਿੰਦੇ ਮੇਰੇ ਤਾਮਿਲ ਦੋਸਤ ਮੱਥੂ ਕ੍ਰਿਸ਼ਨਨ ਨੇ ਮੈਨੂੰ ਕਈ ਵਾਰ ਕਿਹਾ ਸੀ, ‘‘ ਭਾਅ ਜੀ ਕਦੇ ਏਧਰ ਆਏ ਤਾਂ ਮੈਨੂੰ ਮਿਲ ਕੇ ਜਾਇਓ। ’’

ਸਾਰਾ ਡੱਬਾ ਮਲਿਆਲੀਆਂ ਨਾਲ ਤੂੜਿਆ ਪਿਆ ਸੀ। ਮੈਂ ਪਹਿਲਾਂ ਹਿੰਦੀ ’ਚ ਬੀਨ ਵਜਾਈ ਪਰ ਕਿਸੇ ਸੱਪ ਨੇ ਫਨ ਨੀ ਚੱਕਿਆ। ਫੇਰ ਸੋਚਿਆ ਅੰਗਰੇਜ਼ੀ ਆਲਾ ਵਾਜਾ ਵਜਾ ਕੇ ਵੇਖਦਾਂ ਪਰ ਕਿੱਧਰੋਂ ਵੀ ਤਾ ਥੲੀ ਤਾ ਦਾ ਸੁਰ ਨਾ ਨਿਕਲਿਆ। ਬੜੀ ਹੈਰਾਨੀ ਹੋਈ। ਸਾਰੀ ਰਾਤ ਡੱਬੇ ’ਚ ਮਲਿਆਲੀਆਂ ਦੇ ਮਾਰੇ ਇਡਲੀ ਡੋਸੇ ਵਾਲੇ ਪੱਦ ਸੁੰਘਣ ਤੋਂ ਬਾਅਦ ਗੱਡੀ ਸਵੇਰੇ ਕਾਲੀਕਟ ਦੇ ਟੇਸ਼ਣ ’ਤੇ ਜਾ ਲੱਗੀ।

ਮੱਥੂ ਕ੍ਰਿਸ਼ਨਨ ਮੋਟਰ ਸੈਕਲ ਲੈ ਕੇ ਮੈਨੂੰ ਲੈਣ ਆਇਆ ਹੋਇਆ ਸੀ। ਉਸ ਦੇ ਘਰ ਵਲ ਚੱਲੇ ਤਾਂ ਮੈਨੂੰ ਇਕ ਵੀ ਘਰ ਜਾਂ ਦੁਕਾਨ ਅੱਗੇ ਹਿੰਦੀ ਜਾਂ ਅੰਗਰੇਜ਼ੀ ਲਿਖੀ ਨੀ ਮਿਲੀ। ਮੱਥੂ ਮਲਿਆਲੀ ਮੁਸਲਮਾਨਾਂ ਦੇ ਘਰ ਕਿਰਾਏ ’ਤੇ ਰਹਿੰਦਾ ਸੀ। ਉਨ੍ਹਾਂ ਚੋਂ ਕਿਸੇ ਨੂੰ ਵੀ ਅੰਗਰੇਜ਼ੀ ਜਾਂ ਹਿੰਦੀ ਦਾ ਕੋਈ ਅੱਖਰ ਨਹੀਂ ਅਾਉਂਦਾ ਸੀ।

ਸੰਝ ਨੂੰ ਮੱਥੂ ਕਿਤੇ ਕੰਮ ਚਲਾ ਗਿਆ। ਮੈਂ ਚਾਹ ਪੀਣ ਨੂੰ ਜੀਅ ਕਰ ਆਇਆ। ਮੈਂ ਉਨ੍ਹਾਂ ਨੂੰ ਬੜਾ ਸਮਝਾਇਆ ਪਰ ਕਿਸੇ ਨੂੰ ਸਮਝ ਨੀ ਆਇਆ। ਫੇਰ ਉਨ੍ਹਾਂ ਦਾ ਮੁੰਡਾ ਆ ਗਿਆ। ਉਹ ਬਾਰਵੀਂ ’ਚ ਪੜ੍ਹਦਾ ਸੀ। ਮੈਂ ਉਸ ਨੂੰ ਵੀ ਬਹੁਤ ਅੌਖਾ ਟੀ ਸਮਝਾਉਣ ’ਚ ਕਾਮਯਾਬ ਹੋ ਗਿਆ। ਉਹ ਕਹਿੰਦਾ ਟੀਆ ਟੀਆ ਟੀਆ । ਬੜੀ ਔਖੀ

