ਚੰਡੀਗੜ੍ਹ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (AFPI) ਫਾਰ ਗਰਲਜ਼, ਐਸ.ਏ.ਐਸ. ਨਗਰ (ਮੁਹਾਲੀ) ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਦੇ ਪ੍ਰੈਪਰੇਟਰੀ ਵਿੰਗ ਦੇ ਦੂਜੇ ਬੈਚ ਵਾਸਤੇ ਲਈ ਜਾਣ ਵਾਲੀ ਦਾਖਲਾ ਪ੍ਰੀਖਿਆ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ।
ਇੱਛੁਕ ਉਮੀਦਵਾਰ 25 ਦਸੰਬਰ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ
ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ. ਸੰਧੂ (ਸੇਵਾਮੁਕਤ) ਨੇ ਦੱਸਿਆ ਕਿ ਇੱਛੁਕ ਉਮੀਦਵਾਰ 25 ਦਸੰਬਰ, 2023 ਤੱਕ ਆਨਲਾਈਨ ਪੋਰਟਲ http://recruitment-portal.in ‘ਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਕੋਰਸ ਰਾਹੀਂ ਸੂਬੇ ਦੀਆਂ ਮਹਿਲਾਵਾਂ ਦੇ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫਸਰਾਂ ਵਜੋਂ ਭਰਤੀ ਹੋਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਹੋਰ ਸਸ਼ਕਤ ਬਣਾ ਰਹੀ ਹੈ।
ਐਨ.ਡੀ.ਏ. ਪ੍ਰੈਪਰੇਟਰੀ ਕੋਰਸ ਲਈ ਅਪਲਾਈ ਕਰਨ ਲਈ ਪੰਜਾਬ ਦੀਆਂ ਰਹਿਣ ਵਾਲੀਆਂ ਲੜਕੀਆਂ, ਜੋ 2024 ਵਿਚ ਆਪਣੀ 10ਵੀਂ ਦੀ ਪ੍ਰੀਖਿਆ ਪਾਸ ਕਰਨਗੀਆਂ ਅਤੇ 11ਵੀਂ ਜਮਾਤ ਵਿਚ ਪੜ੍ਹ ਰਹੀਆਂ ਲੜਕੀਆਂ ਵੀ ਇਸ ਸ਼ਰਤ ਨਾਲ ਅਪਲਾਈ ਕਰ ਸਕਦੀਆਂ ਹਨ ਕਿ ਉਨ੍ਹਾਂ ਦੀ ਜਨਮ ਮਿਤੀ 2 ਜੁਲਾਈ, 2007 ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਇੰਸਟੀਚਿਊਟ ਵਿੱਚ ਚੁਣੀਆਂ ਗਈਆਂ ਮਹਿਲਾ ਉਮੀਦਵਾਰਾਂ ਦੀ ਸਿਖਲਾਈ ਦਾ ਸਾਰਾ ਖਰਚਾ, ਜਿਸ ਵਿੱਚ ਰਹਿਣ-ਸਹਿਣ ਅਤੇ ਖਾਣ-ਪੀਣ ਵੀ ਸ਼ਾਮਲ ਹੈ, ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।