PM Modi: ਕ੍ਰਿਸਮਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਸਾਈ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਇਕ ਸਮਾਗਮ ‘ਚ ਹਿੱਸਾ ਲਿਆ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਇਸਾਈ ਭਾਈਚਾਰੇ ਨਾਲ ਮੇਰਾ ਰਿਸ਼ਤਾ ਬਹੁਤ ਪੁਰਾਣਾ ਹੈ।
ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਈਸਾਈ ਭਾਈਚਾਰੇ ਦੇ ਗੁਰੂਆਂ ਨੂੰ ਮਿਲਦਾ ਸੀ। ਜਿਥੋਂ ਮੈਂ ਚੋਣ ਲੜਿਆ ਸੀ, ਉਥੇ ਕਾਫ਼ੀ ਗਿਣਤੀ ਵਿਚ ਈਸਾਈ ਰਹਿੰਦੇ ਸਨ”।
ਉਨ੍ਹਾਂ ਕਿਹਾ, ”ਸਰਕਾਰ ਦੇ ਤੌਰ ‘ਤੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਾਸ ਦੇ ਲਾਭ ਹਰ ਕਿਸੇ ਤਕ ਪਹੁੰਚੇ ਅਤੇ ਕੋਈ ਵੀ ਇਸ ਤੋਂ ਵਾਂਝਾ ਨਾ ਰਹੇ। ਅੱਜ ਦੇਸ਼ ਵਿਚ ਹੋ ਰਹੇ ਵਿਕਾਸ ਦਾ ਲਾਭ ਇਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਖਾਸ ਕਰਕੇ ਗਰੀਬ ਅਤੇ ਵਾਂਝੇ ਲੋਕਾਂ ਤਕ ਪਹੁੰਚ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਕੁੱਝ ਸਾਲ ਪਹਿਲਾਂ ਮੈਨੂੰ ਪੋਪ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਹ ਮੇਰੇ ਲਈ ਯਾਦਗਾਰ ਪਲ ਸੀ। ਕ੍ਰਿਸਮਸ ‘ਤੇ ਤੋਹਫ਼ੇ ਦੇਣ ਦੀ ਪਰੰਪਰਾ ਰਹੀ ਹੈ। ਇਸ ਲਈ, ਆਓ ਅਸੀਂ ਇਸ ਮੌਕੇ ਵਿਚਾਰ ਕਰੀਏ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਬਿਹਤਰ ਧਰਤੀ ਦਾ ਤੋਹਫ਼ਾ ਕਿਵੇਂ ਦੇ ਸਕਦੇ ਹਾਂ”।
ਉਨ੍ਹਾਂ ਕਿਹਾ, ”ਅਜ਼ਾਦੀ ਦੀ ਲੜਾਈ ਵਿਚ ਬਹੁਤ ਸਾਰੇ ਈਸਾਈ ਸ਼ਾਮਲ ਸਨ। ਗਾਂਧੀ ਜੀ ਨੇ ਖੁਦ ਦਸਿਆ ਸੀ ਕਿ ਸੇਂਟ ਸਟੀਫਨ ਕਾਲਜ ਦੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਦੀ ਸਰਪ੍ਰਸਤੀ ਹੇਠ ਅਸਹਿਯੋਗ ਅੰਦੋਲਨ ਦਾ ਸੰਕਲਪ ਰਚਿਆ ਗਿਆ ਸੀ। ਈਸਾਈ ਭਾਈਚਾਰਾ ਸਮਾਜ ਨੂੰ ਸੇਧ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ। ਤੁਹਾਡਾ ਭਾਈਚਾਰਾ ਹਮੇਸ਼ਾ ਗਰੀਬਾਂ ਅਤੇ ਵਾਂਝੇ ਲੋਕਾਂ ਦੀ ਸੇਵਾ ਵਿਚ ਸੱਭ ਤੋਂ ਅੱਗੇ ਰਿਹਾ ਹੈ”।