ਦਿੱਲੀ ਵਿੱਚ 1975 ਦੀ ਇੱਕ ਸਰਦੀਆਂ ਦੀ ਸ਼ਾਮ ਨੂੰ ਤਸਵੀਰਕਾਰ ਮਾਹਾਨੰਦਾ ਕੋਲ ਇੱਕ ਵਿਦੇਸ਼ੀ ਤੀਵੀਂ ਅਪਣੀ ਮੂਰਤ ਬਣਵਾਉਣ ਵਾਸਤੇ ਆਈ । ਅਸਲ ਵਿੱਚ ਇਹ ਭਾਰਤ ਤੋਂ ਯੂਰਪ ਤੱਕ ਅਪਣੇ ਪਿਆਰ ਨੂੰ ਸਾਈਕਲ ਤੇ ਲੱਭਣ ਦੀ ਕਹਾਣੀ ਦਾ ਮੁੱਢ ਸੀ।ਜਦੋਂ ਵਾਨ ਭਾਰਤ ਦੀ ਯਾਤਰਾ ਤੇ ਸੀ ਤਾਂ ਉਸ ਨੇ ਮਾਹਾਨੰਦਾ ਨੂੰ ਦਿੱਲੀ ਦੇ ਕਨਾਟ ਪਲੇਸ ‘ਚ ਸਕੈੱਚ ਬਣਾਉਦੇ ਦੇਖਿਆ ।ਉਸਨੇ ਉਸ ਸਮੇਂ ਤੱਕ ਕਾਫੀ ਨਾਂ ਕਮਾ ਲਿਆ ਸੀ ਤੇ ਲੋਕਲ ਪ੍ਰੈਸ ਵਿੱਚ ਉਸਦੀ ਕਾਫੀ ਚਰਚਾ ਹੁੰਦੀ ਸੀ।ਮਹਾਨੰਦਾ ਦੇ ਦਸ ਮਿੰਟ ‘ਚ ਸਕੈੱਚ ਬਣਾਉਣ ਦੇ ਦਾਅਵੇ ਨੂੰ ਵੇਖਦੇ ਹੋਏ ਉਸ ਨੇ ਉਸ ਨੂੰ ਅਜਮਾਉਣ ਦਾ ਫੈਸਲਾ ਕੀਤਾ। ਪਰ ਉਹ ਨਤੀਜੇ ਤੋਂ ਖੁਸ਼ ਨਹੀਂ ਸੀ ਉਸਨੇ ਅਗਲੇ ਦਿਨ ਫਿਰ ਉਸ ਕੋਲ ਜਾਣ ਦਾ ਇਰਾਦਾ ਕੀਤਾ।ਪਰ ਅਗਲੇ ਦਿਨ ਵੀ ਨਤੀਜਾ ਕੁੱਝ ਖਾਸ ਨਹੀਂ ਰਿਹਾ।
ਮਹਾਨੰਦਾ ਨੇ ਅਪਣੇ ਬਚਾਅ ਵਿੱਚ ਕਿਹਾ ਕਿ ਉਹ ਅਪਣੀ ਮਾਂ ਵਲੋਂ ਕੁੱਝ ਸਾਲ ਪਹਿਲਾ ਕੀਤੀ ਭਵਿੱਖਬਾਣੀ ਕਾਰਨ ਬੇਚੈਨ ਹੈ।ਜਦੋਂ ਉਹ ਉੜੀਸਾ ਦੇ ਇੱਕ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਸ ਨਾਲ ਉਪਰਲੀ ਜਾਤ ਵਾਲੇ ਬੱਚਿਆਂ ਵਲੋਂ ਦਲਿਤ ਹੋਣ ਕਰਕੇ ਵਿਤਕਰਾ ਕੀਤਾ ਜਾਂਦਾ ਸੀ। ਬਚਪਨ ਵਿੱਚ ਜਦੋਂ ਉਹ ਉਦਾਸੀ ਮਹਿਸੂਸ ਕਰਦਾ ਸੀ ਉਦੋਂ ਉਸਦੀ ਮਾਂ ਉਸਨੂੰ ਕਹਿੰਦੀ ਸੀ ਕਿ ਤੇਰੀ ਰਾਸ਼ੀ ਦੱਸਦੀ ਹੈ ਕਿ ਤੇਰਾ ਵਿਆਹ ਬਾਹਰ ਦੀ ਕੁੜੀ ਨਾਲ ਹੋਵੇਗਾ, ਉਹ ਸੰਗੀਤ ਜਾਣਦੀ ਹੋਵੇਗੀ ਤੇ ਉਹ ਜੰਗਲੀ ਜ਼ਮੀਨ ਦੀ ਮਾਲਕ ਵੀ ਹੋਵੇਗੀ।