ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਲੁਧਿਆਣਾ ਜਿੱਥੇ ਕਿਸਾਨਾਂ ਦਾ ਖੇਤੀ ਖੇਤਰ ‘ਚ ਮਾਰਗ ਦਰਸ਼ਨ ਕਰਦੀ ਹੈ, ਉਥੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਮਾਣ-ਸਨਮਾਨ ਵੀ ਕਰਦੀ ਹੈ। ਇਸੇ ਲਈ 15 ਮਾਰਚ ਨੂੰ ਲੱਗਣ ਵਾਲੇ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਖੇਤੀਬਾੜੀ, ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ‘ਚ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।ਇਨਾਂ ਅਗਾਂਹਵਧੂ ਕਿਸਾਨਾਂ ‘ਚੋਂ ਸ. ਗੁਰਵਿੰਦਰ ਸਿੰਘ ਸੰਧੂ ਸਪੁੱਤਰ ਸ. ਸਾਧੂ ਸਿੰਘ ਅਤੇ ਸ. ਸਰਬਜੀਤ ਸਿੰਘ ਢਿੱਲੋਂ ਸਪੁੱਤਰ ਬੂਟਾ ਸਿੰਘ ਢਿੱਲੋਂ ਦੀ ਚੋਣ ਬਾਗਬਾਨੀ ਦੇ ਖੇਤਰ ਵਿੱਚ ਮੁੱਖ ਮੰਤਰੀ ਪੁਰਸਕਾਰ ਲਈ ਹੋਈ ਹੈ। ਸ. ਗੁਰਵਿੰਦਰ ਸਿੰਘ ਸੰਧੂ ਸਪੁੱਤਰ ਸ. ਸਾਧੂ ਸਿੰਘ, ਪਿੰਡ ਜਿੰਦਾਂਵਾਲਾ, ਜ਼ਿਲਾ ਤਰਨਤਾਰਨ ਦਾ ਅਗਾਂਹਵਧੂ ਬਾਗਬਾਨ ਹੈ, ਜੋ ਆਪਣੀ 27 ਏਕੜ ਜ਼ਮੀਨ ‘ਚ ਫ਼ਲ, ਫੁੱਲ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ। ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ‘ਚੋਂ ਨਿਕਲ ਕੇ ਨਾਖਾਂ, ਆੜੂ, ਅਮਰੂਦ, ਮਟਰ, ਆਲੂ, ਗਾਜਰ, ਫੁੱਲ ਗੋਭੀ, ਲਸਣ ਅਤੇ ਗੇਂਦੇ ਦੀ ਵਿਗਿਆਨਿਕ ਲੀਹਾਂ ਤੇ ਖੇਤੀ ਕਰਦਾ ਹੋਇਆ ਗੁਰਵਿੰਦਰ ਸਿੰਘ ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇ ਰਿਹਾ ਹੈ। ਬਾਗਬਾਨੀ ਲਈ ਪੀ. ਏ. ਯੂ ਵੱਲੋਂ ਸਿਫ਼ਾਰਸ਼ ਕਿਸਮਾਂ ਅਤੇ ਤਕਨੀਕਾਂ ਅਪਣਾਉਂਦਾ ਹੋਇਆ ਗੁਰਵਿੰਦਰ ਸਿੰਘ ਨਾਖਾਂ ਦੀ ਗਰੇਡਿੰਗ ਅਤੇ ਪੈਕਿੰਗ ਕਰਕੇ ਖੁਦ ਮੰਡੀਕਰਨ ਕਰਦਾ ਹੈ ਅਤੇ ਚੰਗਾ ਮੁਨਾਫ਼ਾ ਹਾਸਲ ਕਰਦਾ ਹੈ। ਜਲ ਸੋਮਿਆਂ ਦੀ ਸਾਂਭ-ਸੰਭਾਲ ‘ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਗੁਰਵਿੰਦਰ ਸਿੰਘ ਨੇ ਜਿੱਥੇ ਆਪਣੇ ਖੇਤਾਂ ‘ਚ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਹੋਈਆਂ ਹਨ, ਉਥੇ ਨਾਖਾਂ ਦੇ ਬਾਗ ‘ਚ ਲੱਗੀ ਮਟਰ ਦੀ ਫ਼ਸਲ ਦੀ ਸਿੰਚਾਈ ਸਪਰੇਅ ਗੰਨ ਨਾਲ ਕਰਦਾ ਹੈ। ਪੀ. ਏ. ਯੂ ਕਿਸਾਨ ਕਲੱਬ, ਸਬਜ਼ੀ ਉਤਪਾਦਕ ਸੰਗਠਨ ਅਤੇ ਹੋਰ ਕਈ ਅਹਿਮ ਸੰਸਥਾਵਾਂ ਦਾ ਮੈਂਬਰ ਗੁਰਵਿੰਦਰ ਸਿੰਘ ਆਪਣੇ ਇਲਾਕੇ ਦੇ ਕਿਸਾਨਾਂ ਦਾ ਚਾਨਣ ਮੁਨਾਰਾ ਹੈ, ਜੋ ਉਨਾਂ ਨੂੰ ਫ਼ਲ, ਫੁੱਲ ਅਤੇ ਸਬਜ਼ੀਆਂ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਬਾਗਬਾਨੀ ਨੂੰ ਪ੍ਰਫੁੱਲਤ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ।ਸ. ਸਰਬਜੀਤ ਸਿੰਘ ਢਿੱਲੋਂ ਸਪੁੱਤਰ ਸ. ਬੂਟਾ ਸਿੰਘ ਢਿੱਲੋਂ ਪਿੰਡ ਬੁਰਜ ਢਿੱਲਵਾਂ, ਜ਼ਿਲਾ ਮਾਨਸਾ ਦਾ ਅਗਾਂਹ ਵਧੂ ਕਿਸਾਨ ਹੈ, ਜੋ ਗਲੈਡੀਓਲਜ਼ ਦੀ ਖੇਤੀ ਕਰਕੇ ਪੰਜਾਬ ‘ਚ ਫੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਿਹਾ ਹੈ। ਪੀ. ਏ. ਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਤੋਂ ਗਲੈਡੀਓਲਜ਼ ਦੇ ਬਲਬ ਖਰੀਦ ਕੇ ਫੁੱਲਾਂ ਦੀ ਕਾਸ਼ਤ ਆਰੰਭ ਕਰਨ ਵਾਲਾ ਸਰਬਜੀਤ ਸਿੰਘ ਯੂਨੀਵਰਸਿਟੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਤੇ ਤਕਨੀਕਾਂ ਤੇ ਚੱਲਦਿਆਂ ਅੱਜ ਪੰਜਾਬ ਅਤੇ ਹਰਿਆਣੇ ਦੀਆਂ ਮੰਡੀਆਂ ‘ਚ ਗਰੇਡ ਕੀਤੇ ਫੁੱਲ ਅਤੇ ਬੀਜ ਵੇਚ ਕੇ ਚੰਗਾ ਮੁਨਾਫ਼ਾ ਅਤੇ ਨਾਮਣਾ ਕਮਾ ਰਿਹਾ ਹੈ। ਖੇਤੀ ਆਮਦਨ ਵਿੱਚ ਇਜ਼ਾਫ਼ਾ ਕਰਨ ਲਈ ਸਰਬਜੀਤ ਸਿੰਘ ਫੂਡ ਪ੍ਰੋਸੈਸਿੰਗ ਗਰੁੱਪ ਰਾਹੀਂ ਹਲਦੀ, ਲਾਲ ਮਿਰਚ, ਮਸਾਲੇ, ਬੇਸਣ ਅਤੇ ਸਰ•ੋਂ ਦਾ ਤੇਲ ਆਦਿ ਉਤਪਾਦ ਤਿਆਰ ਕਰਦਾ ਹੈ, ਜਿਨਾਂ ਨੂੰ ਉਹ ਕਿਸਾਨ ਮੇਲਿਆਂ ਅਤੇ ਸਿਖਲਾਈ ਕੈਂਪਾਂ ਦੌਰਾਨ ਅਤੇ ਸਹਿਕਾਰੀ ਸਭਾਵਾਂ ਰਾਹੀਂ ਵੇਚਦਾ ਹੈ। ਵਾਤਾਵਰਨ ਦੇ ਰੱਖ-ਰਖਾਅ ‘ਚ ਵਿਸ਼ੇਸ਼ ਯੋਗਦਾਨ ਪਾਉਣ ਵਾਲਾ ਸਰਬਜੀਤ ਸਿੰਘ ਜਿੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ‘ਚ ਰਲਾ ਕੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ, ਉਥੇ ਤੁਪਕਾ ਸਿੰਚਾਈ ਵਿਧੀ ਅਤੇ ਜ਼ਮੀਨਦੋਜ਼ ਪਾਈਪਾਂ ਦੀ ਵਰਤੋਂ ਨਾਲ ਜਲ ਸੋਮਿਆਂ ਦੀ ਵੀ ਬੱਚਤ ਕਰਦਾ ਹੈ । ਸਰਬਜੀਤ ਸਿੰਘ ਆਪਣੇ ਇਲਾਕੇ ਦੇ ਕਿਸਾਨਾਂ ਦਾ ਰਾਹ-ਦਸੇਰਾ ਵੀ ਹੈ, ਜੋ ਉਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚੋਂ ਨਿਕਲ ਕੇ ਖੇਤੀ ਵੰਨ-ਸੁਵੰਨਤਾ ਲਈ ਉਤਸ਼ਾਹਿਤ ਕਰਦਾ ਹੈ ।
ਰੋਹਿਤ ਗੁਪਤਾ ਸਪੁੱਤਰ ਮਨੋਜ ਗੁਪਤਾ, ਲਾਂਬੜਾ, ਜ਼ਿਲਾ ਜਲੰਧਰ ਦਾ ਉਹ ਨੌਜਵਾਨ ਹੈ, ਜਿਸ ਨੇ ਬੀ.ਟੈਕ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ, ਦੀ ਚੋਣ ਖੇਤੀ ਵਿੱਚ ਆਧੁਨਿਕ ਮਸ਼ੀਨੀਕਰਨ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਸੀ. ਆਰ. ਆਈ. ਪੰਪ ਐਵਾਰਡ ਲਈ ਹੋਈ ਹੈ। ਰੋਹਿਤ ਗੁਪਤਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਮੁੰਬਈ ਅਤੇ ਨਵੀਂ ਦਿੱਲੀ ਤੋਂ ਸਿਖਲਾਈਆਂ ਪ੍ਰਾਪਤ ਕਰਕੇ 2 ਏਕੜ ਦੇ ਰਕਬੇ ਵਿੱਚ ਅਨੇਕਾਂ ਸਫ਼ਲ ਤਜ਼ਰਬੇ ਕੀਤੇ ਹਨ। ਉਸ ਨੇ ਆਪਣੇ ਖੇਤ ‘ਚ ਡੇਢ ਏਕੜ ਰਕਬੇ ‘ਚ ਪੌਲੀ ਹਾਊਸ ਲਗਾ ਕੇ ਇੱਕ ਸਫ਼ਲ ‘ਐਕੂਆਪੌਨਿਕ ਯੂਨਿਟ’ ਤਿਆਰ ਕੀਤਾ ਹੈ। ਉਸ ਨੇ ਸਾਲ 2018 ‘ਚ ਜ਼ਮੀਨਦੋਜ਼ ਪਾਈਪਾਂ ਵੀ ਆਪਣੇ ਖੇਤ ‘ਚ ਵਿਛਾ ਲਈਆਂ। ਉਸ ਨੇ ਆਪਣੇ ਪੌਲੀ ਹਾਊਸ ‘ਚ 4 ਮੱਛੀ ਤਲਾਬ ਬਣਾਏ ਹਨ ਅਤੇ ਹਰੇਕ ਤਲਾਬ ਦਾ ਰਕਬਾ 20 ਵਰਗ ਮੀਟਰ ਅਤੇ ਡੂੰਘਾਈ 2 ਮੀਟਰ ਹੈ। ਇੱਕ ਤਲਾਬ ‘ਚ 5000 ਮੱਛੀ ਦਾ ਪੂੰਗ ਪਾ ਕੇ 3 ਸਾਲਾਂ ‘ਚ ਦੋ ਵਾਰ ਮੱਛੀ ਦੀ ਉਪਜ ਲੈ ਕੇ ਉਹ ਚੰਗਾ ਮੁਨਾਫ਼ਾ ਕਮਾ ਲੈਂਦਾ ਹੈ। 600 ਵਰਗ ਮੀਟਰ ‘ਚ ਪੌਲੀ ਲਾਈਨਿੰਗ ਕੀਤੇ ਬੈਡਾਂ ਵਿੱਚ ਪੱਥਰ ਪਾ ਕੇ ਸਲਾਦ, ਚੈਰੀ ਟਮਾਟਰ, ਪਾਲਕ ਆਦਿ ਸਬਜ਼ੀਆਂ ਦੀ ਮਿੱਟੀ ਰਹਿਤ ਉਤਪਾਦਨ ਤਕਨੀਕ ਅਪਣਾ ਕੇ ਚੰਗੀ ਪੈਦਾਵਾਰ ਲੈ ਰਿਹਾ ਹੈ ।ਖੜੇ ਦਾਅ ਦੀਆਂ ਪਲਾਸਟਿਕ ਪਾਈਪਾਂ ‘ਚ (ਵਰਟੀਕਲ ਫਾਰਮਿੰਗ) 2,500 ਬੂਟੇ ਲਾਏ ਹਨ। ਉਹ ਇਨਾਂ ਸਬਜ਼ੀਆਂ ਦੀ ਪੈਦਾਵਾਰ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕਰਦਾ ਅਤੇ ਪੌਲੀ ਹਾਊਸ ਅੰਦਰ ਹੋਣ ਕਾਰਨ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਨਹੀਂ ਹੁੰਦਾ ।ਇਸ ਤਰਾਂ ਇਸ ਯੂਨਿਟ ਤੋਂ ਮੱਛੀਆਂ ਅਤੇ ਜੈਵਿਕ ਸਬਜ਼ੀਆਂ ਤੋਂ ਚੋਖਾ ਮੁਨਾਫ਼ਾ ਖੱਟ ਰਿਹਾ ਹੈ। ਵਾਸ਼ਪੀਕਰਨ ਘੱਟ ਹੋਣ ਕਾਰਨ ਇਨਾਂ ਤਲਾਬਾਂ ਵਿੱਚ ਪਾਣੀ ਦੀ ਬੱਚਤ ਕਾਫੀ ਹੁੰਦੀ ਹੈ। ਤਲਾਬ ਵਿਚਲੇ ਪਾਣੀ ਨੂੰ ਫ਼ਸਲਾਂ ਦੀ ਖੁਰਾਕੀ ਲੋੜ ਪੂਰੀ ਕਰਨ ਲਈ ਵਰਤਿਆ ਜਾਂਦਾ ਹੈ। ਤਲਾਬ ਵਿਚਲਾ ਪਾਣੀ ਮੱਛੀ ਦੇ ਮਲ ਕਾਰਨ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਫ਼ਸਲਾਂ ਦੀ ਜਰੂਰਤ ਪੂਰੀ ਕਰਦਾ ਹੈ। ਸੋ ਇਸ ਤਰਾਂ ਚੰਗੇ ਮੱਛੀ ਉਤਪਾਦਨ ਦੇ ਨਾਲ-ਨਾਲ ਜੈਵਿਕ ਢੰਗ ਨਾਲ ਸਬਜ਼ੀਆਂ ਉਗਾਉਣ ਵਾਲਿਆਂ ਲਈ ਉਹ ਚਾਨਣ ਮੁਨਾਰਾ ਹੈ ।
