ਮੇਲਾ – ਵਿਸ਼ਵ ਜੋਤੀ ਧੀਰ      

ਬਾਬੇ ਜਾਗਰ ਨੇ ਵੱਡੇ ਦਰਵਾਜ਼ੇ ਅੰਦਰ ਵੜਦਿਆਂ ਹੀ ਖੰਘੂਰਾ ਮਾਰ  ਦੇਣਾ। ਘਰ ਦੇ ਸਾਰੇ ਨਿਆਣੇ ਬੁੱਕ ਅੱਡ ਕੇ ਦੁਆਲੇ ਹੋ ਜਾਂਦੇ-ਬਾਬਾ ਖਿੱਲਾਂ ਦੇ… ਪਹਿਲਾਂ ਮੈਨੂੰ ਦੇ… ਬਾਬਾ ਹੋਰ ਦੇ। ਇਹ ਤਾਂ ਬਾਬੇ ਜਾਗਰ ਦਾ ਨਿੱਤ ਦਾ ਕੰਮ ਸੀ। ਰੋਜ਼ ਗੁਰਦੁਆਰੇ ਮੱਥਾ ਟੇਕ ਕੇ ਆਉਂਦਾ ਤੇ ਜਵਾਕਾਂ ਦੇ ਹੱਥ `ਤੇ ਚਾਰ-ਚਾਰ ਦਾਣੇ ਮਿੱਠੀਆਂ ਖਿੱਲਾਂ ਦੇ ਧਰ ਦਿੰਦਾ। ਬਾਕੀ ਦੀਆਂ ਖਿੱਲਾਂ ਸੰਤੀ ਵਾਸਤੇ ਗੀਝੇ `ਚ ਪਾ ਲੈਂਦਾ। ਰੋਟੀ ਖਾਣ ਮਗਰੋਂ ਜਾਗਰ ਤੇ ਸੰਤੀ ਰੋਜ਼ ਮਿੱਠੀਆਂ ਖਿੱਲਾਂ ਖਾਂਦੇ। ਖਿੱਲਾਂ ਮੂੰਹ ਵਿਚ ਖੁਰਦੀਆਂ ਰਹਿੰਦੀਆਂ ਤੇ ਦੋਵੇਂ ਬੁੜ੍ਹਾ-ਬੁੜ੍ਹੀ ਘੰਟਿਆਂ ਬੱਧੀ ਬੀਤੇ ਵਰ੍ਹਿਆਂ ਦਾ ਸੁਆਦਲਾ ਸਿਮਰਨ ਕਰਕੇ। ਜਾਗਰ ਮੰਜੇ `ਤੇ ਪਿਆ-ਪਿਆ ਸੰਤੀ ਨੂੰ ਕਹਿੰਦਾ, ”ਸੰਤੀਏ ਜਾਣੈਂ ਐਤਕੀਂ ਵਿਸਾਖੀ ਦੇ ਮੇਲੇ `ਤੇ। ਅਗਲੇ ਮਹੀਨੇ ਆਉਣ ਵਾਲਾ ਐ। ਬਾਜੀਗਰਾਂ ਨੇ ਤਾਂ ਪਿੜਾਂ `ਚ ਡੇਰੇ ਵੀ ਲਾ ਲਏ।“

ਸੰਤੀ ਚੁੱਪ ਕੀਤੀ ਭਾਂਡੇ ਭਾਂਜੀ ਗਈ। ਜਾਗਰ ਨੇ ਫੇਰ ਗੱਲ ਤੋਰ ਲਈ, ”ਕਿਉਂ ਸੰਤੀਏ ਤੈਨੂੰ ਜਾਦ ਐ… ਇੱਕ ਵੇਰਾਂ ਜੀਤ ਛੋਟਾ ਹੁੰਦਾ ਸੀ ਜਦੋਂ। ਸਹੁਰੀ ਦਾ ਮੇਲੇ `ਚ ਗੁਆਚ ਗਿਆ। ਡੂਢ ਘੰਟਾ ਨਾ ਲੱਭਿਆ। ਤੂੰ ਤਾਂ ਰੋ-ਰੋ ਕੇ ਭੋਂਇ `ਤੇ ਡਿੱਗ ਪਈ। ਫੇਰ ਕਰਤਾਰੇ ਨੇ ਦੱਸਿਆ-ਬਈ ਜਾਗਰਾ ਤੂੰ ਬੇਹਾਲ ਹੋਇਆ ਫਿਰਦੈਂ। ਤੇਰਾ ਮੁੰਡਾ ਤਾਂ ਔਹ ਬੈਠਾ ਖੁੰਡ `ਤੇ। ਜਦੋਂ ਮੈਂ ਗਿਆ ਤਾਂ ਮੌਜ ਨਾਲ ਬੈਠਾ ਜਲੇਬੀਆਂ ਖਾਈ ਜਾਵੇ। ਬਾਹਲਾ ਸ਼ਕੀਨ ਸੀ ਜਲੇਬੀਆਂ ਖਾਣ ਦਾ।“ ਜਾਗਰ, ਜੀਤ ਦਾ ਬਚਪਨ ਯਾਦ ਕਰਕੇ ਹੱਸ ਪਿਆ। ਸੰਤੀ ਹਾਲੇ ਵੀ ਕੰਮ ਕਾਰ `ਚ ਰੁੱਝੀ ਗੱਲ ਸੁਣੀ ਗਈ ਪਰ ਬੋਲੀ ਕੁਝ ਨਾ। ਨੀਵੀਂ ਜਿਹੀ ਕੰਧ ਦੇ ਪਰਲੇ ਪਾਸੇ ਬੈਠਾ ਜੀਤ ਬਾਪੂ ਦੇ ਮੂੰਹੋਂ ਆਪਣੇ ਬਚਪਨ ਦੀ ਗੱਲ ਸੁਣ ਕੇ ਮੋਹ ਨਾਲ ਭਿੱਜ ਗਿਆ। ਜੀਅ ਕੀਤਾ ਭੱਜ ਕੇ ਬਾਪੂ ਦੇ ਵਿਹੜੇ ਚਲਾ ਜਾਵੇ। ਹੋਰ ਵੀ ਬਚਪਨ ਦੀਆਂ ਗੱਲਾਂ ਸਾਂਝੀਆਂ ਕਰੇ ਪਰ ਜਦੋਂ ਦੀ ਅੱਡ-ਵਿੱਢ ਹੋਈ ਸੀ, ਉਦੋਂ ਦਾ ਚਰਨੋਂ ਦੇ ਕਲੇਸ਼ ਤੋਂ ਡਰਦਾ ਸੀ। ਕਦੇ ਉਸ ਨੂੰ ਮਮਤਾ ਦੀ ਛੱਲ ਅੰਦਰੋਂ ਵੱਜਦੀ ਤਾਂ ਡਾਹਢਾ ਤੜਫਦਾ। ਵੱਡੇ ਬਾਈ ਬਿੰਦਰ ਤੇ ਸੁਖੋ ਭਰਜਾਈ ਨੇ ਵੰਡੀਆਂ ਪਾਉਣ ਦਾ ਚਾਹਗਾ ਚੁੱਕਿਆ ਸੀ। ਚਰਨੋਂ ਵੀ ਸੁਭਾਅ ਦੀ ਖਰ੍ਹਵੀ। ਉਹ ਵੀ ਨਾਲ ਰਲਗੀ। ਨਾ ਚਾਹੁੰਦਿਆਂ ਹੋਇਆਂ ਵੀ ਜੀਤ ਨੂੰ ਸਾਥ ਦੇਣਾ ਪਿਆ। ਨਿੱਤ ਦਾ ਰੇੜਕਾ ਮੁੱਕੂ। ਇਹੀ ਸੋਚ ਕੇ ਪਹਿਲਾਂ ਦੋਹਾਂ ਭਰਾਵਾਂ ਨੇ ਜ਼ਮੀਨ ਵੰਡਣ ਦਾ ਫ਼ੈਸਲਾ ਕੀਤਾ। ਫੇਰ ਘਰ। ਫੇਰ ਬੀਬੀ ਤੇ ਬਾਪੂ ਨੂੰ ਵੀ ਵੰਡਣ ਦਾ ਫ਼ੈਸਲਾ ਕੀਤਾ। ਚਰਨੋ ਆਂਹਦੀ ਸੀ-”ਕਬੀਲਦਾਰੀ ਤਾਂ ਨਬੇੜੀ ਬੈਠੇ ਐ। ਇਕ ਕੁੜੀ ਸੀ ਵਿਆਹ ਦਿੱਤੀ। ਬੀਬੀ ਸਾਡੇ ਨਾਲ ਰਹੇ ਤੇ ਬਾਪੂ ਬਿੰਦਰ ਹੁਰਾਂ ਵੱਲ। ਹੁਣ ਐਸ ਉਮਰੇ ਦੋ ਟੁੱਕ ਈ ਤਾਂ ਖਾਣੇ ਐ।“ ਜਾਗਰ ਨੂੰ ਇਹ ਫੈਸਲਾ ਮਨਜੂਰ ਨਹੀਂ ਸੀ। ਉਹ ਨੂੰਹਾਂ ਦੇ ਵਿਹਾਰ ਤੇ ਸੰਤੀ ਦੇ ਧੀਰਜ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਸ ਨੇ ਸਾਫ਼ ਲਫਜ਼ਾਂ ਵਿਚ ਕਹਿ ਦਿੱਤਾ-”ਬਈ ਅਸੀਂ ਥੋਡੀ ਲੜਾਈ `ਚ ਪੈ ਕੇ ਪਿਛਲੇ ਪਹਿਰੇ ਇਹ ਸੰਤਾਪ ਨਹੀਂ ਭੋਗਣਾ। ਪੁੱਤਾਂ ਦੇ ਸ਼ਰੀਕਪੁਣੇ ਦੇ ਪੁੜਾਂ ਵਿਚ ਫਸ ਕੇ ਉਹ ਤੇ ਸੰਤੀ ਕਿਉਂ ਅੱਡ-ਅੱਡ ਰਹਿਣ। ਜਦੋਂ ਤੱਕ ਅਸੀਂ ਜਿਉਂਦੇ ਆਂ… ਆਪਣਾ ਤੀਜਾ ਹਿੱਸਾ ਰੱਖਾਂਗੇ। ਪੈਲੀ ਠੇਕੇ ਹਿੱਸੇ ਦੇਈਏ… ਭਾਵੇਂ ਕਿਮੇਂ ਕਰੀਏ। ਅਸੀਂ ਮੁਥਾਜ ਨਹੀਂ ਹੋਣਾ।“

ਜ਼ਮੀਨ ਦੇ ਤਿੰਨ ਹਿੱਸੇ ਹੋ ਗਏ ਤੇ ਨੂੰਹਾਂ-ਪੁੱਤਾਂ ਦੇ ਮੂੰਹ ਮੋਟੇ। ਨਿੱਤ ਦੇ ਤਾਹਨੇ ਮਿਹਣੇ, ਕਜੀਏ-ਕਲੇਸ਼ ਨੇ ਬਾਬੇ ਜਾਗਰ ਦੇ ਵਿਹੜੇ `ਚ ਦੋ ਨਫ਼ਰਤ ਭਰੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ। ਬਿੰਦਰ ਨੇ ਤਾਂ ਵਿਹੜੇ ਵਿਚ ਸਵਾਰ ਕੇ ਉੱਚੀ ਕੰਧ ਕੱਢ ਲਈ। ਕੋਈ ਬੂਹਾ ਬਾਰੀ ਵੀ ਨਾ ਛੱਡਿਆ। ਆਪਣੇ ਘਰ ਦਾ ਬੂਹਾ ਵੀ ਮਗਰਲੀ ਗਲੀ ਵਿਚ ਕੱਢ ਲਿਆ। ਜੀਤ ਨੇ ਬਾਪੂ ਤੇ ਆਪਣੇ ਵਿਹੜੇ ਵਿਚਾਲੇ ਨਿੱਕੀ ਜਿਹੀ ਕੱਚੀ ਕੰਧ ਉਸਾਰ ਲਈ। ਏਸ ਕੰਧ ਦੇ ਆਰ-ਪਾਰ ਮੂੁੰਹ ਦੇ ਬੋਲ ਤਾਂ ਆ ਜਾ ਸਕਦੇ ਸੀ। ਬਾਪੂ ਦੇ ਵਿਹੜੇ ਖੜ੍ਹੀ ਨਿੰਮ ਦੀ ਛਾਂ ਵੀ ਆਪ-ਮੁਹਾਰੇ ਜੀਤ ਦੇ ਵਿਹੜੇ ਆਉਂਦੀ। ਪਰ ਘਰ ਦਾ ਹੋਰ ਕੋਈ ਜੀਅ ਏਧਰੋਂ-ਓਧਰ ਨਾ ਜਾਂਦਾ। ਸਾਂਝੇ ਬੂਹੇ `ਚੋਂ ਵੜਦਿਆਂ ਜੀਤ ਪਹਿਲਾਂ ਬਾਪੂ ਦੇ ਵਿਹੜੇ ਵੱਲ ਨਿਗਾਹ ਮਾਰਦਾ ਫੇਰ ਕੰਧ ਨਾਲ ਮੰਜਾ ਡਾਹ ਕੇ ਬਹਿੰਦਾ। ਬਾਪੂ ਹੋਰਾਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਨਿੱਘ ਮਾਣਦਾ ਰਹਿੰਦਾ। ਜਿਵੇਂ ਬਚਪਨ ਵਿਚ ਬੀਬੀ ਦੇ ਮੰਜੇ `ਤੇ ਪਿਆ-ਪਿਆ ਬਾਤਾਂ ਸੁਣਦਾ ਹੋਵੇ। ਬੀਬੀ ਤਾਂ ਹੁਣ ਬਹੁਤਾ ਚੁੱਪ ਰਹਿੰਦੀ। ਨਿਸੱਤੇ ਜਿਹੇ ਸਰੀਰ ਨਾਲ ਲੱਤਾਂ ਧਰੀਕਦੀ ਕੰਮ-ਕਾਰ ਕਰਦੀ। ਵਿਹਲੇ ਸਮੇਂ ਮਾਲਾ ਫੜ ਕੇ ਸਿਮਰਨ ਕਰਦੀ। ਹੁਣ ਕਦੇ ਘਰੋਂ ਵੀ ਬਾਹਰ ਨਾ ਜਾਂਦੀ। ਜੀਤ ਸੋਚ-ਸੋਚ ਕੇ ਦੁਖੀ ਹੋ ਰਿਹਾ ਸੀ। ਜਾਗਰ ਹਾਲੇ ਵੀ ਮੇਲੇ ਦੀ ਗੱਲ ਕਰੀ ਜਾ ਰਿਹਾ ਸੀ।

”ਕਿਉਂ ਸੰਤੀਏ, ਤੇਰੀ ਭੂਆ ਦੀ ਧੀ ਵੀ ਆਈ ਸੀ, ਪਿਛਲੇ ਵਿਸਾਖੀ ਮੇਲੇ `ਤੇ। ਆਂਹਦੀ ਸੀ ਐਤਕੀਂ ਵੀ ਜ਼ਰੂਰ ਆਊਂਗੀ।“

”ਆਹੋ ਆਂਹਦੀ ਤਾਂ ਸੀ। ਪਰ ਨਾ ਈ ਆਵੈ ਤਾਂ ਚੰਗੈ।“ ਸੰਤੀ ਨੇ ਦੁਖੀ ਜਿਹੀ ਹੋ ਕੇ ਜੁਆਬ ਦਿੱਤਾ।

”ਸੰਤੀਏ ਤੂੰ ਤਾਂ ਬਾਹਲੀ ਪ੍ਰਾਹੁਣਚਾਰੀ ਕਰਨ ਵਾਲੀ ਐਂ। ਭੂਆ ਦੀ ਧੀ ਨਾਲ ਤੇਰੀ ਕਾਹਦੀ ਨਰਾਜ਼ਗੀ?“ ਜਾਗਰ ਨੇ ਪਾਸਾ ਲੈ ਕੇ ਚੁੱਲ੍ਹੇ ਮੂੁਹਰੇ ਬੈਠੀ ਸੰਤੀ ਨੂੰ ਸਵਾਲ ਕੀਤਾ।

”ਹੁਣ ਕਾਹਦੀ ਪ੍ਰਾਹੁਣਚਾਰੀ … ਅਗਲੀ ਕੀ ਆਖੂਗੀ ਵਿਹੜਾ ਵੰਡਿਆ ਵੇਖ ਕੇ।“ ਸੰਤੀ ਨੇ ਅੱਡ-ਵਿੱਢ ਹੋਣ `ਤੇ ਸ਼ਰਮਿੰਦਗੀ ਜ਼ਾਹਰ ਕੀਤੀ। ਜਾਗਰ ਨੂੰ ਪਤਾ ਸੀ ਅੰਦਰੋਂ ਸੰਤੀ ਕਿੰਨੀ ਦੁਖੀ ਸੀ। ਓਹ ਤਾਂ ਢੱਕ ਕੇ ਰ੍ਹਿੰਨਣ ਵਾਲੀ, ਧੀਰੇ ਸੁਭਾਅ ਦੀ ਜਨਾਨੀ ਐ। ਹੋਰ ਕੋਈ ਹੁੰਦੀ ਤਾਂ ਖੌਰੂ ਪਾ ਦਿੰਦੀ। ਥਾਂ-ਥਾਂ ਨੂੰਹਾਂ-ਪੁੱਤਾਂ ਨੂੰ ਭੰਡਦੀ। ਪਤਾ ਨਹੀਂ ਰੱਬ ਨੇ ਕਿਹੋ ਜਿਹਾ ਸਬਰ ਦਾ ਖੂਹ ਲਾਇਆ ਅੰਦਰ। ਸੋਚਦਾ ਸੋਚਦਾ ਜਾਗਰ ਆਪਣੀ ਧੀ ਨਿੰਦੀ ਨੂੰ ਵੀ ਯਾਦ ਕਰਨ ਲੱਗ ਪਿਆ। ਮਾਂ ਵਰਗਾ ਸਬਰ ਰੱਬ ਨੇ ਉਸ ਨੂੰ ਵੀ ਦਿੱਤੈ। ਦੋਹੇ ਜਣੀਆਂ ਢਿੱਡ ਦਾ ਦੁੱਖ ਢਿੱਡ `ਚ ਈ ਪਾ ਲੈਂਦੀਆਂ ਨੇ। ਮਜਾਲ ਐ ਸੀਅ ਵੀ ਕਰ ਜਾਣ। ਚਾਰ ਮਹੀਨੇ ਹੋ ਗਏ ਨਿੰਦੀ ਨੂੰ ਆਇਆਂ। ਜਿਦਣ ਵੰਡ ਪਈ ਸੀ। ਆਪਣੇ ਹੱਥੀਂ ਲਿਖ ਕੇ ਦੇ ਗਈ। ਮੈਨੂੰ ਕੋਈ ਹਿੱਸਾ ਨਹੀਂ ਚਾਹੀਦਾ। ਪਰ ਮਾਂ-ਪਿਓ ਦੇ ਫ਼ੈਸਲੇ `ਤੇ ਉਸਨੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ। ਏਸੇ ਕਰਕੇ ਕੁੜੀ ਨਾਲ ਵੀ ਸਾਰਿਆਂ ਨੇ ਮੂੰਹ ਮੋਟੇ ਕਰ ਲਏ। ਮੁੜ ਕੇ ਨੀ ਆਈ। ਮੈਨੂੰ ਤਾਂ ਜਿਵੇਂ ਸ਼ਕਲ ਈ ਭੁੱਲਗੀ। ਸੋਚ ਕੇ ਜਾਗਰ ਦੇ ਕਾਲਜੇ ਖੋਹ ਪੈਣ ਲੱਗ ਗਈ।

ਅਗਲੇ ਦਿਨ ਆਥਣੇ ਜਿਹੇ ਨਿੰਦੀ ਆ ਗਈ। ਪਿਉ ਦੇ ਵਿਹੜੇ ਪੈਰ ਧਰਦਿਆਂ ਥਾਂਈਂ ਅਹਿਲ ਰਹਿ ਗਈ। ਸੋਚਿਆ ਨਹੀਂ ਸੀ ਇੰਝ ਗਿੱਠ-ਗਿੱਠ ਕਰਕੇ ਵਿਹੜਾ ਵੀ ਵੰਡ ਲੈਣਗੇ। ਕੰਧਾਂ ਖੜ੍ਹੀਆਂ ਵੇਖ ਕੇ ਕਾਲਜੇ ਸੱਲ੍ਹ ਲੱਗਿਆ। ਅੰਦਰੋਂ-ਅੰਦਰੀਂ ਜਿਵੇਂ ਆਪ ਵੀ ਟੋਟੇ-ਟੋਟੇ ਹੋ ਗਈ। ਜਮ੍ਹਾਂ ਈ ਧ੍ਰਿਕਾਰ ‘ਤਾ ਮਾਂ-ਪਿਓ ਨੂੰ। ਭਰਾ ਭਰਾ ਤਾਂ ਸ਼ਰੀਕ ਹੁੰਦੇ ਨੇ। ਪਿਉ ਪੁੱਤਾਂ ਦਾ ਕਾਹਦਾ ਸ਼ਰੀਕਾ। ਅੱਖਾਂ ਦੀਆਂ ਝਿੰਮਣਾਂ `ਤੇ ਹੰਝੂ ਆ ਕੇ ਠਹਿਰ ਗਏ। ਜੀ ਕੀਤਾ ਧਾਹਾਂ ਮਾਰ ਕੇ ਰੋਵੇ। ਜਾਂ ਉਹਨੀਂ ਪੈਰੀਂ ਚੁੱਪ-ਚੁਪੀਤੇ ਆਪਣੇ ਘਰ ਮੁੜ ਜਾਵੇ। ਚਿੱਤ ਨੂੰ ਕਰੜਾ ਕਰਕੇ ਅਗਾਂਹ ਹੋਈ  ਤਾਂ ਚਰਨੋਂ ਗੋਡਿਆਂ `ਚ ਬਾਲਟੀ ਰੱਖੀ ਮੰਹਿ ਦੀ ਧਾਰ ਕੱਢੀ ਜਾਂਦੀ ਸੀ। ਕੌੜੀ ਜਿਹੀ ਅੱਖ ਨਾਲ ਨਨਾਣ ਨੂੰ ਤੱਕ ਕੇ ਅਣਤੱਕਿਆ ਕਰ ਦਿੱਤਾ। ਨਿੰਦੀ ਨੇ ਨੇੜੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ।

”ਤਕੜੀ ਐਂ… ਹੋਰ ਸਭ ਰਾਜੀ ਬਾਜੀ।“ ਕਹਿ ਕੇ ਚਰਨੋਂ ਫੇਰ ਧਾਰ ਕੱਢਣ ਲੱਗ ਪਈ। ਨਿੰਦੀ ਨੇ ਵੇਖਿਆ ਕੱਚੀ ਤੇ ਨੀਵੀਂ ਜਿਹੀ ਕੰਧ ਨੇ ਪੁਰਾਣੇ ਕਮਰਿਆਂ ਨੂੰ ਪਲਸਤਰ ਕੀਤੇ ਕਮਰਿਆਂ ਨਾਲੋਂ ਵੱਖਰਾ ਕਰ ਦਿੱਤਾ। ਪਰ ਅੱਜ ਵੀ ਓਹ ਸਾਂਵੇਂ ਦੇ ਸਾਂਵੇਂ ਖੜ੍ਹੇ, ਜਿਵੇਂ ਨਿੰਦੀ ਨੂੰ ਬਾਹਾਂ ਕੱਢ ਕੇ ਜੀ ਆਇਆਂ ਕਹਿੰਦੇ ਹੋਣ। ਪੋਲੇ ਜਿਹੇ ਪੈਰੀਂ ਨਿੰਦੀ ਕੰਧੋਲੀ ਕੋਲ ਜਾ ਖਲੋਤੀ। ਸੰਤੀ ਚੁੱਲ੍ਹੇ ਮੂਹਰੇ ਸਬਜ਼ੀ ਕੱਟੀ ਜਾਂਦੀ ਸੀ। ਬੀਬੀ ਕਹਿ ਕੇ ਸੱਦਣ ਤੋਂ ਪਹਿਲਾਂ ਨਿੰਦੀ ਨੇ ਗਿੱਲੀਆਂ ਅੱਖਾਂ ਪੂੰਝ ਲਈਆਂ। ਆਪਣੇ ਖਿੰਡੇ ਵਜੂਦ ਨੂੰ ਪਰਦੇ ਅੰਦਰ ਕੱਜ ਲਿਆ। ”ਬੀਬੀ … ਕੀ ਧਰੀ ਜਾਨੀ ਐਂ?“ ਮੱਲੋ-ਮੱਲੀ ਚਿਹਰੇ `ਤੇ ਮੁਸਕਾਨ ਲਿਆ ਕੇ ਨਿੰਦੀ ਨੇ ਕਿਹਾ।

”ਵਾਗਰੂ! ਵਾਗਰੂ! ਕਿੱਡਾ ਚੰਗਾ ਦਿਨ ਚੜਿਐ। ਪੁੱਤ ਆਜਾ।“ ਕਹਿ ਕੇ ਸੰਤੀ ਨੇ ਕੰਧੋਲੀ ਦਾ ਸਹਾਰਾ ਲੈ ਕੇ ਸਰੀਰ ਨੂੰ ਸਿੱਧਾ ਕੀਤਾ। ਦੋਹੇ ਬਾਹਾਂ ਖੋਲ੍ਹ ਕੇ ਧੀ ਨੂੰ ਕਾਲਜੇ ਨਾਲ ਲਾ ਲਿਆ। ਅੱਖਾਂ ਦੇ ਕੋਏ ਗਿੱਲੇ ਹੋ ਗਏ। ਚੁੰਨੀ ਨਾਲ ਅੱਖਾਂ ਪੂੰਝ ਕੇ ਸੰਤੀ ਨੇ ਕਿਹਾ-”ਕਾਲਜਾ ਠਰ ਗਿਆ ਪੁੱਤ… ਰਾਜੀ ਐਂ… ਤੇ `ਕੱਲੀ ਆਈਂ ਐਂ?“

”ਜਵਾਕਾਂ ਨੂੰ ਛੁੱਟੀ ਨਹੀਂ ਸੀ। ਮੇਰਾ ਤਾਂ ਕੱਲ੍ਹ ਦਾ ਚਿੱਤ ਓਦਰਿਆ ਪਿਆ ਸੀ। ਕਿਹੜਾ ਵੇਲਾ ਹੋਵੇ ਜਾ ਕੇ ਥੋਨੂੰ ਵੇਖ ਆਵਾਂ। ਫੇਰ ਸੁਰਜੀਤ ਆਂਹਦਾ ਜਾ ਵੜ। ਇਕ ਰਾਤ ਲਾ ਆ। ਨਾਲੇ ਬੀਬੀ ਹੋਰਾਂ ਦਾ ਚਿੱਤ ਰਾਜ਼ੀ ਹੋਜੂ।“

”ਆਹ ਤਾਂ ਬਾਹਲਾ ਚੰਗਾ ਕੀਤਾ। ਤੂੰ ਬਹਿ, ਮੈਂ ਚਾਹ ਕਰਦੀ ਆਂ। ਤੇਰਾ ਬਾਪੂ ਵੀ ਆਉਂਦਾ ਹੋਣੈਂ। ਤੈਨੂੰ ਪਤੈ ੲੈਸ ਵੇਲੇ ਗੁਰਦੁਆਰੇ ਜਾਂਦੈ। ਨਾਲੇ ਹੁਣ ਤਾਂ ਮੇਲਾ ਲੱਗਣ ਵਾਲਾ ਐਂ। ਛੋਰ ਛੜਿਆਂ ਵਾਂਗੂੰ ਸਾਰਾ ਦਿਨ ਮੇਲਾ-ਮੇਲਾ ਕਰਦੈ। ਰਾਹ `ਚ ਖੜ੍ਹ ਗਿਆ ਹੋਉ ਕਿਸੇ ਕੋਲ। ਸਾਰਾ ਦਿਨ ਮੇਲੇ ਦੀਆਂ ਗੱਲਾਂ ਬਾਤਾਂ। ਘਰੇ ਵੀ, ਬਾਹਰ ਵੀ।“ ਕਹਿ ਕੇ ਸੰਤੀ ਹੱਸ ਪਈ। ਨਿੰਦੀ ਗਹੁ ਨਾਲ ਬੀਬੀ ਵੱਲ ਤੱਕਦੀ ਰਹੀ। ਅੱਗੇ ਨਾਲੋਂ ਅੱਧੀ ਰਹਿ ਗਈ। ਪਤਝੜ ਦੇ ਝੰਬੇ ਦਰੱਖਤ ਵਾਂਗ। ਉਤਲੇ ਹਾਸੇ ਓਹਲੇ ਸੰਸਿਆਂ ਦੀ ਸਿਉਂਕ ਨਾਲ ਖੋਖਲੀ ਹੋਈ ਬੀਬੀ ਨਿੰਦੀ ਨੂੰ ਸਾਫ਼ ਨਜ਼ਰ ਆ ਰਹੀ ਸੀ। ਬੀਬੀ ਦੀ ਆਤਮਾ ਵਿਚ ਵੀ ਕੰਡੇ ਉੱਠਦੇ ਹੋਣਗੇ। ਪਰ ਪੁੜਦੇ ਨਹੀਂ ਸਨ। ਨਿੰਦੀ ਦੇ ਧੁਰ ਅੰਦਰ ਚੀਸ ਜਿਹੀ ਉੱਠੀ। ਕੋਈ ਪੀੜ ਦਾ ਵੇਗ ਉਛਾਲੇ ਲੈ ਕੇ ਮੱਲੋ-ਮੱਲੀ ਬਾਹਰ ਨੂੰ ਆਉਂਦਾ। ਘੁੱਟ ਕੇ ਅੱਖਾਂ ਦੀਆਂ ਬਰੂਹਾਂ ਬੰਦ ਕਰ ਲਈਆਂ। ਅੰਦਰਲੇ ਹੜ੍ਹ ਨੂੰ ਸਾਂਭਣ ਦਾ ਯਤਨ ਕਰ ਰਹੀ ਸੀ। ਹੱਥ ਧੋਣ ਦੇ ਬਹਾਨੇ ਨਲਕੇ ਕੋਲ ਆ ਗਈ। ਸਵਾਰ ਕੇ ਵਿਹੜੇ ਵਿਚ ਫੇਰ ਨਿਗਾਹ ਮਾਰੀ। ਬਚਪਨ ਹੰਢਾਏ ਵਿਹੜੇ ਦੀਆਂ ਯਾਦਾਂ ਨੇ ਦੁਆਲੇ ਬਾਹਾਂ ਵਲ ਲਈਆਂ। ਓਹੀ ਵਿਹੜਾ … ਜਦੋਂ ਤਿੰਨੇ ਭੈਣ-ਭਰਾ ਆਥਣੇ ਪਾਣੀ ਛਿੜਕਦੇ ਤਾਂ ਮਹਿਕਣ ਲੱਗ ਪੈਂਦਾ। ਰਾਤ ਨੂੰ ਕਤਾਰ ਵਿਚ ਡਾਹੇ ਮੰਜਿਆਂ `ਤੇ ਲੜਿਕੜਿਆ ਕਰਦੇ। ਕਦੇ ਤਾਰੇ ਗਿਣਦੇ ਤੇ ਕਦੇ ਦਿਓ ਪਰੀਆਂ ਦੀਆਂ ਬਾਤਾਂ ਸੁਣਦੇ। ਕਦੇ ਅੱਡੀ-ਟੱਪਾ ਤੇ ਕਦੇ ਬਾਂਦਰ-ਕਿੱਲਾ। ਕਿੰਨਾਂ ਨਿੱਘ ਸੀ ਇਹਨਾਂ ਰਿਸ਼ਤਿਆਂ ਵਿਚ। ਸੋਚ ਕੇ ਅੰਦਰ ਕੁਝ ਪੰਘਰਣ ਲੱਗ ਪਿਆ।