ਜਦੋਂ ਉਹ ਵਾਨ ਨੂੰ ਮਿਲਿਆ ਤਾਂ ਤੁਰੰਤ ਹੀ ਉਸ ਨੂੰ ਅਪਣੀ ਮਾਂ ਦੁਆਰਾ ਕੀਤੀ ਭਵਿੱਖਬਾਣੀ ਯਾਦ ਆਈ ਤਾਂ ਉਸਨੇ ਵਾਨ ਨੂੰ ਪੁਛਿਆ ਕਿ ਤੁਹਾਡੇ ਕੋਲ ਜੰਗਲੀ ਜ਼ਮੀਨ ਹੈ।ਵਾਨ ਨੇ ਕਿਹਾ ਕਿ ਉਹ ਜੰਗਲੀ ਜ਼ਮੀਨ ਦੀ ਮਾਲਕ ਹੈ ਤੇ ਪਿਆਨੋ ਵਜਾਉਣਾ ਜਾਣਦੀ ਹੈ। ਉਸ ਦੀ ਰਾਸ਼ੀ ਵੀ ਮਹਾਨੰਦਾ ਵਾਲੀ ਹੀ ਸੀ।
ਮਹਾਨੰਦਾ ਦੱਸਦਾ ਹੈ ਕਿ ਅਸੀ ਪਹਿਲੀ ਮੁਲਾਕਾਤ ਵਿਚ ਹੀ ਇੱਕ ਦੂਜੇ ਵੱਲ ਚੁੰਬਕਾਂ ਵਾਂਗ ਖਿੱਚੇ ਚਲੇ ਗਏ ਇਹ ਪਹਿਲੀ ਤੱਕਣੀ ਦਾ ਪਿਆਰ ਸੀ ।ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਵੇਂ ਉਸਨੂੰ ਸਵਾਲ ਪੁੱਛੇ ਤੇ ਚਾਹ ਲਈ ਕਿਹਾ। ਮੈਨੂੰ ਡਰ ਸੀ ਕਿ ਸ਼ਾਇਦ ਉਹ ਪੁਲਿਸ ਨੂੰ ਸ਼ਕਾਇਤ ਕਰੇਗੀ।ਕਈ ਮੁਲਾਕਾਤਾਂ ਤੋਂ ਬਾਅਦ ਉਹ ਉਸ ਨਾਲ ਉੜੀਸਾ ਜਾਣ ਲਈ ਮੰਨ ਗਈ।ਵਾਨ ਨੇ ਪਹਿਲੀ ਵਾਰ ਕੋਨਾਰਕ ਮੰਦਰ ਵੇਖਿਆ । ਦੋਹਾਂ ਨੂੰ ਆਪਸ ਵਿੱਚ ਪਿਆਰ ਹੋ ਗਿਆ। ਉਹਨਾਂ ਨੇ ਕਬਾਇਲੀ ਰਹੁ ਰੀਤਾਂ ਨਾਲ ਵਿਆਹ ਕਰਵਾ ਲਿਆ।
ਵਾਨ ਆਪਣੇ ਦੋਸਤਾਂ ਨਾਲ ਸਵੀਡਨ ਤੋਂ ਭਾਰਤ ਰਸਤੇ ਸੜਕ ਰਾਹੀਂ ਤੁਰਕੀ, ਇਰਾਨ, ਅਫਗਾਨਿਸਤਾਨ ਰਾਹੀਂ ਹੁੰਦੀ ਹੋਈ 22 ਦਿਨਾਂ ਵਿਚ ਪੁੱਜੀ ਸੀ। ਉਹ ਉਸੇ ਰਸਤੇ ਵਾਪਸ ਚਲੀ ਗਈ। ਇਸ ਦੌਰਾਨ ਇਕ ਸਾਲ ਬੀਤ ਗਿਆ ਤੇ ਉਹ ਚਿੱਠੀਆਂ ਰਹੀਂ ਇਕ ਦੂਜੇ ਦੇ ਗੇੜ ਵਿਚ ਰਹੇ।
ਮਹਾਂਨੰਦਾ ਕੋਲ ਜਹਾਜ਼ ਦੀ ਟਿਕਟ ਲੈਣ ਜੋਗੇ ਪੈਸੇ ਨਹੀਂ ਸਨ।
ਜੋ ਉਸ ਕੋਲ ਸੀ ਉਸ ਨੇ ਵੇਚ ਦਿੱਤਾ ਤੇ ਇਕ ਸਾਈਕਲ ਖਰੀਦ ਕੇ ਉਸੇ ਰਸਤੇ ਤੁਰ ਪਿਆ ਜਿਸ ਰਸਤੇ ਵਾਨ ਉਸ ਕੋਲ ਪੱਜੀ ਸੀ। ਉਸ ਨੇ ਆਪਣਾ ਸਫਰ 22 ਜਨਵਰੀ 1977 ਨੂੰ ਸ਼ੁਰੂ ਕੀਤਾ ਤੇ ਉਹ ਹਰ ਰੋਜ਼ 70 ਕਿਲੋਮੀਟਰ ਸਾਈਕਲ ਚਲਾਉਂਦਾ ਸੀ। ਉਸ ਨੇ ਦੱਸਿਆ ਕਿ ਰਸਤੇ ਵਿਚ ਉਸ ਦੀ ਕਲਾ ਉਸ ਦੇ ਕੰਮ ਆਈ। ਉਹ ਲੋਕਾਂ ਦੀਆਂ ਮੂਰਤਾਂ ਬਣਾਉਂਦਾ ਸੀ ਤੇ ਲੋਕ ਉਸ ਨੂੰ ਬਦਲੇ ਵਿਚ ਪੈਸੇ ਤੇ ਰੋਟੀ ਦਿੰਦੇ ਸਨ। ਉਹ ਦੱਸਦਾ ਕਿ ਅਫਗਾਨਿਸਤਾਨ ਉਸ ਸਮੇਂ ਬਹੁਤ ਹੀ ਸ਼ਾਤ ਮੁਲਕ ਸੀ ਤੇ ਬਹੁਤੀ ਥਾਂ ਬੇਅਬਾਦ ਹੀ ਪਈ ਸੀ ।
ਅਫਗਾਨਿਸਤਾਨ ਵਿਚ ਲੋਕ ਹਿੰਦੀ ਸਮਝਦੇ ਸਨ ਪਰ ਜਦੋਂ ਉਹ ਈਰਾਨ ਵਿਚ ਵੜਿਆ ਤਾਂ ਗੱਲਬਾਤ ਦੀ ਸਮੱਸਿਆ ਆਈ ਪਰ ਉਸ ਦੀ ਕਲਾ ਇਕ ਵਾਰ ਫੇਰ ਉਸ ਦੇ ਕੰਮ ਆਈ। ਪਿਆਰ ਦੀ ਕੋਈ ਵੀ ਬੋਲੀ ਨਹੀਂ ਹੁੰਦੀ ਤੇ ਪਿਆਰ ਹਰ ਇਕ ਬੋਲੀ ਸਮਝਦਾ ਹੈ।
ਉਹ ਕਹਿੰਦਾ ਹੈ ਕਿ ਉਹ ਸਮੇਂ ਬਹੁਤ ਚੰਗੇ ਸਨ ਤੇ ਲੋਕਾਂ ਕੋਲ ਬਹੁਤ ਸਮਾਂ ਸੀ ਮੇਰੇ ਵਰਗੇ ਪਰਦੇਸੀ ਨਾਲ ਗੱਪਾਂ ਮਾਰਨ ਲਈ।ਉਹ ਦੱਸਦਾ ਕਿ ਉਹ ਰਸਤੇ ਵਿਚ ਥੱਕ ਜਾਂਦਾ ਸੀ ਪਰ ਵਾਨ ਨਾਲ ਮੇਲ ਤੇ ਨਵੀਂਆਂ ਥਾਵਾਂ ਵੇਖਣ ਦੀ ਖਿੱਚ ਉਸ ਨੂੰ ਖਿੱਚੀ ਜਾ ਰਹੀ ਸੀ।
ਉਹ 28 ਮਈ ਨੂੰ ਯੂਰਪ ਪਹੁੰਚ ਗਿਆ। ਵਾਨ ਨੂੰ ਉਸ ਬਾਰੇ ਆਪਣੇ ਮਾਪਿਆਂ ਨੂੰ ਸਮਝਾਉਣ ਲਈ ਖਾਸਾ ਜ਼ੋਰ ਲਾਉਣਾ ਪਿਆ। ਅਖੀਰ ਸਵੀਡਨ ਵਿਚ ਉਨ੍ਹਾਂ ਨੇ ਅਦਾਲਤੀ ਵਿਆਹ ਕਰਵਾ ਲਿਆ।
ਮਹਾਂਨੰਦਾ ਦੱਸਦਾ ਕਿ ਉਸ ਨੂੰ ਯੂਰਪ ਬਾਰੇ ਕੁੱਝ ਨਹੀਂ ਪਤਾ ਸੀ। ਵਾਨ ਨੇ ਉਸ ਨੂੰ ਸਭ ਕੁੱਝ ਸਿੱਖਣ ਵਿਚ ਸਹਾਇਤਾ ਕੀਤਾ। ਉਹ ਅੱਜ ਵੀ ਉਸਨੂੰ ਉਨਾ ਹੀ ਪਿਆਰ ਕਰਦਾ ਹੈ ਜਿੰਨਾ 1975 ਵਿਚ ਕਰਦਾ ਸੀ। ਹੁਣ 64 ਸਾਲ ਦੀ ਉਮਰ ਵਿਚ ਉਹ ਸਵੀਡਨ ਵਿਚ ਰਹਿੰਦਾ ਹੈ ਤੇ ਉਸ ਦੇ ਦੋ ਬੱਚੇ ਹਨ।
ਮਹਾਂਨੰਦਾ ਕਹਿੰਦਾ ਕਿ ਉਸ ਨੇ ਪਿਆਰ ਲਈ ਸਾਈਕਲ ਚਲਾਇਆ ਪਰ ਉਸ ਨੂੰ ਕਦੇ ਵੀ ਸਾਈਕਲ ਚਲਾਉਣ ਨਾਲ ਪਿਆਰ ਨਹੀਂ ਰਿਹਾ।