ਰੂਸ ਦੀ ਬੁਲਬੁਲ ਦਾ ਜ਼ਿਕਰ ਕਰਦਿਆਂ ਮਲਕਾ-ਏ-ਤਰੰਨਮ ਨੂਰ ਜਹਾਨ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਨਾਂ ਚੇਤੇ ਆ ਜਾਂਦਾ ਹੈ। ਨੂਰ ਜਹਾਨ ਦੇ ਗੀਤ, ਪਾਕਿਸਤਾਨ ਦੇ ਰੇਡੀਓ ਅਤੇ ਟੀ.ਵੀ. ਤੋਂ ਅਨੇਕਾਂ ਵਾਰ ਸੁਣੇ ਤੇ ਮਾਣੇ ਹਨ।
ਮੇਰੇ ਢੋਲ ਸਿਪਾਹੀਆ ਵੇ,
ਤੈਨੂੰ ਰੱਬ ਦੀਆਂ ਰੱਖਾਂ
ਭਲਾ ਕਿਸ ਨੇ ਨਹੀਂ ਸੁਣਿਆ ਤੇ ਗੁਣਗੁਣਾਇਆ ਤੇ ਇੰਝ ਹੀ ਸੁਰਿੰਦਰ ਕੌਰ ਦਾ ਗੀਤ :
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ
ਕਰਦੀਆਂ ਗਲੜੀਆਂ।
ਹਰ ਪੰਜਾਬੀ ਨੇ ਸੁਣਿਆਂ ਤੇ ਮਾਣਿਆ ਹੈ। ਹਰ ਦੇਸ਼, ਹਰ ਇਲਾਕੇ ਤੇ ਹਰ ਭਾਸ਼ਾ ਦੀ ਅਪਣੀ ਅਪਣੀ ਬੁਲਬੁਲ/ਕੋਇਲ ਹੁੰਦੀ ਹੈ। ਸਾਡੇ ਪੰਜਾਬ ਵਿਚ ਕੋਇਲਾਂ ਗਰਮੀਆਂ ਵਿਚ ਅਥਵਾ ਅਪ੍ਰੈਲ ਦੇ ਅੱਧ ਵਿਚ ਆਉਂਦੀਆਂ ਹਨ ਤੇ ਗਰਮੀਆਂ ਖ਼ਤਮ ਹੋਣ `ਤੇ ਵਾਪਸ ਪਹਾੜਾਂ ਨੂੰ ਪਰਤ ਜਾਂਦੀਆਂ ਹਨ। ਕਾਲੇ ਰੰਗ ਦਾ ਇਹ ਫੁਰਤੀਲਾ ਪੰਛੀ ਆਉਂਦੇ ਸਾਰ ਹੀ ਗਾ ਕੇ ਅਪਣੇ ਹਾਜ਼ਰ ਹੋਣ ਦੀ ਗਵਾਹੀ ਭਰਦਾ ਹੈ। ਕੋਇਲ ਤੇ ਅੰਬ ਦਾ ਅਟੁੱਟ ਰਿਸ਼ਤਾ ਹੈ। ਕੋਇਲ ਨੇ ਕਿਹੜੇ ਭਲਾ ਪੱਕੇ ਅੰਬ ਚੂੁਪਣੇ ਹੁੰਦੇ ਹਨ, ਪਰ ਇਹ ਜਦੋਂ ਵੀ ਪਰਤਦੀ ਹੈ, ਅੰਬ ਦੇ ਬਿਰਖ਼ ਉਤੇ ਹੀ ਬੈਠਦੀ ਹੈ ਤੇ ਸੁਰੀਲੀ ਆਵਾਜ਼ ਵਿਚ ਆਪ-ਮੁਹਾਰੇ ਗਾਉਣ ਲੱਗ ਪੈਂਦੀ ਹੈ।
ਸੁਰਿੰਦਰ ਕੌਰ ਨੂੰ ਯਾਦ ਕਰਦਿਆਂ ਕਰਦਿਆਂ ਮੈਨੂੰ ਰੂਸ ਦੀ ਬੁਲਬੁਲ ਲੁਡਮਿਲਾ ਜ਼ਾਈਕੀਨਾ (਼ੁਦਮਲਿਅ ਢੇਕਨਿਅ) ਦਾ ਚੇਤਾ ਆਉਂਦਾ ਹੈ। ਲੋਕ -ਸੰਗੀਤ ਦੀ ਇਸ ਗਾਇਕਾ ਨੇ ਅਪਣੀ ਅਦਭੁੱਤ ਸੁਰੀਲੀ ਆਵਾਜ਼ ਦੇ ਜਾਦੂ ਰਾਹੀਂ, ਰੂਸ ਤੋਂ ਬਾਹਰ ਵੀ ਅਪਣੀ ਕੀਰਤੀ ਦੀ ਸੁਗੰਧ ਬਖੇਰ ਕੇ ਵੱਡਾ ਚਮਤਕਾਰ ਕੀਤਾ ਸੀ। ਉਸ ਨੂੰ ਅਲੌਕਿਕ ਪ੍ਰਤਿਭਾ ਸਦਕਾ ਵੱਡੇ ਮਾਣ ਸਨਮਾਨ ਮਿਲੇ ਹਨ ਅਤੇ 1970 ਵਿਚ ਉਸ ਨੂੰ ਸੋਵੀਅਤ ਰੂਸ ਦਾ ਸਭ ਤੋਂ ਸ੍ਰੇਸ਼ਟ ਲੈਨਿਨ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ।
ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੀ ਖੂਬੀ ਸੀ ਜਿਸ ਸਦਕਾ ਇਹ ਇਕ ਸਾਧਾਰਨ ਪਰਿਵਾਰ ਦੀ ਪੇਂਡੂ ਕੁੜੀ ਰਾਸ਼ਟਰੀ ਪੁਰਸਕਾਰ ਦੀ ਪਦਵੀ ਤੀਕ ਪਹੁੰਚ ਗਈ। ਉਸ ਦੀ ਇਸ ਸਫ਼ਲਤਾ ਦੀ ਪ੍ਰਾਪਤੀ ਵਿਚ ਉਸ ਦੀ ਨਿੱਜੀ ਪ੍ਰਤਿਭਾ ਅਤੇ ਸੋਵੀਅਤ ਸਰਕਾਰ ਦੇ ਉਸ ਦੀ ਕਲਾ ਨੂੰ ਵਿਕਸਤ ਕਰਨ ਲਈ ਪੈਦਾ ਕੀਤੇ ਅਵਸਰਾਂ ਦਾ ਬਰਾਬਰ ਦਾ ਹਿੱਸਾ ਹੈ। ਕਿੰਨੀਆਂ ਪ੍ਰਤਿਭਾਵਾਂ ਢੁਕਵੇਂ ਮੌਕੇ ਨਾ ਮਿਲਣ ਕਾਰਣ ਅਜਾਈਂ ਰੁਲ ਜਾਂਦੀਆਂ ਹਨ। ਪਰ ਲੁਡਮਿਲਾ ਭਾਗਾਂ ਵਾਲੀ ਸੀ। ਉਸ ਦਾ ਜਨਮ ਸਮਾਜਵਾਦੀ ਪ੍ਰਬੰਧ ਹੇਠ ਹੋਇਆ ਸੀ, ਜਿਥੇ ਹਰ ਨਾਗਰਿਕ ਨੂੰ ਪ੍ਰਫੁੱਲਤ ਹੋਣ ਦੇ ਬਰਾਬਰ ਮੌਕੇ ਮਿਲਦੇ ਰਹੇ ਸਨ।
ਲੁਡਮਿਲਾ ਦਾ ਜਨਮ ਮਾਸਕੋ ਦੇ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਵਿਚ ਹੋਇਆ, ਜੋ ਅਸਲ ਵਿਚ ਪਹਿਲਾਂ ਇਕ ਪਿੰਡ ਹੀ ਸੀ। ਇਹ ਲਕੜੀ ਦਾ ਇਕ ਮੰਜ਼ਿਲਾ ਮਕਾਨ ਸੀ ਜਿਸ ਵਿਚ ਜ਼ਾਈਕੀਨਾ ਪਰਿਵਾਰ ਰਹਿੰਦਾ ਸੀ। ਹੋਰਨਾਂ ਘਰਾਂ ਵਰਗੇ ਇਸ ਘਰ ਦਾ ਇਕੋ ਹੀ ਫ਼ਰਕ ਸੀ ਕਿ ਇਸ ਦੇ ਲਾਗੇ ਬਰਚੇ ਦੇ ਬਿਰਖਾਂ ਦਾ ਝੁੰਡ ਸੀ, ਪਰ ਇਸ ਘਰ ਦਾ ਹੋਰਨਾਂ ਨਾਲੋਂ ਇਕ ਹੋਰ ਵੀ ਵੱਡਾ ਫ਼ਰਕ ਸੀ। ਉਹ ਇਹ ਕਿ ਇਸ ਦੇ ਵਸਨੀਕ ਅਕਸਰ ਗਾਉਂਦੇ ਰਹਿੰਦੇ ਸਨ ਤੇ ਲੰਘਣ ਵਾਲਿਆਂ ਦਾ ਧਿਆਨ ਖਿਚਦੇ ਰਹਿੰਦੇ ਸਨ। ਖਿੜਕੀਆਂ ਵਿਚੋਂ ਸਰਕਦੀਆਂ ਲੋਕ ਗੀਤਾਂ ਦੀਆਂ ਧੁੰਨਾਂ ਕੰਨਾਂ ਨੂੰ ਸੁਖਾਵੀਆਂ ਲਗਦੀਆਂ ਸਨ। ਛੁੱਟੀ ਵਾਲੇ ਦਿਨ ਤਾਂ ਪੂਰੀ ਭਜਨ ਮੰਡਲੀ ਰਲ ਕੇ ਲੋਕ ਗੀਤ ਗਾਉਂਦੀ। ਇਨ੍ਹਾਂ ਵਿਚੋਂ ਸਭ ਤੋਂ ਸੁਰੀਲੀ ਆਵਾਜ਼ ਲੁਡਮਿਲਾ ਦੀ ਮਾਂ ਦੀ ਸੀ। ਜ਼ਾਈਕੀਨਾ ਪਰਿਵਾਰ ਦੇ ਸਾਰੇ ਮੈਂਬਰ ਰੂਸ ਦੇ ਪੁਰਾਣੇ ਲੋਕ ਗੀਤ ਸ਼ੌਕ ਨਾਲ ਗਾਉਂਦੇ ਸਨ। ‘‘ਸਾਰੀਆਂ ਸੁਰਾਂ ਰਲ ਕੇ ਇਕ ਭਰ ਵਗਦੇ ਦਰਿਆ ਦਾ ਰੂਪ ਧਾਰ ਲੈਂਦੀਆਂ।