ਆਈਸੈਕ ਪਾਲ ਦੇ ਗੁਆਂਢੀ ਨਾਲ ਕੱਚੇ ਨਾਰੀਅਲ ਦਾ ਸੁਆਦ ਵੇਖਦੇ ਹੋਏ

ਟੀਅਾ ਬਣੀ।

ਅਗਲੇ ਦਿਨ ਮੱਥੂ ਮੈਨੂੰ ਕਾਲੀਕਟ (ਕੋਜੀਕੋੜ) ਦੇ ਬੱਸ ਅੱਡੇ ’ਚ ਮੇਰੇ ਬਹੁਤ ਹੀ ਪਿਆਰੇ ਦੋਸਤ ਆਈਸੈਕ ਦੇ ਸ਼ਹਿਰ ਕਨੂਰ ਜਾਣ ਵਾਲੀ ਬੱਸ ’ਚ ਬਿਠਾਉਣ ਲੈ ਗਿਆ। ਬੱਸ ਅੱਡੇ ’ਚ ਹਿੰਦੀ, ਅੰਗਰੇਜ਼ੀ ਕੂੜੇ ਦੇ ਢੇਰ ’ਤੇ ਪਏ ਕਿਸੇ ਲਿਫਾਫੇ ’ਤੇ ਵੀ ਨੀ ਲੱਭੀ। ਇਕ ਬਹੁਤ ਉਚੀ ਹਵੇਲੀ ’ਤੇ ਕੁੱਝ ਲਿਖਿਆ ਹੋਇਆ ਸੀ। ਮੈਂ ਮੱਥੂ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਇਹ ਕੋਕਾਕੋਲਾ ਦੀ ਮਸ਼ਹੂਰੀ ਐ। ਹੱਦ ਹੋਗੀ ਸਾਲੀ ਅਮਰੀਕੀ ਕੰਪਨੀ ਦੀ ਮਸ਼ਹੂਰੀ ਵੀ ਮਲਿਆਲਮ ’ਚ।

ਲਉ ਜੀ ਬੱਸ ’ਚ ਬਿਠਾਉਣ ਤੋਂ ਪਹਿਲਾਂ ਮੱਥੂ ਨੇ ਫੋਨ ’ਤੇ ਆਈਸੈਕ ਨਾਲ ਡਰੈੈਵਰ ਕੰਡਕਟਰ ਦੀ ਗੱਲ ਕਰਵਾਈ ਕਿਉਂਕਿ ਉਨ੍ਹਾਂ ’ਚੋਂ ਕੋਈ ਵੀ ਹਿੰਦੀ, ਅੰਗਰੇਜ਼ੀ ਨਹੀਂ ਜਾਣਦਾ ਸੀ। ਫੇਰ ਬੱਸ ’ਚ ਬੈਠ ਕੇ ਤਿੰਨ ਘੰਟੇ ਦੇ ਸਫਰ ਦੌਰਾਨ ਮੈਂ ਕਲੰਡਰ ਨੂੰ ਇਸ਼ਾਰਿਆਂ ਨਾਲ ਹੀ ਪੁੱਛਦਾ ਰਿਹਾ ਕਿ ਕਿੰਨੀ ਦੂਰ ਐ।

ਆਈਸੈਕ ਕੋਲ ਪੁੱਜਾ ਤਾਂ ਤਿੰਨ ਘੰਟੇ ਬਾਅਦ ਮੂੰਹ ਖੋਲ੍ਹ ਕੇ, ਅੰਗਰੇਜ਼ੀ ’ਚ ਜਗਾਲੀ ਕਰਕੇ ਆਪਣੀਆਂ ਜਾਬਾਂ ਠੀਕ ਕੀਤੀਆਂ।

