ਲੰਘੀ 29 ਜੂਨ ਨੂੰ #ਪਾਕਿਸਤਾਨ ਅਤੇ #ਅਫਗਾਨਿਸਤਾਨ ਆਲਮੀ ਕ੍ਰਿਕਟ ਮੁਕਾਬਲੇ ਦੌਰਾਨ ‘ਜਸਟਿਸ ਫਾਰ ਬਲੋਚਿਸਤਾਨ’ ਵਾਲਾ ਬੈਨਰ ਲਹਿਰਾਉਂਦਾ ਜਹਾਜ਼ ਸਟੇਡੀਅਮ ਉੱਤੋਂ ਲੰਘਿਆ। ਭਾਰਤੀ ਚੈਨਲਾਂ ਨੇ ਇਸ ਦੀ ਬੜੀ ਖੁਸ਼ੀ ਮਨਾਈ। ਦਬਵੇਂ ਸ਼ਬਦਾਂ ‘ਚ ਇਸ ਨੂੰ ਪਾਕਿਸਤਾਨ ਨੂੰ ਪਸ਼ੇਮਾਨ ਕਰਨ ਲੲੀ ਭਾਰਤ ਦੇ ਅੰਤਰਾਸ਼ਟਰੀ ਸਿਆਸੀ ਪੈਂਤੜੇਬਾਜਾਂ ਦੀ ਕਾਢ ਵੀ ਕਿਹਾ ਗਿਆ। ਇਸੇ ਦਿਨ ਸਟੇਡੀਅਮ ‘ਚ ਅਫ਼ਗ਼ਾਨ ਅਤੇ ਪਾਕਿ ਕ੍ਰਿਕਟ ਪ੍ਰੇਮੀ ਆਪਸ ‘ਚ ਗੁੱਥਮ ਗੁੱਥਾ ਹੋਏ। ਉਸ ਦਿਨ ਭਾਰਤ ਦੇ ਖ਼ਬਰੀ ਚੈਨਲਾਂ ਅਤੇ ਰਾਸ਼ਟਰਵਾਦੀਆਂ ਨੂੰ ਦੋਵਾਂ ਗੱਲਾਂ ਦਾ ਤੀਆਂ ਜਿੰਨਾ ਚਾਅ ਸੀ।
ਪਰ ਕਹਿੰਦੇ ਹੁੰਦੇ ਆ ਕਿ ਭੱਜਦੇ ਨੂੰ ਵਾਹਣ ਇਕੋ ਜਿਹੇ। ਇਸ ਛੇ ਜੁਲਾਈ ਨੂੰ ਭਾਰਤ ਅਤੇ ਸ਼੍ਰੀਲੰਕਾ ਦੇ ਮੁਕਾਬਲੇ ਦੌਰਾਨ ਕਿਸੇ ਨੇ ਉਸੇ ਜਹਾਜ਼ ਵਾਲੇ ਭਾਈ ਨੂੰ ਕਹਿਕੇ ਕੇ ‘ਜਸਟਿਸ ਫਾਰ ਕਸ਼ਮੀਰ’ ਅਤੇ ‘ਇੰਡ ਮੋਬ ਲਾਈੰਚਿੰਗ ਇੰਨ ਇੰਡੀਆ’ ਦੇ ਬੈਨਰ ਦੇ ਸਟੇਡੀਅਮ ਉਤੋਂ ਉਡਾ ਦਿੱਤੇ। ਇਸ ਦਿਨ ਭਾਰਤੀ ਖਬਰੀ ਸੋਮਿਆਂ ਅਤੇ ਭਾਰਤੀ ਰਾਸ਼ਟਰਵਾਦੀਆਂ ਨੂੰ ਮਿਰਚਾਂ ਲੱਗੀਆਂ ਅਤੇ ਪਾਕਿਸਤਾਨ ਵਾਲੇ ਖ਼ਬਰੀ ਸੋਮਿਆਂ ਅਤੇ ਪਾਕਿ ਰਾਸ਼ਟਰਵਾਦੀਆਂ ਨੇ ਖੁਸ਼ੀ ਮਨਾਈ।