ਇਸੇ ਤਰਾਂ ਸ. ਪ੍ਰਦੀਪ ਸਿੰਘ ਸਪੁੱਤਰ ਸ. ਰਾਜਵਿੰਦਰ ਸਿੰਘ ਵਸਨੀਕ ਪਿੰਡ ਬੀਰਾਵਾਲ, ਡਾਕਖਾਨਾ ਅਗੋਲ, ਤਹਿਸੀਲ ਨਾਭਾ, ਜ਼ਿਲਾ ਪਟਿਆਲਾ 32 ਸਾਲਾ ਨੌਜਵਾਨ ਕਿਸਾਨ ਹੈ, ਜੋ ਸੁਰੱਖਿਅਤ ਖੇਤੀ ਦੇ ਖੇਤਰ ਵਿੱਚ ਨਵੀਆਂ ਪੈੜਾਂ ਸਿਰਜ ਰਿਹਾ ਹੈ, ਦੀ ਚੋਣ ਫ਼ਸਲ ਉਤਪਾਦਨ/ਬਾਗਬਾਨੀ/ਫੁੱਲਾਂ ਦੀ ਖੇਤੀ ਵਾਲੇ ਵਰਗ ਵਿੱਚ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਲਈ ਹੋਈ ਹੈ । ਬਾਰਵੀਂ ਅਤੇ ਡਿਪਲੋਮਾ ਇਨ ਆਰਟ ਐਂਡ ਕਰਾਫ਼ਟ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਵੱਲ ਦੇਖਣ ਦੀ ਥਾਂ ਵਿਕਸਿਤ ਖੇਤੀ ਨੂੰ ਅਪਣਾ ਕੇ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਵਧਾਉਣ ਵਾਲੇ ਇਸ ਕਿਸਾਨ ਕੋਲ 17 ਏਕੜ ਜ਼ਮੀਨ ਦੀ ਮਾਲਕੀ ਹੈ ਅਤੇ 14 ਏਕੜ ਜ਼ਮੀਨ ਠੇਕੇ ਤੇ ਲੈ ਕੇ ਇਸ ਨੇ ਫ਼ਸਲੀ ਵਿਭਿੰਨਤਾ ਦੇ ਨਵੇਂ ਰਾਹ ਬਣਾਏ ਹਨ। ਪਿਛਲੇ 9 ਸਾਲ ਤੋਂ ਕੇਵੀਕੇ ਪਟਿਆਲਾ ਅਤੇ ਹੋਰ ਕਈ ਸੰਸਥਾਵਾਂ ਤੋਂ ਸਿਖਲਾਈ ਲੈ ਕੇ ਪ੍ਰਦੀਪ ਸਿੰਘ ਨੇ ਖੁੰਬਾਂ ਦੀ ਖੇਤੀ, ਸ਼ਹਿਦ ਮੱਖੀ ਪਾਲਣ, ਬੀਜ ਉਤਪਾਦਨ ਆਦਿ ਤਰੀਕੇ ਅਪਣਾ ਕੇ ਸਫ਼ਲਤਾ ਨਾਲ ਖੇਤੀ ਨੂੰ ਮੁਨਾਫ਼ੇ ਵਾਲਾ ਕਿੱਤਾ ਸਾਬਤ ਕੀਤਾ । ਰਵਾਇਤੀ ਫ਼ਸਲੀ ਚੱਕਰ ਨੂੰ ਤਿਆਗ ਕੇ ਜਦੋਂ ਇਹ ਕਿਸਾਨ ਸਬਜ਼ੀਆਂ ਦੀ ਕਾਸ਼ਤ, ਪਨੀਰੀ ਅਤੇ ਬੀਜ ਉਤਪਾਦਨ ਦੇ ਰਸਤੇ ਤੁਰਿਆ ਤਾਂ ਆਸ ਪਾਸ ਦੇ ਲੋਕਾਂ ਨੇ ਮੰਡੀਕਰਨ ਪੱਖੋਂ ਡਰਾਇਆ ਪਰ ਉਸਨੇ ਦਿਲ ਨਹੀਂ ਛੱਡਿਆ ਅਤੇ ਆਪਣੇ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਗਹੁ ਨਾਲ ਵਾਚਿਆ। ਮਿਰਚਾਂ ਦੀ ਦੋਗਲੀ ਕਿਸਮ ਸੀ. ਐਚ-1 ਅਤੇ ਸੀ. ਐਚ-27 ਦੀ ਕਾਸ਼ਤ ਰਾਹੀਂ ਉਸਨੇ ਫ਼ਸਲੀ ਵਿਭਿੰਨਤਾ ਦੇ ਰਸਤੇ ਉਪਰ ਆਪਣੇ ਪੈਰ ਸਾਬਤ ਕਦਮੀ ਨਾਲ ਧਰੇ । ਕਣਕ-ਝੋਨਾ ਫ਼ਸਲੀ ਚੱਕਰ ਦਾ ਬਦਲ ਤਲਾਸ਼ਦਿਆਂ ਇਹ ਕਿਸਾਨ ਸਬਜ਼ੀਆਂ ਦੀ ਨਰਸਰੀ, ਉਤਪਾਦਨ ਅਤੇ ਬੀਜ ਦੇ ਵਪਾਰੀਕਰਨ ਨਾਲ ਜੁੜਿਆ।ਮਿੱਟੀ ਪਰਖ, ਤੁਪਕਾ ਸਿੰਚਾਈ, ਲੇਜ਼ਰ ਲੈਵਲਰ ਅਤੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਤੋਂ ਬਿਨਾਂ ਪਾਣੀ ਰੀਚਾਰਜਿੰਗ ਜਿਹੀਆਂ ਤਕਨੀਕਾਂ ਨੂੰ ਪੀ. ਏ. ਯੂ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਇਸ ਕਿਸਾਨ ਨੇ ਆਪਣੇ ਖੇਤੀ ਵਿਹਾਰ ਦਾ ਲਾਜ਼ਮੀ ਹਿੱਸਾ ਬਣਾ ਲਿਆ ਹੈ ।
ਸੰਯੁਕਤ ਕੀਟ ਪ੍ਰਬੰਧ ਨੂੰ ਆਪਣੇ ਖੇਤ ‘ਚ ਲਾਗੂ ਕਰਕੇ ਉਸਨੇ ਖੇਤੀ ਲਾਗਤਾਂ ਨੂੰ ਘਟਾਇਆ ਅਤੇ ਆਪਣੇ ਮੁਨਾਫ਼ੇ ‘ਚ ਵਾਧਾ ਕੀਤਾ ਹੈ । ਸਬਜ਼ੀਆਂ ‘ਚ ਮਿਰਚ, ਆਲੂ, ਸ਼ਿਮਲਾ ਮਿਰਚ, ਖੀਰਾ, ਪਿਆਜ਼, ਖਰਬੂਜਾ, ਖੁੰਬਾਂ ਅਤੇ ਫ਼ਸਲਾਂ ‘ਚ ਕਣਕ, ਝੋਨਾ, ਮੱਕੀ ਦੇ ਨਾਲ-ਨਾਲ ਸਬਜ਼ੀਆਂ ਦੀ ਨਰਸਰੀ ਨੂੰ ਵਪਾਰਕ ਤੌਰ ਤੇ ਅਪਣਾ ਕੇ ਪ੍ਰਦੀਪ ਸਿੰਘ ਹੋਰ ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਸਾਬਿਤ ਹੋ ਰਿਹਾ ਹੈ। ਦੂਸਰੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਪ੍ਰਦੀਪ ਸਿੰਘ ਨੇ ਆਪਣੇ ਫਾਰਮ ਨੂੰ ਬੇਹੱਦ ਆਕਰਸ਼ਕ ਅਤੇ ਆਦਰਸ਼ ਤਰੀਕੇ ਨਾਲ
ਵਿਉਂਤਿਆ ਹੈ। ਉਹ ਚਾਹੁੰਦਾ ਹੈ ਕਿ ਅੱਜ ਦੇ ਨੌਜਵਾਨ ਨਵੀਆਂ ਤਕਨੀਕਾਂ ਅਪਣਾ ਕੇ ਅਗਾਂਹ ਵਧੂ ਲੀਹਾਂ ਤੇ ਚੱਲਣ ਅਤੇ ਖੇਤੀ ਨੂੰ ਸਵੈ-ਰੁਜ਼ਗਾਰ ਵਜੋਂ ਅਪਨਾਉਣ ।