“ ਤੁਰੇ ਜਾਂਦੇ ਲੋਕਾਂ ਦੇ ਕੰਨ ਖੜੇ੍ਹ ਹੋ ਜਾਂਦੇ। ਲੁਡਮਿਲਾ ਅਜੇ ਬੱਚੀ ਸੀ। ਉਹ ਗੀਤ ਸੁਣਦੀ ਤੇ ਖ਼ੁਸ਼ੀ ਭਰੇ ਗੀਤਾਂ ਉਤੇ ਆਪ ਮੁਹਾਰੇ ਹੱਸਦੀ। ਗਮਾਂ ਲੱਦੇ ਗੀਤ ਸੁਣ ਰੋਣ ਲੱਗ ਪੈਂਦੀ। ਮੰਤਰ ਮੁਗਧ ਹੋ ਕੇ ਉਹ ਗੀਤ ਸੁਣਦੀ ਆਪਾ ਭੁੱਲ ਜਾਂਦੀ।
ਉਸ ਦੀ ਦਾਦੀ ਇਸ ਗੀਤ ਮੰਡਲੀ ਦੀ ਮੋਹਰੀ ਹੁੰਦੀ ਸੀ। ਉਸ ਨੂੰ ਪੁਰਾਣੇ ਰੂਸ ਦੇ ਅਣਗਿਣਤ ਲੋਕ ਗੀਤ ਯਾਦ ਹੁੰਦੇ ਸਨ। ਲੋੜ ਵੇਲੇ ਉਹ ਨਵੇਂ ਗੀਤ ਖੁਦ ਵੀ ਜੋੜ ਲੈਂਦੀ। ਅਚੇਤ ਹੀ ਇਹ ਸੰਗੀਤਕ ਵਾਤਾਵਰਣ ਦਾ ਪ੍ਰਭਾਵ ਨਿੱਕੀ ਬੱਚੀ ਦੇ ਬਾਲ ਮਨ ਉਤੇ ਪੈ ਰਿਹਾ ਸੀ। ਇਨ੍ਹਾਂ ਪਰਿਵਾਰਕ ਸਥਿਤੀਆਂ ਵਿਚ ਭਵਿੱਖ ਦੀ ਵਿਸ਼ਵ ਬੁਲਬੁਲ ਵੱਡੇ ਸੁਪਨੇ ਲੈਣ ਲੱਗੀ। ਇਕ ਗੀਤ ਖਾਸ ਤੌਰ ਉਤੇ ਲੁਡਮਿਲਾ ਨੂੰ ਕਦੇ ਭੁਲਿਆ ਨਹੀਂ ਸੀ। ਇਸ ਗੀਤ ਵਿਚ ਇਕ ਪੇਂਡੂ ਰੂਸੀ ਔਰਤ ਹੈ, ਜਿਸ ਨੂੰ ਖੇਤ ਵਿਚ ਕੰਮ ਕਰਦੀ ਨੂੰ ਅਚਾਨਕ ਹੀ ਜੰਮਣ ਪੀੜਾ ਸ਼ੁਰੂ ਹੋ ਜਾਂਦੀਆਂ ਹਨ ਤੇ ਉਹ ਇਕ ਪੁੱਤਰ ਨੂੰ ਜਨਮ ਦਿੰਦੀ ਹੈ। ਉਹ ਕਿਸਮਤ ਕੋਲੋਂ ਅਪਣੇ ਨਵੇਂ ਜੰਮੇ ਬਾਲ ਲਈ ਅਰਦਾਸ ਕਰਦੀ ਆਖਦੀ ਹੈ।
‘‘ਹੇ ਰੱਬਾ!
ਮੇਰੇ ਨਵੇਂ ਬਾਲ ਨੂੰ
ਮੇਰੇ ਨਾਲੋਂ ਬਿਹਤਰ ਜੀਵਨ ਦੇਵੀਂ।”
2
ਪਰ ਲੁਡਮਿਲਾ ਦੇ ਇਸ ਬਚਪਨ ਦਾ ਛੇਤੀ ਹੀ ਅੰਤ ਹੋ ਗਿਆ। 22 ਜੂਨ 1941 ਵਿਚ ਜਰਮਨੀ ਦੇ ਨਾਜ਼ੀ ਧਾੜਵੀਆਂ ਨੇ ਰੂਸ ਉਤੇ ਵੱਡਾ ਹੱਲਾ ਬੋਲ ਦਿਤਾ। ਬਚਪਨ ਦੇ ਸਾਰੇ ਸੁਪਨੇ ਜੰਗ ਦੀ ਭੇਟ ਚੜ੍ਹ ਗਏ। ਲੁਡਮਿਲਾ ਦਾ ਪਿਤਾ ਭਰਤੀ ਹੋ ਕੇ ਜੰਗ ਦੇ ਮੋਰਚੇ ਉਤੇ ਲੜਨ ਚਲਾ ਗਿਆ। ਪਰਿਵਾਰ ਦੀ ਭਜਨ ਮੰਡਲੀ ਖੇਰੂੰ-ਖੇਰੂੰ ਹੋ ਗਈ। ਔਰਤਾਂ ਨੂੰ ਲੋਕ ਗੀਤਾਂ ਦੀਆਂ ਸੁਰਾਂ ਭੁੱਲ ਭੁਲਾ ਗਈਆਂ। ਉਦੋਂ ਲੁਡਮਿਲਾ ਦੀ ਉਮਰ ਮੁਸ਼ਕਿਲ ਨਾਲ ਬਾਰਾਂ ਸਾਲ ਦੀ ਸੀ। ਇਸ ਦਾ ਅਰਥ ਹੈ ਕਿ ਉਹ 1930 ਦੇ ਨੇੜੇ-ਤੇੜੇ ਜਨਮੀ ਹੋਵੇਗੀ। ਉਸ ਨੂੰ ਉਰਜ਼ੋਨੀਕਿਡਜ਼ੇ ਮਸ਼ੀਨ ਟੂਲ ਬਿਲਡਿੰਗ ਪਲਾਂਟ ਵਿਚ ਖਰਾਦ ਉਪਰੇਟਰ ਦੇ ਸਿਖਾਂਦਰੂ ਦੀ ਟਰੇਨਿੰਗ ਲੈਣ ਲਈ ਜਾਣਾ ਪਿਆ ਅਤੇ ਸ਼ਾਮ ਨੂੰ ਸਕੂਲ ਜਾਣਾ ਪੈਂਦਾ ਸੀ। ਵੱਖ-ਵੱਖ ਸ਼ਿਫ਼ਟਾਂ `ਤੇ ਕੰਮ ਕਰਦਿਆਂ ਤੇ ਨਾਲ-ਨਾਲ ਸਕੂਲੇ ਹਾਜ਼ਰੀ ਭਰਨਾ ਉਸ ਲਈ ਬਹੁਤ ਬੋਝ ਤੇ ਪ੍ਰੇਸ਼ਾਨੀ ਵਾਲਾ ਥਲ ਜਗਣ ਸਾਬਤ ਹੋਇਆ। ਇਸ ਲਈ ਉਸ ਨੇ ਫੈਕਟਰੀ ਜਾਣਾ ਛੱਡ ਦਿਤਾ ਤੇ ਉਹ ਮਾਸਕੋ ਦੇ ਇਕ ਹਸਪਤਾਲ ਵਿਚ ਇਕ ਦਰਜੀ ਵਜੋਂ ਕੰਮ ਕਰਨ ਲੱਗੀ।
ਚਾਰੇ ਪਾਸੇ ਜੰਗ ਦੀ ਚਰਚਾ ਤੇ ਭੱਜ ਦੌੜ ਸੀ। ਸਾਰੀ ਕੌਮ ਹੀ ਜੰਗ ਵਿਚ ਜੁਟ ਗਈ ਸੀ। ਕੋਈ ਵੀ ਵਿਹਲਾ ਨਹੀਂ ਸੀ ਰਿਹਾ। ਔਰਤਾਂ ਤੇ ਬੱਚਿਆਂ ਨੂੰ ਵੀ ਹੱਡ ਭੰਨਵੀਂ ਮੁਸ਼ੱਕਤ ਕਰਨੀ ਪੈਂਦੀ। ਜੰਗ ਦੀ ਸ਼ਿੱਦਤ ਤੇ ਪਸਾਰ ਹੀ ਏਨਾ ਸੀ ਕਿ ਕੋਈ ਵੀ ਕੰਮ ਕਰਦਾ ਹੱਥ ਵਿਹਲਾ ਨਹੀਂ ਸੀ ਰਹਿ ਸਕਦਾ। ਇਕ ਪਾਸੇ ਜਰਮਨੀ ਦੀ ਅਪਣੀ ਅਤਿ ਸਿਖਿਅਤ ਫੌਜ ਨਾਲ ਸਾਰੇ ਯੂਰਪ ਦੇ ਵਗਾਰ ਦੇ ਕੈਦੀ ਤੇ ਉਨ੍ਹਾਂ ਦੇਸ਼ਾਂ ਦੇ ਸਮੁੱਚੇ ਕੁਦਰਤੀ ਸਾਧਨ ਤੇ ਨਾਲ ਦੀ ਨਾਲ ਨਾਜ਼ੀਆ ਦੇ ਖੌਫ਼ਨਾਕ ਤਸੀਹਾ ਕੇਂਦਰ ਜਿਥੇ ਮਾੜੀ ਜਹੀ ਵੀ ਵਿਰੋਧੀ ਰਾਏ ਰੱਖਣ ਵਾਲੇ ਨੂੰ ਕੋਹ-ਕੋਹ ਕੇ ਖ਼ਤਮ ਕੀਤਾ ਜਾਂਦਾ। ਐਸੀ ਭਿਆਨਕ ਸਥਿਤੀ ਵਿਚ ਭਲਾ ਗੀਤ ਕਿਸ ਨੂੰ ਸੁਝਦੇ ਸਨ?
