ਆਪਣੀ ਰੂਹ ਚੋਂ ਆਪਣਾ ਵਤਨ ਕਿਵੇਂ ਕੱਢੀਏ, ਆਪਣੀ ਮਾਂ ਵਰਗੀ ਮਿੱਟੀ ਨੂੰ ਦੱਸੋ ਕਿਵੇਂ ਛੱਡੀਏ ?

ਕਾਬਲ : ਅਫਗਾਨਿਸਤਾਨ ਵਿੱਚ ਕਿਸੇ ਸਿੱਖ ਦਾ ਬਿਨਾਂ ਮੁਕਾਬਲਾ ਚੋਣ ਜਿੱਤਣਾ ਵੱਡੀ ਗੱਲ ਲਗਦੀ ਹੈ। ਜ਼ਰਾ ਠਹਿਰੋ ਗੱਲ ਇੰਨੀ ਵੀ ਸਿੱਧੀ ਨਹੀਂ ਹੈ। ਹਿੰਦੂ ਅਤੇ ਸਿੱਖ ਅਫਗਾਨਿਸਤਾਨ ਵਿੱਚ ਧਾਰਮਿਕ ਘੱਟ ਗਿਣਤੀ ਹਨ ਅਤੇ ਦੋਵੇਂ ਭਾਈਚਾਰੇ ਸਾਂਝੇ ਰੂਪ ਵਿੱਚ ਆਪਣਾ ਨੁਮਾਇੰਦਾ ਦੇਸ ਦੀ ਸੰਸਦ ਵਿੱਚ ਭੇਜ ਸਕਦੇ ਹਨ। 20 ਅਕਤੂਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਲਈ ਨਰਿੰਦਰ ਸਿੰਘ ਖਾਲਸਾ ਬਿਨਾਂ ਮੁਕਾਬਲਾ ਇਸ ਨੁਮਾਂਇੰਦਗੀ ਲਈ ਚੁਣੇ ਗਏ ਹਨ। ਨਰਿੰਦਰ ਸਿੰਘ ਪੇਸ਼ੇ ਵਜੋਂ ਵਪਾਰੀ ਹਨ ਅਤੇ ਸਿਆਸੀ ਤਜ਼ਰਬੇ ਤੋਂ ਕੋਰੇ ਹਨ ਪਰ ਕੁਝ ਦਿਨਾਂ ਵਿੱਚ ਹੀ ਅਫਗਾਨ ਸੰਸਦ ਦੇ ਮੈਂਬਰ ਬਣ ਜਾਣਗੇ। ਉਹ ਮਰਹੂਮ ਅਵਤਾਰ ਸਿੰਘ ਖਾਲਸਾ ਦੇ ਵੱਡੇ ਪੁੱਤਰ ਹਨ। ਉਨ੍ਹਾਂ ਦੇ ਮਰਹੂਮ ਪਿਤਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਜਲਾਲਾਬਾਦ ਸ਼ਹਿਰ ਵਿੱਚ ਇਸੇ ਸਾਲ ਜੂਨ ਮਹੀਨੇ ਹੋਏ ਇੱਕ ਖੁਦਕੁਸ਼ ਹਮਲੇ ਵਿੱਚ ਮੌਤ ਹੋ ਗਈ ਸੀ। ਪਿਤਾ ਦੇ ਚਲਾਣੇ ਤੋਂ ਬਾਅਦ ਨਰਿੰਦਰ ਸਿੰਘ ਨੇ ਇਲਾਕੇ ਦੇ ਹਿੰਦੂਆਂ ਅਤੇ ਸਿੱਖਾਂ ਦੇ ਸਹਿਯੋਗ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
ਨਰਿੰਦਰ ਸਿੰਘ ਨੇ ਦੱਸਿਆ, “ਪਿਤਾ ਜੀ ਨਾਲ ਹਿੰਦੂਆਂ ਅਤੇ ਸਿੱਖਾਂ ਦੇ ਇੱਕ ਸਮਾਗਮ ਵਿੱਚ ਸ਼ਰੀਕ ਹੋਣ ਜਲਾਲਾਬਾਦ ਗਿਆ ਸੀ। ਉੱਥੇ ਇੱਕ ਖ਼ੁਦਕੁਸ਼ ਹਮਲਾ ਹੋਇਆ ਜਿਸ ਵਿੱਚ 19 ਲੋਕਾਂ ਦੀ ਮੌਤ ਹੋਈ ਅਤੇ ਮਰਨ ਵਾਲਿਆਂ ਵਿੱਚ ਮੇਰੇ ਪਿਤਾ ਵੀ ਸਨ।” ਉਸ ਹਮਲੇ ਵਿੱਚ ਨਰਿੰਦਰ ਸਿੰਘ ਵੀ ਗੰਭੀਰ ਜ਼ਖਮੀ ਹੋਏ ਸਨ। ਪਿਤਾ ਅਵਤਾਰ ਸਿੰਘ ਦੀ ਮੌਤ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਭਾਰਤ ਲਿਆਂਦਾ ਗਿਆ। ਇਲਾਜ ਮਗਰੋਂ ਜਦੋਂ ਉਹ ਵਤਨ ਵਾਪਸ ਪਰਤੇ ਤਾਂ ਉੱਥੇ ਦੇ ਹਿੰਦੂਆਂ ਅਤੇ ਸਿੱਖਾਂ ਨੇ ਮਰਹੂਮ ਪਿਤਾ ਦੀ ਥਾਂ ਚੋਣਾਂ ਵਿੱਚ ਖੜ੍ਹੇ ਹੋਣ ਲਈ ਕਿਹਾ। ਨਰਿੰਦਰ ਦਸਦੇ ਹਨ, “ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਨੰਗਰਹਾਰ ਦੇ ਇਸ ਖ਼ੁਦਕੁਸ਼ ਹਮਲੇ ਵਿੱਚ ਦੋਹਾਂ ਭਾਈਚਾਰਿਆਂ ਦੇ ਜ਼ਿਆਦਾਤਰ ਬਜ਼ੁਰਗ ਮਾਰੇ ਜਾ ਚੁੱਕੇ ਸਨ।” 