ਅੰਮ੍ਰਿਤਸਰ ਦੀ ਜੇਲ੍ਹ ਵਿਚ – ਵਰਿਆਮ ਸਿੰਘ ਸੰਧੂ

ਇਹ ਵਿਚਾਰੇ ਸ਼ਾਇਰ ਤੇ ਅਦੀਬ ਲੋਕ ਨੇ!

ਮੇਰੀ ਪਹਿਲੀ ਬੱਚੀ ਅਜੇ ਕੁਝ ਕੁ ਦਿਨਾਂ ਦੀ ਹੀ ਸੀ ਜਦੋਂ ਐਮਰਜੈਂਸੀ ਦੌਰਾਨ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਛਿਲੇ ਦੇ ਦਿਨਾਂ ਵਿਚ ਹੀ ਮੇਰੀ ਪਤਨੀ ਨੂੰ ਮੇਰੇ ਪਿੱਛੇ ਰੁਲਦੀ ਵੇਖ ਕੇ, ਮੇਰੇ ਰੋਕਣ ਦੇ ਬਾਵਜੂਦ, ਮੇਰੇ ਰਿਸ਼ਤੇ ‘ਚ ਲੱਗਦੇ ਭਰਾ ਅਜਾਇਬ ਸਿੰਘ ਸੰਧੂ ਨੇ ਮੇਰੀ ਭਾਰੀ ਜ਼ਮਾਨਤ ਦਿਵਾ ਕੇ ਮੈਨੂੰ ਛੁਡਾ ਲਿਆ। ਬਾਹਰ ਆਉਣ ਤੋਂ ਬਾਅਦ ਉਹੋ ਗੱਲ ਹੋਈ ਜਿਸਦਾ ਮੈਨੂੰ ਪਹਿਲਾਂ ਹੀ ਅੰਦੇਸ਼ਾ ਸੀ। ਰਿਹਾਈ ਤੋਂ ਬਾਅਦ ਇਸੇ ਮੁਕੱਦਮੇ ਦੀ ਤਰੀਕ ਭੁਗਤਣ ਗਏ ਨੂੰ ਹੀ ਮੈਨੂੰ ਪੱਟੀ ਕਚਹਿਰੀਆਂ ਵਿਚੋਂ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਾਰੀ ਪੁਲਿਸ ਬਿਆਸ ਥਾਣੇ ਦੀ ਸੀ। ਕਚਹਿਰੀਆਂ ਪਿੱਛੇ ਸਫ਼ੈਦਿਆਂ ਦੇ ਓਹਲੇ ਵਿੱਚ ਖਲੋਤੇ ਟਰੱਕ ਵਿੱਚ ਬਿਠਾ ਕੇ ਪੁਲਿਸ ਵਾਲੇ ਮੈਨੂੰ ਬਿਆਸ ਲੈ ਗਏ। ਮੇਰੇ ‘ਤੇ ‘ਡੀ ਆਈ ਆਰ’ ਲਾ ਕੇ ਇੰਟੈਰੋਗੇਸ਼ਨ ਸੈਂਟਰ ਭੇਜ ਦਿੱਤਾ।
ਇੰਟੈਰੋਗੇਸ਼ਨ ਸੈਂਟਰ ਤੋਂ ਮੁਕਤ ਹੋ ਕੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਪੁੱਜਦਿਆਂ ਹੀ ਜੇਲ੍ਹ ਵਿੱਚ ਬੰਦ ਮੇਰੇ ਕੁਝ ਹਮਦਰਦਾਂ ਨੂੰ ਮੇਰੀ ਆਮਦ ਦਾ ਪਤਾ ਲੱਗ ਗਿਆ ਸੀ। ਉਹ ਜੇਲ੍ਹ ਵਿੱਚ ਬਣੇ ਅਪਣੇ ‘ਰਸੂਖ਼’ ਸਦਕਾ ਤੁਰਤ ਮੈਨੂੰ ਜੇਲ੍ਹ ਦੇ ‘ਚੱਕਰ’ ‘ਤੇ ਮਿਲਣ ਲਈ ਆਣ ਪਹੁੰਚੇ। ਉਹਨਾਂ ਵਿਚ ਸਾਡੇ ਇਲਾਕੇ ਦੇ ਮੇਰੇ ਜਾਣੂ ਕੁਝ ਇਨਕਲਾਬੀ ਕਾਰਕੁਨ ਵੀ ਸਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਕੁਝ ਜਾਣੂ ਸਾਥੀ ਵੀ। ਇੰਟੈਰੋਗੇਸ਼ਨ ਸੈਂਟਰ ਵਿਚੋਂ ਆਇਆ ਹੋਣ ਕਾਰਨ ਸਭ ਮੇਰੀ ਸਿਹਤ ਬਾਰੇ ਫ਼ਿਕਰਮੰਦ ਸਨ।
ਮੇਰੇ ਨਾਲ ਹੀ ਪਹਿਲੇ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤੇ ਗਏ ਰਘਬੀਰ ਨੂੰ ਵੀ ਸਬ-ਜੇਲ੍ਹ ਪੱਟੀ ਤੋਂ ਇੱਥੇ ਤਬਦੀਲ ਕਰ ਦਿੱਤਾ ਗਿਆ ਸੀ।
“ਮੈਂ ਪਹਿਲਾਂ ਹੀ ਕਹਿੰਦਾ ਸਾਂ ਕਿ ਭਾ ਜੀ ਦਾ ਸਰੀਰ ਤਾਂ ਅੱਗੇ ਹੀ ਮਲੂਕੜਾ ਜਿਹਾ!” ਰਘਬੀਰ ਕੇ ਕਿਹਾ।
ਮਿਲਣ ਆਉਣ ਵਾਲਿਆਂ ਵਿੱਚ ਬਿਜਲੀ ਬੋਰਡ ਵਾਲਾ ਬਲਬੀਰ ਵੀ ਸੀ, ਜਿਸਦੀ ‘ਕਿਰਪਾ ਨਾਲ’ ਮੈਂ ਉਹਨਾਂ ਦੇ ਰੂਬਰੂ ਖਲੋਤਾ ਸਾਂ। ਬਲਬੀਰ ਨੇ ਮੈਨੂੰ ਜੱਫੀ ਪਾਉਂਦਿਆਂ ਹੌਲੀ ਜਿਹੀ ਮੇਰੇ ਕੰਨ ਵਿਚ ਖੁਸਰ-ਫੁਸਰ ਕੀਤੀ,”ਭਾ ਜੀ, ਮੈਨੂੰ ਬੜੀ ਨਮੋਸ਼ੀ ਹੋ ਰਹੀ ਏ। ਏਨਾ ਕੁ ਤਾਂ ਮੈਨੂੰ ਮਾਰੀ ਦਿਆਂ ਦੱਸਣਾ ਪੈ ਗਿਆ। ਮੈਨੂੰ ਬੜਾ ਅਫ਼ਸੋਸ ਹੈ।” ਬਲਬੀਰ ਸ਼ਰਮਿੰਦਾ ਸੀ ਕਿ ਮੈਨੂੰ ਉਸਦੇ ਬਿਆਨਾਂ ਕਾਰਨ ਹੀ ‘ਕੁੰਭੀ ਨਰਕ’ ਵਿਚੋਂ ਲੰਘਣਾ ਪਿਆ ਸੀ!
“ਭਰਾਵਾ! ਤੇਰੀ ਤਾਂ ਸਗੋਂ ਮਿਹਰਬਾਨੀ ਏਂ ਕਿ ਤੂੰ ਮੈਨੂੰ ਅਪਣੇ ਵੱਲੋਂ ਦਿੱਤੇ ਬਿਆਨਾਂ ਬਾਰੇ ਪਹਿਲਾਂ ਦੱਸ ਦਿੱਤਾ। ਤੇਰੇ ਬਿਆਨਾਂ ਦੀ ਪੂਛ ਫੜ੍ਹ ਕੇ ਤਾਂ, ਸਗੋਂ, ਮੈਂ ਨਿਸਬਤਨ ਅਸਾਨੀ ਨਾਲ ਭਵ-ਸਾਗਰ ਪਾਰ ਕਰ ਆਇਆਂ। ਨਹੀਂ ਤਾਂ ਪਤਾ ਨਹੀਂ ਅਗਲੇ ਮੇਰਾ ਕੀ ਹਾਲ ਕਰਦੇ!” ਮੈਂ ਉਸਨੂੰ ਮੋਹ ਨਾਲ ਗਲਵੱਕੜੀ ਵਿੱਚ ਘੁੱਟ ਲਿਆ ਤੇ ਇੰਟੈਰੋਗੇਸ਼ਨ ਸੈਂਟਰ ਅੰਦਰਲੇ ਨਰਕ ਦੀ ਕਹਾਣੀ ਦਾ ਬਿਆਨ ਅਗਲੀ ਮਿਲਣੀ ਤੱਕ ਮੁਲਤਵੀ ਕਰ ਦਿੱਤਾ।
ਉਸ ਦਿਨ ਜੇਲ੍ਹ ਵਿਚ ਆਏ ਨਵੇਂ ਹਵਾਲਾਤੀਆਂ ਨੂੰ ਉਹਨਾਂ ਦੇ ਵੇਰਵੇ ਜੇਲ੍ਹ-ਰੀਕਾਰਡ ਵਿਚ ਦਰਜ ਕਰਨ ਤੋਂ ਬਾਅਦ ਰਾਤ ਨੂੰ ਅਲੱਗ ਠਹਿਰਾਇਆ ਗਿਆ। ਪੰਦਰਾਂ-ਵੀਹ ਆਦਮੀ ਹੋਣਗੇ। ਆਪਸ ਵਿਚ ਕੋਈ ਵੀ ਸਾਂਝ ਨਾ ਹੋਣ ਦੇ ਬਾਵਜੂਦ ਉਹ ਆਪਸ ਵਿਚ ਗੱਲਾਂ ਕਰਨ ਲੱਗੇ। ਮੈਂ ਕੰਬਲ ਉੱਤੇ ਲੈ ਕੇ ਲੰਮਾ ਪੈ ਗਿਆ। ਮੇਰੀ ਗੱਲਾਂ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ। ਇੰਟੈਰੋਗੇਸ਼ਨ ਸੈਂਟਰ ਤੋਂ ਬਾਹਰ ਆ ਕੇ ਮੈਂ ਪਹਿਲਾਂ ਨਾਲੋਂ ਸੁਖਾਵਾਂ ਮਹਿਸੂਸ ਕਰ ਰਿਹਾ ਸਾਂ। ਅਚਨਚੇਤ ਮੇਰਾ ਧਿਆਨ ਇਕ ਦ੍ਰਿਸ਼ ਵੱਲ ਪਰਤਿਆ। ਮੈਂ ਦੋ ਪੁਲਸੀਆਂ ਨਾਲ ਅਪਣੇ ਪਿੰਡ ਦੇ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ। ਦੁਕਾਨਾਂ ਵਿਚ ਬੈਠੇ ਦੁਕਾਨਦਾਰ ਅਤੇ ਗਾਹਕ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ। ਉਹਨਾਂ ਦੀਆਂ ਨਜ਼ਰਾਂ ਵਿਚਲੇ ਸਵਾਲ ਪੜ੍ਹ ਕੇ ਮੈਂ ਪਰੇਸ਼ਾਨ ਹੋ ਗਿਆ ਹਾਂ।
ਕਿਸੇ ਨੂੰ ਪੁਲਿਸ ਵੱਲੋਂ ਫੜ੍ਹ ਕੇ ਲੈ ਜਾਣਾ ਸਾਡੇ ਸਮਾਜ ਵਿਚ ਚੰਗਾ ਨਹੀਂ ਸਮਝਿਆ ਜਾਂਦਾ। ‘ਖ਼ਾਨਦਾਨੀ ਵਡਿਆਈ’ ਦਾ ਜ਼ਿਕਰ ਕਰਨ ਵਾਲੇ ਲੋਕ ਅਕਸਰ ਮਾਣ ਨਾਲ ਦੱਸਦੇ ਹਨ ਕਿ ਉਹਨਾਂ ਦੇ ਟੱਬਰ ਦੇ ਕਿਸੇ ਜੀਅ ਨੇ ਅੱਜ ਤੱਕ ਥਾਣੇ ਦਾ ‘ਮੂੰਹ’ ਨਹੀਂ ਵੇਖਿਆ! ਮੈਨੂੰ ਪੁਲਸੀਆਂ ਨਾਲ ਜਾਂਦਾ ਵੇਖ ਕੇ ਕੀ ਮੇਰੇ ਪਿੰਡ ਦੇ ਲੋਕ ਮੈਨੂੰ ਤੇ ਮੇਰੀਆਂ ਗਤੀਵਿਧੀਆਂ ਨੂੰ ‘ਆਮ ਲੋਕਾਂ ਦੀ ਨਜ਼ਰ’ ਨਾਲ ਹੀ ਵੇਖ ਰਹੇ ਸਨ ਜਾਂ ਕੁਝ ਨਖੇੜ ਕੇ ਵੇਖਦੇ ਸਨ! ਮੋਗਾ ਐਜੀਟੇਸ਼ਨ ਵਿਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਜਦੋਂ ਬਾਹਰ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਤਾਂ ਮੇਰੀ ਭੈਣ ਦੀ ਕਿਸੇ ਸਹੇਲੀ ਨੇ ਉਸ ਨਾਲ ਪਿਤਾ ਦੀ ਮੌਤ ਦਾ ਅਫ਼ਸੋਸ ਕਰਦਿਆਂ ਕਿਹਾ ਸੀ, “ਵੇਖ ਲੈ ਭੈਣੇਂ ਕੁਦਰਤ ਦੇ ਰੰਗ! ਇਹ ਕੋਈ ਉਮਰ ਸੀ ਚਾਚੇ ਦੇ ਜਾਣ ਦੀ। ਉਹਦੇ ਪਿੱਛੋਂ ਵਿਚਾਰੇ ਛੋਟੇ ਵੀਰ ਦੇ ਸਿਰ ‘ਤੇ ਸਾਰੇ ਟੱਬਰ ਦਾ ਭਾਰ ਪੈ ਗਿਆ। ਵੱਡਾ ਵੀਰ ਤਾਂ ਮੈਂ ਸੁਣਿਐਂ, ਉਂਝ ਈ ਨਲਾਇਕ ਨਿਕਲਿਆ!”