ਜੀਤ ਬਾਈ ਨੂੰ ਬੂਹੇ ਵੜਦਿਆਂ ਵੇਖ ਕੇ ਅੰਦਰ ਇਕ ਮੋਹ ਦੀ ਛੱਲ ਵੱਜੀ। ਭੱਜ ਕੇ ਨੇੜੇ ਹੋ ਗਈ। ਜੀਤ ਨੇ ਸਿਰ ਪਲੋਸਿਆ-”ਰਾਜੀ ਐਂ ਨਿੰਦੀਏ… ਕਦੋਂ ਆਈ ਸੀ?“

”ਬੱਸ ਥੋੜ੍ਹਾ ਚਿਰ ਹੋਇਐ। ਤੂੰ ਸੁਣਾ ਬਾਈ ਠੀਕ-ਠਾਕ ਐਂ?“

”ਠੀਕ ਠਾਕ…ਖੇਤੋਂ ਆਇਆਂ। ਲੀੜੇ ਬਦਲ ਕੇ ਆਉਨਾਂ।“ ਕਹਿ ਕੇ ਜੀਤ ਕਾਹਲੇ ਜਿਹੇ ਕਦਮਾਂ ਨਾਲ ਆਪਣੇ ਵਿਹੜੇ ਚਲਾ ਗਿਆ। ਨਿੰਦੀ ਜਾਂਦੇ ਦੀ ਪਿੱਠ ਵੇਂਹਦੀ ਰਹੀ। ਸੰਤੀ ਨੇ ਨਿੰਦੀ ਨੂੰ ਚਾਹ ਵਾਸਤੇ ਆਵਾਜ਼ ਮਾਰ ਲਈ। ਜੀਤ ਦਾ ਵਿਹਾਰ ਵੇਖ ਕੇ ਚਾਹ ਦਾ ਘੁੱਟ ਵੀ ਸੰਘ `ਚੋਂ ਹੇਠਾਂ ਜਾਣਾ ਔਖਾ ਹੋ ਗਿਆ। ਸੰਤੀ ਨੇ ਨੇੜੇ ਹੋ ਕੇ ਝੱਟ ਦੇਣੇ ਕਈ ਸਵਾਲ ਪੁੱਛ ਲਏ।

”ਜੀਤ ਮਿਲਿਆ ਸੀ… ਕੀ ਆਹਦਾਂ ਸੀ?… ਚਰਨੋਂ ਟੱਕਰੀ ਸੀ?“

ਨਿੰਦੀ ਉੱਠ ਕੇ ਚਾਹ ਵਾਲਾ ਗਲਾਸ ਮਾਂਜਣ ਲੱਗ ਪਈ। ਬੀਬੀ ਵੱਲ ਪਿੱਠ ਭੁਆ ਕੇ ਕਹਿਣ ਲੱਗੀ-

”ਹਾਂ, ਜੀਤ ਬਾਈ ਸੀ। ਹਾਲ-ਚਾਲ ਪੁੱਛਦਾ ਸੀ। ਆਂਹਦਾ ਸੀ ਆ ਜਾ ਚਾਹ ‘ਕੱਠੇ ਪੀਨੇ ਆਂ। ਮੈਂ ਕਿਹਾ ਬੀਬੀ ਧਰੀ ਬੈਠੀ ਐ।“

”ਤੇ ਚਰਨੋਂ ਕੀ ਆਂਹਦੀ?“ ਸੰਤੀ ਦੇ ਸਵਾਲ ਅੰਦਰ ਇਕ ਕਾਹਲ ਸੀ।

”ਓਹ ਤਾਂ ਧਾਰ ਕੱਢੀ ਜਾਂਦੀ ਸੀ। ਆਂਹਦੀ ਸੀ ਬਹਿ ਜਾ। ਜਵਾਕਾਂ ਦਾ ਹਾਲ-ਚਾਲ ਪੁੱਛਦੀ ਸੀ… ਬੀਬੀ ਬਿੰਦਰ ਤੇ ਸੁੱਖੋ ਮਿਲਦੇ ਹੁੰਦੇ ਐ?“ ਨਿੰਦੀ ਨੇ ਸੰਤੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ। ਸੰਤੀ ਉੱਠ ਖਲੋਤੀ। ਚੁੱਲ੍ਹੇ ਮੂਹਰੇ ਬਹਿ ਕੇ ਫੇਰ ਸਬਜ਼ੀ ਕੱਟਣ ਲੱਗ ਪਈ। ਹੌਲੀ ਜਿਹੀ ਕਹਿਣ ਲੱਗੀ, ”ਬਿੰਦਰ ਤਾਂ ਦਿਸਣੋਂ ਈ ਹਟ ਗਿਆ। ਇਕ ਤਾਂ ਬੂਹਾ ਮਗਰਲੀ ਬੀਹੀ `ਚ ਐ। ਕਰੇ ਵੀ ਕੀ, ਕੁਵੇਲੇ ਆਉਂਦੈ। ਸੁੱਖੋ ਊਂ ਢਿੱਲੀ ਰਹਿੰਦੀ ਐ। ਗੋਬਿੰਦ ਡਾਕਟਰ ਮੈਨੂੰ ਦਵਾਈ ਦੇਣ ਆਇਆ ਸੀ। ਦੱਸਦਾ ਸੀ ਸੁੱਖੋ ਨੂੰ ਕਈ ਦਿਨਾਂ ਤੋਂ ਤਾਪ ਚੜ੍ਹਦੈ। ਮੈਥੋਂ ਵੀ ਜਾਇਆ ਨੀ ਗਿਆ।“ ਬੀਬੀ ਦੇ ਬੋਲ ਤੇ ਚਿਹਰੇ ਦੇ ਹਾਵ-ਭਾਵ ਮੇਲ ਨਹੀਂ ਖਾ ਰਹੇ ਸੀ। ਫੇਰ ਵੀ ਨਿੰਦੀ ਨੇ ਬਹਾਨੇ ਨਾਲ ਬਿੰਦਰ ਦੇ ਬੱਚਿਆਂ ਬਾਰੇ ਵੀ ਜਾਣਕਾਰੀ ਲੈਣੀ ਚਾਹੀ। ”ਬੀਬੀ ਮੀਤੀ ਤੇ ਜਿੰਦੂ ਦਾ ਕੀ ਹਾਲ ਐ… ਆਉਂਦੇ ਹੁੰਦੇ ਨੇ?“

”ਕਿੱਥੇ ਜਵਾਕਾਂ ਕੋਲ ਟੈਮ… ਪੜ੍ਹਾਈਆਂ ਈ ਨੀ ਮਾਣ… ਆਹ ਜੀਤ ਆਲੇ ਦੋਹੇ ਰੌਣਕ ਲਾਈ ਰੱਖਦੇ ਐ।“ ਸੰਤੀ ਨੇ ਬਿਨਾ ਨਜ਼ਰਾਂ ਉਤਾਂਹ ਕੀਤਿਆਂ ਜਵਾਬ ਦਿੱਤਾ।

ਬਾਪੂ ਦਾ ਖੰਘੂਰਾ ਸੁਣ ਨਿੰਦੀ ਝੱਟ ਦੇਣੇ ਉੱਠ ਖਲੋਤੀ। ਧੀ ਨੂੰ ਵੇਖ ਕੇ ਜਾਗਰ ਖਿੜ ਗਿਆ। ਨਿੰਦੀ ਨੂੰ ਜੱਫੀ ਵਿਚ ਲੈ ਲਿਆ। ”ਵਾਹ ਬਈ ਪੁੱਤਰਾ… ਕਾਲਜੇ ਠੰਡ ਪੈ ਗਈ… ਰਾਤ ਤੈਨੂੰ ਮੈਂ ਯਾਦ ਕੀਤਾ ਸੀ। ਕੱਲ੍ਹ ਪਰਸੋਂ ਦਾ ਚਿੱਤ ਕਾਹਲਾ ਪਈ ਜਾਂਦਾ ਸੀ। ਫੇਰ ਸੋਚਿਆ ਨਿੰਦੀ ਨੂੰ ਵੇਖਿਆਂ ਬਾਹਲਾ ਚਿਰ ਹੋ ਗਿਆ। ਏਸੇ ਕਰਕੇ ਖੋਹ ਪੈਂਦੀ ਐ।“ ਨਿੰਦੀ ਤੋਂ ਮੂੰਹੋਂ ਕੁਛ ਨਾ ਬੋਲਿਆ ਗਿਆ। ਸਮਝ ਰਹੀ ਸੀ ਬਿਨਾ ਵੇਖੇ-ਸੁਣੇ ਈ ਕੋਹਾਂ ਦੂਰੋਂ ਆਂਦਰਾਂ ਕਿਵੇਂ ਖਿੱਚ ਕੇ ਮਿਲਾ ਦਿੰਦੀਆਂ ਨੇ।