ਮਾਸਕੋ ਵਿਚ ਰੇਲਵੇ ਲਾਈਨ ਜ਼ਾਈਕਨ ਪਰਿਵਾਰ ਦੇ ਘਰ ਲਾਗੋਂ ਦੀ ਲੰਘਦੀ ਸੀ, ਜਿਸ ਉਤੋਂ ਦੀ ਫ਼ੌਜੀ ਜਵਾਨਾਂ ਦੀਆਂ ਭਰੀਆਂ ਗੱਡੀਆਂ ਲੰਘਦੀਆਂ ਰਹਿੰਦੀਆਂ। ਕਦੇ-ਕਦੇ ਕੋਈ ਗੱਡੀ ਉਨ੍ਹਾਂ ਦੇ ਘਰ ਦੇ ਕੋਲ ਰੁਕ ਵੀ ਜਾਂਦੀ। ਡੱਬਿਆਂ ਵਿਚੋਂ ਫ਼ੌਜੀਆਂ ਦੇ ਗੀਤ ਗਾਉਣ ਦੀਆਂ ਆਵਾਜ਼ਾਂ ਆਉਂਦੀਆਂ। ਉਹ ਅਪਣੀਆਂ ਮਾਵਾਂ, ਪ੍ਰੇਮਕਾਵਾਂ ਤੇ ਪਰਿਵਾਰ ਦੇ ਤੇ ਅਪਣੀ ਮਾਂ-ਧਰਤੀ ਦੇ ਵਿਛੋੜੇ ਦੇ ਗੀਤ ਗਾਉਂਦੇ। ਖਾਸ ਤੌਰ `ਤੇ ਉਹ ਪ੍ਰਸਿੱਧ ਕਵੀ ਅਲੈਗਜ਼ਾਵਰਵੋਦਾ ਦਾ ‘ਪਵਿੱਤਰ ਯੁੱਧ` ਗੀਤ ਗਾਉਂਦੇ। ਇੰਝ ਲਗਦਾ ਜਿਵੇਂ ਸਾਰਾ ਦੇਸ਼ ਹੀ ਇਕ ਦ੍ਰਿੜ ਇਰਾਦਾ ਧਾਰ ਕੇ ਦੁਸ਼ਮਣ ਦੇ ਵਿਰੁਧ ਉਠ ਖੜਾ ਹੋਵੇ ਤੇ ਗੀਤਾਂ ਰਾਹੀਂ ਜਨ ਸਮੂਹ ਨੂੰ ਬੁਲਾਵਾ ਦੇ ਰਿਹਾ ਹੋਵੇ। ਇਨ੍ਹਾਂ ਗੀਤਾਂ ਨੂੰ ਸੁਣ ਲੁਡਮਿਲਾ ਦੇ ਜਿਸਮ ਵਿਚ ਝਰਨਾਟ ਜਹੀ ਛਿੜ ਜਾਂਦੀ ਤੇ ਉਹ ਗੀਤ ਗਾਉਣ ਲਈ ਬਿਹਬਲ ਹੋ ਉਠਦੀ।
3
ਹੁਣ ਲੁਡਮਿਲਾ ਦੇ ਜੀਵਨ ਦਾ ਇਕ ਨਵਾਂ ਦੌਰ ਆਰੰਭ ਹੁੰਦਾ ਹੈ। ਹੌਲੀ-ਹੌਲੀ ਉਸ ਨੂੰ ਹੋਰ ਰੁਝੇਵੇਂ ਭੁਲਦੇ ਜਾਂਦੇ ਹਨ ਜਾਂ ਨਿਰਾਰਥਕ ਜਾਪਦੇ ਹਨ। ਉਹ ਅਪਣੀ ਗੁਟਾਰ ਲਈ ਜ਼ਖਮੀ ਹੋਏ ਫੌਜੀ ਸਿਪਾਹੀਆਂ ਦੇ ਹਸਪਤਾਲਾਂ ਵਿਚ ਜਾਂਦੀ। ਕਦੇ ਉਹ ਅਪਣੇ ਪਹਿਲੇ ਕਾਰਖਾਨੇ ਅਰਜੋਨੀਕਿਡਜ਼ੇ ਪਲਾਟ ਵਿਚ ਕਿਰਤੀਆਂ ਕੋਲ ਗਾਉਣ ਜਾਣ ਲੱਗਦੀ ਤੇ ਕਦੇ ਅਪਣੇ ਹੋਸਟਲ ਦੀਆਂ ਸਹੇਲੀਆਂ ਕੋਲ ਚਲੇ ਜਾਂਦੀ। ਉਹ ਰੂਸ ਦੇ ਪੁਰਾਣੇ ਲੋਕ ਗੀਤ ਗਾਉਂਦੀ ਅਥਵਾ ਪੁਰਾਣੇ ਪਿਆਰ ਗੀਤ ਤੇ ਜਾਂ ਫਿਰ ਉਹ ਗੀਤ ਜੋ ਪ੍ਰਸਿੱਧ ਸੰਗੀਤਕਾਰਾਂ ਨੇ ਸੁਰਬੱਧ ਕੀਤੇ ਹੁੰਦੇ ਸਨ। ਸਰੋਤੇ ਮੰਤਰ ਮੁਗਧ ਹੋਏ ਉਸ ਦੀ ਸੁਰੀਲੀ ਆਵਾਜ਼ ਨੂੰ ਸੁਣਦੇ ਪਰ ਅਜੇ ਉਸ ਨੇ ਲੋਕ ਸੰਗੀਤ ਦੇ ਖੇਤਰ ਵਿਚ ਪੂਰਾ ਰਿਆਜ਼ ਨਹੀਂ ਸੀ ਕੀਤਾ। ਉਸ ਨੂੰ ਕਿਸੇ ਪਰਪੱਕ ਉਸਤਾਦ ਦੀ ਅਗਵਾਈ ਦੀ ਲੋੜ ਸੀ। ਪਰ ਉਹ ਵੀ ਇਕ ਹਕੀਕਤ ਸੀ ਕਿ ਉਸ ਦੀ ਆਵਾਜ਼ ਵਿਚ ਐਸੀ ਮਧੁਰਤਾ, ਐਸੀ ਲਚਕ ਤੇ ਐਸੀ ਕੋਮਲਤਾ ਸੀ ਕਿ ਉਹ ਮੰਝੇ ਹੋਏ ਗਾਇਕਾਵਾਂ ਦਾ ਟਾਕਰਾ ਕਰਨ ਦੇ ਕਾਬਿਲ ਜਾਪਦੀ ਸੀ। ਫਿਰ ਵੀ ਨਿਰੰਤਰ ਰਿਆਜ਼ ਨਾਲ ਉਤਮਤਾ ਪ੍ਰਾਪਤ ਹੁੰਦੀ ਹੈ।
ਅਖ਼ੀਰ ਪੰਜ ਸਾਲਾਂ ਦੀਆਂ ਲਹੂ-ਵੀਟਵੀਆਂ ਲੜਾਈਆਂ ਤੋਂ ਬਾਅਦ ਦੂਸਰੀ ਸੰਸਾਰ ਜੰਗ ਖ਼ਤਮ ਹੋ ਗਈ। ਇਸ ਭਿਆਨਕ ਜੰਗ ਵਿਚ, ਸਾਰੇ ਸੰਸਾਰ ਦੇ ਚਾਰ ਕਰੋੜ ਦੇ ਕਰੀਬ ਲੋਕ ਮਾਰੇ ਗਏ। ਇਸ ਵਿਚ ਇਕੱਲੇ ਰੂਸ ਦੇ ਦੋ ਕਰੋੜ ਲੋਕ ਸ਼ਾਮਿਲ ਸਨ। ਜੰਗ ਦੀ ਬਰਬਾਦੀ ਦਾ ਮਲਬਾ ਹੂੰਝਣਾ ਸੌਖਾ ਕੰਮ ਨਹੀਂ ਸੀ। ਦੇਸ਼ ਦੇ ਨਵ-ਨਿਰਮਾਣ ਦੀ ਗੰਭੀਰ ਸਮੱਸਿਆ, ਵਿਧਵਾਵਾਂ ਤੇ ਯਤੀਮਾਂ ਦੀ ਭਿਆਨਕ ਸਮੱਸਿਆ। ਲੂਡਮਿਲਾ ਨੇ ਅਪਣੇ ਆਪ ਨੂੰ ਚੀਰੀਮੁਸ਼ਕੀ ਸਟੇਟ ਫਾਰਮ ਕਲੱਬ ਦੀ ਗੀਤ ਮੰਡਲੀ ਨਾਲ ਜੋੜ ਲਿਆ ਤੇ ਇਸ ਦੀਆਂ ਸਰਗਰਮੀਆਂ ਵਿਚ ਇਕ ਕਲਾਕਾਰ ਵਜੋਂ ਹਿੱਸਾ ਲੈਣ ਲੱਗੀ। ਪਰ ਅਚਾਨਕ ਵਾਪਰੀ ਇਕ ਘਟਨਾ ਨੇ ਉਸ ਦੇ ਜੀਵਨ-ਮਾਰਗ ਦੀ ਸੇਧ ਹੀ ਬਦਲ ਦਿਤੀ।