ਇਹ ‘ਵੱਡਾ ਵੀਰ’ ਮੈਂ ਹੀ ਸਾਂ।
ਫਿਰ ਮੈਨੂੰ ਮੇਰੇ ਪਿੰਡ ਦਾ ਸੀ ਪੀ ਆਈ ਦਾ ਮੁਲਾਜ਼ਮ ਆਗੂ ਬੋਲਦਾ ਸੁਣਿਆਂ ਜਿਹੜਾ ਮੇਰੀ ਮੁਲਾਕਾਤ ਕਰਨ ਆਉਣ ਵਾਲੇ ਮੇਰੇ ਸਨੇਹੀਆਂ ਨੂੰ ਕਹਿ ਰਿਹਾ ਸੀ, “ਤੁਸੀਂ ਉਹਨੂੰ ਮਿਲਣ ਤਾਂ ਚੱਲੇ ਓ ਪਰ ਉਹ ਤਾਂ ਨਿਰ੍ਹੀ ਛੂਤ ਦੀ ਬਮਾਰੀ ਏ! ਅਗਲੇ ਉਹਨੂੰ ਮਿਲਣ ਵਾਲਿਆਂ ਦਾ ਰੀਕਾਰਡ ਰੱਖਦੇ ਨੇ ਤੇ ਰੋਜ਼ ਦੇ ਰੋਜ਼ ਉੱਤੇ ਘੱਲਦੇ ਨੇ। ਉਹਦੇ ਨਾਲ ਲੱਗ ਕੇ ਕੱਲ੍ਹ ਨੂੰ ਤੁਸੀਂ ਵੀ ਫਸ ਸਕਦੇ ਓ!”
ਪਤਾ ਨਾ ਲੱਗਾ ਕਦੋਂ ਮੇਰੀ ਸੋਚ ਤਿਲਕ ਕੇ ਡੇਢ ਦਹਾਕਾ ਪਿੱਛੇ ਪਰਤ ਗਈ। ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਹਟਿਆ ਸਾਂ। ਇਹ 1961 ਦਾ ਸਾਲ ਸੀ। ਇਹਨਾਂ ਦਿਨਾਂ ਵਿਚ ਨਾਨਕ ਸਿੰਘ ਦਾ ਨਵਾਂ ਛਪਿਆ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ ਪੜ੍ਹ ਕੇ ਹਟਿਆ ਤਾਂ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀ ‘ਗ਼ਦਰ ਲਹਿਰ’ ਵਿਚ ਮੇਰੇ ਪਿੰਡ ‘ਸੁਰ ਸਿੰਘ’ ਦਾ ਬੜਾ ਹੀ ਨੁਮਾਇਆ ਹਿੱਸਾ ਸੀ। ਇਸ ਪਿੰਡ ਨੂੰ ‘ਗ਼ਦਰੀਆਂ ਦੀ ਰਾਜਧਾਨੀ’ ਕਹਿ ਕੇ ਵਡਿਆਇਆ ਜਾਂਦਾ ਸੀ। ਇਸ ਪਿੰਡ ਦੇ ਦਰਜਨ ਤੋਂ ਉੱਤੇ ਦੇਸ਼-ਭਗਤਾਂ ਨੂੰ ਉਮਰ, ਕੈਦ, ਕਾਲੇ ਪਾਣੀ ਤੇ ਜਾਇਦਾਦ-ਜ਼ਬਤੀ ਦੀ ਸਜ਼ਾ ਹੋਈ ਸੀ। ਜਗਤ ਸਿੰਘ ਤੇ ਪ੍ਰੇਮ ਸਿੰਘ ਦੋ ਦੇਸ਼ ਭਗਤਾਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਜਗਤ ਸਿੰਘ ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਕਰਤਾਰ ਸਿੰਘ ਸਰਾਭੇ ਸਮੇਤ ਫਾਂਸੀ ਲੱਗਣ ਵਾਲੇ ਸੱਤ ਸ਼ਹੀਦਾਂ ਵਿਚੋਂ ਇੱਕ ਸੀ। ਪਰ ਹੈਰਾਨੀ ਦੀ ਗੱਲ ਸੀ ਕਿ ਮੇਰੇ ਪਿੰਡ ਵਿਚ ਇਸ ਲਹਿਰ ਨਾਲ ਜੁੜੇ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਕਦੀ ਕਿਸੇ ਨੇ ਜ਼ਿਕਰ ਹੀ ਨਾ ਕੀਤਾ। ਇਹ ਤਾਂ ਪਿੱਛੋਂ ਮੇਰੇ ਪੁਣਛਾਣ ਕਰਨ ‘ਤੇ ਪਤਾ ਲੱਗਾ ਕਿ ਸ਼ਹੀਦ ਪ੍ਰੇਮ ਸਿੰਘ ਤਾਂ ਸਾਡੀ ਅਪਣੀ ਪੱਤੀ ਦਾ ਹੀ ਸੀ ਤੇ ਸਾਡੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਵੀ ਸੀ। ਕਾਮਾਗਾਟਾ ਮਾਰੂ ਜਹਾਜ਼ ਦਾ ਗ੍ਰੰਥੀ ਸੁੱਚਾ ਸਿੰਘ ਤਾਂ ਉਦੋਂ ਤੱਕ ਜਿਉਂਦਾ ਵੀ ਸੀ ਤੇ ਬਜਬਜ ਘਾਟ ‘ਤੇ ਚੱਲੀ ਗੋਲੀ ਦਾ ਨਿਸ਼ਾਨ ਉਸਦੀ ਲੱਤ ‘ਤੇ ਲਿਸ਼ਕਦਾ ਉਸਦੀ ਬਹਾਦਰੀ ਤੇ ਕੁਰਬਾਨੀ ਦੀ ਗਵਾਹੀ ਦੇ ਰਿਹਾ ਸੀ।
ਨਾਵਲ ਪੜ੍ਹ ਕੇ ਜਦੋਂ ਮੈਂ ਅਪਣੇ ਬਾਬੇ ਨੂੰ ਜਗਤ ਸਿੰਘ ਹੁਰਾਂ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਸੀ, “ਆਹੋ, ਜਗਤ ਸੁੰਹ ਹੁਣੀਂ ਕਨੇਡਾ ਵੱਲੋਂ ਆਏ ਸਨ। ਏਥੇ ਆ ਕੇ ਉਹਨਾਂ ਨੇ ਡਾਕੇ ਡੂਕੇ ਮਾਰੇ ਤੇ ਫਿਰ ਫੜ੍ਹੇ ਜਾਣ ‘ਤੇ ਫਾਹੇ ਲੱਗ ਗਏ ਸਨ।”
ਲੰਮੇ ਪਿਆਂ ਮੇਰੇ ਬੁੱਲ੍ਹਾਂ ‘ਤੇ ਮੁਸਕਾਨ ਤੈਰ ਆਈ। ‘ਇਤਿਹਾਸ ਦੇ ਮਾਲਕਾਂ’ ਨੇ ਜੇ ਉਹਨਾਂ ਸ਼ਹੀਦਾਂ ਨੂੰ ਮਹਿਜ਼ ‘ਡਾਕੂ’ ਬਣਾ ਦਿੱਤਾ ਸੀ ਤਾਂ ਮੈਂ ਕੀਹਦਾ ਪਾਣੀ-ਹਾਰ ਸਾਂ! ਮੇਰਾ ‘ਨਲਾਇਕ’ ਸਮਝੇ ਜਾਣਾ ਜਾਂ ‘ਛੂਤ ਦੀ ਬੀਮਾਰੀ’ ਆਖੇ ਜਾਣਾ ਕਿਹੜੀ ਵੱਡੀ ਗੱਲ ਸੀ!
ਅਪਣੇ ਆਪ ‘ਚੋਂ ਬਾਹਰ ਨਿਕਲਿਆ ਤਾਂ ਮੇਰੇ ਕੰਨਾਂ ਵਿਚ ਆਵਾਜ਼ ਪਈ। ਨਾਲ ਦੇ ਹਵਾਲਾਤੀਆਂ ‘ਚੋਂ ਇਕ ਜਣਾ ਕਹਿ ਰਿਹਾ ਸੀ।
“ਤੁਸੀਂ ਵੇਖ ਲੌ, ਜਦੋਂ ਭਾਈ ਮਤੀ ਦਾਸ ਦੇ ਸਿਰ ‘ਤੇ ਅਗਲਿਆਂ ਆਰਾ ਫੇਰਨਾ ਸ਼ੁਰੂ ਕੀਤਾ ਤਾਂ ਉਸਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਉਹ ਆਰਾ ਫੇਰੀ ਜਾਣ ਤੇ ਉਹ ਪਾਠ ਕਰੀ ਜਾਵੇ। ਓਧਰੋਂ ਸਰੀਰ ਦੇ ਦੋ ਟੋਟੇ ਹੋਏ ਤੇ ਓਧਰੋਂ ‘ਕੇਤੀ ਛੁੱਟੀ ਨਾਲ’ ਪਾਠ ਦੀ ਸਮਾਪਤੀ ਹੋ ਗਈ।”
ਉਹ ਗੱਲ ਖ਼ਤਮ ਕਰਕੇ ਹਟਿਆ ਤਾਂ ਕਿਸੇ ਨੇ ਸਵਾਲ ਕਰ ਕੀਤਾ, “ਲੈ ਬਈ; ਮੈਂ ਸੋਚਣ ਡਿਹਾ ਸਾਂ ਪਰ ਮੈਨੂੰ ਸਮਝ ਨਹੀਂ ਆਉਂਦੀ, ਜਦੋਂ ਆਰੇ ਨਾਲ ਪਹਿਲਾਂ ਉਹਦਾ ਸਿਰ ਚੀਰਿਆ ਗਿਆ ਤਾਂ ਜ਼ਬਾਨ ਵੀ ਚੀਰੀ ਗਈ ਹੋਊ, ਫਿਰ ਉਹ ਪਾਠ ਕਿਵੇਂ ਕਰੀ ਗਿਆ?”
ਇਕ ਪਲ ਦੀ ਖਾæਮੋਸ਼ੀ ਵਿਚ ਅਗਲਿਆਂ ਜਾਚ ਲਿਆ ਕਿ ਸਵਾਲ ਪੁੱਛਣ ਵਾਲਾ ਸ਼ਰਾਰਤ ਨਹੀਂ ਸੀ ਕਰ ਰਿਹਾ ਸਗੋਂ ਜਗਿਆਸਾ-ਵੱਸ ਹੀ ਜਾਨਣਾ ਚਾਹ ਰਿਹਾ ਸੀ। ਕਿਸੇ ਹੋਰ ਨੇ ਵੀ ਕਿਹਾ, “ਗੱਲ ਤਾਂ ਠੀਕ ਏ!”
“ਭਾਈ ਕਰਨੀ ਤੇ ਕੁਰਬਾਨੀ ਵਾਲੇ ਸਭ ਕੁਝ ਕਰ ਸਕਦੇ ਨੇ।” ਕਥਾ ਵਾਚਕ ਨੇ ਤਸੱਲੀ ਦਿੰਦਿਆਂ ਹੋਰ ਕਥਾ ਛੋਹ ਲਈ।
ਮੈਂ ਪਹਿਲੀਆਂ ਜੇਲ੍ਹ-ਬੰਦੀਆਂ ਵਿਚ ਵੀ ਨੋਟ ਕੀਤਾ ਸੀ ਕਿ ਜੇਲ੍ਹ ਵਿਚ ਆ ਕੇ ਸਾਰਿਆਂ ਦੀ ਭਗਤੀ-ਭਾਵਨਾ ਕੁਝ ਵਧੇਰੇ ਹੀ ਜਾਗ੍ਰਿਤ ਹੋ ਉੱਠਦੀ ਹੈ। ਇੰਜ ਕਰ ਕੇ ਉਹ ਅਪਣੇ ਆਪ ਨੂੰ ਧਰਵਾਸ ਦਿੰਦੇ ਹਨ ਤੇ ਇਤਿਹਾਸ ਦੀਆਂ ਬਾਤਾਂ ਪਾ ਕੇ ਦੁੱਖ ‘ਚੋਂ ਪਾਰ ਹੋਣ ਦਾ ਆਸਰਾ ਭਾਲਦੇ ਹਨ। ਸੰਕਟ ਅਤੇ ਦੁੱਖ ਦੀਆਂ ਘੜੀਆਂ ਵਿਚ ਤੁਹਾਡਾ ਇਤਿਹਾਸ ਤੁਹਾਡਾ ਕਿਵੇਂ ਆਸਰਾ ਬਣਦਾ ਹੈ ਇਹ ਮੈਂ ਪਿਛਲੇ ਦਿਨੀਂ ਹੰਢਾ ਕੇ ਵੇਖ ਲਿਆ ਸੀ ਜਦੋਂ ਇੰਟੈਰੋਗੇਸ਼ਨ ਸੈਂਟਰ ਦੀਆਂ ਜ਼ਿਆਦਤੀਆਂ ਸਹਿਣ ਲਈ ਮੈਂ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਆਦਿ ਦੀ ਸਹਿਣ-ਸ਼ਕਤੀ ਨੂੰ ਚਿਤਵ ਕੇ ਅਪਣੇ ਆਪ ਨੂੰ ਢਾਰਸ ਦਿੱਤੀ ਸੀ ਤੇ ਵਾਪਰਨ ਵਾਲੀ ਹੋਣੀ ਲਈ ਤਿਆਰ ਕੀਤਾ ਸੀ।
ਅਗਲੀ ਸਵੇਰ ਮੈਨੂੰ ਅਪਣੇ ਸਾਥੀਆਂ ਵਾਲੀ ਬੈਰਕ ਵਿੱਚ ਹੀ ਭੇਜ ਦਿੱਤਾ ਗਿਆ। ਇਹ ਉਹੋ ਹੀ ਬੈਰਕ ਨੰਬਰ ‘ਇੱਕ’ ਸੀ ਜਿਸ ਵਿਚ, ਮੋਗਾ ਐਜੀਟੇਸ਼ਨ ਮੌਕੇ, ਮੈਂ ਕੁਝ ਸਾਲ ਪਹਿਲਾਂ ਰਹਿ ਕੇ ਗਿਆ ਸਾਂ। ਇਥੇ ਆਣ ਕੇ ਸਭ ਤੋਂ ਪਹਿਲਾ ਕੰਮ ਅਪਣੀ ਪਤਨੀ ਨੂੰ ਸੁਨੇਹਾ ਭਿਜਵਾਉਣ ਦਾ ਕੀਤਾ ਕਿ ਮੈਂ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ‘ਸੁੱਖੀ-ਸਾਂਦੀ’ ਪਹੁੰਚ ਗਿਆ ਹਾਂ! ਮੇਰੇ ਘਰਦਿਆਂ ਨੂੰ ਮੇਰੇ ‘ਮਰੇ ਜਾਂ ਜਿਉਂਦੇ’ ਹੋਣ ਦੀ ਕੋਈ ਉੱਘ-ਸੁੱਘ ਨਹੀਂ ਸੀ। ਮੇਰੀ ਪਤਨੀ ਹੁਣ ਤਕ ਅਪਣੀ ਸਮਰੱਥਾ ਮੁਤਾਬਕ, ਮੇਰਾ ਪਤਾ ਲਾਉਣ ਲਈ, ਇੱਧਰ ਉਧਰ ਟੱਕਰਾਂ ਮਾਰ ਚੁੱਕੀ ਸੀ। ਇਹ ਵੀ ਸੋਚ ਚੁਕੀ ਸੀ ਕਿ ਕਿਤੇ ਮੈਨੂੰ ਮਾਰ-ਖ਼ਪਾ ਹੀ ਨਾ ਦਿੱਤਾ ਹੋਵੇ!
ਜਦੋਂ ਜੇਲ੍ਹ ਵਿੱਚ ਜਾ ਕੇ ਉਸਨੂੰ ਸੁਨੇਹਾ ਭੇਜਿਆ ਤਾਂ ਉਹ ਬੀਬੀ ਨੂੰ ਨਾਲ ਲੈ ਕੇ ਉੱਡਦੀ ਹੋਈ ਮੇਰੀ ਮੁਲਾਕਾਤ ਨੂੰ ਪਹੁੰਚੀ। ਮੈਨੂੰ ‘ਜਿਉਂਦਾ-ਜਾਗਦਾ’ ਵੇਖ ਕੇ ਉਸਨੂੰ ਇੱਕ ਵਾਰ ਤਾਂ ਸਾਰੇ ਗ਼ਮ ਭੁੱਲ ਗਏ ਜਾਪੇ; ਮੁਰਦਾ ਜਿਸਮ ਵਿੱਚ ਜਾਨ ਪੈ ਗਈ ਸੀ। ਉਸਨੇ ਹਾਲਾਤ ਨਾਲ ਸਿੱਝਣ ਲਈ ਅਪਣੇ ਆਪ ਨੂੰ ਤਿਆਰ ਕਰ ਲਿਆ ਹੋਇਆ ਸੀ। ਮੇਰੇ ਜੇਲ੍ਹ ਵਿੱਚ ਹੋਣ ਦਾ ਦੁੱਖ-ਦਰਦ ਵੀ, ਪਹਿਲੀ ਗ੍ਰਿਫ਼ਤਾਰੀ ਦੀ ਨਿਸਬਤ, ਹੁਣ ਕੁਝ ਘਟ ਗਿਆ ਸੀ। ਉਸ ਦੁੱਖ ਨਾਲੋਂ ਮੇਰੇ ਜਿਉਂਦੇ ਤੇ ਰਾਜ਼ੀ-ਖ਼ੁਸ਼ੀ ਮਿਲ ਪੈਣ ਦੀ ਤਸੱਲੀ ਵਧੇਰੇ ਸੀ। ਮੈਂ ਉਸਦੀ ‘ਸ਼ੇਰਨੀ’ ਬਣਨ ਲਈ ਪਿੱਠ ਥਾਪੜੀ!
ਇਹ ਤਾਂ ਹੁਣ ਨਿਸ਼ਚਿਤ ਸੀ ਕਿ ਮੈਂ ਓਨਾ ਚਿਰ ਬਾਹਰ ਨਹੀਂ ਸਾਂ ਜਾ ਸਕਦਾ ਜਿੰਨਾਂ ਚਿਰ ਮੇਰੇ ਮੁਕੱਦਮੇ ਦਾ ਫ਼ੈਸਲਾ ਨਹੀਂ ਹੁੰਦਾ; ਐਮਰਜੈਂਸੀ ਖ਼ਤਮ ਨਹੀਂ ਹੁੰਦੀ ਜਾਂ ਸਰਕਾਰ ਆਪ ਹੀ ਕੇਸ ਵਾਪਸ ਲੈਣ ‘ਤੇ ਮੈਨੂੰ ਛੱਡਣ ਦਾ ਫ਼ੈਸਲਾ ਨਹੀਂ ਕਰਦੀ। ਐਮਰਜੈਂਸੀ ਚੁੱਕੇ ਜਾਣ ਜਾਂ ਸਰਕਾਰ ਵੱਲੋਂ ਮੈਨੂੰ ਛੱਡਣ ਦਾ ਫ਼ੈਸਲਾ ਛੇਤੀ ਲਏ ਜਾਣ ਦੀ ਕਿਸੇ ਨੂੰ ਕੋਈ ਆਸ ਨਹੀਂ ਸੀ। ਮੈਂ ਰਜਵੰਤ ਨੂੰ ਤਕੜੀ ਹੋ ਕੇ ਇਸ ਹੋਣੀ ਦਾ ਮੁਕਾਬਲਾ ਕਰਨ ਲਈ ਕਿਹਾ ਅਤੇ ਆਪ ਵੀ ਅਗਲੇ ਦਿਨ ਜੇਲ੍ਹ ਵਿੱਚ ਕੱਟਣ ਲਈ ਮਾਨਸਿਕ ਤੌਰ ‘ਤੇ ਤਿਆਰ ਹੋ ਗਿਆ।
ਰਜਵੰਤ ਕੋਲੋਂ ਪਤਾ ਲੱਗਣ ‘ਤੇ ਅਗਲੇ ਦਿਨ ਅਜਾਇਬ ਸਿੰਘ ਸੰਧੂ ਤੇ ਉਸਦੀ ਪਤਨੀ ਵੀ ਮੁਲਾਕਾਤ ਲਈ ਆ ਗਏ। ਅਜਾਇਬ ਸਿੰਘ ਕਹਿੰਦਾ, “ਆਪਾਂ ਜ਼ਰਾ ਜੇਲ੍ਹ ਸੁਪਰਡੈਂਟ ਨੂੰ ਮਿਲ ਕੇ ਜਾਣੈਂ। ਉਹ ਕਹਿੰਦਾ ਸੀ ਕਿ ਤੈਨੂੰ ਜ਼ਰੂਰ ਮਿਲਾਵਾਂ।”
ਉਸ ਨੇ ਅਪਣੇ ਰਸੂਖ਼ ਨਾਲ ਇੱਥੇ ਵੀ ਪਛਾਣ ਕੱਢ ਲਈ ਸੀ। ਜੇਲ੍ਹ ਸੁਪਰਡੈਂਟ ਨੇ ਮੈਨੂੰ ਪੈਰਾਂ ਤੋਂ ਸਿਰ ਤਕ ਨਿਹਾਰਦਿਆਂ ਕਿਹਾ, “ਮੈਂ ਤਾਂ ਇਹ ਵੇਖਣ ਲਈ ਬੁਲਾਇਆ ਸੀ ਕਿ ਕਿਸ ਬੰਦੇ ਤੋਂ ‘ਸਰਕਾਰ ਨੂੰ ਏਨਾ ਖ਼ਤਰਾ ਹੈ!’ ਤਾਂ ਇਹ ਹੈ ਉਹ ਪਤਲਾ ਤੇ ਮਲੂਕੜਾ ਜਿਹਾ ਬੰਦਾ, ਜਿਸ ਦੇ ਪਿੱਛੇ ਸਰਕਾਰ ਏਨੇ ਜ਼ੋਰ ਨਾਲ ਪਈ ਹੋਈ ਏ!”
ਮੈਂ ਉਸਦੇ ਬੋਲਾਂ ਵਿਚਲੇ ਵਿਅੰਗ ਜਾਂ ਹਮਦਰਦੀ ਦਾ ਨਿਖੇੜਾ ਨਾ ਕਰ ਸਕਿਆ।
ਇਸ ਬੈਰਕ ਵਿੱਚ ਉਹ ਹਵਾਲਾਤੀ ਸਨ, ਜਿੰਨ੍ਹਾਂ ਦੇ ਮੁਕੱਦਮਿਆਂ ਦਾ ਅਜੇ ਤਕ ਕੋਈ ਫ਼ੈਸਲਾ ਨਹੀਂ ਸੀ ਹੋਇਆ ਅਤੇ ਨਾ ਹੀ ਉਹਨਾਂ ਦੀ ਜ਼ਮਾਨਤ ਹੋਈ ਸੀ। ਪਰ ਹਵਾਲਾਤ ਦਾ ਮਾਹੌਲ ‘ਮੋਗਾ ਐਜੀਟੇਸ਼ਨ’ ਵਰਗਾ ਨਹੀਂ ਸੀ। ਉਦੋਂ ਤਾਂ ਇਥੇ ਸਾਰੇ ਲੋਕ ਸਿਆਸੀ ਵਿਚਾਰਾਂ ਵਾਲੇ ਸਨ। ਹੁਣ ਵੱਖ ਵੱਖ ਤਰ੍ਹਾਂ ਦੇ ਇਖ਼ਲਾਕੀ ਮੁਜਰਮ ਸਾਡੇ ਸੰਗੀ ਸਨ। ਉਂਝ ਸਾਡਾ ਅੱਠਾਂ ਦਸਾਂ ਜਣਿਆਂ ਦਾ ਅਪਣਾ ਟੋਲਾ ਸੀ; ਜਿੰਨ੍ਹਾਂ ਵਿੱਚ ਵਿਚਾਰਾਂ ਦੀ ਆਪਸੀ-ਸਾਂਝ ਵੀ ਸੀ ਅਤੇ ਇੱਕ ਦੂਜੇ ਨਾਲ ਜਾਣ-ਪਛਾਣ ਵੀ ਸੀ। ਅਸੀਂ ਬੈਰਕ ਦੀ ਇੱਕ ਨੁੱਕਰੇ ਅਪਣੀਆਂ ਖੱਡੀਆਂ ਮੱਲ ਕੇ ਬਿਸਤਰੇ ਲਾਏ ਹੋਏ ਸਨ। ਏਡੀ ਵੱਡੀ ਭਾਰਤ ਸਰਕਾਰ ਨੂੰ ਸਾਡੇ ਕੋਲੋਂ ‘ਖ਼ਤਰਾ’ ਸੀ; ਇਹ ਜਾਣ ਕੇ ਜੇਲ੍ਹ- ਕਰਮਚਾਰੀ ਅਤੇ ਦੂਜੇ ਇਖ਼ਲਾਕੀ ਕੈਦੀ ਵੀ ਸਾਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਸਨ ਅਤੇ ਸਾਡੀ ਗੱਲ ਧਿਆਨ ਨਾਲ ਸੁਣਦੇ ਸਨ। ਸਿਆਲੀ ਦਿਨਾਂ ਵਿੱਚ ਸਵੇਰ ਵੇਲੇ ਜਦੋਂ ਕੁਝ ਘੰਟਿਆਂ ਲਈ ਸਾਨੂੰ ਹਵਾਲਾਤ ਵਿਚੋਂ ਬਾਹਰ ਕੱਢਿਆ ਜਾਂਦਾ ਤਾਂ ਸਾਰੇ ਜਣੇ ਬੈਰਕ ਦੇ ਖੁੱਲ੍ਹੇ ਮੈਦਾਨ ਵਿੱਚ ਆਪੋ ਅਪਣੇ ਸਾਥੀਆਂ ਨਾਲ ਬੈਠਦੇ। ਸਾਡੀ ਟੋਲੀ ਵਿੱਚ ਸਾਥੋਂ ਇਲਾਵਾ ਕੁਝ ਹੋਰ ਸਾਥੀ ਵੀ ਸਾਡੀਆਂ ਗੱਲਾਂ ਸੁਣਨ ਲਈ ਜੁੜ ਬਹਿੰਦੇ।