ਬਾਪੂ ਘਰ ਦੀ ਸੁੱਖ-ਸਾਂਦ ਪੁੱਛਦਾ ਰਿਹਾ। `ਕੱਲੀ ਆਉਣ `ਤੇ ਕਈ ਵਾਰ ਗਿਲਾ ਜ਼ਾਹਰ ਕੀਤਾ। ਸੰਤੀ ਨੂੰ ਮੰਜੇ `ਤੇ ਬੈਠਿਆਂ ਵੇਖ ਕੇ ਹੱਸ ਪਿਆ। ”ਅੱਜ ਕਿਮੇਂ ਧੀ ਦੀ ਮਾਂ ਮੇਲਣ ਬਣੀ ਬੈਠੀ ਐ… ਨਹੀਂ ਤਾਂ ਆਉਂਦੇ ਨੂੰ  ਭੂਕਨਾ ਫੜੀ ਚੁੱਲ੍ਹੇ `ਚ ਫੂਕਾਂ ਮਾਰੀ ਜਾਂਦੀ ਹੁੰਦੀ ਐ…।“

”ਕੀ ਕਰਾਂ… ਆਉਂਦੀ ਨੇ ਕੰਮ ਨੂੰ ਜੱਫਾ ਪਾ ਲਿਆ। ਆਂਹਦੀ ਤੂੰ ਰਾਮ ਕਰ… ਮੈਂ ਆਪੇ ਕਰ ਲੂੰਗੀ।“ ਸੰਤੀ ਨੇ ਕੰਮ ਕਰਦੀ ਨਿੰਦੀ ਵੱਲ ਇਸ਼ਾਰਾ ਕਰਕੇ ਕਿਹਾ।

”ਆਹ ਵੇਖ ਜਗਸੀਰ, ਭੂਆ ਆਈ ਐ।“ ਜੀਤ ਦਾ ਮੁੰਡਾ ਦੁੱਧ ਦੇਣ ਆਇਆ ਸੀ। ਸੰਤੀ ਨੇ ਜਗਸੀਰ ਨੂੰ ਰੋਕ ਕੇ ਕਿਹਾ। ਕੰਮ ਛੱਡ ਕੇ ਨਿੰਦੀ ਚੌਂਕੇ `ਚੋਂ ਬਾਹਰ ਆ ਗਈ। ਜਗਸੀਰ ਨੂੰ ਹਿੱਕ ਨਾਲ ਲਾ ਲਿਆ। ਕਈ ਵਾਰੀ ਮੂੰਹ ਚੁੰਮਿਆਂ। ਫੇਰ ਉਸਦੀਆਂ ਕੂਲੀਆਂ-ਕੂਲੀਆਂ ਤਲੀਆਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ। ”ਸੀਰੇ ਭੂਆ ਯਾਦ ਨੀ ਆਉਂਦੀ? … ਲੱਕੀ ਤੇ ਰੇਸ਼ਮ ਤੈਨੂੰ ਬਹੁਤ ਯਾਦ ਕਰਦੇ ਐ… ਐਤਕੀ ਚੱਲ ਮੇਰੇ ਨਾਲ।“ ਸੀਰੇ ਨੇ ਆਪਣੀਆਂ ਦੋਹੇਂ ਬਾਹਾਂ ਨਿੰਦੀ ਦੁਆਲੇ ਵਲ ਲਈਆਂ।

”ਭੂਆ ਮੇਲਾ ਵੇਖਣ ਆਏਂਗੀ?“ ਭੋਲੇ ਜਿਹੇ ਮੂੰਹ ਨਾਲ ਪੁੱਛਣ ਲੱਗਾ।

ਸੰਤੀ ਹੱਸ ਪਈ, ”ਦਾਦੇ ਵਰਗਾ… ਹੋਰ ਨਾ ਕੋਈ ਗੱਲ ਕਰ… ਮੇਲੇ ਦੀ ਗੱਲ ਕਰ।“

”ਆਉਂਗੀ.. ਨਿਕੜਾ ਕੀ ਕਰਦੈ?“ ਨਿੰਦੀ ਨੇ ਛੋਟੇ ਮੁੰਡੇ ਬਾਰੇ ਪੁੱਛਿਆ।

”ਸੁੱਤਾ ਪਿਐ।“

”ਸੀਰੇ ਛੇਤੀ ਆ… ਤਾਈ ਘਰੇ ਦਾਲ਼ ਫੜ੍ਹਾ ਕੇ ਆ।“ ਚਰਨੋਂ ਨੇ ਕੰਧ ਦੇ ਪਾਰ ਖੜ੍ਹੀ ਹੋ ਕੇ ਤਿੱਖੀ ਆਵਾਜ਼ ਨਾਲ ਮੋਹ ਭਰੀ ਤੰਦ ਤੋੜ ਦਿੱਤੀ। ਜਗਸੀਰ ਭੱਜ ਗਿਆ। ਸੰਤੀ ਤੇ ਨਿੰਦੀ ਨੇ ਇਕ ਦੂਜੇ ਦੇ ਮੂੰਹ ਵੱਲ ਤੱਕਿਆ। ਪਰ ਦੋਹੇਂ ਚੁੱਪ ਸਨ। ਜਾਗਰ ਵੇਂਹਦਾ ਸੀ। ਹੁਣ ਸ਼ਰੀਕਣੀਆਂ ਇੱਕ-ਮਿੱਕ ਹੋ ਗਈਆਂ ਤੇ ਮਾਪੇ ਮਾੜੇ। ਐਡਾ ਕਿਹੜਾ ਗੁਨਾਹ ਹੋ ਗਿਆ। ਦੂਜੇ ਪਾਸੇ ਜੀਤ ਦੇ ਅੰਦਰ ਗਰਾਹੀ ਨਹੀਂ ਲੰਘਦੀ ਸੀ। ਬੀਬੀ ਹੁਰਾਂ ਦੇ ਵਿਹੜੇ ਵਿਚੋਂ ਮੋਹ ਦਾ ਸੇਕ ਅੱਜ ਦੁੱਗਣਾ ਆਉਂਦਾ ਸੀ। ਚਰਨੋਂ ਦੇ ਮੱਥੇ `ਤੇ ਪਈਆਂ ਤਿਉੜੀਆਂ ਤੇ ਕਲੇਸ਼ ਤੋਂ ਡਰਦਾ ਅੰਦਰੋਂ-ਅੰਦਰੀਂ ਨਪੀੜਿਆ ਪਿਆ ਸੀ।

ਰਾਤ ਨੂੰ ਨਿੰਦੀ, ਬੀਬੀ ਤੇ ਬਾਪੂ ਨਾਲ ਕਦੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ। ਫੇਰ ਤਿੰਨਾਂ ਵਿਚਾਲੇ ਖਾਮੋਸ਼ ਖੰਜਰ ਜਿਹੀ ਚੁੱਪ ਪਸਰ ਜਾਂਦੀ। ਜਿਹੜੀ ਸਾਰਿਆਂ ਦੇ ਕਾਲਜੇ ਚੀਰ ਰਹੀ ਸੀ।

ਸਦੇਹਾਂ ਹੀ ਨਿੰਦੀ ਜਾਣ ਲਈ ਤਿਆਰ ਹੋ ਗਈ। ਜਾਗਰ ਨੇ ਫੇਰ ਕਿਹਾ ਸੀ। ”ਵਿਸਾਖੀ ਦੇ ਮੇਲੇ `ਤੇ ਜੁਆਕਾਂ ਨੂੰ ਵੀ ਤੇ ਸੁਰਜੀਤ ਨੂੰ ਵੀ ਲੈ ਕੇ ਆਈਂ।“ ਤੁਰ ਪਈ ਸੀ ਝੋਲਾ ਚੁੱਕ ਕੇ। ਬੀਬੀ ਤੇ ਬਾਪੂ ਦੇ ਚਿਹਰੇ ਪੜ੍ਹਦੀ ਤਾਂ ਕਿੰਨੇ ਸੱਖਣੇ ਤੇ ਵਿਚਾਰੇ ਜਿਹੇ ਲੱਗੇ। ਗਿੱਲੀਆਂ ਅੱਖਾਂ ਨੂੰ ਮੂੰਦ ਕੇ ਧੁਰੋਂ ਮਾਂ-ਪਿਓ ਤੇ ਭਰਾਵਾਂ ਦੀ ਸੁੱਖ ਮੰਗਦੀ ਬੂਹੇ ਤੋਂ ਬਾਹਰ ਕਦਮ ਪੁੱਟ ਲਏੇ। ਨਿੰਦੀ ਦੇ ਜਾਣ ਮਗਰੋਂ ਸੰਤੀ ਕਿੰਨੀ ਦੇਰ ਝੁਰਦੀ ਰਹੀ। ”ਦੋ ਘੜੀਆਂ ਕੁੜੀ ਆਈ ਵੀ। ਇਹ ਕਾਹਦਾ ਆਉਣ ਹੋਇਆ। ਆਉਂਦੀ ਨੇ ਛੱਤੀ ਕੰਮ ਸਵਾਰਤੇ।“

ਜਾਗਰ ਵੀ ਉਦਾਸ ਸੀ। ”ਸੰਤੀਏ ਧੀਆਂ ਨੇ ਕਿਹੜਾ ਜ਼ਮੀਨ ਵੰਡਾਉਣੀ ਐ… ਦੋ ਘੜੀ ਦੁੱਖ ਵੰਡਾਉਣ ਆਉਂਦੀਆਂ ਨੇ।“

”ਦੁੱਖ ਕੀ ਵੰਡਾਉਂਦੀ… ਖੌਰੇ ਢਿੱਡ `ਚ ਕਿੰਨੀਆਂ ਕੁ ਗੰਢਾਂ ਬੰਨ ਕੇ ਲੈਗੀ।“ ਲੀੜੇ ਧੋਂਦੀ ਸੰਤੀ ਨੇ ਹੰਝੂ ਪੂੰਝ ਕੇ ਕਿਹਾ।

”ਸੰਤੀਏ ਆਏਂ ਕਰ ਮੈਂ ਚਾਹ ਕਰਦਾਂ… ਤੇ ਤੂੰ ਧੋ ਲੀੜੇ।“ ਜਾਗਰ ਨੇ ਗੱਲ ਬਦਲਣ ਦੀ ਕੋਸ਼ਿਸ਼ ਕੀਤੀ।

”ਕਿਉਂ ਸੰਤੀਏ, ਕੱਲ੍ਹ ਸੱਥ `ਚ ਬੈਠਿਆਂ ਦੀਪਾ ਆਂਹਦਾ-ਬਈ ਬਾਬੇ ਜਾਗਰਾ, ਤਾਈ ਤੇਰੇ ਲੀੜੇ ਬਲਾਂ ਸਮਾਰ ਕੇ ਧੋਂਦੀ ਐ। ਨਿੱਤ ਚੀਨਾ ਕਬੂਤਰ ਬਣ ਕੇ ਰਹਿਨੈ।“ ”ਫੇਰ ਤੈਂ ਕੀ ਕਿਹਾ।“ ਸੰਤੀ ਨੇ ਹੱਸ ਕੇ ਪੁੱਛਿਆ।

”ਮੈਂ ਆਖਿਆ ਬਈ ਤੇਰੀ ਤਾਈ ਲੀੜੇ ਕਾਹਦੇ ਧੋਂਦੀ ਐ, ਬਸ ਚਾਂਦੀ ਲਾਉਂਦੀ ਐ।“ ਜੀਤ ਪਰਲੇ ਪਾਸੇ ਬੈਠਾ ਬੀਬੀ-ਬਾਪੂ ਦੀਆਂ ਗੱਲਾਂ ਸੁਣ ਰਿਹਾ ਸੀ। ਤੇ ਚਰਨੋਂ ਚੁੱਲ੍ਹੇ ਮੂਹਰੇ ਬੈਠੀ ਨੱਕ-ਬੁੱਲ੍ਹ ਕੱਢ ਕੇ ਬੋਲੀ-”ਲੈ ਹੋ ਗਏ ਬੁੜ੍ਹੇ-ਬੁੜ੍ਹੀ ਦੇ ਚੋਜ ਸ਼ੁਰੂ।

”ਓਹਨਾਂ ਵੀ ਤਾਂ ਆਪਣਾ ਟੈਮ ਟਪਾਉਣਾ ਐ।“ ਜੀਤ ਨੇ ਚਰਨੋਂ ਦੀ ਗੱਲ ਨੂੰ ਟੋਕ ਦਿੱਤਾ।

”ਟਪਾਉਣੈ ਟੈਮ… ਤੜਕਸਾਰ ਤਾਂ ਜੰਝ ਜਾਣ ਵਾਲਿਆਂ ਵਾਂਗੂੰ ਲੀੜਾ ਲੱਤਾ ਪਾ ਕੇ ਤੁਰ ਪੈਂਦੈ। ਲੋਕਾਂ ਦੇ ਕੌਲੇ ਕੱਛਣ। ਗੇੜਾ ਕੱਢ ਕੇ ਫੇਰ ਆਜੂ ਬੁੜ੍ਹੀ ਦੇ ਸਰ੍ਹਾਣੇ। ਕਿਉਂ ਸੰਤੀਏ… ਕਿਉਂ ਸੰਤੀਏ। ਸਾਰਾ ਦਿਨ ਏਸੇ ਦੇ ਸੋਹਲੇ ਗਾਉਂਦਾ ਰਹਿੰਦੈ, ਜਿਵੇਂ ਸੱਜਰੀ ਮੁਕਲਾਵੇ ਆਈ ਹੋਵੇ। ਵੇਖਾਂ! ਸੰਗ ਨੀ ਆਉਂਦੀ ਧੌਲ੍ਹੀ ਦਾਹੜੀ ਆਲੇ ਨੂੰ।“ ਚਰਨੋਂ ਜੀਤ ਦੇ ਟੋਕਣ ਕਰਕੇ ਹੋਰ ਵੀ ਹਰਖ ਕੇ ਬੋਲ ਰਹੀ ਸੀ।

ਓਹੀ ਆਥਣ ਦਾ ਵੇਲਾ, ਬਾਬੇ ਜਾਗਰ ਦਾ ਖੰਘੂਰਾ ਤੇ ਜਵਾਕਾਂ ਦੇ ਨਿੱਕੇ-ਨਿੱਕੇ ਹੱਥਾਂ `ਤੇ ਮਿੱਠੀਆਂ ਖਿੱਲਾਂ ਦੇ ਦਾਣੇ। ਪਰ ਅੱਜ ਸੰਤੀ ਨੇ ਚੁਲ੍ਹੇ ਅੱਗ ਨਹੀਂ ਪਾਈ। ਮੰਜੇ `ਤੇ ਖੇਸ ਲਈ ਪਈ ਸੀ।

”ਸੰਤੀਏ ਕੀ ਗੱਲ? … ਚਿੱਤ ਨੀ ਰਾਜ਼ੀ?“ ਜਾਗਰ ਨੇ ਘਬਰਾ ਕੇ ਖੇਸ ਸੰਤੀ ਦੇ ਮੂੰਹ ਤੋਂ ਪਰਾਂ ਕੀਤਾ।

”ਹਾਂ ਘਬਰਾਟ ਜਿਹੀ ਹੁੰਦੀ ਐ। ਬੱਸ ਉੱਠਣ-ਉੱਠਣ ਕਰਦੀ ਸੀ, ਪਰ ਉੱਠਿਆ ਨੀ ਜਾਂਦਾ।“

”ਨਹੀਂ ਤੂੰ ਪਈ ਰਹਿ। ਮੈਂ ਡਾਕਟਰ ਨੂੰ ਸੱਦ ਲਿਆਉਨਾਂ।“

”ਨਹੀਂ…ਕੋਈ ਲੋੜ ਨੀ। ਤੂੰ ਚਾਹ ਦਾ ਘੁੱਟ ਕਰ ਦੇ। ਫੇਰ ਉੱਠ ਕੇ ਰੋਟੀ ਪਕਾਊੁਂਗੀ।“

”ਤੂੰ ਪਈ ਰਹਿ… ਮੈਨੂੰ ਤਾਂ ਪਹਿਲਾਂ ਈ ਭੁੱਖ ਨੀ… ਅਫਰੇਵਾਂ ਜਿਹਾ ਹੋਇਆ ਪਿਐ। ਮੈਂ ਚਾਹ ਕਰਦਾਂ।“ ਜਾਗਰ ਨੇ ਪਤੀਲਾ ਮਾਂਜ ਕੇ ਚਾਹ ਧਰ ਦਿੱਤੀ। ਜੀਤ ਦੇ ਕੰਨੀ, ਬੀਬੀ ਦੇ ਬੀਮਾਰ ਹੋਣ ਦੀ ਗੱਲ ਪੈ ਗਈ। ਉਹ ਅੱਗੇ ਈ ਅੱਕਿਆ ਪਿਆ ਸੀ। ਹੁਣ ਆਪਣੇ-ਆਪ ਨੂੰ ਰੋਕ ਨਹੀਂ ਸਕਿਆ। ਆ ਕੇ ਬੀਬੀ ਦੇ ਸਿਰ੍ਹਾਣੇ ਬਹਿ ਗਿਆ।

”ਲੈ ਸੰਤੀਏ… ਤੇਰਾ ਜੀਤ ਵੀ ਆ ਗਿਆ। ਉੱਠ ਬਹਿ ਜਾ… ਚਾਹ ਪੀ।“ ਜਾਗਰ ਨੇ ਚਾਹ ਵਾਲੀ ਬਾਟੀ ਸੰਤੀ ਨੂੰ ਫੜਾਉਂਦਿਆਂ ਕਿਹਾ। ਸੰਤੀ ਜੀਤ ਨਾਲ ਢਾਸਣਾ ਲਾ ਕੇ ਬਹਿ ਗਈ। ਬੁੱਢੀ ਮਾਂ ਦੀ ਮਮਤਾ ਦਾ ਨਿੱਘ ਜੀਤ ਨੂੰ ਛੋਹ ਰਿਹਾ ਸੀ। ਬੜੇ ਚਿਰਾਂ ਬਾਅਦ ਉਹ ਬੀਬੀ ਦੇ ਨਾਲ ਲੱਗ ਕੇ ਬੈਠਾ ਸੀ। ਬੈਠਾ-ਬੈਠਾ ਬੀਬੀ ਦੇ ਮੋਢੇ ਘੁੱਟਣ ਲੱਗ ਪਿਆ। ਪੁੱਤਰ ਦੀ ਛੋਹ ਨਾਲ ਸੰਤੀ ਦੀਆਂ ਬੁੱਢੀਆਂ ਅੱਖਾਂ ਵਿਚੋਂ ਮਮਤਾ ਪੰਘਰ ਕੇ ਬਾਹਰ ਆ ਗਈ। ਜਾਗਰ ਸਭ ਕੁਝ ਵੇਖ ਰਿਹਾ ਸੀ। ਸੰਤੀ ਨੂੰ ਖੁਸ਼ ਕਰਨ ਵਾਸਤੇ ਕਹਿਣ ਲੱਗਾ-

”ਲੈ ਬਈ ਜੀਤ ਐਤਕੀਂ ਤੇਰੀ ਬੀਬੀ ਨੂੰ ਵਿਸਾਖੀ ਮੇਲੇ ਜ਼ਰੂਰ ਲੈ ਕੇ ਜਾਣੈ। ਭਾਵੇਂ ਕੰਧਾੜੇ ਬਹਾ ਕੇ ਨਾ ਲਿਜਾਣੀ ਪਵੇ। ਸੰਤੀਏ! ਤੈਨੂੰ ਯਾਦ ਐ… ਇਕ ਵਾਰੀ ਤਲਵੰਡੀ ਸਾਬੋ ਦੇ ਗੁਰਦੁਆਰੇ ਵਿਸਾਖੀ ਆਲੇ ਦਿਨ ਆਪਾਂ ਗਏ ਸੀ। ਜੀਤ ਤੇ ਬਿੰਦਰ ਨੂੰ ਕੰਧਾੜੇ ਬਹਾ ਕੇ ਆਥਣ ਤਾਈਂ ਮੇਲਾ ਵਿਖਾ ਕੇ ਲਿਆਏ ਸੀ।“