ਹੋਇਆ ਇੰਝ ਕਿ ਇਕ ਦਿਨ ਉਹ ਅਪਣੀਆਂ ਕੁੱਝ ਸਖੀਆਂ ਨਾਲ ਸਿਨੇਮਾ ਵੇਖਣ ਗਈ। ਹਾਲੀ ਪਿਕਚਰ ਸ਼ੁਰੂ ਹੋਣ ਵਿਚ ਦੇਰੀ ਸੀ। ਉਹ ਸਿਨੇਮਾ ਹਾਲ ਤੋਂ ਬਾਹਰ ਨਿਕਲ, ਗਲੀ ਵਿਚ ਘੁੰਮਣ ਫਿਰਨ ਚਲੀਆਂ ਗਈਆਂ। ਉਨ੍ਹਾਂ ਗਲੀ ਵਿਚ ਕੁੱਝ ਇਸ਼ਤਿਹਾਰ ਲੱਗੇ ਵੇਖੇ ਤੇ ਹੈਰਾਨ ਹੋ ਗਈਆਂ। ਇਕ ਇਸ਼ਤਿਹਾਰ ਨੇ ਉਨ੍ਹਾਂ ਦਾ ਖਾਸ ਧਿਆਨ ਖਿੱਚਿਆ। ਪਿਆਤ ਭਜਨ ਮੰਡਲੀ ਨੇ ਨੌਜਵਾਨ ਗਵੱਈਆਂ ਦੇ ਮੁਕਾਬਲੇ ਦੇ ਦੂਜੇ ਗੇੜ ਦੇ ਅਰੰਭ ਦਾ ਐਲਾਨ ਕੀਤਾ ਸੀ। ਲੁਡਮਿਲਾ ਦੀਆਂ ਸਹੇਲੀਆਂ ਨੇ ਉਸ ਨੂੰ ਜਾ ਕੇ ਕਿਸਮਤ ਅਜ਼ਮਾਉਣ ਲਈ ਕਿਹਾ। ਉਹ ਏਨੀਆਂ ਦ੍ਰਿੜ ਸਨ ਕਿ ਅਖੀਰ ਉਸ ਨੂੰ ਉਨ੍ਹਾਂ ਦੀ ਗੱਲ ਮੰਨਣੀ ਪਈ।
ਵਜਾਦੀਗੀਰ ਜ਼ਖਾਰੋਵ ਅਤੇ ਪਿਓਤਰ ਕਾ ਜ਼ਮੀਨ ਉਸ ਸਮੇਂ ਇਸ ਭਜਨ ਮੰਡਲੀ ਦੇ ਡਾਇਰੈਕਟਰ ਸਨ ਤੇ ਉਹ ਲੜਕੀ ਦੀ ਆਵਾਜ਼ ਨੂੰ ਪਰਖਣ ਲਈ ਸਹਿਮਤ ਹੋ ਗਏ। ਲੁਡਮਿਲਾ ਨੂੰ ਜੋ ਕੁੱਝ ਆਉਂਦਾ ਸੀ, ਉਸ ਨੇ ਗਾ ਕੇ ਸੁਣਾਇਆ। ਉਸ ਨੂੰ ਤੀਜੇ ਗੇੜ ਦੀ ਪ੍ਰੀਖਿਆ ਵਿਚ ਸ਼ਾਮਿਲ ਕਰ ਲਿਆ ਗਿਆ ਤੇ ਉਸ ਨੇ ਪ੍ਰੀਖਿਆ ਵਧੀਆ ਨੰਬਰ ਲੈ ਕੇ ਪਾਸ ਕੀਤੀ। ਚਾਰ ਹਜ਼ਾਰ ਕੁੜੀਆਂ ਵਿਚੋਂ ਸਿਰਫ਼ ਚਾਰ ਕੁੜੀਆਂ ਪਾਸ ਹੋਈਆਂ ਤੇ ਲੁਡਮਿਲਾ ਉਨ੍ਹਾਂ ਵਿਚੋਂ ਇਕ ਸੀ। ਉਸ ਵੇਲੇ ਉਸ ਦੀ ਉਮਰ 16 ਸਾਲ ਦੀ ਸੀ। ਕਿਸੇ ਸਿਖਾਂਦਰੂ ਲਈ, ਬਿਨਾਂ ਕਿਸੇ ਪੇਸ਼ਾਵਰ ਟਰੇਨਿੰਗ ਤੋਂ ਅਜਿਹੀ ਚੋਣ ਵਿਚ ਆ ਜਾਣਾ ਬੜੀ ਵੱਡੀ ਗੱਲ ਸੀ।
ਲੁਡਮਿਲਾ ਅਪਣੇ ਉਸਤਾਦਾਂ ਦੀ ਦੇਣਦਾਰ ਸੀ ਜਿਨ੍ਹਾਂ ਮੁਢਲੇ ਦਿਨਾਂ ਵਿਚ ਉਸ ਦੀ ਨਿਸ਼ਕਾਮ ਅਗਵਾਈ ਕੀਤੀ ਪਰ ਅਚਾਨਕ ਹੀ ਲੁਡਮਿਲਾ ਬੀਮਾਰ ਪੈ ਗਈ ਤੇ ਉਸ ਦੀ ਆਵਾਜ਼ ਬੰਦ ਹੋ ਗਈ। ਉਸ ਨੇ ਭਜਨ ਮੰਡਲੀ ਵਿਚ ਜਾਣਾ ਛੱਡ ਦਿਤਾ ਅਤੇ ਇਕ ਛਾਪੇ ਖਾਨੇ ਵਿਚ ਨੌਕਰੀ ਕਰ ਲਈ। ਪੂਰਾ ਸਾਲ ਲੰਘ ਗਿਆ ਤੇ ਹੌਲੀ-ਹੌਲੀ ਉਸ ਦੀ ਆਵਾਜ਼ ਪਰਤ ਆਈ। ਉਸ ਨੇ ਦੁਬਾਰਾ ਰੇਡੀਓ ਤੇ ਟੀ.ਵੀ. ਦੇ ਉਸਤਾਦਾਂ ਨੂੰ ਆਵਾਜ਼ ਪਰਖਣ ਲਈ ਆਖਿਆ। ਪਰ ਉਥੇ ਕਿਸੇ ਕਲਾਕਾਰ ਲਈ ਕੋਈ ਖਾਲੀ ਜਗ੍ਹਾ ਨਹੀਂ ਸੀ। ਫਿਰ ਵੀ ਸੰਸਥਾ ਦੇ ਮੁਖੀ ਨਿਕੋਲਾਈ ਕੁਤੂਜ਼ੋਵ ਨੇ ਉਸ ਦੀ ਟਰਾਇਲ ਲੈਣੀ ਮਨ ਲਿਆ। ਲੁਡਮਿਲਾ ਨੇ ਇਕ ਗੀਤ ਗਾ ਕੇ ਸੁਣਾਇਆ ਤੇ ਉਸ ਨੂੰ ਚੁਣ ਲਿਆ ਗਿਆ। ਇਥੇ ਕੰਮ ਕਰਦਿਆਂ ਉਸ ਨੇ ਅਪਣੇ ਹੁਨਰ ਦਾ ਵਧੀਆ ਪ੍ਰਦਰਸ਼ਨ ਕੀਤਾ ਤੇ ਅਪਣੀ ਗਾਇਕੀ ਦੀ ਧਾਕ ਜਮਾਈ।
4
ਪਰ ਲੁਡਮਿਲਾ ਦੇ ਲੋਕ-ਸੰਗੀਤ ਦਾ ਅਸਲ ਸਫ਼ਰ ਅਜੇ ਸ਼ੁਰੂ ਹੋਣਾ ਸੀ। ਅਜੇ ਉਸ ਨੇ ਹੰਢੇ ਹੋਏ ਉਸਤਾਦਾਂ ਦੀ ਅਗਵਾਈ ਵਿਚ ਕਠਨ ਅਭਿਆਸ ਅਥਵਾ ਰਿਆਜ਼ ਕਰਨਾ ਸੀ। ਉਸ ਦੀ ਖੁਸ਼ਕਿਸਮਤੀ ਨੂੰ ਕੂਤੋਜ਼ੋਵ ਕੁਲੂਜ਼ੋਰ ਵਰਗੇ ਸੰਗੀਤ ਅਚਾਰੀਆ ਉਸ ਦੀ ਸਿਖਲਾਈ ਲਈ ਵਚਨਬੱਧ ਸਨ। ਉਸਤਾਦ ਨੇ ਬੜੇ ਹੱਠ ਤੇ ਪਕਿਆਈ ਨਾਲ ਉਸ ਨੂੰ ਇਹ ਸਿਖਿਆ ਦਿਤੀ ਕਿ ਉਹ ਇਕੱਲੀ ਗਾਵੇ ਤੇ ਸੋਗੀ ਧੁੰਨਾਂ ਤੇ ਗੀਤਾਂ ਉਤੇ ਜ਼ੋਰ ਦੇਵੇ। ਉਸ ਨੂੰ ਕਿਸੇ ਸਾਜ਼ ਤੋਂ ਬਿਨਾਂ ਗਾਉਣ ਲਈ ਪ੍ਰੇਰਤ ਕੀਤਾ ਤੇ ਸਾਫ਼ ਕਹਿ ਦਿਤਾ ਕਿ ਬੇਲੋਜੀ ਤਰ੍ਹਾਂ ਉੱਚੀ ਸੁਰ ਵਿਚ ਨਹੀਂ ਗਾਉਣਾ, ਆਵਾਜ਼ ਨੂੰ ਮਜਬੂਰ ਨਹੀਂ ਕਰਨਾ, ਹਰ ਸੁਰ ਦੀ ਆਵਾਜ਼ ਨੂੰ ਸੁਣਨਾ ਤੇ ਨਿਰੰਤਰ ਸੰਗੀਤ ਦਾ ਰੂਪ ਲੈਣਾ ਹੈ। ਸਾਜ਼ਾਂ ਤੋਂ ਬਗੈਰ ਗਾਉਣ ਦੀ ਸਿਖਲਾਈ ਨੇ ਲੁਡਮਿਲਾ ਨੂੰ ਆਵਾਜ਼ ਦੀ ਸ਼ੁੱਧਤਾ ਨੂੰ ਪ੍ਰਗਟ ਕਰਨ ਤੇ ਕਾਇਮ ਰਖਣ ਦੀ ਸਿਖਿਆ ਦਿੱਤੀ। ਕੁਤੂਜ਼ੋਵ ਦੀ ਅਗਵਾਈ ਤੇ ਸਿਖਲਾਈ ਨੇ ਉਸ ਨੂੰ ਆਵਾਜ਼ ਨੂੰ ਕੰਟਰੋਲ ਕਰਨ ਤੇ ਗੀਤ ਦੀ ਆਤਮਾ ਨੂੰ ਪ੍ਰਗਟ ਕਰਨ ਦੀ ਜਾਚ ਦੱਸੀ।