ਇੱਕ ਜਰਮਨ ਕੈਦੀ ‘ਵਿਕਟਰ’ ਵੀ ਅਪਣੀ ਬੈਰਕ ਵਿਚੋਂ ਸਾਡੇ ਨਾਲ ਗੱਲ-ਬਾਤ ਕਰਨ ਲਈ ਆ ਜਾਂਦਾ। ਵਿਕਟਰ ਇੱਕ ਅੰਤਰਰਾਸ਼ਟਰੀ ਸਮਗਲਰ ਸੀ ਅਤੇ ਕੁਝ ਚਿਰ ਹੋਇਆ ਉਸਨੂੰ ਪਾਕਿਸਤਾਨ ਤੋਂ ਭਾਰਤ ਆਉਂਦਿਆਂ, ਵਾਘਾ-ਬਾਰਡਰ ਪਾਰ ਕਰਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸਦੀ ਨਿੱਜੀ ਕਾਰ ਦੀ ਤਲਾਸ਼ੀ ਲੈਂਦਿਆਂ ਉਸਦੇ ‘ਥੱਲੇ’ ਵਿਚੋਂ ਕਈ ਵਿਦੇਸ਼ੀ ਮਾਰਕੇ ਦੀਆਂ ਰਾਈਫ਼ਲਾਂ ਫੜ੍ਹੀਆਂ ਗਈਆਂ ਸਨ। ਵਿਕਟਰ ਨੂੰ ਸਾਡੇ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ। ਸਾਡਾ ‘ਇਨਕਲਾਬੀ’ ਹੋਣਾ ਉਸ ਲਈ ਦਿਲਚਸਪੀ ਦਾ ਕਾਰਨ ਸੀ। ਅਸੀਂ ਹੈਰਾਨ ਹੁੰਦੇ ਕਿ ਇੱਕ ਸਮਗਲਰ ਹੋਣ ਦੇ ਬਾਵਜੂਦ ਉਸਨੂੰ ਸੰਸਾਰ-ਸਿਆਸਤ ਦਾ ਅਤੇ ਸਾਡੇ ਮੁਲਕ ਦੀ ਸਿਆਸਤ ਦਾ ਵੀ ਕਾਫ਼ੀ ਪਤਾ ਸੀ। ਭਾਵੇਂ ਅਸੀਂ ਉਸ ਨਾਲ ਬਹੁਤੀ ਅੰਤਰੰਗ ਵਾਰਤਾਲਾਪ ਨਹੀਂ ਸਾਂ ਕਰਦੇ ਤਦ ਵੀ ਐਮਰਜੈਂਸੀ ਵਿੱਚ ਗ੍ਰਿਫ਼ਤਾਰ ਕੀਤੇ ਹੋਣ ਕਰਕੇ ਤਤਕਾਲੀ ਸਿਆਸੀ ਦ੍ਰਿਸ਼ ਨੂੰ ਤਬਦੀਲ ਕਰਨ ਲਈ ‘ਸੰਘਰਸ਼’ ਕੀਤੇ ਜਾਣ ਦੀ ਲੋੜ ਉੱਤੇ ਚਰਚਾ ਹੁੰਦੀ ਰਹਿੰਦੀ।
ਉਹ ਹੱਸ ਕੇ ਆਖਦਾ, “ਤੁਹਾਡੇ ਮੁਲਕ ਵਿੱਚ ਇਨਕਲਾਬ ਨਹੀਂ ਆ ਸਕਦਾ। ਤੁਸੀਂ ਸਭ ਲੋਕ ਤਾਂ ਹਾਸ਼ੀਏ ਉੱਤੇ ਹੋ। ਤੁਹਾਡੇ ਮੁਲਕ ਦੀ ਵਾਗ ਡੋਰ ਜਾਂ ਬਹੁਤ ਚਾਤਰ ਹੱਥਾਂ ਵਿੱਚ ਹੈ ਜਾਂ ਬਹੁਤ ਮੂਰਖ਼ ਲੋਕਾਂ ਦੇ ਹੱਥਾਂ ਵਿਚ!” ਉਸਨੇ ਪੰਜਾਬ ਦੇ ਇੱਕ ਅਕਾਲੀ ਵਜ਼ੀਰ ਨਾਲ ਸੰਬੰਧਿਤ ਇੱਕ ਚੁਟਕਲਾ ਸੁਣਾਇਆ, ਜਿਸ ਨੇ ਵਜ਼ੀਰੀ ਸਮੇਂ ਮਿਲੇ ਘਰ ਵਿੱਚ ਪਈ ਫਰਿੱਜ ਨੂੰ ਅਲਮਾਰੀ ਸਮਝ ਕੇ ਅਪਣਾ ਜੁੱਤੀਆਂ ਦਾ ਜੋੜਾ ਉਸ ਵਿੱਚ ਟਿਕਾ ਦਿੱਤਾ ਸੀ।
“ਇਹਨਾਂ ਮੂਰਖਾਂ ਨੂੰ ਵੀ ਤੁਹਾਡੇ ਚਾਤਰ ਸਿਆਸਤਦਾਨਾਂ ਨੇ ਹੀ ਅਪਣੇ ਹਿਤਾਂ ਦੀ ਰਾਖੀ ਲਈ ਅੱਗੇ ਲਾਇਆ ਹੋਇਆ ਹੈ ਤੇ ਮੁਲਕ ਦੇ ਲੋਕ ਤੁਹਾਡੇ ਅਗਿਆਨੀ ਅਤੇ ਅਨਪੜ੍ਹ ਹਨ। ਚੱਲੋ ‘ਮੂਰਖ਼’ ਮੈਂ ਨਹੀਂ ਆਖਦਾ।”
ਸ਼ਰਾਰਤ ਨਾਲ ਮੁਸਕਰਾ ਕੇ ਉਸਨੇ ਉਸ ਬੰਦੇ ਵੱਲ ਇਸ਼ਾਰਾ ਕੀਤਾ, ਜਿਹੜਾ ਅਪਣੀ ਬੁਨੈਣ ਉਤਾਰ ਕੇ ਉਸ ਵਿਚੋਂ ਜੂੰਆਂ ਚੁਣ ਚੁਣ ਕੇ ਧਰਤੀ ‘ਤੇ ਸੁੱਟੀ ਜਾ ਰਿਹਾ ਸੀ।
“ਮੈਂ ਸਮਝ ਸਕਦਾਂ ਕਿ ਜੂੰਆਂ ਏਨੀ ਵੱਧ ਗਿਣਤੀ ਵਿੱਚ ਹਨ ਕਿ ਉਸ ਕੋਲ ਇਹਨਾਂ ਨੂੰ ਮਾਰਨ ਦੀ ਵਿਹਲ ਨਹੀਂ। ਉਸ ਨੇ ਸੋਚਿਆ ਕਿ ਚੱਲੋ! ਇਹ ਵੀ ਧਰਤੀ ‘ਤੇ ਸਫ਼ਰ ਕਰਦੀਆਂ ਕਿਸੇ ਹੋਰ ਮੁਲਕ ਦੀ ਬੁਨੈਣ ਵਿੱਚ ਮੇਰੇ ਵਾਂਗ ਜਾ ਘੁਸਣਗੀਆਂ!”
“ਸੱਚ ਮੁਚ ਆਹ ਲੰਘ ਆਈ ਜੇ ਇੱਕ ਜਣੀ ‘ਵਾਘਾ ਬਾਡਰ’ ਪਾਰ ਕਰ ਕੇ।” ਸਾਡੇ ਵਿਚੋਂ ਇੱਕ ਜਣੇ ਨੇ ਹੇਠਾਂ ਵਿਛਾਏ ਕਾਲੇ ਕੰਬਲ ਦੇ ਸਿਰੇ ‘ਤੇ ਚੜ੍ਹੀ ਆਉਂਦੀ ਚਿੱਟੀ ਜੂੰ ਵੱਲ ਇਸ਼ਾਰਾ ਕੀਤਾ। ਵਿਕਟਰ ਉਸਦੇ ਹੱਥ ‘ਤੇ ਹੱਥ ਮਾਰ ਕੇ ਸਾਡੇ ਨਾਲ ਰਲ਼ ਕੇ ਹੱਸਿਆ।
ਨਿੱਕੇ ਹੁੰਦਿਆਂ ਤੋਂ ਸੁਣਦੇ ਆਏ ਸਾਂ ਕਿ ਥਾਣਿਆਂ, ਕਚਹਿਰੀਆਂ, ਜੱਜਾਂ, ਵਕੀਲਾਂ ਤੇ ਜੇਲ੍ਹਾਂ ਦਾ ਕਾਰੋਬਾਰ ‘ਜੱਟਾਂ’ ਦੇ ਸਿਰ ‘ਤੇ ਚੱਲਦਾ ਹੈ! ਜੇਲ੍ਹ ਵਿਚ ਆਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਗੱਲ ਭਾਵੇਂ ਪੂਰੀ ਸੱਚ ਨਾ ਵੀ ਹੋਵੇ ਪਰ ਅੱਧੀ-ਪੌਣੀ ਸੱਚ ਤਾਂ ਹੈ ਹੀ ਸੀ। ਇਹ ਤਾਂ ਮੈਨੂੰ ਪਹਿਲਾ ਹੀ ਪਤਾ ਸੀ ਕਿ ਮੇਰੀ ਪਤਨੀ ਦੇ ਤਾਏ ਦਾ ਲੜਕਾ ਅਪਣੇ ਸਾਥੀਆਂ ਨਾਲ ਕਤਲ-ਕੇਸ ਵਿਚ ਸਜ਼ਾ ਭੁਗਤ ਰਿਹਾ ਸੀ। ਮੇਰੇ ਆਉਣ ਦਾ ਪਤਾ ਲੱਗਣ ‘ਤੇ ਉਹ ਤੇ ਉਸਦੇ ਸਾਥੀ ਮੈਨੂੰ ਮਿਲਣ ਲਈ ਆਏ ਤੇ ‘ਸੇਵਾ-ਪਾਣੀ’ ਪੁੱਛਿਆ। ਉਹ ਕਹਿ ਰਹੇ ਸਨ, ” ਤੁਸੀਂ ਹੁਕਮ ਕਰੋ, ਜਿਹੜੀ ਚੀਜ਼ ਆਖੋਗੇ ਮਿਲ ਜਾਊ। ਨਾਂ ਦੀ ਹੀ ਜੇਲ੍ਹ ਆ। ਤਾਕਤ ਹੋਵੇ ਸਹੀ ਸਭ ਕੁਝ ਏਥੇ ਹੀ ਹਾਜ਼ਰ ਜੋ ਜਾਂਦੈ।” ਸਰਕਾਰੇ-ਦਰਬਾਰੇ ਪਹੁੰਚ ਵਾਲੇ ਸਰਦੇ-ਪੁੱਜਦੇ ਬੰਦੇ ਸਨ ਇਸ ਲਈ ਉਹਨਾਂ ਦੇ ਦਾਅਵੇ ਨੂੰ ਨਾ ਮੰਨਣ ਦਾ ਕੋਈ ਕਾਰਨ ਨਜ਼ਰ ਨਹੀਂ ਸੀ ਆਉਂਦਾ। ਅਪਣੀ ‘ਤਾਕਤ’ ਸਿਰ ‘ਤੇ ਉਹ ਛੇਤੀ ਹੀ ਰਿਹਾਅ ਵੀ ਹੋ ਗਏ ਸਨ।
ਇੱਕ ਦਿਨ ਮੈਂ ਹੈਰਾਨ ਰਹਿ ਗਿਆ ਜਦੋਂ ਮੈਲੇ ਖੱਦਰ ਦੇ ਖੁਰਦਰੇ ਕੱਪੜਿਆਂ ਵਿਚ ਮੈਂ ਇੱਕ ਅਧਖੜ ਉਮਰ ਵਾਲੇ ਸਵਾ ਛੇ ਫੁੱਟੇ ਨਿੰਮੋਝੂਣੇ ਇਨਸਾਨ ਨੂੰ ਸਾਹਮਣਿਓਂ ਆਉਂਦੇ ਤੱਕਿਆ। ਮੈਂ ਇਸਨੂੰ ਅਪਣੇ ਵਿਆਹ ਵੇਲੇ ਚਿੱਟੇ ਲਿਸ਼ਕਦੇ ਖੜ ਖੜ ਕਰਦੇ ਕੁੜਤੇ-ਚਾਦਰੇ ਵਿਚ ਹਸੂੰ ਹਸੂੰ ਕਰਦੇ ਨੂੰ ਸਰਦਾਰੀ ਜਲੌਅ ਵਿਚ ਬਣਿਆਂ ਫੱਬਿਆ ਵੇਖਿਆ ਸੀ। ਮੇਰੀ ਪਤਨੀ ਦੀ ਭੂਆ ਦਾ ਪੁੱਤ ਸੀ ਉਹ।
ਉਹ ਮੇਰੇ ਕੋਲੋਂ ਚੁੱਪ ਕਰਕੇ ਲੰਘ ਗਿਆ। ਇੱਕ-ਅੱਧ ਵਾਰ ਹੀ ਵੇਖਿਆ ਹੋਣ ਕਰ ਕੇ ਉਸਨੇ ਮੈਨੂੰ ਪਛਾਣਿਆਂ ਨਹੀਂ ਸੀ। ਮੈਂ ਵੀ ਉਸ ਨੂੰ ਬੁਲਾਉਣਾ ਮੁਨਾਸਬ ਨਾ ਸਮਝਿਆ। ਉਹ ਕਿਸੇ ਝੂਠੇ ਤੇ ਨਜਾਇਜ਼ ਕਤਲ-ਕੇਸ ਵਿਚ ਫਸ ਗਿਆ ਸੀ। ਬੇਕਸੂਰਾ ਹੀ ਉਮਰ ਕੈਦ ਭੋਗ ਰਿਹਾ ਸੀ।
ਕੈਸੀ ਵਿਡੰਬਨਾ ਸੀ ਕਤਲ ਕਰਨ ਵਾਲੇ ਰਿਹਾਅ ਹੋ ਗਏ ਸਨ ਤੇ ਬੇਕਸੂਰਾ ਉਮਰ ਕੈਦ ਭੋਗ ਰਿਹਾ ਸੀ!