ਸੰਤੀ ਨੂੰ ਗੱਲ ਸੁਣ ਕੇ ਬਿੰਦਰ ਯਾਦ ਆ ਗਿਆ। ਓਹਨੇ ਪਾਟੇ ਜਿਹੇ ਰੁਮਾਲ ਵਿਚੋਂ ਪੈਸੇ ਕੱਢ ਕੇ ਜਾਗਰ ਨੂੰ ਫੜਾ ਕੇ ਕਿਹਾ, ”ਆਹ ਸਵਾ ਪੰਜ ਰੁਪਏ… ਜਦੋਂ ਬਿੰਦਰ ਦੀ ਮੰਹਿ ਬਮਾਰ ਸੀ, ਉਦੋਂ ਦੀ ਸੁੱਖ ਸੁੱਖੀ ਐ। ਮੈਂ ਭੁੱਲ ਨਾ ਜਾਵਾਂ ਐਤਕੀਂ ਵਿਸਾਖੀ `ਤੇ ਸਵਾ ਪੰਜਾਂ ਦਾ ਪ੍ਰਸ਼ਾਦ ਕਰਵਾਉਣੈ।“ ਫੇਰ ਜੀਤ ਦਾ ਹੱਥ ਫੜ ਕੇ ਕਹਿਣ ਲੱਗੀ, ”ਤੂੰ ਤਾਂ ਮੁੱਢੋਂ ਈ ਸਾਉ ਸੀ। ਬਿੰਦਰ ਨਿੱਕਾ ਹੁੰਦਾ ਬਾਹਲਾ ਜ਼ਹਿਰੀ ਸੀ। ਸਕੂਲੇ ਨਾ ਜਾਂਦਾ। ਬਸਤਾ ਲਕੋ ਦਿੰਦਾ। ਸਾਰਾ ਦਿਨ ਛੱਪੜ `ਤੇ ਬੈਠਾ ਰਹਿੰਦਾ। ਪੈਰਾਂ `ਤੇ ਗਿੱਲੀ ਮਿੱਟੀ ਦੇ ਘੋਰਨੇ ਬਣਾਈ ਜਾਂਦਾ। ਇਕ ਦਿਨ ਮੈਂ ਘੂਰਤਾ… ਫੇਰ ਰੋਟੀ ਨਾ ਖਾਧੀ… ਅਖੇ ਤੂੰ ਮੇਰਾ ਮਿੱਟੀ ਦਾ ਘਰ ਕਿਉਂ ਤੋੜਿਆ।“ ਸੰਤੀ ਦਾ ਗੱਚ ਭਰ ਆਇਆ। ਅੱਜ ਜੀਤ ਨੇ ਬੀਬੀ ਦੀਆਂ ਅੱਖਾਂ ਵਿਚ ਪੁੱਤ ਨੂੰ ਲੋਚਦੀ ਮਮਤਾ ਵੇਖੀ ਸੀ। ਪਤਾ ਨਹੀਂ ਉਸ ਨੂੰ ਵੇਖਣ ਲਈ ਕਿੰਨਾ ਕੁ ਤੜਪਦੀ ਹੋਉ।

”ਆਹੋ ਬਈ ਸੰਤੀਏ, ਨਿੱਕਾ ਹੁੰਦਾ ਤਾਂ ਮਿੱਟੀ ਦਾ ਘਰ ਤੋੜਨ `ਤੇ ਈ ਰੁੱਸ ਗਿਆ। ਹੁਣ ਸਹੁਰੀ ਦੇ ਨੇ ਆਪੇ ਈ ਆਵਦਾ ਘਰ ਤੋੜ ਲਿਆ।“ ਜਾਗਰ ਨੇ ਗੱਲ ਕਰਕੇ ਅੱਖਾਂ ਭਰ ਲਈਆਂ।

”ਘਰ ਕਾਹਦਾ ਨਿਰਮੋਹੇ ਨੇ ਤਾਂ ਮਾਂ-ਪਿਓ ਨਾਲ ਮੋਹ ਵੀ ਤੋੜਤਾ।“ ਸੰਤੀ ਨੇ ਲੰਮਾ ਸਾਰਾ ਹਉਕਾ ਭਰਿਆ। ਉਦਾਸ ਹੋ ਕੇ ਫੇਰ ਪੈ ਗਈ।

ਬੀਬੀ ਦਾ ਦੁੱਖ ਵੇਖ ਕੇ ਜੀਤ ਦਾ ਜੀਅ ਕੀਤਾ, ਉਸਦੀ ਬੁੱਕਲ ਵਿਚ ਸਿਰ ਰੱਖ ਕੇ ਰੋ ਪਵੇ। ਇਹਨਾਂ ਵਿਹੜੇ ਦੀਆਂ ਕੰਧਾਂ ਨੂੰ ਸੱਬਲਾਂ ਮਾਰ-ਮਾਰ ਢਾਹ ਦੇਵੇ। ਫੇਰ ਏਸ ਵਿਹੜੇ ਨੂੰ ਇਕ ਕਰ ਦੇਵੇ।

”ਸੰਤੀਏ ਕਿਮੇਂ ਐਂ ਹੁਣ?“ ਜਾਗਰ ਨੇ ਚੁੱਪ ਕੀਤੀ ਸੰਤੀ ਨੂੰ ਪੁੱਛਿਆ।

”ਕਾਲਜਾ ਮੱਚਦੈ, ਮੂੰਹ ਦਾ ਸੁਆਦ ਭੈੜਾ ਹੋ ਗਿਆ।“

”ਲੈ ਫੇਰ, ਦੋ ਕੁ ਖਿੱਲਾਂ ਮੂੰਹ `ਚ ਪਾ ਲੈ… ਨਾਲੇ ਗੁਰੂ ਘਰ ਦਾ ਪ੍ਰਸਾਦ ਐ।“ ਜਾਗਰ ਨੇ ਗੀਝੇ ਵਿਚੋਂ ਮਿੱਠੀਆਂ ਖਿੱਲਾਂ ਕੱਢ ਦੇ ਸੰਤੀ ਦੇ ਮੂੰਹ ਵਿਚ ਪਾ ਦਿੱਤੀਆਂ। ਮਿੱਠੀਆਂ ਖੁਰਦੀਆਂ ਖਿੱਲਾਂ, ਗੰਗਾ ਜਲ ਦੇ ਅਖ਼ੀਰਲੇ ਤੁਪਕੇ ਵਾਂਗ ਸੰਤੀ ਦੇ ਮੂੰਹ ਵਿਚ ਘੁਲ ਗਈਆਂ। ਸੰਤੀ ਮਿੰਟੋਂ-ਮਿੰਟੀ ਕਿਸੇ ਵਾਅ ਵਰੋਲੇ ਵਾਂਗ ਕਿਧਰੇ ਉੱਡ-ਪੁੱਡ ਗਈ। ਪੁੱਤ ਦੇ ਹੱਥਾਂ `ਚ ਅਖੀਰਲਾ ਸਾਹ ਲੈ ਕੇ ਬਾਬੇ ਜਾਗਰ ਦਾ ਸਾਥ ਸਦਾ ਲਈ ਛੱਡ ਗਈ। ਸਭੇ ਦੁੱਖ, ਤਕਲੀਫ਼ਾਂ, ਝੋਰੇ ਨਾਲ ਈ ਲੈ ਗਈ।  ਹੁਣ ਜਾਗਰ ਏਸ ਦੁਨੀਆਂ ਦੇ ਮੇਲੇ ਦਾ ਚੱਕੀਰਾਹਾ ਬਣ ਕੇ ਰਹਿ ਗਿਆ। ਡੌਰ-ਭੰੌਰ ਜਿਹਾ ਹੋ ਕੇ ਕਿਸੇ ਮਸ਼ੀਨੀ ਯੰਤਰ ਵਾਂਗ ਉਸ ਨੇ ਸੰਤੀ ਦੇ ਅਖ਼ੀਰਲੇ ਕਾਰ-ਵਿਹਾਰ ਵੀ ਕਰ ਦਿੱਤੇ। ਹਾਲੇ ਤੱਕ ਉਸਦੇ ਦਿਲ ਨੇ ਇਹ ਕਬੂਲਿਆ ਈ ਨਹੀਂ ਸੀ ਕਿ ਸੰਤੀ ਉਸਦੇ ਨਾਲ ਨਹੀਂ। ਕਈ ਦਿਨ ਹੋ ਗਏ, ਚੁੱਪ ਗੜੁੱਪ ਜਿਹਾ ਬੈਠਾ ਰਿਹਾ। ਅੰਨ, ਪਾਣੀ ਤਿਆਗੀ ਬੈਠਾ ਸੀ। ਭੋਗ ਪੈ ਗਿਆ। ਨਿੰਦੀ ਤੇ ਸੁਰਜੀਤ ਨੇ ਵੀ ਮੁੜਨਾ ਸੀ। ਬਾਪੂ ਨੂੰ ਛੱਡ ਕੇ ਜਾਣਾ ਨਿੰਦੀ ਵਾਸਤੇ ਬੀਬੀ ਦੀ ਮੌਤ ਨਾਲੋਂ ਵੱਡਾ ਦੁੱਖ ਸੀ। ਨਿੰਦੀ ਨੇ ਜਾਗਰ ਨੂੰ ਪੁੱਛਿਆ-”ਬਾਪੂ ਜੇ ਤੂੰ ਰੋਟੀ ਖਾਏਂਗਾ, ਤਾਂ ਮੈਂ ਜਾਉਂਗੀ। ਦੱਸ ਕੀ ਧਰਾਂ। ਜਿਹੜਾ ਕੁਸ਼ ਖਾਣ ਨੂੰ ਚਿੱਤ ਕਰਦੈ, ਓਹੀ ਬਣਾ ਦਿੰਨੀ ਆਂ।“

”ਆਏਂ ਕਰ ਨਿੰਦੀਏ… ਕੱਦੂ ਬਣਾ। ਜਿਵੇਂ ਤੇਰੀ ਬੀਬੀ ਦੁੱਧ ਪਾ ਕੇ ਬਣਾਉਂਦੀ ਸੀ। ਇਕ ਰੋਟੀ ਖਾਲੂੰਗਾ।“ ਜਾਗਰ ਦੀ ਗੱਲ ਸੁਣ ਕੇ ਨਿੰਦੀ ਧਾਹਾਂ ਮਾਰ ਕੇ ਰੋ ਪਈ।

”ਧੋਖਾ ਦੇਗੀ ਮੈਨੂੰ ਤੇਰੀ ਬੀਬੀ… ਕਿਮੇਂ ਅਖੀਰਲੇ ਕੋਹ ਪੂਰੇ ਕਰੂੰਗਾ… ਸੁੰਨੀ ਵਾਟ… ਹੁਣ ਤਾਂ ਮੈਂ ਰਾਹ ਈ ਭੁੱਲ ਜੁੰਗਾ… ਜਾਂ ਫੇਰ ਰੁਲ-ਖੁਲ ਕੇ ਇਹਨਾਂ ਰਾਹਾਂ `ਚ ਈ ਕਿਧਰੇ ਗੁਆਚ ਜਾਊਂਗਾ… ਜੇ ਨਾਲ ਰਹਿੰਦੀ, ਗੱਲੀਂ-ਬਾਤੀਂ ਇਹ ਸਫ਼ਰ ਵੀ ਮੁਕਾ ਲੈਂਦੇ।“ ਜਾਗਰ ਰੁਦਣ ਕਰਦਾ ਰਿਹਾ। ਦਿਨ ਪਹਾੜ ਜਿੱਡਾ ਲਗਦਾ ਤੇ ਰਾਤ ਉਸ ਤੋਂ ਵੀ ਵੱਡੀ। ਪਿੱਛਾ ਭੌਂ ਕੇ ਵੇਖਦਾ ਤਾਂ ਸੰਤੀ ਨਾਲ ਤੈਅ ਕੀਤੀ ਲੰਮੀ ਵਾਟ ਛੋਟੀ ਜਾਪਦੀ। ਅਗਾਂਹ ਵੇਖਦਾ ਤਾਂ ਪਿਛਲੇ ਪਹਿਰ ਦੀ ਥੋੜ੍ਹੀ ਵਾਟ ਕਈ ਗੁਣਾਂ ਲੰਮੀ।

