ਨਿਊਯਾਰਕ — ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਮੰਨਿਆ ਹੈ ਕਿ ਉਸਨੇ ਮਯਾਂਮਾਰ ‘ਚ ਹਿੰਸਾ ਨੂੰ ਰੋਕਣ ਲਈ ਬਣਦੀ ਕੋਸ਼ਿਸ਼ ਨਹੀਂ ਕੀਤੀ। ਇਕ ਨੀਤੀ ਅਫਸਰ ਐਲੇਕਸ ਵਾਰੋਫਕਾ ਨੇ ਆਪਣੀ ਬਲਾਗ ਪੋਸਟ ਵਿਚ ਲਿਖਿਆ ਹੈ ਕਿ ਫੇਸਬੁੱਕ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਅਤੇ ਦੇਸ਼ ‘ਚ ਵੰਡ ਅਤੇ ਹਿੰਸਾ ਨੂੰ ਰੋਕਣ ਲਈ ਜ਼ਰੂਰੀ ਕੋਸ਼ਿਸ਼ਾਂ ਕਰ ਸਕਦਾ ਹੈ ਅਤੇ ਉਸਨੂੰ ਇਸ ਤਰ੍ਹਾਂ ਕਰਨਾ ਵੀ ਚਾਹੀਦਾ ਹੈ।
ਫੇਸਬੁੱਕ ਨੇ ਮਯਾਂਮਾਰ ‘ਚ ਆਪਣੀ ਭੂਮਿਕਾ ਦਾ ਵਿਸ਼ਲੇਸ਼ਣ ਕਰਨ ਲਈ ‘ਬਿਜ਼ਨੈੱਸ ਅਤੇ ਸੋਸ਼ਲ ਰਿਸਪਾਂਸਿਬਿਲਟੀ’ ਨੂੰ ਜ਼ਿੰਮੇਵਾਰੀ ਦਿੱਤੀ ਸੀ। ਇਸ ਗੈਰ ਲਾਭਕਾਰੀ ਏਜੰਸੀ ਨੇ ਸੋਮਵਾਰ ਨੂੰ 62 ਪੰਨਿਆ ਦੀ ਰਿਪੋਰਟ ਜਾਰੀ ਕੀਤੀ।
ਮਯਾਂਮਾਰ ‘ਚ ਨਸਲੀ ਹਿੰਸਾ ਅਤੇ ਧਾਰਮਿਕ ਟਕਰਾਅ ਨੂੰ ਵਧਾਉਣ ਲਈ ਫੇਸਬੁੱਕ ਦਾ ਜਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ, ਉਸਨੂੰ ਲੈ ਕੇ ਸੋਸ਼ਲ ਨੈੱਟਵਰਕਿੰਗ ਸਾਈਟ ਦੀ ਕਾਫੀ ਆਲੋਚਨਾ ਹੋਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਨਫਰਤ ਫੈਲਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਫੇਸਬੁੱਕ ਇਕ ਜ਼ਰੀਆ ਬਣ ਗਿਆ ਹੈ। ਇਸ ਅਧਾਰ ‘ਤੇ ਫੇਸੁਬੱਕ ਨੇ ਮੰਨ ਲਿਆ ਕਿ ਮਯਾਂਮਾਰ ‘ਚ ਹਿੰਸਾ ਅਤੇ ਨਫਰਤ ਫੈਲਾਉਣ ਲਈ ਆਪਣੀਆਂ ਸੇਵਾਵਾਂ ਦਾ ਇਸਤੇਮਾਲ ਰੋਕਣ ਲਈ ਉਸਨੇ ਬਣਦੀ ਕੋਸ਼ਿਸ਼ ਨਹੀਂ ਕੀਤੀ।