ਇਕ ਦਿਨ ਧੁੱਪੇ ਕੰਬਲ ਵਿਛਾ ਕੇ ਬੈਠੇ ਗੱਪ-ਗਿਆਨ ਵਿਚ ਰੁੱਝੇ ਹੋਏ ਸਾਂ। ਨੀਲੇ ਰੰਗ ਦੇ ਨਿਹੰਗੀ ਬਾਣੇ ਵਾਲਾ ਕੋਈ ਸੱਜਣ ਸਾਡੀ ਬੈਰਕ ਦਾ ਦਰਵਾਜ਼ਾ ਲੰਘ ਕੇ ਅੰਦਰ ਵੜਿਆ ਤੇ ਸਾਹਮਣਿਓਂ ਮਿਲਣ ਵਾਲੇ ਬੰਦੇ ਨੂੰ ਕੁਝ ਪੁੱਛਦਾ ਦਿਸਿਆ। ਉਸ ਬੰਦੇ ਨੇ ਸਾਡੀ ਟੋਲੀ ਵੱਲ ਇਸ਼ਾਰਾ ਕੀਤਾ। ਸਾਡੇ ਵੱਲ ਤੁਰੇ ਆਉਂਦੇ ਨਿਹੰਗ ਸਿੰਘ ਨੂੰ ਮੈਂ ਝੱਟ ਪਛਾਣ ਲਿਆ। ਉੱਠਦਿਆਂ ਉਸਦਾ ਸਵਾਗਤ ਕੀਤਾ, “ਬੱਲੇ! ਬੱਲੇ!! ਨਿਹੰਗ ਸਿਅ੍ਹਾਂ, ਤੂੰ ਏਥੇ ਕਿਵੇਂ?”
ਉਹ ਸਕਿਆਂ ਵਿਚੋਂ ਲੱਗਦੀ ਮੇਰੀ ਭੂਆ ਤੇਜੋ ਦਾ ਦੂਜੇ ਨੰਬਰ ਦਾ ‘ਛੜਾ-ਛਾਂਟ’ ਪੁੱਤ ਅਜੀਤ ਸਿੰਘ ਸੀ ਜਿਸਨੂੰ ਅਸੀਂ ਸਾਰੇ ‘ਜੀਤਾ ਨਿਹੰਗ’ ਆਖਦੇ ਸਾਂ। ਮੇਰੇ ਪਿਤਾ ਤੇ ਭੂਆ ਤੇਜੋ ਦਾ ਪਿਛਲਾ ਪਿੰਡ ਭਡਾਣਾ ਸੀ। ਭੂਆ ਤੇਜੋ ਸੁਰ ਸਿੰਘ ਵਿਆਹੀ ਗਈ ਸੀ ਤੇ ਮੇਰਾ ਪਿਤਾ ਵੀ ਦੇਸ਼-ਵੰਡ ਤੋਂ ਪਿੱਛੋਂ ਅਪਣੇ ਨਾਨਕੇ ਪਿੰਡ ਸੁਰ ਸਿੰਘ ਵਿਚ ਹੀ ਅਪਣੇ ਮਾਮੇ ਦਾ ਮੁਤਬੰਨਾ ਬਣ ਕੇ ਪਰਿਵਾਰ ਸਮੇਤ ਆਣ ਵੱਸਿਆ ਸੀ। ਇਸ ਪਿੰਡ ਵਿਚ ਮੇਰਾ ਪਿਤਾ ਭੂਆ ਤੇਜੋ ਦੀ ਵੱਡੀ ਧਿਰ ਸੀ। ਦੋਵਾਂ ਪਰਿਵਾਰਾਂ ਦਾ ਆਪਸ ਵਿਚ ਡੂੰਘਾ ਮਿਲਵਰਤਣ ਸੀ। ਹਫ਼ਤੇ ਦਸੀਂ ਦਿਨੀਂ ਇੱਕ-ਦੂਜੇ ਘਰ ਗੇੜਾ ਵੱਜਦਾ ਰਹਿੰਦਾ। ਲੋੜ ਵੇਲੇ ਇਕ-ਦੂਜੇ ਦੇ ਜੋਤਰਾ ਵੀ ਲਾ ਆਉਂਦੇ, ਪੱਠੇ-ਦੱਥੇ ਦੀ ਵੀ ਲੈ-ਦੇ ਕਰ ਲੈਂਦੇ। ਭੂਆ ਦੇ ਵੱਡੇ ਦੋਵੇਂ ਪੁੱਤ ਹਰਬੰਸ ਤੇ ਜੀਤਾ ਉਮਰ ਵਿਚ ਮੇਰੇ ਤੋਂ ਵੱਡੇ ਸਨ ਤੇ ਮੈਨੂੰ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਸਨ। ਇਸ ਕਰਕੇ ਮੈਨੂੰ ਨਿੱਕੇ ਹੁੰਦੇ ਤੋਂ ਉਹਨਾਂ ਦੇ ਘਰ ਜਾਣਾ ਤੇ ਖੇਡਣਾ ਚੰਗਾ ਲੱਗਦਾ। ਆਪ ਅਨਪੜ੍ਹ ਹੋਣ ਕਰ ਕੇ ਉਹ ਹੁਸ਼ਿਆਰ ‘ਪੜ੍ਹਾਕੂ’ ਵਜੋਂ ਮੈਨੂੰ ਕਦਰਦਾਨੀ ਨਾਲ ਵੇਖਦੇ। ਹਰਬੰਸ ਨੇ ਤਾਂ ਜ਼ਿਦ ਕਰ ਕੇ ਅਪਣੇ ਵਿਆਹ ‘ਤੇ ਮੈਨੂੰ ਸਰਬਾਲ੍ਹਾ ਬਣਾਇਆ ਸੀ ਜਦ ਕਿ ਨੇੜਲੀ ਰਿਸ਼ਤੇਦਾਰੀ ਵਿਚੋਂ ਕੋਈ ਮੇਰਾ ਹੀ ਹਾਣੀ ਮੁੰਡਾ ਨਵੇਂ ਕੱਪੜੇ ਸਵਾਈ ਸਰਬਾਲ੍ਹਾ ਬਣਨ ਦੀ ਤਿਆਰੀ ਕੱਸੀ ਬੈਠਾ ਸੀ। ਬੰ੍ਹਸੇ ਤੇ ਜੀਤੇ ਦਾ ਮੇਰੇ ਪਿਓ ਨੂੰ ‘ਮਾਮਾ, ਮਾਮਾ’ ਕਹਿੰਦਿਆਂ ਮੂੰਹ ਨਾ ਥੱਕਦਾ। ਉਹਨਾਂ ਦੇ ਛੋਟੇ ਭਰਾਵਾਂ ਨਾਲ ਮੇਰੀ ਬਹੁਤੀ ਸਾਂਝ ਨਹੀਂ ਸੀ।
ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਪਤਾ ਨਹੀਂ ਜੀਤੇ ਨੂੰ ਕੋਈ ਸਾਕ ਸਿਰੇ ਕਿਉਂ ਨਹੀਂ ਸੀ ਚੜ੍ਹਿਆ। ਹੌਲੀ ਹੌਲੀ ਵਾਹੀ ਦੇ ਕੰਮ-ਧੰਦੇ ਵਿਚੋਂ ਉਸਦਾ ਮਨ ਉਚਾਟ ਹੁੰਦਾ ਗਿਆ। ਇਕ ਦਿਨ ਉਸਨੇ ਬਾਬੇ ਬਿਧੀ ਚੰਦੀਆਂ ਤੋਂ ਅੰਮ੍ਰਿਤ ਛਕ ਕੇ ਨਿਹੰਗੀ-ਬਾਣਾ ਸਜਾ ਲਿਆ। ਨਿਹੰਗ ਬਣ ਕੇ ਉਹ ਪੱਕੇ ਤੌਰ ‘ਤੇ ‘ਦਲ’ ਨਾਲ ਰਹਿਣਾ ਚਾਹੁੰਦਾ ਸੀ। ਜੀਤੇ ਦਾ ਪਰਿਵਾਰ ਖ਼ੁਦ ਭਾਈ ਬਿਧੀ ਚੰਦ ਦੀ ‘ਛੀਨਾ’ ਗੋਤ ਨਾਲ ਸੰਬੰਧ ਰੱਖਦਾ ਸੀ। ਬਿਧੀਚੰਦੀਆਂ ਨਾਲ ਭਾਈਚਾਰੇ ਦੀ ਸਾਂਝ ਹੋਣ ਕਰ ਕੇ ਬਾਬੇ ਚਾਹੁੰਦੇ ਸਨ ਕਿ ਜੀਤੇ ਦੇ ਪਿਤਾ ਰੰਗਾ ਸਿੰਘ ਦਾ ‘ਮੁੰਡੇ ਨੂੰ ਘਰੋਂ ਪੁੱਟਣ ਦਾ’ ਉਹਨਾਂ ਦੇ ਸਿਰ ਉਲਾਹਮਾਂ ਨਾ ਆਵੇ; ਇਸ ਲਈ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹਨਾਂ ਦੀ ਇੱਛਾ ਸੀ ਕਿ ਜੀਤਾ ਘਰ ਦੇ ਕੰਮ-ਕਾਰ ਨਾਲ ਜੁੜਿਆ ਰਹੇ। ਪਰ ਜੀਤੇ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ‘ਚੱਕਰਵਰਤੀ’ ਹੋ ਗਿਆ।
ਭੂਆ ਦੇ ਕਹਿਣ ‘ਤੇ ਮੇਰੇ ਪਿਓ ਨੇ ਸਮਝਾਇਆ ਤਾਂ ਕਹਿੰਦਾ, “ਮਾਮਾ! ਤੂੰ ਈ ਦੱਸ ਮੈਂ ਕੀਹਦੇ ਲਈ ਵਾਹੀ ‘ਚ ਦਿਨ ਰਾਤ ਫਾਟਾਂ ਭੰਨਾਉਦਾ ਫਿਰਾਂ। ਮੈਂ ਕਿਹੜਾ ਕਿਸੇ ਅਪਣੀ ਚੂੜੇ ਵਾਲੀ ਨੂੰ ਸ਼ਨੀਲ ਦਾ ਸੂਟ ਸਿਵਾ ਕੇ ਦੇਣਾ ਏਂ! ਤੇ ਮੇਰੇ ਕਿਹੜੇ ਛਿੰਦੂ ਹੁਣੀਂ ਰੋਂਦੇ ਫਿਰਦੇ ਨੇ ਪਈ ਉਹਨਾਂ ਦੀ ਫੀਸ ਤਾਰਨ ਵਾਲੀ ਰਹਿੰਦੀ ਏ! ਹੁਣ ਨਾ ਕਿਸੇ ਦੀ ਹਿੜਕ ਨਾ ਝਿੜਕ। ਨਾ ਕੋਈ ਸਵੇਰੇ-ਸਾਝਰੇ ਹਲਾਂ ਲਈ ਜਗਾਵੇ। ਅਪਣੀ ਮਰਜ਼ੀ ਸੌਂਈਏ, ਅਪਣੀ ਮਰਜ਼ੀ ਜਾਗੀਏ।”
ਉਹ ਤਾਂ ‘ਵਾਰਿਸਸ਼ਾਹ’ ਵਾਲਾ ਰਾਂਝਾ ਜੋਗੀ ਬਣਿਆਂ ਪਿਆ ਸੀ!