ਆਈਸੈਕ ਦੇ ਨੇੜੇ ਤੇੜੇ ਉਸ ਦੇ ਦੋਸਤਾਂ ’ਚੋਂ ਕੋਈ ਵੀ ਮੇਰੇ ਨਾਲ ਸਿਰਫ ਇਸ਼ਾਰਿਆਂ ਨਾਲ ਹੀ ਗੱਲ ਕਰਦਾ ਸੀ।

ਇਸ ਦਾ ਸਭ ਤੋਂ ਸਿਖਰ ਸੁਣੋ। ਆਈਸੈਕ ਇਕ ਦਿਨ ਮੈਨੁੂੰ ਆਪਣੇ ਸਕੂਲ ਲੈ ਗਿਆ। ਉਥੇ ਨਿਆਣਿਆਂ ਨੇ ਪਹਿਲੀ ਵਾਰ ਸਰਦਾਰ ਬੰਦਾ ਵੇਖਿਆ ਸੀ। ਉਹ ਇਕੱਠੇ ਹੋ ਕੇ ਮੇਰੀ ਪੱਗ ਬਾਰੇ ਸਵਾਲ ਕਰਨ ਲੱਗ ਪਏ। ਆਈਸੈਕ ਸਾਡੇ ਵਿਚਕਾਰ ਉਲੱਥੇ ਦਾ ਕੰਮ ਕਰਦਾ ਰਿਹਾ।
ਆਈਸੈਕ ਮੈਨੂੰ ਕਹਿੰਦਾ ਕਿ ਮੈਂ ਉਸ ਦੇ ਮਾਸਟਰਾਂ ਨੁੰ ਆਪਣੀ ਦੋਸਤੀ ਬਾਰੇ ਦੱਸਾਂ। ਸਾਰੇ ਮਾਸਟਰਾਂ ਨੇ ਧੋਤੀਆਂ ਲਾਈਆਂ ਹੋਈਆਂ ਸਨ। ਮੈਂ ਉਨ੍ਹਾਂ ਨੂੰ ਅੰਗਰੇਜ਼ੀ ’ਚ ਦੱਸਣ ਲੱਗ ਪਿਆ। ਉਹ ਗੱਲਬਾਤ ’ਚ ਬਸ ਯੈਸ ਸਰ, ਓ ਕੇ ਹੀ ਕਰਦੇ ਰਹੇ। ਮੈਨੂੰ ਬੜੀ ਹੈਰਾਨੀ ਹੋਈ।
ਮੈਂ ਜਦੋਂ ਬਾਅਦ ’ਚ ਆਈਸੈਕ ਨੂੰ ਕਿਹਾ ਕਿ ਉਹ ਬੋਲੇ ਕਿਉਂ ਨੀ। ਉਸ ਦਾ ਜਵਾਬ ਸੁਣਨ ਵਾਲਾ ਸੀ। ਉਹ ਕਹਿੰਦਾ They are Bsc. Msc. but they have hesitation to speak.

ਆਈਸੈਕ ਦੀ ਗੱਲ ਨੇ ਮੈਨੂੰ ਬਹੁਤ ਹੈਰਾਨ ਕੀਤਾ ਕਿ ਐਮ ਐਸ ਸੀ ਨੂੰ ਅੰਗਰੇਜ਼ੀ ਬੋਲਣ ’ਚ ਜੱਕ ਪੈਂਦੀ ਐ।

ਪਰ ਸਾਡੀਆਂ ਭੇਡਾਂ ਬਸ ਦਿਨ ਰਾਤ ਇਹੀ ਰਾਗ ਆਲਪਦੀਆਂ ਨੇ ਕਿ ਕੇਰਲਾ ’ਚ ਤਾਂ ਹਰ ਕੋਈ ਅੰਗਰੇਜ਼ੀ ਜਾਣਦਾ ਐ।