ਜਦੋਂ ਅਗਲੀ ਵਾਰ ਮੁਕਾਬਲੇ ਦਾ ਮੌਕਾ ਆਇਆ ਤਾਂ ਇਕੱਲਾ ਕਾਰਾ (ਸੋਲੋ) ਗੀਤ ਗਾਉਣ ਲਈ ਲੁਡਮਿਲਾ ਪੂਰੀ ਤਰ੍ਹਾਂ ਤਿਆਰੀ ਵਿਚ ਸੀ। ਉਸ ਨੇ ਮੁਕਾਬਲੇ ਲਈ ਤਿੰਨ ਗੀਤ ਚੁਣੇ ਸੀ ‘‘ਔਹ ਸੜਕ ਉਤੇ ਬਦਲਾਂ ਦੀ ਧੂੜ ਜਹੀ ਕੀ ਹੈ?“, ‘‘ਜੰਗਲ ਵਿਚ ਕਿੰਨੇ ਸਾਰੇ ਬੌਣੇ ਹਨ“ ਤੇ ‘‘ਆਹ, ਰਾਤ ਕਿੰਨੀ ਲੰਮੀ ਹੈ।“
‘‘ਔਹ ਸੜਕਾਂ ਉਤੇ ਬਦਲਾਂ ਦੀ ਧੂੜ ਜਹੀ“ ਗੀਤ ਇਕ ਕੁੜੀ ਦੀ ਦੁਖਾਂਤਕ ਕਥਾ ਹੈ, ਜਿਸ ਵਿਚ ਮਾਪੇ ਕੁੜੀ ਦੀ ਰਜ਼ਾਮੰਦੀ ਤੋਂ ਬਿਨਾਂ ਉਸ ਨੂੰ ਜ਼ਬਰਦਸਤੀ ਕਿਸੇ ਨਾਲ ਤੋਰ ਦਿੰਦੇ ਹਨ। ਕਹਾਣੀ ਦੀ ਬਣਤਰ ਦੀ ਇਹ ਲੋੜ ਸੀ ਕਿ ਗਾਉਣ ਵਾਲੀ ਇਸ ਦੇ ਅੰਦਰੂਨੀ ਤਰਕ ਨੂੰ ਸਮਝੇ ਅਤੇ ਇਸ ਦੀਆਂ ਨਾਟਕੀ ਲੋੜਾਂ ਅਨੁਸਾਰ ਅਪਣੇ ਬੋਲਾਂ ਦੇ ਹੁਨਰ ਇਸ ਦੇ ਅਨੁਕੂਲ ਢਾਲੇ ਪਰ ਇਸ ਤਰ੍ਹਾਂ ਦੀ ਪੇਸ਼ਕਾਰੀ ਦੀ ਪ੍ਰਕਿਰਿਆ ਕਾਫ਼ੀ ਜਟਿਲ ਕੰਮ ਸੀ।
ਹੌਲੀ-ਹੌਲੀ ਅਭਿਆਸ ਤੇ ਰਿਆਜ਼ ਸਦਕਾ ਲੁਡਮਿਲਾ ਦੇ ਗਾਉਣ ਵਿਚ ਪਕਿਆਈ ਆਉਂਦੀ ਗਈ। ਉਸ ਨੂੰ ਨਾਟ ਮੰਡਲੀ ਦੀ ਇਕੱਲੇ ਤੌਰ `ਤੇ ਗੀਤ ਗਾਉਣ ਵਾਲੀ (ਸੋਲੋਇਸਟ) ਦਾ ਅਹੁਦਾ ਦੇ ਕੇ ਤਰੱਕੀ ਦਿਤੀ ਗਈ। ਉਹ ਹੋਰ ਵਧੇਰੇ ਸਰਗਰਮੀ ਨਾਲ ਵਧੇਰੇ ਤੋਂ ਵਧੇਰੇ ਪ੍ਰੋਗਰਾਮਾਂ ਦੀ ਸ਼ਾਨ ਬਣਦੀ ਗਈ ਪਰ ਮਾਹਰਾਂ ਦੀ ਰਾਏ ਸੀ ਕਿ ਅਜੇ ਵੀ ਹੋਰ ਵਧੇਰੇ ਸਖ਼ਤ ਮਿਹਨਤ ਦੀ ਜ਼ਰੂਰਤ ਸੀ ਤੇ ਉਸ ਦੇ ਗਾਉਣ ਵਿਚ ਅਜੇ ਅੰਦਰੂਨੀ ਬੰਦ ਖਲਾਸੀ ਨਹੀਂ ਸੀ। ਇਸੇ ਕਾਰਣ ਉਹ ਈ ਪੋਲੋਵੋਟ ਈਵਾਨੋਵ ਮਿਊਜ਼ਲ ਸਕੂਲ ਵਿਚ ਦਾਖ਼ਲ ਹੋ ਗਈ ਤੇ ਅਪਣੀ ਯੋਗਤਾ ਤੇ ਮਿਹਨਤ ਸਦਕਾ ਨਵੀਆਂ ਉਚਾਈਆਂ ਲਈ ਪਰ ਤੋਲਣ ਲੱਗੀ। ਉਸ ਦੇ ਗਾਉਣ ਨੂੰ ਸੁਹਿਰਦ ਤੇ ਪ੍ਰਭਾਵਿਤ ਕਰਨ ਵਾਲਾ ਮੰਨਿਆ ਜਾਣਾ ਸੀ ਪਰ ਉਸ ਦੇ ਕੰਮ ਵਿਚਲਾ ਨਾਟਕੀ ਗੁਣ ਇਕ ਹੋਰ ਵਾਧੂ ਖੂਬੀ ਸੀ।
5
ਅਪਣੇ ਉਸਤਾਦਾਂ ਜ਼ਖਾਰੋਵ ਅਤੇ ਕਾਜ਼ਮੀਨ ਦੀ ਸਿਖਿਆ ਅਤੇ ਹਦਾਇਤਾਂ ਅਨੁਸਾਰ, ਸਟੇਜ ਉਤੇ ਗਾਉਂਦੇ ਸਮੇਂ ਲੁਡਮਿਲਾ ਕਦੇ ਵੀ ਇਸ਼ਾਰੇ ਨਹੀਂ ਕਰਦੀ। ਬਾਹਰੋਂ ਉਹ ਗੰਭੀਰ ਵਿਖਾਲੀ ਦੇਵੇਗੀ ਤੇ ਗੀਤ ਦੇ ਅੰਦਰੂਨੀ ਜਗਤ ਨੂੰ ਪ੍ਰਗਟ ਕਰਨ ਲਈ ਉਸ ਦੀ ਆਤਮਾ ਵਿਚ ਖੁਭੀ ਪਈ ਹੋਵੇਗੀ। ਅਸਲ ਕਲਾਕਾਰ ਭਾਵੇਂ ਉਹ ਐਕਟਰ ਹੋਵੇ ਜਾਂ ਚਿਤਰਕਾਰ ਤੇ ਸੰਗੀਤਕਾਰ, ਉਹ ਕਦੇ ਵੀ ਨਵੇਂ ਦਿਸਹੱਦਿਆਂ ਦੀ ਤਲਾਸ਼ ਦੀ ਕੋਸ਼ਿਸ਼ ਨੂੰ ਤਿਆਗਦਾ ਨਹੀਂ, ਤੇ ਹਰ ਵੇਲੇ ਅਪਣੀ ਕਲਾ ਨੂੰ ਜਮੂਦ ਅਥਵਾ ਖੜੋਤ ਵਿਚ ਨਹੀਂ ਆਉਣ ਦਿੰਦਾ। ਉਸ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਪਲ ਉਹ ਅਪਣੀ ਕਲਾ ਦੇ ਖੇਤਰ ਨੂੰ ਮੋਕਲਾ ਕਰਦਾ ਜਾਵੇ ਤਾਕਿ ਉਹ ਸੰਸਾਰ ਤੇ ਮਨੁਖਤਾ ਨੂੰ ਅਜਿਹੇ ਸ਼ਾਹਕਾਰ ਦੇ ਕੇ ਜਾਵੇ, ਜੋ ਸਦਾ ਯਾਦ ਰਹਿਣ।
ਲੁਡਮਿਲਾ ਅਜਿਹੀ ਹੀ ਕਲਾਕਾਰ ਸੀ। ਉਹ ਹਰ ਸਮੇਂ ਨਵੇਂ ਗੀਤਾਂ, ਨਵੇਂ ਵਿਸ਼ਿਆਂ ਤੇ ਅਲੋਕਾਰ ਅਨੁਭਵਾਂ ਨੂੰ ਪੇਸ਼ ਕਰਨ ਲਈ ਤਤਪਰ ਰਹਿੰਦੀ ਹੈ। ਰੂਸ ਦੀ ਧਰਤੀ `ਤੇ ਰੂਸ ਦੀ ਔਰਤ ਦੇ ਦਰਦ ਨੂੰ ਪੇਸ਼ ਕਰਨਾ ਜਿਵੇਂ ਉਸ ਦਾ ਕੇਂਦਰੀ ਮੁੱਦਾ ਅਥਵਾ ਸਰੋਕਾਰ ਹੋਵੇ। ਉਹ ਔਰਤ ਦੇ ਆਤਮਿਕ ਦੁੱਖਾਂ ਨੂੰ ਪ੍ਰਗਟ ਕਰਨ ਲਈ ਵਚਨਬੱਧ ਸੀ। ਸਮਾਜਵਾਦੀ ਪ੍ਰਬੰਧ ਤੋਂ ਪਹਿਲਾਂ ਦੇ ਸਾਲਾਂ ਵਿਚ ਔਰਤ ਗੁਲਾਮਾਂ ਤੋਂ ਵੀ ਘਿਰਣਤ ਜੀਵਨ ਹਾਲਤਾਂ ਵਿਚ ਰਹਿੰਦੀ ਸੀ। ਉਹ ਸਮਾਜਵਾਦ ਦੀ ਸਥਾਪਨਾ ਦੇ ਸੰਘਰਸ਼ ਵਿਚ ਕਿਵੇਂ ਵਿਚਰੀ ਅਤੇ ਸਮਾਜਵਾਦੀ ਉਸਾਰੀ ਵਿਚ ਉਸ ਦਾ ਕੀ ਰੋਲ ਸੀ। ਫਿਰ ਦੂਸਰੀ ਵਿਸ਼ਵ ਜੰਗ ਸਮੇਂ ਉਸ ਨੇ ਕਿਵੇਂ ਹੱਦੋਂ ਵੱਧ ਕੁਰਬਾਨੀਆਂ ਕੀਤੀਆਂ। ਇਹ ਸਾਰਾ ਕੁੱਝ ਲੁਡਮਿਲਾ ਆਪਣੇ ਲੋਕ ਸੰਗੀਤ ਰਾਹੀਂ ਸਰੋਤਿਆਂ ਤਕ ਪਹੁੰਚਾਣਾ ਚਾਹੁੰਦਾ ਸੀ। ਉਹ ਸੋਗ ਮਈ ਧੰੁਨਾਂ ਦੀ ਸਹਾਇਤਾ ਨਾਲ ਇਨਸਾਨੀ ਸੁਪਨਿਆਂ, ਤਾਘਾਂ, ਗਮੀਆਂ ਤੇ ਖੁਸ਼ੀਆਂ ਨੂੰ ਪ੍ਰਗਟ ਕਰਦੀ ਸੀ। ਰੂਸੀ- ਮਾਂ ਧਰਤੀ ਦੇ ਦਰਦ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ, ਗੀਤਾਂ ਰਾਹੀਂ ਪ੍ਰਗਟ ਕਰਨਾ ਉਸ ਦੇ ਹੀ ਹਿੱਸੇ ਆਇਆ ਸੀ।
ਲੁਡਮਿਲਾ ਜਦੋਂ ਸਟੇਜ ਉਤੇ ਗਾ ਰਹੀ ਹੋਵੇ ਤਾਂ ਹਰ ਸਰੋਤਾ ਉਸ ਦੇ ਗੀਤ ਦੇ ਇਕ-ਇਕ ਸ਼ਬਦ ਤੇ ਸੁਰ ਦੇ ਜਾਦੂ ਹੇਠ ਦਿਲ ਨੂੰ ਫੜੀ ਬੈਠਾ ਹੁੰਦਾ ਸੀ। ਸਰੋਤਾ ਪੇਸ਼ ਭਾਵਨਾਵਾਂ ਨਾਲ ਇੰਝ ਇਕ ਸੁਰ ਹੋ ਕੇ ਜੁੜ ਜਾਂਦਾ ਸੀ ਕਿ ਕਲਾਕਾਰ ਤੇ ਸਰੋਤੇ ਦੀ ਹੋਂਦ ਦੀ ਵਿੱਥ ਮਿਟ ਜਾਂਦੀ ਸੀ।
ਸਟੇਜ ਉਤੇ ਗਾਉਂਦੇ ਸਮੇਂ ਲੁਡਮਿਲਾ ਦੇ ਸੱਜੇ ਹੱਥ ਵਿਚ ਇਕ ਰੁਮਾਲ ਹੁੰਦਾ ਸੀ। ਏਹੋ ਹੀ ਉਸ ਦਾ ਸਾਜ਼ ਸੀ, ਜਿਸ ਦੇ ਲਹਿਰਾਉਣ ਨਾਲ ਉਹ ਹਰ ਗੁੰਝਲਦਾਰ ਭਾਵ ਦਾ ਪ੍ਰਗਟਾਵਾ ਤੇ ਸੰਚਾਰ ਕਰਦੀ ਸੀ। ਉਸ ਦੇ ਗਲ ਵਿਚ ਰੰਗਦਾਰ ਮਣਕਿਆਂ ਦੀ ਮਾਲਾ ਤੇ ਕਾਲੀ ਡਰੈੱਸ ਉਸ ਦੀ ਪਛਾਣ ਦੇ ਹੋਰ ਚਿੰਨ ਸਨ। ਲੁਡਮਿਲਾ ਦੇ ਸ਼ਕਤੀਸ਼ਾਲੀ ਗੀਤਾਂ ਨੇ ਕੌਮ ਨੂੰ ਨਾਜ਼ੀਆਂ ਵਿਰੁਧ ਉਭਾਰਨ ਵੇਲੇ ਚਮਤਕਾਰੀ ਰੋਲ ਨਿਭਾਇਆ ਸੀ।
ਮੇਰੇ ਰੂਸ!
ਸਿਰਫ਼ ਤੂੰ ਹੀ, ਸਿਰਫ਼ ਤੂੰ
ਇਹ ਕੰਮ ਕਰ ਸਕਦਾ ਸੀ!
ਗੀਤ ਨੇ ਅਣਕਿਆਸਿਆ ਰੋਲ ਨਿਭਾ ਕੇ ਦੇਸ਼ ਨੂੰ ਜਾਗ੍ਰਿਤ ਕਰਨ ਦਾ ਕ੍ਰਿਸ਼ਮਾ ਕੀਤਾ ਸੀ। ਲੁਡਮਿਲਾ ਦੀ ਕੀਰਤੀ ਰੂਸ ਹੀ ਨਹੀਂ, ਹੋਰਨਾਂ ਕਈ ਦੇਸ਼ਾਂ ਤੀਕ ਫੈਲ ਚੁੱਕੀ ਸੀ। ਵੱਡੇ-ਵੱਡੇ ਰੂਸੀ ਸਿਰਜਣਹਾਰੇ ਕਵੀ, ਜਿਵੇਂ ਆਨਾਤੋਲੀ ਨੋਵੀ ਕੋਵ, ਸੀਰਾਫਿਮ ਤੁਲੀ ਕੋਵਲ, ਮਾਰਕ ਫਰੈਡਕਿਨ, ਅਲੈਗਜ਼ਾਂਦਰ ਐਵਰਨਿ ਤੇ ਨਿਕੋਲਾਈ ਕੁਤੂਜ਼ੋਵ ਵਰਗੇ, ਲੁਡਮਿਲਾ ਲਈ ਨਵੇਂ ਗੀਤ ਲਿਖ ਤੇ ਸੁਰਬੱਧ ਕਰਨ ਲਈ ਤਿਆਰ ਰਹਿੰਦੇ ਸਨ। ਉਸ ਨੇ ਫਰਾਂਸ, ਇੰਗਲੈਂਡ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਵਰਗੇ ਵਿਸ਼ਾਲ ਦੇਸ਼ਾਂ ਦਾ ਦੌਰਾ ਕੀਤਾ ਤੇ ਹਰ ਥਾਂ ਵਾਹ-ਵਾਹ ਖੱਟੀ ਸੀ। ਸਰੋਤਿਆਂ ਨੇ ਉਸ ਨੂੰ ‘ਗੀਤਾਂ ਦੀ ਰਾਣੀ` ਦਾ ਖਿ਼ਤਾਬ ਦਿਤਾ। ਲੁਡਮਿਲਾ ਦੇ ਗਾਏ ਤੇ ਹਰਮਨ ਪਿਆਰੇ ਹੋਏ ਗੀਤਾਂ ਨੂੰ ਅਣਗਿਣਤ ਹੋਰਨਾਂ ਰੁੂਸੀ ਗਾਇਕਾਂ ਨੇ ਖੂਬ ਗਾਇਆ ਹੈ।
ਵਕਤ ਦੇ ਬੀਤਣ ਨਾਲ ਉਸ ਦੀ ਆਵਾਜ਼ ਨਹੀਂ ਬਦਲੀ, ਪਰ ਉਸ ਦਾ ਗਾਉਣ ਦਾ ਅੰਦਾਜ਼ ਅਵੱਸ਼ ਬਦਲਿਆ। ਉਹ ਆਖਦੀ ਹੈ, ‘‘ਜਦੋਂ ਮੈਂ ਕਿਸੇ ਗੀਤ ਦਾ ਅਭਿਆਸ ਕਰਦੀ ਹਾਂ, ਮੈਂ ਸਦਾ ਹੀ ਕਲਪਨਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿਵੇਂ ਉਹ ਗਾਈ ਗਈ ਕਹਾਣੀ ਜ਼ੁਬਾਨੀ ਦੱਸੀ ਜਾ ਸਕਦੀ ਸੀ ਤੇ ਮੈਂ ਸਭ ਤੋਂ ਢੁਕਵਾਂ ਵਾਰਤਾਲਾਪੀ ਉਚਾਰਨ ਲੱਭਣ ਦਾ ਯਤਨ ਕਰਦੀ ਹਾਂ।”
ਉਸ ਦੇ ਪ੍ਰਸਿੱਧ ਗੀਤ ਨੇ ਲੱਖਾਂ ਹੀ ਲੋਕਾਂ ਦੇ ਅਥਰੂ ਵਗਾ ਦਿਤੇ ਸਨ :
‘‘ਮਾਂ, ਮਾਂ ਉਹ ਸੜਕ ਉਤੇ ਧੂੜ ਦੇ ਬੱਦਲ ਜਹੇ ਕੀ ਹਨ?
