ਪੈਸਾ ਬਣਿਆ ਸਭ ਤੋਂ ਵੱਡਾ ਪੌਦਾ, ਸਾਇਨਾ ਤੇ ਪੀ ਵੀ ਸਿੰਧੂ ਨੇ ਕੀਤਾ ਅੱਸੀ ਅੱਸੀ ਲੱਖ ਚ ਆਪਣਾ ਸੌਦਾ

ਨਵੀਂ ਦਿੱਲੀ— ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ, ਚੋਟੀ ਦੇ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਤੇ ਐੱਚ. ਐੱਸ. ਪ੍ਰਣਯ ਨੂੰ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਦੇ ਚੌਥੇ ਸੈਸ਼ਨ ਲਈ ਸੋਮਵਾਰ ਹੋਈ ਨੀਲਾਮੀ ਵਿਚ 80-80 ਲੱਖ ਰੁਪਏ ਦੀ ਕੀਮਤ ਮਿਲੀ ਹੈ। ਇਸ ਸਾਲ ਲੀਗ ‘ਚ 9 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਇਸ ਸਾਲ ਦੀ ਨਵੀਂ ਟੀਮ ਪੁਣੇ 7 ਏਸੇਜ਼ ਵੀ ਨੀਲਾਮੀ ‘ਚ ਉਤਰੀ। ਨੀਲਾਮੀ ਦੇ ਪਹਿਲੇ ਦੌਰ ਵਿਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ, ਜਿਨ੍ਹਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ 8 ਆਈਕਨ ਖਿਡਾਰੀਆਂ ਨੂੰ 80-80 ਲੱਖ ਰੁਪਏ ਮਿਲੇ। ਕੋਰੀਆ ਦੇ ਸੋਨ ਵਾਨ ਸੋ ਨੂੰ ਅਵਧ ਵਾਰੀਅਰਸ ਨੇ 70 ਲੱਖ ਰੁਪਏ ‘ਚ ਖਰੀਦਿਆ।
ਨੀਲਾਮੀ ‘ਚ ਹਰ ਟੀਮ ਕੋਲ ਖਰਚਣ ਲਈ 2.6 ਕਰੋੜ ਰੁਪਏ ਸਨ ਤੇ ਉਹ ਇਕ ਖਿਡਾਰੀ ‘ਤੇ ਵੱਧ ਤੋਂ ਵੱਧ 80 ਲੱਖ ਰੁਪਏ ਖਰਚ ਕਰ ਸਕਦੇ ਸਨ। 9 ਟੀਮਾਂ ਦੇ ਆਈਕਨ ਖਿਡਾਰੀਆਂ ਨੂੰ ਖਰੀਦਣ ‘ਤੇ ਸਭ ਤੋਂ ਵੱਧ ਰਾਸ਼ੀ ਖਰਚ ਕੀਤੀ। ਸਿੰਧੂ ਨੂੰ ਹੈਦਰਾਬਾਦ ਹੰਟਰਸ, ਸਾਇਨਾ ਨੂੰ ਨਾਰਥ ਈਸਟਰਨ ਵਾਰੀਅਰਸ, ਸ਼੍ਰੀਕਾਂਤ ਨੂੰ ਬੈਂਗਲੁਰੂ ਰੈਪਟਰਸ ਤੇ ਪ੍ਰਣਯ ਨੂੰ ਦਿੱਲੀ ਡੈਸ਼ਰਸ ਨੇ 80-80 ਲੱਖ ਰੁਪਏ ‘ਚ ਖਰੀਦਿਆ। ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਨਵੀਂ ਟੀਮ ਪੁਣੇ 7 ਏਸੇਜ਼, ਵਰਲਡ ਨੰਬਰ-1 ਡੈੱਨਮਾਰਕ ਦੇ ਵਿਕਟਰ ਐਕਸੇਲਸਨ ਨੂੰ ਅਹਿਮਦਾਬਾਦ ਸਮੈਸ਼ ਮਾਸਟਰਸ, ਕੋਰੀਆ ਦੇ ਸੁੰਗ ਜੀ ਹਿਊਨ ਨੂੰ ਚੇਨਈ ਸਮੈਸ਼ਰਸ ਤੇ ਲੀ ਯੋਂਗ ਦੇਈ ਨੂੰ ਮੁੰਬਈ ਰਾਕੇਟਸ ਨੇ 80-80 ਲੱਖ ਰੁਪਏ ਦੀ ਕੀਮਤ ‘ਤੇ ਖਰੀਦਿਆ।
ਪੀ. ਬੀ. ਐੱਲ. ‘ਚ 2015 ਤੋਂ ਬਾਅਦ ਪਹਿਲੀ ਵਾਰ ਨੀਲਾਮੀ ‘ਚ ਸਾਰੇ ਵੱਡੇ ਖਿਡਾਰੀ ਸ਼ਾਮਲ ਹੋਏ ਤੇ ਇਸ ਸਾਲ ਰਿਟੈਂਸ਼ਨ ਦਾ ਨਿਯਮ ਨਹੀਂ ਰੱਖਿਆ ਗਿਆ। ਸਾਲ 2015 ਵਿਚ ਪਹਿਲੀ ਵਾਰ ਹੋਈ ਨੀਲਾਮੀ ਵਿਚ ਟੀਮਾਂ ਨੇ ਕਈ ਅਹਿਮ ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ ਸੀ ਤੇ ਅੱਗੇ ਆਉਣ ਵਾਲੇ ਸੈਸ਼ਨਾਂ ਲਈ ਖਿਡਾਰੀਆਂ ਨੂੰ ਰਿਟੇਨ ਵੀ ਕੀਤਾ ਸੀ ਪਰ ਇਸ ਸਾਲ ਸਾਰੇ ਖਿਡਾਰੀ ਨੀਲਾਮੀ ਵਿਚ ਸ਼ਾਮਲ ਕੀਤੇ ਗਏ।
ਨੀਲਾਮੀ ਵਿਚ ਕੁਲ 145 ਖਿਡਾਰੀਆਂ ਦੀ ਬੋਲੀ ਲੱਗੀ ਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ਵਿਚ ਸ਼ਾਮਲ ਹੋਏ। ਪੀ. ਬੀ. ਐੈੱਲ. ਦਾ ਆਯੋਜਨ ਭਾਰਤੀ ਬੈਡਮਿੰਟਨ ਸੰਘ ਦੀ ਦੇਖ-ਰੇਖ ਵਿਚ ਹੁੰਦਾ ਹੈ ਤੇ ਇਸ ਦਾ ਆਯੋਜਨ ਸਪੋਰਟਸ ਲਾਈਵ ਕਰਦਾ ਹੈ। ਚੌਥਾ ਸੈਸ਼ਨ ਵੀ 22 ਦਸੰਬਰ 2018 ਤੋਂ 13 ਜਨਵਰੀ 2019 ਤਕ ਆਯੋਜਿਤ ਹੋਵੇਗਾ। 23 ਦਿਨਾਂ ਤਕ ਚੱਲਣ ਵਾਲੇ ਪੀ. ਬੀ. ਐੱਲ.-4 ਵਿਚ ਕੁਲ 9 ਟੀਮਾਂ ਦਿੱਲੀ ਡੈਸ਼ਰਸ, ਅਹਿਮਦਾਬਾਦ ਸਮੈਸ਼ ਮਾਸਟਰਸ, ਅਵਧ ਵਾਰੀਅਰਸ, ਬੈਂਗਲੁਰੂ ਰੈਪਟਰਸ, ਮੁੰਬਈ ਰਾਕੇਟਸ, ਹੈਦਰਾਬਾਦ ਹੰਟਰਸ, ਚੇਨਈ ਸਮੈਸ਼ਰਸ, ਨਾਰਥ ਈਸਟਰਨ ਵਾਰੀਅਰਸ ਤੇ ਨਵੀਂ ਟੀਮ ਪੁਣੇ 7 ਏਸੇਜ਼ ਆਪਣੀ ਚੁਣੌਤੀ ਪੇਸ਼ ਕਰੇਗੀ।

Leave a Reply

Your email address will not be published. Required fields are marked *