30 ਸਾਲਾ ਨਰਿੰਦਰ ਸਿੰਘ ਚਾਰ ਪੁੱਤਰਾਂ ਦੇ ਪਿਤਾ ਹਨ। ਨਰਿੰਦਰ ਸਿੰਘ ਦੇ ਬੱਚਿਆਂ ਸਮੇਤ ਦੋਹਾਂ ਭਾਈਚਾਰਿਆਂ ਦੇ ਬੱਚਿਆਂ ਲਈ ਅਫਗਾਨਿਸਤਾਨ ਵਿੱਚ ਹਾਲਾਤ ਅਜਿਹੇ ਨਹੀਂ ਹਨ ਕਿ ਵਧੀਆ ਪੜ੍ਹਾਈ ਹਾਸਲ ਕਰ ਸਕਣ। ਨਰਿੰਦਰ ਕਹਿੰਦੇ ਹਨ ਕਿ ਉਨ੍ਹਾਂ ਦੇ ਲੋਕ ਤਾਂ ਆਪਣੀਆਂ ਧਾਰਮਿਕ ਰਵਾਇਤਾਂ ਵੀ ਬੜੀ ਮੁਸ਼ਕਿਲ ਨਾਲ ਹੀ ਨਿਭਾ ਪਾਉਂਦੇ ਹਨ। “ਇਨ੍ਹਾਂ ਘੱਟ ਗਿਣਤੀਆਂ ਦੀ ਮਹਿਜ਼ ਇਹੀ ਸਮੱਸਿਆ ਨਹੀਂ ਹੈ ਸਗੋਂ ਇਨ੍ਹਾਂ 40 ਸਾਲਾਂ ਦੌਰਾਨ ਸਾਡੀਆਂ ਜ਼ਮੀਨਾਂ ਅਤੇ ਦੂਜੀਆਂ ਜਾਇਦਾਦਾਂ ਵੀ ਹੜਪ ਕਰ ਲਈਆਂ ਗਈਆਂ ਹਨ।” ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਲੋਕਾਂ ਦਾ ਮੁੱਖ ਕਿੱਤਾ ਵਪਾਰ ਅਤੇ ਰਵਾਇਤੀ ਯੂਨਾਨੀ ਦਵਾਈਆਂ ਦਾ ਕਾਰੋਬਾਰ ਹੈ। ਨਰਿੰਦਰ ਸਿੰਘ ਖਾਲਸਾ ਵੀ ਕਾਰੋਬਾਰੀ ਹਨ। ਉਨ੍ਹਾਂ ਦੱਸਿਆ, “ਸਿਆਸਤ ਵਿੱਚ ਮੈਂ ਸਿਰਫ ਹਿੰਦੂਆਂ ਅਤੇ ਸਿੱਖਾਂ ਲਈ ਨਹੀਂ ਸਗੋਂ ਮੁਲਕ ਦੇ ਸਾਰੇ ਲੋਕਾਂ ਲਈ ਕੰਮ ਕਰਾਂਗਾ।” ਨਰਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਕਈ ਸਾਲਾਂ ਤੋਂ ਅਫਗਾਨਿਸਤਾਨ ਦਾ ਵਸਨੀਕ ਹੈ ਅਤੇ ਇਸੇ ਦਾ ਹਿੱਸਾ ਹੈ। ਉਹ ਕਹਿੰਦੇ ਹਨ, “ਸਰਕਾਰ ਅਤੇ ਵਿਸ਼ਵੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਸਾਨੂੰ ਸਾਡਾ ਹੱਕ ਦੇਵੇ ਅਤੇ ਇਹ ਮਾਣ ਦੀ ਗੱਲ ਹੈ ਕਿ ਸਿੱਖ ਅਤੇ ਹਿੰਦੂ ਆਪਣਾ ਨੁਮਾਇੰਦਾ ਸੰਸਦ ਵਿੱਚ ਭੇਜ ਰਹੇ ਹਨ।

ਨਰਿੰਦਰ ਸਿੰਘ ਦੇ ਪਿਤਾ ਅਫਗਾਨਿਸਤਾਨ ਵਿੱਚ ਸੈਨਿਟਰ ਅਤੇ ਸੰਸਦ ਮੈਂਬਰ ਰਹਿ ਚੁੱਕੇ ਸਨ। ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਕਿਹਾ ਸੀ, “ਮੇਰੇ ਘਰ ਵਿੱਚ ਰਾਕਟ ਡਿੱਗਿਆ ਸੀ ਅਤੇ ਮੇਰੇ ਅੱਠ ਬੰਦੇ ਸ਼ਹੀਦ ਹੋ ਗਏ ਸਨ ਅਤੇ ਸੱਤ ਬੰਦੇ ਜ਼ਖਮੀ ਹੋ ਗਏ ਸਨ ਪਰ ਮੈਂ ਵਤਨ ਨਹੀਂ ਛੱਡਿਆ ਕਿਉਂਕਿ ਇਹ ਮੇਰੀ ਮਾਤਾ ਹੈ। ਇਹ ਮੇਰੀ ਧਰਤੀ ਹੈ।”

Leave a Reply

Your email address will not be published. Required fields are marked *