ਕੁੱਝ ਨਹੀਂ ਬੇਟੇ
ਸਿਰਫ਼ ਘੋੜੇ ਹੀ ਦੌੜੀ ਜਾ ਰਹੇ ਹਨ।
ਮਾਂ ਮਾਂ ਬੂਹੇ ਉਤੇ ਅਜਨਬੀ ਲੋਕ ਦਿਸਦੇ ਨੇ।
ਆ ਜਾ ਬੱਚੇ, ਡਰ ਨਾ
ਮਾਂ, ਉਹ ਤਸਵੀਰਾਂ ਉਤਾਰੀ ਜਾ ਰਹੇ ਹਨ।
ਮਾਂ, ਉਹ ਮੈਨੂੰ ਅਸ਼ੀਰਵਾਦ ਦੇ ਰਹੇ ਹਨ।
ਪੁੱਛਣ ਉਤੇ ਉਹ ਆਖਦੀ ਹੈ, ‘‘ਮੈਂ ਲੋਕਾਂ ਨੂੰ ਰੂਸੀ ਔਰਤਾਂ ਬਾਰੇ ਦੱਸਣਾ ਚਾਹੁੰਦੀ ਸੀ, ਇਨਕਲਾਬ ਤੋਂ ਪਹਿਲਾਂ ਉਸ ਦੀ ਹਾਲਤ ਬਾਰੇ ਕਹਿਣਾ ਚਾਹੁੰਦਾ ਸੀ। ਇਨਕਲਾਬ ਵਿਚ ਉਸ ਦੇ ਰੋਲ ਬਾਰੇ ਤੇ ਅਪਣੇ ਦੇਸ਼ਾਂ ਦੀ ਮੁੜ ਉਸਾਰੀ ਦੇ ਕਾਰਜ ਵਿਚ ਸ਼ਾਂਤਮਈ ਉਦਮ ਬਾਰੇ।”
6
ਪਾਠਕ ਪੁੱਛ ਸਕਦੇ ਨੇ ਕਿ ਸਟੇਜ ਉਤੇ ਚੜ੍ਹਨ ਤੋਂ ਪਹਿਲਾਂ ਤੇ ਪਿਛੋਂ ਲੁਡਮਿਲਾ ਦੀ ਮਾਨਸਿਕ ਹਾਲਤ ਕੀ ਹੁੰਦੀ ਸੀ? ਇਹ ਗੱਲ ਤਾਂ ਸਰਬ ਪ੍ਰਵਾਨਤ ਹੈ ਕਿ ਹਰ ਕਲਾਕਾਰ ਦੇ ਜਿਸਮ ਵਿਚ ਗੱਲ ਆਰੰਭ ਕਰਨ ਸਮੇਂ ਇਕ ਝਰਨਾਹਟ ਜਹੀ ਤਾਂ ਅਨੁਭਵ ਜ਼ਰੂਰ ਹੁੰਦੀ ਹੈ ਤੇ ਇਹ ਆਮ ਕਰ ਕੇ ਸਰਬ ਵਿਆਪੀ ਵਰਤਾਰਾ ਹੈ। ਅਪਣੀ ਕਲਾ ਦੀ ਲੋਕਾਂ, ਪਾਠਕਾਂ ਤੇ ਦਰਸ਼ਕਾਂ ਵਿਚ ਪ੍ਰਦਰਸ਼ਨੀ ਕਰਨ ਵੇਲੇ ਮਨ ਵਿਚ ਇਕ ਕੁਦਰਤੀ ਤੌਖਲਾ ਹੁੰਦਾ ਹੈ। ਸੰਸੇ ਹੁੰਦੇ ਹਨ, ਕਿਉਂਕਿ ਹਰ ਵਾਰ ਦਰਸ਼ਕ ਤਾਂ ਆਮ ਕਰ ਕੇ ਨਵੇਂ ਹੁੰਦੇ ਤੇ ਕਲਾਕਾਰ ਸੋਚਦਾ ਹੈ ਕਿ ਖਬਰੇ ਮੇਰੀ ਕਲਾ ਪ੍ਰਤੀ ਇਨ੍ਹਾਂ ਦਾ ਪਹਿਲਾ ਪ੍ਰਤੀਕਰਮ ਕੀ ਹੋਵੇਗਾ। ਇਸ ਬਾਰੇ ਉਸ ਦੀ ਇਕ ਪ੍ਰਸ਼ੰਸਕ ਅਪਣੇ ਪ੍ਰਭਾਵ ਲਿਖਦੀ ਹੈ,
‘‘ਇਹ ਲੰਮੀ ਕੱਦਾਵਰ ਸਵਾਣੀ, ਜਿਸ ਦੇ ਸਿਰ `ਤੇ ਲਾਖੇ ਰੰਗ ਦੇ ਵਾਲਾਂ ਦਾ ਤਾਜ ਹੁੰਦਾ ਹੈ, ਸਟੇਜ ਦੇ ਅੱਧ ਵਿਚਕਾਰ ਆ ਖਲੋਂਦੀ ਹੈ। ਇਕ ਸ਼ਾਂਤ ਤੇ ਸ਼ਾਹਾਨਾ ਅੰਦਾਜ਼ ਵਿਚ। ਉਹ ਇਕ ਵੀ ਬੇਲੋੜੀ ਹਰਕਤ ਨਹੀਂ ਕਰਦੀ, ਨਾ ਕੋਈ ਹਲਚਲ, ਨਾ ਹਫੜਾ ਦਫ਼ੜੀ। ਸਿਰਫ਼ ਉਸ ਦਾ ਚਿਹਰਾ ਗੀਤਾਂ ਨੂੰ ‘ਜੀਊਂਦਾ` ਕਰ ਦਿੰਦਾ ਹੈ ਤੇ ਨਾਇਕਾ ਦੇ ਜਜ਼ਬੇ ਪ੍ਰਗਟ ਕਰਦਾ ਹੈ। ਉਹ ਗੀਤ ਗਾਉਣ ਲੱਗਦੀ ਹੈ ਤੇ ਉਸ ਦੀ ਆਵਾਜ਼ ਦੀ ਆਹਟ ਕਦੇ ਕੋਮਲ, ਕਦੇ ਜਜ਼ਬੇ ਲੱਦੀ, ਸਰੋਤਿਆਂ ਉਤੇ ਜਾਦੂ ਧੂੜ ਦਿੰਦੀ ਹੈ। ਉਹ ਸਾਡੇ ਤੇ ਲੋਕਾਂ ਦੇ ਦੁੱਖ ਤੇ ਖੁਸ਼ੀ ਦਾ ਸੰਚਾਰ ਕਰਦੀ ਹੈ, ਜਿਨ੍ਹਾਂ ਲੋਕਾਂ ਬਾਰੇ ਕਿ ਉਹ ਗਾ ਰਹੀ ਹੁੰਦੀ ਹੈ ਅਤੇ ਉਹ ਸਾਨੂੰ ਮਨੁੱਖੀ ਰੂਹ ਦੇ ਗੁਪਤ ਸੰਸਾਰ ਵਿਚ ਲੈ ਜਾਂਦੀ ਹੈ ਤੇ ਉਹ ਸਾਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਅਪਣੇ ਆਸੇ ਪਾਸੇ ਵੇਖੋ ਉਹ ਏਥੇ ਹੈ। ਸਾਡੀ ਰੂਸੀ ਧਰਤੀ, ਅਪਣੇ ਵਾਲਗਾ ਦਰਿਆ ਸਮੇਤ, ਅਪਣੇ ਬੈਂਤ ਤੇ ਬਰਚੇ ਦੇ ਬਿਰਖਾਂ ਸਮੇਤ। ਸੁਣੋਂ ਉਹ ਤੁਹਾਡੇ ਲਈ ਅਪਣੇ ਗੀਤ ਗਾ ਰਹੇ ਹਨ, ਉਹ ਆਖ ਰਹੇ ਹਨ ਕਿ ਸਾਨੂੰ ਪਿਆਰ ਕਰੋ।”
7
ਲੁਡਮਿਲਾ ਨੇ ਅਪਣੇ ਗੀਤਾਂ ਰਾਹੀਂ ਬਹੁਤ ਕੁੱਝ ਸਰੋਤਿਆਂ ਨਾਲ ਸਾਂਝਾ ਕਰਨਾ ਹੁੰਦਾ ਸੀ। ਅਪਣੀ ਡੂੰਘੀ, ਸੁੰਦਰ ਆਵਾਜ਼, ਅਪਣੀ ਪ੍ਰਗਟਾਵੇ ਦੀ ਪੂੰਜੀ, ਅਪਣੀ ਮੁਕੰਮਲ ਸਮਰਪਣ ਤੇ ਅਖੀਰ ਉਤੇ ਅਪਣਾ ਸਭਿਆਚਾਰ।
ਲੁਡਮਿਲਾ ਦੱਸਦੀ ਹੈ, ‘‘ਇਕ ਵਾਰ ਕਿਸੇ ਨੇ ਮੈਨੂੰ ਪੁੱਛਿਆ ਕਿ ਤੂੰ ਸੰਕੇਤ ਕਰਨ ਵਿਚ ਏਨਾ ਸੰਕੋਚ ਕਿਉਂ ਕਰਦੀ ਹੈਂ?“ ਲੁਡਮਿਲਾ ਨੇ ਉਤਰ ਦਿੱਤਾ, ‘‘ਮੈਨੂੰ ਚੇਤੇ ਹੈ ਕਿ ਏਸੇ ਤਰ੍ਹਾਂ ਦੇ ਸਵਾਲ ਦੇ ਜਵਾਬ ਵਿਚ ਇਕ ਵਾਰ ਵਲਾਦੀਮੀਰ ਪੈਟਰੋਵਿਚ ਜ਼ਖਾਰੋਵ, ਜੋ ਕਿ ਪਿਆਤ ਨਿਸਕੀ ਭਜਨ ਮੰਡਲਾਂ ਦਾ ਆਗੂ ਸੀ, ਨੂੰ ਜਦੋਂ ਕੁੱਝ ਗਵਈਆਂ ਨੇ ਉਸ ਨੂੰ ਇਸ਼ਾਰਿਆਂ ਦੇ ਕਰਨ ਬਾਰੇ ਪੁੱਛਿਆ ਸੀ, ਕਿਹਾ ਸੀ, ‘‘ਇਕ ਦਿਲ ਉਤੇ ਬਹੁਤਾ ਭਾਰ ਨਹੀਂ ਪਾਉਣਾ ਚਾਹੀਦਾ, ਨਹੀਂ ਤਾਂ ਇਹ ਰੁਕ ਜਾਵੇਗਾ।”
ਲੁਡਮਿਲਾ ਦੇ ਕੁੱਝ ਗੀਤ ਤਾਂ ਬਹੁਤ ਹਰਮਨ ਪਿਆਰੇ ਹੋਏ ਹਨ। ਜਿਵੇਂ ਮੇਰੀ ਮੁੰਦਰੀ ਕਿਧਰੇ ਡਿੱਗ ਪਈ ਵੇ, ਗਾ ਕੋਇਲੇ ਬਾਗ ਵਿਚ ਗਾ, ਪਿਛਲੀ ਰਾਤ, ਇਹ ਸੜਕ ਉਤੇ ਬਦਲਾਂ ਦੀ ਧੂੜ ਜਹੀ ਕੀ ਉਡਦੀ ਹੈ? ਉਸ ਦੇ ਇਹ ਗੀਤ ਨਕਲ ਵਜੋਂ ਮਗਰੋਂ ਅਣਗਿਣਤ ਰੂਸੀ ਗਾਇਕਾਂ ਨੇ ਗਾਏ ਹਨ ਪਰ ਇਹ ਹਕੀਕਤ ਹੈ ਕਿ ਜੋ ਅੰਦਾਜ਼ ਲੁਡਮਿਲਾ ਦਾ ਸੀ, ਉਸ ਦੀ ਨਕਲ ਨਹੀਂ ਹੋ ਸਕਦੀ। ਆਵਾਜ਼ ਦੀ ਨਕਲ ਕੌਣ ਕਰ ਸਕਦਾ ਹੈ? ਉਹ ਕਹਿੰਦੀ ਹੈ, ‘‘ਇਕ ਰੂਸੀ ਗੀਤ, ਵਧੀਆ ਤਰ੍ਹਾਂ ਗਾਉਣਾ ਬੜਾ ਮੁਸ਼ਕਲ ਹੈ ਤੇ ਇਸ ਨੂੰ ਭੈੜੀ ਤਰ੍ਹਾਂ ਗਾਉਣਾ ਕਿੰਨਾ ਔਖਾ ਹੈ। ਕਈ ਲੋਕਾਂ ਦਾ ਖਿਆਲ ਹੈ ਕਿ ਸਰੋਤੇ ਹਲਕੇ ਫੁਲਕੇ ਗੀਤ ਪਸੰਦ ਕਰਦੇ ਹਨ ਤੇ ਜਾਂ ਫਿਰ ਪਿਆਰ ਦੇ ਸਸਤੇ ਜਹੇ ਗੀਤ। ਪਰ ਲੁਡਮਿਲਾ ਦਾ ਇਸ ਬਾਰੇ ਤਜਰਬਾ ਕੁੱਝ ਵਖਰਾ ਹੈ, ਉਹ ਆਖਦੀ ਹੈ, ‘‘ਬਹੁਤੀ ਦੇਰ ਨਹੀਂ ਹੋਈ ਮੈਂ ਇਕ ਵਾਰ ਪੀਟਰੋਪਾਵ ਲੋਸਕ ਵਿਚ ਅਪਣਾ ਪ੍ਰੋਗਰਾਮ ਕੀਤਾ ਤੇ ਮੈਨੂੰ ਆਖਿਆ ਗਿਆ ਕਿ ਮੈਂ ਤੂਲੀਕੋਵ ਦਾ ਗੀਤ ‘ਮੇਰੇ ਰੂਸ, ਸਿਰਫ਼ ਤੂੰ ਹੀ ਇੰਝ ਕਰ ਸਕਦਾ ਹੈਂ` ਗਾਵਾਂ। ਇਹ ਇਕ ਬਹੁਤ ਹੀ ਗੰਭੀਰ ਗੀਤ ਹੈ। ਤੁਸੀ ਜਾਣਦੇ ਹੋ ਕਿ ਇਸ ਦਾ ਸੰਦੇਸ਼ ਬਹੁਤ ਸ਼ਕਤੀਸ਼ਾਲੀ ਤੇ ਨਾਗਰਿਕ ਹੈ। ਪਬਲਿਕ ‘ਰਿਆਜ਼ਾਨ ਮੈਡਾਨਾਸ` ਗੀਤ ਵੀ ਸੁਣਨਾ ਚਾਹੁੰਦੀ ਸੀ। ਜਦੋਂ ਮੈਂ ਇਹ ਗੀਤ ਗਾਉਂਦੀ ਹਾ, ਮੈਂ ਰੂਸੀ ਮਾਵਾਂ ਦੇ ਸਾਹਮਣੇ ਰੂਸੀ ਧਰਤੀ ਅੱਗੇ ਸਿਰ ਝੁਕਾਉਣਾ ਚਾਹੁੰਦੀ ਹਾਂ, ਜਿਹਨਾਂ ਨੇ ਅਪਣੇ ਹਿੱਸੇ ਤੋਂ ਕਿਤੇ ਵੱਧ ਦੁੱਖ ਝੱਲਿਆ ਹੈ।”
8 ਅੰਤਿਕਾ
1930-31 ਦੇ ਨੇੜ ਜਨਮੀ ਲੁਡਮਿਲਾ ਹੁਣ ਪਤਾ ਨਹੀਂ ਕਿਸ ਹਾਲਤ ਵਿਚ ਹੋਵੇਗੀ। ਮੈਨੂੰ ਇਕ ਦੋ ਵਾਰ ਅਪਣੀ ਜ਼ਿੰਦਗੀ ਵਿਚ ਰੂਸੀ ਕੁੜੀਆਂ ਦਾ ਨਾਚ ਵੇਖਣ ਦਾ, ਦਿੱਲੀ ਵਿਖੇ ਮੌਕਾ ਮਿਲਿਆ ਸੀ ਪਰ ਲੁਡਮਿਲਾ ਦੀ ਸੁਰੀਲੀ ਆਵਾਜ਼ ਵਿਚ ਰੂਸੀ ਲੋਕ ਗੀਤਾਂ ਨੂੰ ਸੁਣਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। 1988 ਵਿਚ ਸੋਵੀਅਤ ਲੈਂਡ ਪੁਰਸਕਾਰ ਦੀ ਪ੍ਰਾਪਤੀ ਵੇਲੇ ਮੇਰਾ ਸੁਪਨਾ ਸੀ ਕਿ ਕੁੱਝ ਦਿਨ ਦੀ ਸੋਵੀਅਤ ਦੇਸ਼ ਦੀ ਸੈਰ ਦੇ ਬਹਾਨੇ, ਸ਼ਾਇਦ ਲੁਡਮਿਲਾ ਦੇ ਗੀਤ ਵੀ ਸੁਣਨ ਨੂੰ ਮਿਲਣਗੇ ਪਰ ਉਦੋਂ ਤੀਕ ਇਹ ਸਾਰੀਆਂ ਸਹੂਲਤਾਂ ਬੰਦ ਹੋਣ ਦੇ ਕੰਢੇ ਆ ਗਈਆਂ ਸਨ ਤੇ ਸੋਵੀਅਤ ਰੂਸ ਦੇ ਸਿਆਸੀ ਤੇ ਆਰਥਿਕ ਢਾਂਚੇ ਦੀਆਂ ਚੂਲਾਂ ਹਿੱਲ ਗਈਆਂ ਸਨ।
1992-93 ਵਿਚ ਸੋਵੀਅਤ ਯੂਨੀਅਨ ਦਾ ਸਮਾਜਵਾਦੀ ਪ੍ਰਬੰਧ ਖੇਰੂੰ ਖੇਰੂੰ ਹੋ ਗਿਆ ਸੀ। ਸੋਵੀਅਤ ਪ੍ਰਬੰਧ ਦੀ ਪੈਦਾਵਾਰ ਲੁਡਮਿਲਾ ਨੇ ਇਸ ਵਿਸ਼ਵ ਵਿਆਪੀ ਦੁਖਾਂਤ ਨੂੰ ਪਤਾ ਨਹੀਂ ਕਿਵੇਂ ਬਰਦਾਸ਼ਤ ਕੀਤਾ ਹੋਵੇਗਾ। ਸਾਡੇ ਅਪਣੇ ਦੇਸ਼ਾਂ ਦੀਆਂ ਦੋ ਬੁਲਬੁਲਾਂ ਮਲਕਾ-ਏ-ਤਰੰਨਮ ਨੂਰ ਜਹਾਨ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਤਾਂ ਅਪਣੀ ਜੀਵਨ ਯਾਤਰਾ ਪੂਰੀ ਕਰ ਵਿਦਾ ਹੋ ਚੁੱਕੀਆਂ ਹਨ। ਪਰ ਕੋਇਲਾਂ ਜਿੰਨਾ ਚਿਰ ਵੀ ਜੀਉਂਦੀਆਂ ਰਹਿਣ। ਉਹ ਸਾਡੀਆਂ ਰੁਖੀਆਂ ਤੇ ਉਦਾਸ ਜ਼ਿੰਦਗੀਆਂ ਵਿਚ ਗੀਤਾਂ ਦੀ ਮਿਠਾਸ ਘੋਲਦੀਆਂ ਰਹਿੰਦੀਆਂ ਹਨ। ਸ਼ਾਲਾ! ਕੋਇਲ ਦੀ ਇਹ ਆਮਦ ਸਦਾ ਜਾਰੀ ਰਹੇ!! ਕੋਇਲਾਂ ਦੇ ਗੀਤਾਂ ਬਿਨਾਂ ਅਸੀਂ ਕਿੰਨੇ ਉਣੇ, ਕਿੰਨੇ ਅਧੂਰੇ ਰਹਿ ਜਾਵਾਂਗੇ, ਰੂਹਾਂ ਦੀ ਪ੍ਰਵਾਜ਼ ਤੋਂ ਸਖਣੇ!!! (26-4-09)
ਮੋਬਾਈਲ : 99150-42242
Thanks [ Magazine Hun (21)]