ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਤਹਿਸੀਲ ਪੱਟੀ ਦੇ ਮਾਲ ਹਲਕਾ ਕੀੜੀਆਂ ਦੇ ਸੇਵਾਮੁਕਤ ਪਟਵਾਰੀ ਰਮੇਸ਼ ਚੰਦਰ ਅਤੇ ਉਸ ਦੇ ਪੁੱਤਰ ਵਿਸ਼ਾਲ ਸ਼ਰਮਾ ਨੂੰ ਦੋ ਕਿਸ਼ਤਾਂ ਵਿੱਚ 11,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਇਹ ਮੁਕੱਦਮਾ ਪਿੰਡ ਕੀੜੀਆਂ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਸਕੱਤਰ ਸਿੰਘ ਵੱਲੋਂ ਬਿਓਰੋ ਦੇ ਟੋਲ ਫਰੀ ਨੰਬਰ ਉੱਪਰ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਮੁਲਜ਼ਮ ਪਟਵਾਰੀ ਅਤੇ ਉਸ ਦੇ ਲੜਕੇ ਵਿਸ਼ਾਲ ਨੇ ਸ਼ਿਕਾਇਤਕਰਤਾ ਤੋਂ ਵਾਹੀਯੋਗ ਜ਼ਮੀਨ ਦੀ ਮਾਲਕੀ ਸਬੰਧੀ ਮਾਲ ਰਿਕਾਰਡ ਵਿੱਚ ਦਰੁਸਤੀ ਕਰਨ ਬਦਲੇ ਦੋ ਕਿਸ਼ਤਾਂ ਵਿੱਚ 11,000 ਰੁਪਏ ਦੀ ਰਿਸ਼ਵਤ ਲਈ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਨੇ ਉਸ ਦੇ ਪਿਤਾ ਦੀ ਕਰੀਬ 10 ਏਕੜ (81 ਕਨਾਲ) ਜ਼ਮੀਨ ਦੇ ਮਾਲਕੀ ਰਿਕਾਰਡ ਵਿੱਚ ਛੇੜਛਾੜ ਕਰਕੇ ਉਸਦੇ ਚਾਚੇ ਦੇ ਪੁੱਤਰਾਂ ਨੂੰ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਦੇ ਸਹਿ-ਮਾਲਕ ਬਣਾ ਦਿੱਤਾ ਸੀ। ਜਦੋਂ ਉਸ ਨੇ ਇਸ ਸਬੰਧੀ ਪਟਵਾਰੀ ਨੂੰ ਸ਼ਿਕਾਇਤ ਕੀਤੀ ਤਾਂ ਮੁਲਜ਼ਮ ਪਟਵਾਰੀ ਨੇ ਮਾਲ ਰਿਕਾਰਡ ਠੀਕ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਦੋਸ਼ੀ ਪਟਵਾਰੀ ਨੇ ਮੌਕੇ ‘ਤੇ ਹੀ 1000 ਰੁਪਏ ਲੈ ਲਏ ਅਤੇ 10,000 ਰੁਪਏ ਹੋਰ ਰਿਸ਼ਵਤ ਵਜੋਂ ਦੇਣ ਲਈ ਕਿਹਾ।
ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਦੋਸ਼ੀ ਪਟਵਾਰੀ ਨੇ 29.09.2017 ਨੂੰ ਕਸਬਾ ਹਰੀਕੇ ਵਿਖੇ ਹਰਦੇਵ ਸਿੰਘ ਸੁਨਿਆਰੇ ਦੀ ਦੁਕਾਨ ‘ਤੇ ਆਪਣੇ ਲੜਕੇ ਵਿਸ਼ਾਲ ਸ਼ਰਮਾ ਰਾਹੀਂ 10,000 ਰੁਪਏ ਲਏ ਸਨ। ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਉਨਾ ਦੱਸਿਆ ਕਿ ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।