ਸੰਤੀ ਨੂੰ ਮਰਿਆਂ ਕਈ ਦਿਨ ਬੀਤ ਗਏ। ਸਭਨਾਂ ਦੀ ਜ਼ਿੰਦਗੀ ਫੇਰ ਆਪਣੀ ਰਾਹ `ਤੇ ਆ ਗਈ। ਪਰ ਬਾਬਾ ਜਾਗਰ ਹੁਣ ਭਮੰਤਰਿਆ ਜਿਹਾ ਰਹਿੰਦਾ। ਸਾਰੀਆਂ ਗੱਲਾਂ, ਸਾਰੇ ਚੋਜ ਮੁੱਕ ਗਏ। ਗੁਰਦੁਆਰੇ ਮੱਥਾ ਟੇਕਣ ਜ਼ਰੂਰ ਜਾਂਦਾ। ਹੁਣ ਦਰਵਾਜ਼ੇ ਮੂਹਰੇ ਖੰਘੂਰਾ ਨਾ ਮਾਰਦਾ। ਉਸ ਨੂੰ ਲੱਗਦਾ ਜਿਵੇਂ ਕਿਸੇ ਹੋਰ ਦੇ ਘਰ ਆ ਗਿਆ ਹੋਵੇ। ਜਵਾਕਾਂ ਦੇ ਹੱਥ ਖਿੱਲਾਂ ਧਰ ਦਿੰਦਾ। ਸੰਤੀ ਦੇ ਹਿੱਸੇ ਦੀਆਂ ਖਿੱਲਾਂ ਗੀਝੇ `ਚ ਪਾ ਲੈਂਦਾ। ਸੱਥ ਵਾਲੇ ਕਹਿੰਦੇ, ”ਬਾਬੇ ਜਾਗਰਾ, ਤਾਈ ਬਿਨਾਂ ਤੇਰੇ ਲੀੜਿਆਂ ਦੀ ਚਾਂਦੀ ਤਾਂ ਗੁਆਚਣੀ ਸੀ। ਹੁਣ ਤਾਂ ਤੇਰੇ ਕੁੜਤੇ ਦੇ ਗਦਾਮ ਵੀ ਗਵਾਚ ਗਏ। ਭਾਈ ਬੁੱਢੇ ਵਾਰੇ ਤੀਮੀਂ ਮੁੱਕਜੇ ਤਾਂ ਬੰਦਾ ਨਾ ਮਰਦਿਆਂ `ਚ ਤੇ ਨਾ ਜਿਉਂਦਿਆਂ `ਚ।“ ਓਸ ਦਿਨ ਤੋਂ ਜਾਗਰ ਸੱਥ ਵਿਚ ਵੀ ਨਾ ਗਿਆ। ਮੈਲੇ ਜਿਹੇ ਕੱਪੜੇ ਕਈ ਦਿਨ ਪਾਈ ਰੱਖਦਾ। ਜੀਤ ਰੋਟੀ ਫੜਾ ਜਾਂਦਾ। ਕਦੇ ਖਾ ਲੈਂਦਾ। ਕਦੇ ਛੋਂਹਦਾ ਵੀ ਨਾ। ਭੁੱਖ ਮਰ ਗਈ ਸੀ। ਵੈਰਾਗ `ਚ ਵਲਿਆ ਗਿਆ ਤੇ ਵੈਰਾਗੀ ਬਣ ਗਿਆ। ਕੇਸਾਂ ਦੀ ਜਟੂਰੀ ਜਿਹੀ ਬਣਾ ਕੇ ਕੋਠੜੀ `ਚ ਬੈਠਾ ਹੂੰਗਦਾ ਰਹਿੰਦਾ। ਜਿਵੇਂ ਕੋਈ ਫਕੀਰ ਧੂਣੀ `ਤੇ ਬੈਠਾ ਹੋਵੇ। ਨਿੱਕੀ ਜਿਹੀ ਗੁਥਲੀ ਲੱਕ ਨਾਲ ਬੰਨ੍ਹੀਂ ਰੱਖਦਾ। ਕਦੇ ਖੋਲ੍ਹ ਲੈਂਦਾ, ਕਦੇ ਕੱਛ `ਚ ਦੇ ਲੈਂਦਾ। ਚਰਨੋਂ ਵੇਖ ਕੇ ਬੁੜ-ਬੁੜ ਕਰਦੀ।

”ਖੌਰੇ ਗੁਥਲੀ `ਚ ਕੀ ਖ਼ਜ਼ਾਨਾ ਪਾਈ ਫਿਰਦੈ। ਹੋਉ ਕੋਈ ਟੂਮ ਛੱਲਾ। ਓਹ ਕਿਹੜਾ ਨਾਲ ਲੈਗੀ ਜਿਹੜਾ ਇਹ ਲੈਜੂ।“

ਅੱਜ ਵਿਸਾਖੀ ਦਾ ਮੇਲਾ ਸੀ। ਜੀਤ ਬਹੁਤ ਦੁਖੀ ਸੀ। ਬਾਪੂ ਨੂੰ ਤਾਂ ਮੇਲਾ ਚੇਤੇ ਵੀ ਨਹੀਂ। ਪਰ ਮੈਂ ਬਾਪੂ ਨੂੰ ਜ਼ਰੂਰ ਲੈ ਕੇ ਜਾਊਂਗਾ, ਚਾਹੇ ਕੰਧਾੜੇ ਬਹਾ ਕੇ ਨਾ ਲਜਾਵਾਂ। ਬਾਪੂ ਨੂੰ ਬੀਬੀ ਦੀ ਸੁੱਖਣਾ ਦਾ ਵਾਸਤਾ ਦੇ ਕੇ ਲੈਜੂਗਾਂ। ਫੇਰ ਸ਼ਾਇਦ ਬਾਪੂ ਜਾ ਵੜੇ। ਸੋਚਦਾ-ਸੋਚਦਾ ਰੋਟੀ ਲੈ ਕੇ ਜੀਤ ਬਾਪੂ ਦੀ ਕੋਠੜੀ `ਚ ਆ ਗਿਆ। ਜਾਗਰ ਕੰਧ ਨਾਲ ਢਾਸਣਾ ਲਾਈ ਛੱਤ ਵੱਲ ਬਿਟਰ-ਬਿਟਰ ਵੇਖੀ ਜਾ ਰਿਹਾ ਸੀ। ਹੱਥਾਂ ਵਿਚ ਘੁੱਟ ਕੇ ਗੁੱਥਲੀ ਫੜੀ ਹੋਈ ਸੀ।

”ਬਾਪੂ… ਰੋਟੀ ਖਾ ਲੈ… ਅੱਜ ਚੱਲਾਂਗੇ ਮੇਲੇ ਤੇ। ਤੈਨੂੰ ਯਾਦ ਐ ਬੀਬੀ ਆਲੀ ਸੁਖਣਾ ਦਾ ਪ੍ਰਸਾਦ ਵੀ ਕਰਾਉਣਾ ਐ।“

ਜੀਤ ਨੇ ਥਾਲੀ ਮੂਹਰੇ ਰੱਖ ਕੇ ਬਾਪੂ ਨੂੰ ਹਲੂਣਿਆਂ। ਜਾਗਰ ਟੇਢਾ ਜਿਹਾ ਹੋ ਗਿਆ। ਉਹ ਤਾਂ ਕਦੋਂ ਦਾ ਦੁਨੀਆਂ ਵਾਲਾ ਮੇਲਾ ਵੀ ਛੱਡ ਗਿਆ ਸੀ। ਜੀਤ ਦੀਆਂ ਧਾਹਾਂ ਨਿਕਲ ਗਈਆਂ।

”ਬਾਪੂ ਕੇਹਾ ਵਿਸਾਖੀ ਵਾਲਾ ਮੇਲਾ ਉਡੀਕਦਾ ਸੀ ਤੂੰ, ਜਿਹੜਾ ਲੱਗਣੋਂ ਪਹਿਲਾਂ ਈ ਵਿਛੜ ਗਿਆ।“

ਚਰਨੋਂ ਭੱਜ ਕੇ ਆ ਗਈ। ਬਾਪੂ ਆਕੜਿਆ ਪਿਆ ਸੀ। ਚਰਨੋਂ ਨੇ ਜ਼ੋਰ ਲਾ ਕੇ ਹੱਥੋਂ ਗੁਥਲੀ ਖਿੱਚੀ। ਗੁਥਲੀ ਵਿਚਾਲਿਓਂ ਪਾਟ ਗਈ। ਗੁਥਲੀ ਦਾ ਖਜ਼ਾਨਾ ਖਿੱਲਰ ਗਿਆ। ਚਰਨੋਂ ਅੱਖਾਂ ਅੱਡੀ ਵੇਖ ਰਹੀ ਸੀ। ਬੀਬੀ ਦੀ ਐਨਕ, ਸਿਮਰਨ ਵਾਲੀ ਮਾਲਾ, ਪਾਟੇ ਜਿਹੇ ਰੁਮਾਲ ਵਿਚ ਬੰਨ੍ਹੇ ਸੁੱਖਣਾ ਦੇ ਪੈਸੇ… ਤੇ ਬੁੱਕ ਕੁ ਮਿੱਠੀਆਂ ਖਿੱਲਾਂ…, ਇੱਟਾਂ ਦੇ ਫ਼ਰਸ਼ `ਤੇ ਦੂਰ-ਦੂਰ ਤੱਕ ਖਿੱਲਰੇ ਪਏ ਸਨ।

 

Leave a Reply

Your email address will not be published. Required fields are marked *