ਨੀਲਾ ਚੋਲਾ, ਸਿਰ ‘ਤੇ ਚੱਕਰ ਲਾ ਕੇ ਸਜਾਈ ਦਸਤਾਰ ਤੇ ਹੱਥ ਵਿਚ ਲੰਮਾਂ ਬਰਛਾ। ਜਦੋਂ ਕਦੀ ਉਸਦਾ ਦਿਲ ਕਰਦਾ ਉਹ ਸੁੱਖੇ ਨਾਲ ਲੇਹੜ ਕੇ ਸਾਡੇ ਘਰ ਆ ਵੱਜਦਾ। ਘੰਟਿਆਂ ਬੱਧੀ ਬੈਠਾ ਏਧਰ-ਓਧਰ ਦੀਆਂ ਮਾਰੀ ਜਾਂਦਾ। ਵਿਚ ਵਿਚ ਬੀਬੀ ਨੂੰ ਵੀ ਹੁਕਮ ਕਰੀ ਜਾਂਦਾ, “ਮਾਮੀ ਚਾਹ ਬਣਾ ਕਰੜੀ ਜਿਹੀ; ਜੇ ਪਰਸ਼ਾਦਾ ਤਿਆਰ ਹੋ ਗਿਐ ਤਾਂ ਲਿਆ ਹੱਥ ਧੁਆ। ਦਾਲ ‘ਚ ਰਤਾ ਥਿੰਦਾ ਵਾਹਵਾ ਪਾ ਦਈਂ, ਸੂਮਪੁਣਾ ਨਾ ਕਰੀਂ।”
ਅਸੀਂ ਵੀ ਉਸਨੂੰ ਟੇਢੇ ਮੇਢੇ ਸਵਾਲ ਕਰਦੇ ਰਹਿੰਦੇ ਤੇ ਉਸਦੀਆਂ ਝੱਲ-ਵਲੱਲੀਆਂ ਸੁਣ ਸੁਣ ਕੇ ਖ਼ੁਸ਼ ਹੁੰਦੇ।
ਇੱਕ ਦਿਨ ਕਿਸੇ ਨੇ ਮੇਰੇ ਪਿਉ ਨੂੰ ਉਲਾਹਮਾਂ ਦਿੱਤਾ, “ਤੁਹਾਡਾ ਨਿਹੰਗ ਸੁੰਹ ਰੌੜ ਵਿਚ ਸਾਈਕਲ ਚਲਾਉਂਦੇ ਸਾਡੇ ਨਿੱਕੇ ਮੁੰਡਿਆਂ ਤੋਂ ਸਾਈਕਲ ਲੈ ਕੇ ਭੱਜ ਗਿਐ। ਉਹਦੇ ਘਰਦਿਆਂ ਨੂੰ ਆਖਿਐ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਨਾ ਤਾਂ ਉਸਦੇ ਕਿਸੇ ਪੱਕੇ ਟਿਕਾਣੇ ਦਾ ਪਤੈ ਤੇ ਨਾ ਹੀ ਉਹ ਉਹਨਾਂ ਦੇ ਕਹਿਣੇ ਵਿਚ ਐ। ਬਾਬਿਆਂ ਕੋਲੋਂ ਵੀ ਨਹੀਂ ਮਿਲਿਆ। ਤੁਸੀਂ ਕੁਝ ਕਰੋਗੇ ਕਿ ਪੁਲਿਸ ਨੂੰ ਆਖੀਏ!”
ਮੇਰੇ ਪਿਤਾ ਨੇ ਸਾਈਕਲ ਮੁੜਵਾ ਦੇਣ ਦਾ ਵਾਅਦਾ ਕਰਕੇ ਉਹਨਾਂ ਨੂੰ ਸਮਝਾਇਆ ਕਿ ਉਹ ਕੁਝ ਦਿਨ ਹੋਰ ਉਡੀਕ ਲੈਣ ਤੇ ਪੁਲਿਸ ਕੋਲ ਨਾ ਜਾਣ।
ਦਸੀਂ ਪੰਦਰੀਂ ਦਿਨੀਂ ਜੀਤਾ ਆਪ ਹੀ ਸਾਈਕਲ ਅਗਲਿਆਂ ਦੇ ਘਰ ਫੜਾ ਆਇਆ। ਮੇਰੇ ਪਿਤਾ ਨੇ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਹੱਸਦਾ ਹੋਇਆ ਕਹਿਣ ਲੱਗਾ, “ਓ ਮਾਮਾ, ਤੇਰੀ ਸਹੁੰ! ਗੱਲ ਕੀ ਹੋਣੀ ਸੀ। ਮੁੰਡੇ ਰੌੜ ‘ਚ ਸ਼ੈਕਲ ਚਲਾਉਣ ਡਹੇ ਸੀ। ਮੈਂ ਉਹਨਾਂ ਤੋਂ ਸ਼ੈਕਲ ਫੜ੍ਹ ਕੇ ਆਖਿਆ, “ਲਿਆਓ ਉਏ ਮੁੰਡਿਓ, ਵੇਖੀਏ ਤ੍ਹਾਡਾ ਸ਼ੈਕਲ ਭਲਾ ਹੌਲਾ ਚੱਲਦੈ ਕਿ ਭਾਰਾ। ਸ਼ੈਕਲ ਚਲਾ ਕੇ ਵੇਖਿਆ, ਵਾਹਵਾ ਹੌਲਾ ਚੱਲਦਾ ਸੀ। ਮੈਂ ਸੋਚਿਆ, ਚੱਲ ਮਨਾਂ; ‘ਵਰਨਾਲਿਓਂ’ ਭੂਆ ਨੂੰ ਈ ਮਿਲ ਆਈਏ, ‘ਵਾ ਵੀ ਪਿੱਛੋਂ ਦੀ ਆ।”
ਉਹ ਅਜੇ ਵੀ ਚਿੱਟੇ ਚਿੱਟੇ ਦੰਦ ਕੱਢੀ ਢਿੱਡ ਹਿਲਾ ਕੇ ਹੱਸੀ ਜਾ ਰਿਹਾ ਸੀ।
ਜੀਤੇ ਨੂੰ ਅਪਣੇ ਕੋਲ ਬਿਠਾ ਕੇ ਹੱਸਦਿਆਂ ਪੁੱਛਿਆ, “ਨਿਹੰਗ ਸਿਹਾਂ! ਲੱਗਦੈ ਐਤਕੀਂ ‘ਵਾ ‘ਵਰਨਾਲੇ’ ਦੀ ਥਾਂ ਅੰਬਰਸਰ ਵੱਲ ਵਗਦੀ ਸੀ?”
ਮੇਰਾ ਖ਼ਿਆਲ ਸੀ ਕਿ ਉਹ ਕਿਸੇ ‘ਇਹੋ-ਜਿਹੇ’ ਛੋਟੇ-ਮੋਟੇ ਕੇਸ ਵਿੱਚ ਹੀ ਅੰਦਰ ਆਇਆ ਹੋਵੇਗਾ। ਅਪਰਾਧੀ ਬਿਰਤੀ ਵਾਲਾ ਤਾਂ ਉਹ ਹੈ ਨਹੀਂ ਸੀ।
“ਓ ‘ਵਾ ਕਿੱਥੇ ਭਰਾਵਾ! ਐਤਕੀਂ ਤਾਂ ‘ਨੇਰ੍ਹੀ ਧੂਹ ਲਿਆਈ ਏ।”
ਉਹ ਕਿਸੇ ‘ਕਤਲ-ਕੇਸ’ ਵਿੱਚ ਫਸ ਗਿਆ ਸੀ।
“ਕਤਲ ਕਿਵੇਂ ਹੋ ਗਿਆ?”
“ਕਤਲ ਕੀ ਹੋਣਾ ਸੀ। ਕਤਲ ਤਾਂ ਮੈਨੂੰ ਕੀਤਾ ਕਰਾਇਆ ਈ ਮਿਲ ਗਿਆ ਭਰਾਵਾ!” ਉਹ ਅਜੇ ਵੀ ਹੱਸ ਰਿਹਾ ਸੀ।
ਉਹ ਪਿਛਲੇ ਕੁਝ ਮਹੀਨਿਆਂ ਤੋਂ ਪਿੰਡੋਂ ਬਾਹਰਵਾਰ ਬਾਬੇ ਬਿਧੀ ਚੰਦ ਦੀ ਸਮਾਧ ‘ਤੇ ਵੀ ਕਦੀ ਕਦੀ ਰਾਤ ਕੱਟ ਲੈਂਦਾ ਸੀ। ਇਕ ਬਜੁæਰਗ ਭਾਈ ਓਥੇ ਸੇਵਾ ਕਰਦਾ ਸੀ। ਜੀਤਾ ਉਸ ਨਾਲ ਰਲ ਕੇ ਸੁੱਖੇ ਵਾਲੀ ਸ਼ਰਦਾਈ ਰਗੜਦਾ। ਬਾਬਾ ਪਿੰਡੋਂ ਗਜ਼ਾ ਕਰ ਲਿਆਉਂਦਾ। ਆਏ ਗਏ ਨੂੰ ਪਰਸ਼ਾਦਾ ਮਿਲਦਾ ਤੇ ਉਹਨਾਂ ਨੂੰ ਵੀ। ਜੀਤਾ ਕਦੀ ਕਦੀ ਵਿਚੋਂ ਉਡੰਤਰ ਹੋ ਜਾਂਦਾ ਤੇ ਕਈ ਕਈ ਦਿਨ ਨਾ ਪਰਤਦਾ। ਉਸਦੀ ਕਿਹੜਾ ਕਿਸੇ ਦਫ਼ਤਰ ਵਿਚ ਹਾਜ਼ਰੀ ਲੱਗਣੀ ਸੀ। ਇੰਜ ਹੀ ਉਹ ‘ਯਾਤਰਾ’ ‘ਤੇ ਗਿਆ ਹੋਇਆ ਸੀ ਕਿ ਪਿੱਛੋਂ ਇਕ ਸਵੇਰੇ ਕਿਸੇ ਨੇ ਸਮਾਧਾਂ ਦੇ ਬਾਹਰ ਬਾਬਾ ਮਰਿਆ ਪਿਆ ਵੇਖਿਆ। ਉਹਦੀਆਂ ਗੋਦੜੀਆਂ ਦੀ ਫਰੋਲਾ-ਫਰੋਲੀ ਵੀ ਕੀਤੀ ਹੋਈ ਸੀ। ਇਸ ‘ਫਰੋਲਾ-ਫਰਾਲੀ’ ਤੋਂ ਹੀ ਪੁਲਿਸ ਨੂੰ ਸ਼ੱਕ ਹੋਇਆ ਕਿ ਬਾਬਾ ਕੁਦਰਤੀ ਮੌਤ ਨਹੀਂ ਮਰਿਆ ਸਗੋਂ ਉਸਦਾ ਕਤਲ ਹੋਇਆ ਹੈ।
ਪੁਲਿਸ ਨੇ ਇਹ ਕਤਲ ਕੇਸ ਜੀਤੇ ‘ਤੇ ਪਾ ਦਿੱਤਾ ਸੀ ਤੇ ਉਸਦੇ ਵਾਪਸ ਪਰਤਣ ‘ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ।
“ਪਤਾ ਨਹੀਂ ਉਹਨੂੰ ਕਿਸੇ ਮਾਰਿਆ ਸੀ ਕਿ ਆਪੇ ਮਰ ਗਿਆ ਸੀ। ਜਾਨ ਤਾਂ ਅੱਗੇ ਹੈ ਨੀ ਸੀ ਬਜ਼ੁਰਗ ਵਿਚ। ਪਹਿਲਾਂ ਈ ਨਿਭਿਆ ਪਿਆ ਸੀ। ਨਾਲੇ ਮੇਰਾ ਤਾਂ ਵਿਚਾਰਾ ਬੜਾ ਪ੍ਰੇਮੀ ਸੀ। ਢੱਗੀ ਖਾਵਾਂ ਜੇ ਝੂਠ ਬੋਲਾਂ। ਨਾਲੇ ਤੇਰੇ ਕੋਲ ਕਾਹਦਾ ਝੂਠ। ਉਹਦੇ ਗਰੀਬ ਕੋਲ ਕਿਹੜੇ ਖਜਾਨੇ ਦੱਬੇ ਪਏ ਸਨ! ਮੈਂ ਤਾਂ ਚਹੁੰ-ਪੰਜਾਂ ਦਿਨਾਂ ਤੋਂ ਓਥੇ ਹੈ ਵੀ ਨਹੀਂ ਸਾਂ। ਸਾਰਾ ਸਿਆਪਾ ਓਥੇ ਨਾ ਹੋਣ ਨੇ ਈ ਪਾਇਆ। ਸਾਰੇ ਆਖਣ ਸਮਾਧੀਂ ਤਾਂ ਜੀਤਾ ਹੀ ਹੁੰਦੈ। ਉਹੋ ਹੀ ਮਾਰ ਕੇ ਕਿਤੇ ਅੱਗੇ-ਪਿੱਛੇ ਹੋ ਗਿਐ ਹੁਣ। ਪੁਲਿਸ ਨੇ ਕਤਲ ਮੇਰੇ ‘ਤੇ ਪਾ ‘ਤਾ। ਮੇਰੀ ਕਿਸੇ ਇੱਕ ਨ੍ਹੀਂ ਸੁਣੀ। ਪਿਛਲੇ ਬੁੱਧਵਾਰ ਐਥੇ ਜੇਲ੍ਹ ਵਿਚ ਲਿਆ ਸੁੱਟਿਆ। ਏਥੇ ਸੁੱਖੇ ਦੀ ਬੜੀ ਤੰਗੀ ਆ। ਓਂ ਦੋ ਫੁਲਕੇ ਈ ਛਕਣੇ ਆਂ। ਅੰਦਰ ਕੀ ਤੇ ਬਾਹਰ ਕੀ!”
ਮੈਂ ਹੋਰ ਵੀ ਖੁਰਚ ਕੇ ਪੁੱਛਿਆ। ਉਸਦੇ ਸੁਭਾਅ ਅਤੇ ਗੱਲ-ਬਾਤ ਕਰਨ ਦੇ ਅੰਦਾਜ਼ ਤੋਂ ਜਾਣੂ ਸਾਂ। ਲੱਗਾ; ਜੀਤਾ ਤਾਂ ਨਾ-ਹੱਕ ਹੀ ਕਤਲ ਕੇਸ ਵਿੱਚ ਫਸ ਗਿਆ ਸੀ। ਖ਼ਿਆਲ ਆਇਆ ਉਹ ਬਾਬੇ ਬਿਧੀ ਚੰਦੀਆਂ ਦਾ ‘ਸਿੰਘ’ ਸੀ। ਉਹਨਾਂ ਇਸਨੂੰ ਬਚਾਉਣ ਲਈ ਕੁਝ ਕਿਉਂ ਨਹੀਂ ਕੀਤਾ?
