10,000 ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਦਬੋਚਿਆ

bribe

ਦੋਸ਼ੀ ਪੁਲਿਸ ਮੁਲਾਜ਼ਮ ਨੇ ਪਹਿਲਾਂ ਲਏ ਸੀ 20,000 ਰੁਪਏ

ਚੰਡੀਗੜ, 27 ਨਵੰਬਰ, 2023 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਅਣਥੱਕ ਲੜਾਈ ਦੌਰਾਨ ਸੋਮਵਾਰ ਨੂੰ ਥਾਣਾ ਸਦਰ ਫਾਜ਼ਿਲਕਾ ਅਧੀਨ ਪੈਂਦੀ ਪੁਲਿਸ ਚੌਕੀ ਲਾਧੂਕਾ ਮੰਡੀ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਬਲਦੇਵ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਏਐਸਆਈ ਨੂੰ ਪਰਵੀਨ ਕੁਮਾਰ ਵਾਸੀ ਮੰਡੀ ਲਾਧੂਕਾ, ਜ਼ਿਲ੍ਹਾ ਫਾਜ਼ਿਲਕਾ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਝਗੜੇ ਨਾਲ ਸਬੰਧਤ ਪੁਲਿਸ ਸ਼ਿਕਾਇਤ ਵਿੱਚ ਉਸਦਾ ਨਾਮ ਸ਼ਾਮਲ ਨਾ ਕਰਨ ਬਦਲੇ ਹੋਰ 10,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਰਿਸ਼ਵਤ

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਕਤ ਛੋਟਾ ਥਾਣੇਦਾਰ ਪਹਿਲਾਂ ਹੀ ਇਸ ਸਬੰਧ ਵਿਚ 20,000 ਰੁਪਏ ਲੈ ਚੁੱਕਾ ਹੈ। ਹੁਣ ਉਸ ਨੇ 10,000 ਰੁਪਏ ਦੀ ਵਾਧੂ ਰਿਸ਼ਵਤ ਦੇਣ ਲਈ ਕਿਹਾ ਹੈ।  ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਵੱਲੋਂ ਰਿਸ਼ਵਤ ਦੀ ਮੰਗ ਕਰਦੇ ਸਮੇਂ ਕੀਤੀ ਗਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ, ਫਿਰੋਜ਼ਪੁਰ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਏਐਸਆਈ ਬਲਦੇਵ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਉਨਾਂ ਦੱਸਿਆ ਕਿ ਦੋਸ਼ੀ ਏ.ਐਸ.ਆਈ ਦੇ ਖਿਲਾਫ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Also Read ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼; 6 ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

One thought on “ 10,000 ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਦਬੋਚਿਆ

Leave a Reply

Your email address will not be published. Required fields are marked *