ਭਾਰਤ ਵਿਰੋਧੀ ਬੈਨਰ ਉੱਡਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੰਟਰੋਲ ਬੋਰਡ ਨੇ ਅਜਿਹੇ ਬੈਨਰਾਂ ਸ਼ਕਾਇਤ ਪੁਲਿਸ ਨੂੰ ਕੀਤੀ । ਪਰ ਪੁਲਿਸ ਨੇ ਕਿਹਾ ਕਿ ਕੋਈ ਵੀ ਬੈਨਰ ਉਡਾਉਣ ਦੀ ਕਿਸੇ ਨੂੰ ਵੀ ਅਜ਼ਾਦੀ ਏ ਅਤੇ ਉਹ ਰੋਕ ਨਹੀਂ ਸਕਦੇ।
ਇਕ ਗੇੜੇ ਦਾ ਜਹਾਜ਼ ਵਾਲਾ ਭਾਈ 600 ਯੂਰੋ ਲੈਂਦਾ ਐ। #ਰਾਸ਼ਟਰਵਾਦ ਦੀ ਇਸ ਖੇਡ ‘ਚ ਜਹਾਜ਼ ਵਾਲੇ ਭਾਈ ਨੂੰ ਦੋਵੇਂ ਪਾਸਿਉਂ ਹੁਣ ਤੱਕ 1800 ਯੂਰੋ ਬਣ ਚੁੱਕੇ ਆ।
ਜਹਾਜ਼ ਵਾਲੇ ਭਾਈ ਵਾਂਗੂੰ ਰਾਸ਼ਟਰਵਾਦ ਦੀ ਇਸ ਖੇਡ ਨੂੰ ਦੋਵੇਂ ਪਾਸੇ ਇਸੇ ਤਰ੍ਹਾਂ ਖੇਡ ਕੇ ਹਥਿਆਰ ਵੇਚਣ ਵਾਲੀਆਂ ਧਿਰਾਂ ਦੋਵੇਂ ਪਾਸਿਓਂ ਮੁਨਾਫ਼ਾ ਕਮਾਉਂਦੀਆਂ ਨੇ।
ਕ੍ਰਿਕਟ ਇਸ ਰਾਸ਼ਟਰਵਾਦ ਦੇ ਮੁੱਖ ਸੰਦਾਂ ‘ਚੋਂ ਇਕ ਹੈ ਅਤੇ ਇਹ ਸੰਦ ਤੁਹਾਨੂੰ ਰਾਸ਼ਟਰਵਾਦ ਨਾਲ ਜੋੜ ਕੇ ਰੱਖਣ ਲੲੀ ਵਰਤਿਅਾ ਜਾ ਰਿਹਾ। ਫੇਰ ਇਸੇ ਰਾਸ਼ਟਰਵਾਦ ਦੇ ਨਾਮ ਹੇਠ #ਹਥਿਆਰ ਖ੍ਰੀਦੇ ਜਾਂਦੇ ਨੇ। ਫੇਰ ਭਾਵੇਂ ਤੁਸੀਂ 1947 ‘ਚ ਖਿੱਚੀ ਲਕੀਰ ਦੇ ਚੜ੍ਹਦੇ ਵਾਲੇ ਪਾਸੇ ਰਹਿੰਦੇ ਹੋ ਜਾਂ ਲਹਿੰਦੇ ਵਾਲੇ ਪਾਸੇ।
ਕ੍ਰਿਕਟ, ਰਾਸ਼ਟਰਵਾਦ ਅਤੇ ਹਥਿਆਰ ਆਪਸ ਵਿੱਚ ਡੂੰਘਾ ਰਿਸ਼ਤਾ ਰੱਖਦੇ ਨੇ। ਕੀ ਤੁਸੀਂ ਇਕ ਕ੍ਰਿਕਟ ਪ੍ਰੇਮੀ ਵਜੋਂ ਇਸ ਗੱਲ ਨੂੰ ਸਮਝਦੇ ਹੋ ਜਾਂ ਸਮਝਣਾ ਚਾਹੁੰਦੇ ਹੋ ?