ਅਸਲ ਗੱਲ ਤਾਂ ਇਹ ਹੈ ਕਿ ਉਹ ਆਪਣੀ ਬੋਲੀ ਨਾਲ ਇਸ਼ਕ ਕਰਦੇ ਨੇ। ਭਾਰਤ ’ਚ ਮਲਿਆਲਮ ਮਨੋਰਮਾ ਮਲਿਆਲੀ ਅਖਬਾਰ ਸਭ ਤੋਂ ਵੱਧ ਗਿਣਤੀ ’ਚ ਛਪਦਾ। ਇਸ ਦੀ ਰੋਜ਼ਾਨਾ ਛਪਣ ਗਿਣਤੀ

ਵਗਦੇ ਪਾਣੀਆਂ ਵਰਗਾ ਆਈਸੈਕ ਪਾਲ

ਦਸ ਲੱਖ ਅੈ।

ਜਦਕਿ ਪੰਜਾਬੀ ਅਖਬਾਰਾਂ ਜਿਨ੍ਹਾਂ ’ਚ ਪੰਜਾਬੀ ਦੇ ਨਾਂ ’ਤੇ ਹਿੰਦੀ ’ਚ ਦੁਨੀਆ ਭਰ ਦਾ ਬਕਵਾਸ ਲਿਖਿਆ ਹੁੰਦਾ, ਪੂਰੀ ਦੁਨੀਆਂ ਦੀਆਂ ਮਿਲਾ ਕੇ ਵੀ ਇਕ ਦਿਨ ’ਚ ਛੇ ਲੱਖ ਤੋਂ ਵੱਧ ਨੀ ਛਪਦੀਆਂ। ਉਂਜ ਗਪੌੜੇ ਕਿਸੇ ਤੋਂ ਜਿੰਨੇ ਮਰਜ਼ੀ ਸੁਣ ਲਵੋ।

ਕਨੂਰ ਦੇ ਰੇਲਵੇ ਟੇਸ਼ਣ ’ਤੇ ਮੈਂ ਦੂਰ ਤੋਂ ਇਕ ਦੁਕਾਨ ਵੇਖੀ ਬੜੀ ਭੀੜ ਸੀ। ਮੈਂ ਸੋਚਿਆ ਕਿ ਜ਼ਰੂਰ ਕੋਈ ਖਾਣ ਪੀਣ ਦੀ ਦੁਕਾਨ ਹੋਵੇਗੀ। ਪਰ ਜਦੋਂ ਨੇੜੇ ਗਿਆ ਤਾਂ ਹੱਦ ਹੋਗੀ, ਜਲੇਬੀਆਂ ਵਾਂਗ ਕਿਤਾਬਾਂ ਵਿਕ ਰਹੀਆਂ ਸਨ।

ਜਿਹੜੇ ਡੱਬੇ ’ਚ ਮੈਂ ਬੈਠਾ ਸੀ ਉਸ ’ਚ ਇਕ ਬੀਬੀ ਸ਼ਹਿਰ ’ਚ ਨਿਕਲਦਾ ਛੋਟਾ ਅਖਬਾਰ ਲੈ ਕੇ ਤਾਕੀ ’ਚੋਂ ਚੜ੍ਹੀ। ਜਦੋਂ ਉਹ ਅਗਲੀ ਤਾਕੀ ਤੋਂ ਉਤਰੀ ਤਾਂ ਉਸ ਦੇ ਹੱਥ ’ਚ ਕੋਈ ਅਖਬਾਰ ਨਹੀਂ ਸੀ।

ਜਿਸ ਕੋਲ ਅਪਣੀ ਬੋਲੀ ਨੀ ਹੁੰਦੀ ਜਾਂ ਉਹ ਆਪਣੀ ਬੋਲੀ ਤੋਂ ਪਿੱਠ ਮੋੜ ਜਾਂਦੇ ਐ, ਉਨ੍ਹਾਂ ਦਾ ਅਣਖੀ ਹੋਣ ਦਾ ਦਾਅਵਾ ਇੰਜ ਐ ਜਿਵੇਂ ਕੋਈ ਠੰਢੇ ਤੇਲ ’ਚ ਹੀ ਗੁਲਗਲੇ ਪਕਾਉਣ ਦਾ ਦਾਅਵਾ ਕਰਨ ਲੱਗ ਜਾਵੇ।

ਮਨਜੀਤ ਸਿੰਘ ਰਾਜਪੁਰਾ

97802-79640