“ਤੇਰੇ ਕੇਸ ਦੀ ਪੈਰਵੀ ਕੌਣ ਕਰ ਰਿਹੈ? ਤੇਰੇ ਘਰ ਦੇ ਜਾਂ ਬਾਬੇ ਬਿਧੀ ਚੰਦੀਏ?”
“ਪੈਰਵੀ ਮੇਰੀ ਕੀਹਨੇ ਕਰਨੀ ਸੀ! ਭਰਾ ਆਂਹਦੇ ਹੋਣਗੇ ਚੱਲ ਫ਼ਾਹੇ ਲੱਗੂ ਤਾਂ ਹਿੱਸੇ ਆਉਂਦੇ ਦੋ ਕਿਲੇ ਸਾਂਭਣ ਵਾਲੇ ਬਣਾਂਗੇ। ਨਾਲੇ ਉਹ ਸੋਚਦੇ ਹੋਣਗੇ ਆਪੇ ਬਾਬੇ ਕੋਈ ਚਾਰਾ ਕਰਨਗੇ। ਬਾਬਿਆਂ ਨੂੰ ਲੱਗਦੈ, ਊਂ ਮੇਰੇ ‘ਤੇ ਹੀ ਸ਼ੱਕ ਐ।”
ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਕਿ ਉਸ ਲਈ ਕਿਸੇ ਨੇ ਅਜੇ ਤੱਕ ਵਕੀਲ ਦਾ ਵੀ ਕੋਈ ਬੰਦੋਬਸਤ ਨਹੀਂ ਸੀ ਕੀਤਾ। ਮੈਨੂੰ ਲੱਗਾ, ਜੀਤਾ ਵਿਚਾਰਾ ਤਾਂ ਭੰਗ ਦੇ ਭਾੜੇ ਫਾਹੇ ਲੱਗ ਜਾਣਾ ਹੈ। ਇਸਦੇ ਬਚਾਅ ਲਈ ਕੀ ਕੀਤਾ ਜਾਵੇ!
ਰੋਟੀ ਵੇਲਾ ਹੋ ਜਾਣ ‘ਤੇ ਜੀਤਾ ਫਿਰ ਮਿਲਦੇ-ਗਿਲਦੇ ਰਹਿਣ ਦਾ ਵਾਅਦਾ ਕਰ ਕੇ ਅਪਣੀ ਬੈਰਕ ਵਿਚ ਚਲਾ ਗਿਆ ਤੇ ਮੈਨੂੰ ਸੋਚਾਂ ਵਿਚ ਪਾ ਗਿਆ। ਇਹ ਵੀ ਕੀ ਵਿਡੰਬਨਾ ਸੀ ਕਿ ਮੇਰੀ ਪਤਨੀ ਦੀ ਭੂਆ ਦਾ ਪੁੱਤ ਤੇ ਮੇਰੀ ਭੂਆ ਦਾ ਪੁੱਤ ਦੋਵੇਂ ਹੀ ਝੂਠੇ ਕਤਲ-ਕੇਸ ਵਿਚ ਫਸ ਗਏ ਸਨ! ਮੈਂ ਨਹੀਂ ਸਾਂ ਚਾਹੁੰਦਾ ਕਿ ਜੀਤਾ ਵੀ ਉਸ ਵਾਂਗ ਜੇਲ੍ਹ ਵਿਚ ਉਮਰ ਕੈਦ ਭੋਗੇ! ਪਰ ਮੈਂ ਅੰਦਰ ਬੈਠਾ ਉਸ ਬੇਕਸੂਰ ਲਈ ਕੀ ਕਰ ਸਕਦਾ ਸਾਂ! ਮੇਰੀ ਤਾਂ ਆਰਥਿਕ ਹਾਲਤ ਵੀ ਅਜਿਹੀ ਨਹੀਂ ਸੀ ਕਿ ਕੋਲੋਂ ਪੈਸੇ ਖ਼ਰਚ ਕੇ ਉਸਦਾ ਮੁਕੱਦਮਾ ਲੜਨ ਲਈ ਕੋਈ ਚੰਗਾ ਵਕੀਲ ਖੜਾ ਕਰ ਸਕਾਂ। ਮੈਂ ਤਾਂ ਚਿੱਟੇ ਕਾਗ਼ਜ਼ਾਂ ‘ਤੇ ਕਾਲੇ ਅੱਖਰ ਵਾਹੁਣ ਵਾਲਾ ਮਾਮੂਲੀ ਲੇਖਕ ਸਾਂ।
ਮੇਰੇ ਮਨ ਨੇ ਮੈਨੂੰ ਵੰਗਾਰਿਆ, “ਤੂੰ ਮਾਮੂਲੀ ਕਿਵੇਂ ਏਂ? ਤੇਰੇ ਅੱਖਰਾਂ ਵਿਚ ਕੋਈ ‘ਤਾਕਤ’ ਹੋਏਗੀ ਤਾਂ ਹੀ ਤੈਨੂੰ ਅਗਲਿਆਂ ‘ਅੱਖਰਾਂ ਦੇ ਹਵਾਲੇ ਨਾਲ’ ਅੰਦਰ ਕੀਤਾ ਹੈ! ਪਰ ਮੇਰੇ ‘ਅੱਖਰਾਂ ਦੀ ਤਾਕਤ’ ਜੀਤੇ ਦੇ ਕਿਸ ਕੰਮ?
ਅਚਨਚੇਤ ਮੇਰੇ ਅੰਦਰ ਬਿਜਲੀ ਕੌਂਧ ਗਈ। ਜੀਤੇ ਦੇ ਪਰਸੰਗ ਵਿਚ ਵੀ ਮੈਂ ਅਪਣੇ ‘ਅੱਖਰਾਂ ਦੀ ਤਾਕਤ’ ਪਰਖ਼ ਕੇ ਵੇਖ ਸਕਦਾ ਸਾਂ!
ਮੈਂ ਸੋਚਿਆ; ਮੈਨੂੰ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਨੂੰ, ਜਿਹੜੇ ਬਾਬਾ ਬਿਧੀ ਚੰਦ ਦੀ ਅੰਸ-ਬੰਸ ਵਿਚੋਂ ਯਾਰਵੇਂ ਥਾਂ ‘ਗੱਦੀ-ਨਸ਼ੀਨ’ ਸਨ, ਜੀਤੇ ਦੀ ਮਦਦ ਕਰਨ ਲਈ ਚਿੱਠੀ ਲਿਖਣੀ ਚਾਹੀਦੀ ਹੈ। ਆਖ਼ਰ ਜੀਤਾ ਉਹਨਾਂ ਦੇ ਦਲ ਦਾ ‘ਸਿੰਘ’ ਸੀ। ਉਂਝ ਵੀ ਉਹਨਾਂ ਦੇ ‘ਛੀਨਾ’ ਭਾਈਚਾਰੇ ਵਿਚੋਂ ਸੀ। ਜੇ ਬਾਬੇ ਉਸਦੀ ਮਦਦ ‘ਤੇ ਆ ਜਾਂਦੇ ਹਨ ਤਾਂ ਜੀਤੇ ਦਾ ਬਚ ਜਾਣਾ ਲਾਜ਼ਮੀ ਸੀ। ਕੇਸ ਅਜੇ ਸ਼ਰੂਆਤੀ ਦੌਰ ਵਿਚ ਹੀ ਸੀ ਤੇ ਬਾਬਾ ਜੀ ਦੀ ਤਾਂ ਸਰਕਾਰੇ-ਦਰਬਾਰੇ ਪੂਰੀ ਪਹੁੰਚ ਸੀ। ਰਾਜਨੀਤੀਵਾਨ, ਪੁਲਸੀਏ ਤੇ ਹੋਰ ਸਰਕਾਰੀ ਅਧਿਕਾਰੀ ਉਹਨਾਂ ਨੂੰ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਸਨ।
ਜੀਤੇ ਵੱਲੋਂ ਚਿੱਠੀ ਲਿਖ ਕੇ ਮੈਂ ਬਾਬਾ ਜੀ ਨੇ ਮਨ ਵਿਚ ਜੀਤੇ ਲਈ ਤਰਸ ਤੇ ਹਮਦਰਦੀ ਦੇ ਭਾਵ ਜਗਾਉਣੇ ਸਨ! ਅਪਣੇ ‘ਲੇਖਕੀ ਹੁਨਰ’ ਨਾਲ ਉਹਨਾਂ ਦੀ ਸੰਵੇਦਨਾ ਨੂੰ ਟੁੰਬਣਾ ਸੀ। ਮੌਤ ਦੇ ਜਾਲ ਵਿੱਚ ਫਸ ਗਏ ਜੀਤੇ ਦੀ ਤੜਪਦੀ-ਫੜਫੜਾਉਂਦੀ ਆਤਮਾ ਬਣ ਕੇ ਉਸਦੇ ਬਚਾਅ ਲਈ ਤਰਲਾ ਪਾਉਣਾ ਸੀ।
ਅੱਜ ਮੇਰੀ ਲਿਖਣ-ਕਲਾ ਦਾ ਬੜਾ ਵੱਡਾ ਇਮਤਿਹਾਨ ਹੋਣ ਵਾਲਾ ਸੀ।
ਉਸ ਰਾਤ ਮੈਂ ਵੱਖਰੇ ਬੈਠ ਕੇ ਤੇ ਮਨ-ਚਿੱਤ ਬਿਰਤੀ ਨੂੰ ਇਕਾਗਰ ਕਰ ਕੇ ਬਾਬਾ ਬਿਧੀ ਚੰਦ ਦਲ ਦੇ ਮੁਖੀ ਬਾਬਾ ਦਇਆ ਸਿੰਘ ਦੇ ਨਾਂ ਜੀਤੇ ਵੱਲੋਂ ਇੱਕ ਲੰਮੀ ਚਿੱਠੀ ਲਿਖੀ। ਚਿੱਠੀ ਲਿਖਦਿਆਂ ਹੋਇਆਂ ਮੈਂ ‘ਵਰਿਆਮ ਸਿੰਘ ਸੰਧੂ’ ਨਹੀਂ ਸਾਂ ਰਹਿ ਗਿਆ ਜਿਸ ਦਾ ਡੇਰਿਆਂ, ਬਾਬਿਆਂ ਜਾਂ ਧਰਮ ਤੇ ਧਾਰਮਿਕ ਸ਼ਖ਼ਸੀਅਤਾਂ ਬਾਰੇ ਵੱਖਰਾ ਤਰਕ ਤੇ ਦ੍ਰਿਸ਼ਟੀਕੋਨ ਸੀ। ਮੈਂ ਤਾਂ ਜੀਤਾ ਬਣ ਗਿਆ ਸਾਂ ਤੇ ਉਸਦੇ ਧਾਰਮਿਕ ਤੇ ਸ਼ਰਧਾਲੂ ਦ੍ਰਿਸ਼ਟੀਕੋਨ ਤੋਂ ਬਾਬਾ ਜੀ ਨੂੰ ਮੁਖ਼ਾਤਬ ਸਾਂ। ਮੇਰਾ ‘ਤਰਕ’ ਤਾਂ ਇਹੋ ਸੀ ਕਿ ਮੈਂ ਜੀਤੇ ਦੇ ਗੁੰਗੇ ਅੰਦਰ ਨੂੰ ਜ਼ਬਾਨ ਦੇਣੀ ਹੈ ਜਿਹੜੀ ਬਾਬਾ ਜੀ ਦੇ ਮਨ ਨੂੰ ਨੇੜਿਓਂ ਸੁਣ ਸਕੇ। ਲਿਖਦਿਆਂ ਹੋਇਆਂ ਮੈਂ ਜੀਤੇ ਦੀ ਥਾਂ ਅਪਣੇ ਆਪ ਨੂੰ ਬੇਕਸੂਰ ਫਸਿਆ ਮਹਿਸੂਸ ਕਰ ਰਿਹਾ ਸਾਂ।
ਏਨੇ ਸਾਲਾਂ ਬਾਅਦ ਚਿੱਠੀ ਦੀ ਭਾਸ਼ਾ ਤੇ ਵੇਰਵੇ ਤਾਂ ਹੁਣ ਯਾਦ ਨਹੀਂ ਪਰ ਚਿੱਠੀ ਵਿਚ ਪੇਸ਼ ਭਾਵਨਾਵਾਂ ਤੇ ‘ਤਰਕ’ ਕੁਝ ਇਸ ਪ੍ਰਕਾਰ ਉਸਾਰਿਆ ਗਿਆ ਜਿਸ ਨਾਲ ਬਾਬਾ ਜੀ ਦੀਆਂ ਭਾਵਨਾਵਾਂ ਨੂੰ ਜੁੰਬਿਸ਼ ਮਿਲ ਸਕੇ। ਭਾਈ ਬਿਧੀ ਚੰਦ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮਕਾਲੀ ਤੇ ਸ਼ਰਧਾਲੂ ਸਿੱਖ ਸਨ। ਬਾਬਾ ਦਇਆ ਸਿੰਘ ਦੇ ਪਿਤਾ ਬਾਬਾ ਸੋਹਣ ਸਿੰਘ ਨੇ ਅਪਣੇ ਜੀਵਨ ਕਾਲ ਵਿਚ ਪਿੰਡ ਸੁਰ ਸਿੰਘ ਵਿਚ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦਵਾਰੇ ਦੀ ਇਮਾਰਤ ਬਣਵਾਈ ਸੀ ਜਿੱਥੇ ਹਰ ਸਾਲ ਬੜਾ ਵੱਡਾ ਸਾਲਾਨਾ ਜੋੜ ਮੇਲਾ ਲੱਗਦਾ ਸੀ। ਬਾਬਾ ਜੀ ਨੂੰ ‘ਸੱਚੇ-ਸੁੱਚੇ ਗੁਰਸਿੱਖ ਤੇ ਬ੍ਰਹਮ-ਗਿਆਨੀ’ ਵਜੋਂ ਵਡਿਆ ਕੇ ਮੈਂ ਗੱਲ ‘ਬੰਦੀ-ਛੋੜ’ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਨਾਲ ਹੀ ਸ਼ੁਰੂ ਕਰ ਕੇ ਕੁਝ ਇਸ ਤਰ੍ਹਾਂ ਲਿਖਿਆ:
‘ਤੁਸੀਂ ‘ਕਲਜੁਗ’ ਵਿਚ ਓਸ ਸੱਚੇ ਪਾਤਸ਼ਾਹ ਦੇ ਸੱਚੇ ਪ੍ਰਤੀਨਿਧ ਹੋ ਜਿਸਨੂੰ ‘ਬੰਦੀ-ਛੋੜ’ ਦੇ ਨਾਂ ਨਾਲ ਸਾਰਾ ਸਿੱਖ-ਜਗਤ ਜਾਣਦਾ ਹੈ। ਅੱਜ ਤੁਸੀਂ ਹੀ ਸਾਡੇ ਸੱਚੇ ਹਮਦਰਦ ਤੇ ਸਾਡੀਆਂ ਚੁਰਾਸੀਆਂ ਕੱਟਣ ਵਾਲੇ ਬੰਦੀ-ਛੋੜ ਹੋ। ‘ਚੁਰਾਸੀਆਂ’ ਸਾਹਮਣੇ ਇਹ ਦੁਨਿਆਵੀ ਜੇਲ੍ਹਾਂ ਤਾਂ ਤੁਹਾਡੇ ਅੱਗੇ ਕੁਝ ਅਰਥ ਹੀ ਨਹੀਂ ਰੱਖਦੀਆਂ। ਇਸੇ ਕਰਕੇ ਏਥੇ ਜੇਲ੍ਹ ਵਿਚ ਬੈਠਿਆਂ ਵੀ ਮੈਂ ਚੜ੍ਹਦੀ ਕਲਾ ਵਿਚ ਹਾਂ। ਮੈਨੂੰ ਕਾਹਦਾ ਫ਼ਿਕਰ ਜਦ ਤੁਹਾਡੇ ਨਾਂ ਵਾਂਗ ਹੀ ਤੁਹਾਡਾ ਦਇਆਵਾਨ ਹੱਥ ਮੇਰੇ ਸਿਰ ਉੱਤੇ ਹੈ। ਏਸੇ ਕਰਕੇ ਤਾਂ ਮੈਂ ਸ਼ਾਹ ਹੁਸੈਨ ਦੇ ਕਹਿਣ ਮੁਤਾਬਕ ‘ਮਾਪੇ ਛੋੜ ਕੇ ਤੁਹਾਡੇ ਲੜ ਲੱਗਿਆ ਸਾਂ।’ ਤੁਹਾਡੇ ਕੋਲੋਂ ਅੰਮ੍ਰਿਤ ਛਕ ਕੇ ਮੈਂ ਉਸ ਤਰ੍ਹਾਂ ਹੀ ਅਪਣੇ ਆਪ ਨੂੰ ਤੁਹਾਡੇ ਸੀਨੇ ਨਾਲ ਲੱਗਾ ਮਹਿਸੂਸ ਕਰਦਾ ਹਾਂ ਜਿਵੇਂ ਭਾਈ ਬਿਧੀ ਚੰਦ ਜੀ ਨੂੰ ਉਦੋਂ ਲੱਗਾ ਸੀ ਜਦੋਂ ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਅਪਣੇ ਸੀਨੇ ਨਾਲ ਘੁੱਟਦਿਆਂ ਕਿਹਾ ਸੀ, ‘ਬਿਧੀ ਚੰਦ ਛੀਨਾ ਗੁਰੂ ਕਾ ਸੀਨਾ।’ ਉਸ ਦਿਨ ਤੋਂ ਬਾਅਦ ਤੁਸੀਂ ਹੀ ਮੇਰੇ ਮਾਂ-ਬਾਪ ਤੇ ਹੋਰ ਸਭ ਕੁਝ ਹੋ। ਤੁਹਾਡੇ ਸੀਨੇ ਨਾਲ ਲੱਗੇ ਤੁਹਾਡੇ ਇਸ ਨਿਮਾਣੇ ਸਿੰਘ ਨੂੰ ਭਰੋਸਾ ਹੈ ਕਿ ਤੁਸੀਂ ਅਣਬੋਲਿਆਂ ਹੀ ਅਗਲੇ ਦੀ ਬਿਰਥਾ ਜਾਨਣ ਵਾਲੇ, ਮਨ ਦੀਆਂ ਬੁੱਝਣ ਵਾਲੇ ਹੋ। ਤੁਸੀਂ ਦਰ ‘ਤੇ ਆਇਆਂ ਦੀ ਫ਼ਰਿਆਦਾਂ ਸੁਣਦੇ ਤੇ ਉਹਨਾਂ ਦੇ ਦੁੱਖ ਹਰਦੇ ਹੋ। ਬੇਕਸੂਰੇ ਦੁਖੀਆਂ ਦੀ ਕੁਰਲਾਹਟ ਤੁਹਾਡੇ ਤੋਂ ਵੱਧ ਭਲਾ ਹੋਰ ਕਿਸ ਨੂੰ ਸੁਣਾਈ ਦੇ ਸਕਦੀ ਹੈ! ਮੇਰੇ ਬੇਕਸੂਰ ਹੋਣ ਦੀ ਕੁਰਲਾਹਟ ‘ਘਟ ਘਟ ਕੇ ਅੰਤਰ ਕੀ ਜਾਨਣ ਵਾਲੇ’ ਤੁਹਾਡੇ ਰਹਿਮ-ਦਿਲ ਆਪੇ ਨੂੰ ਭਲਾ ਕਿਵੇਂ ਨਾ ਸੁਣੀ ਹੋਏਗੀ! ਜੇ ਅਜੇ ਤੱਕ ਤੁਸੀਂ ਮੇਰੇ ਬਚਾਅ ਲਈ ਕੁਝ ਨਹੀਂ ਕੀਤਾ ਤਾਂ ਇਸ ਪਿੱਛੇ ਵੀ ਤੁਹਾਡੀ ਕੋਈ ਰਜ਼ਾ ਹੀ ਹੋਏਗੀ। ਕਦੀ ਕਦੀ ਦੁਨੀਆਦਾਰ ਹੋਇਆ ਮੇਰਾ ਦਿਲ ਸੋਚਦਾ ਹੈ ਕਿ ਤੁਹਾਡੇ ਅੱਗੇ ਤਰਲਾ ਪਾਵਾਂ ਕਿ ਮੈਨੂੰ ਇਸ ਜੇਲ੍ਹ ਵਿਚੋਂ ਮੁਕਤ ਕਰਾਓ। ਫਿਰ ਸੋਚਦਾ ਹਾਂ ਕਿ ਜਦੋਂ ਬਾਬਾ ਜੀ ਹੀ ਹੁਣ ਮੇਰੇ ਮਾਪੇ, ਮੇਰੇ ਗੁਰੂ ਤੇ ਮੇਰਾ ਰੱਬ ਹਨ ਤਾਂ ਉਹਨਾਂ ਨੂੰ ਭਲਾ ਮੇਰਾ ਬੇਗੁਨਾਹ ਦਾ ਤਰਲਾ ਕਿਵੇਂ ਨਾ ਸੁਣਦਾ ਹੋਏਗਾ ਤੇ ਉਹ ਮੇਰੀ ‘ਬੰਦ-ਖਲਾਸੀ’ ਕਰਾਉਣ ਲਈ ਭਲਾ ਉੱਦਮ ਕਿਵੇਂ ਨਾ ਕਰਨਗੇ! ਤੁਸੀਂ ਮੈਨੂੰ ਅਪਣੇ ਸੀਨੇ ਨਾਲੋਂ ਲਾਹ ਕੇ ਜੇਲ੍ਹਾਂ ਵਿਚ ਰੁਲਣ ਲਈ ਦੂਰ ਕਿਵੇਂ ਸੁੱਟ ਸਕਦੇ ਹੋ! ਤੁਹਾਡੇ ‘ਬੰਦੀਛੋੜ’ ਚੋਲੇ ਦੀ ਇਕ ਕੰਨੀ ਤਾਂ ਮੇਰੇ ਹੱਥ ਆ ਹੀ ਜਾਏਗੀ! ਮੈਂ ਮੁੜ ਤੋਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਂਦਾ ਤੁਹਾਡੇ ਚਰਨਾ ਵਿਚ ਬੈਠਾ ਹੋਵਾਂਗਾ।
ਕੁਝ ਇਸ ਤਰ੍ਹਾਂ ਦੇ ਰਲਦੇ-ਮਿਲਦੇ ਭਾਵਾਂ ਵਾਲੀ ਚਿੱਠੀ ਜੀਤੇ ਵੱਲੋਂ ਲਿਖ ਕੇ ਮੈਂ ਉਸਦੇ ਨਿਰਦੋਸ਼ ਹੋਣ ਦਾ ਵਾਸਤਾ ਪਾਇਆ। ਸ਼ਬਦਾਂ ਵਿੱਚ ਅਪਣਾ ਅੰਦਰ ਘੋਲ ਦਿੱਤਾ। ਇਸ ਘੁਲੇ ਹੋਏ ਦਿਲ ਨੇ ਬਾਬਾ ਜੀ ਦਾ ਦਿਲ ਪਿਘਲਾਉਣਾ ਸੀ!
ਅਗਲੇ ਦਿਨ ਚਿੱਠੀ ਪੜ੍ਹ ਕੇ ਜੀਤੇ ਨੂੰ ਸੁਣਾਈ।
ਇਹ ਚਿੱਠੀ ਜੇਲ੍ਹ ਤੋਂ ਬਾਹਰ ਵੀ ਮੈਂ ਹੀ ਪਹੁੰਚਾਉਣੀ ਸੀ। ਕੁਝ ਦਿਨਾਂ ਤੱਕ ਮੇਰੀ ਤਰੀਕ ਸੀ। ਅਪਣੇ ਨਾਲ ਚਿੱਠੀ ਲੈ ਜਾਵਾਂਗਾ ਤੇ ਓਥੇ ਕਿਸੇ ਆਏ ਦੋਸਤ-ਰਿਸ਼ਤੇਦਾਰ ਨੂੰ ਡਾਕ ਵਿਚ ਪਾਉਣ ਲਈ ਕਹਿ ਦਿਆਂਗਾ।
ਜਿਨ੍ਹਾਂ ਨੇ ਜੇਲ੍ਹ ਦੀ ਰੋਟੀ ਦੇ ਕਦੀ ‘ਦਰਸ਼ਨ’ ਕੀਤੇ ਹਨ ਉਹ ਜਾਣਦੇ ਹਨ ਕਿ ਵੱਧ ਤੋਂ ਵੱਧ ਭੈੜੇ ਆਟੇ ਦੀ ਤੇ ਹਾਥੀ ਦੇ ਕੰਨ ਵਰਗੀ ਕੱਚੀ ਜਾਂ ਸੜੀ ਰੋਟੀ ਨੂੰ ਵੇਖਣਾ ਹੀ ਕਿੰਨਾਂ ਔਖਾ ਹੈ; ਖਾਣਾ ਤਾਂ ਕਿਤੇ ਰਿਹਾ! ਸਬਜ਼ੀ ਦਾ ਤਾਂ ਬਹੁਤੀ ਵਾਰ ਤੁਸੀਂ ਅਨੁਮਾਨ ਹੀ ਨਹੀਂ ਲਾ ਸਕਦੇ ਕਿ ਕਾਹਦੀ ਬਣੀ ਹੈ! ਦਾਲ ‘ਤੇ ਸਬਜ਼ੀ ਉੱਤੇ ਤਰਦੇ ਕੀੜਿਆਂ ਦੀ ਜੀ ਕੱਚਾ ਕਰ ਦੇਣ ਵਾਲੀ ਝਾਕੀ ਸਵੇਰੇ ਸ਼ਾਮ ਤੁਹਾਡੀਆਂ ਅੱਖਾਂ ਸਾਹਮਣੇ ਹੁੰਦੀ ਹੈ। ਤੁਹਾਨੂੰ ‘ਦਾਲ-ਸਬਜ਼ੀ’ ਨੂੰ ਇਸ ਵਿਚਲੇ ‘ਮਹਾਂ-ਪ੍ਰਸ਼ਾਦ’ ਸਮੇਤ ਭੁੱਖੇ ਢਿੱਡ ਨੂੰ ਝੁਲਕਾ ਦੇਣ ਲਈ ਖਾਣਾ ਹੀ ਪੈਂਦਾ ਹੈ! ਅਜਿਹੀ ਰੋਟੀ ਤੋਂ ‘ਨੱਕ-ਮੂੰਹ’ ਵੱਟਦਿਆਂ ਵੇਖ ਕੇ ਜੇਲ੍ਹ ਵਿਚਲੇ ਮੇਰੇ ਸਾਥੀਆਂ ਨੇ ਕਿਹਾ ਕਿ ਏਥੇ ਘਰ ਦੇ ਪੱਕੇ ਪਰੌਂਠੇ ਤਾਂ ਮਿਲਣੋ ਰਹੇ। ਜਾਂ ਤਾਂ ਮੈਂ ‘ਚੁੱਪ-ਚਾਪ’ ਮਿਲਦੀ ਰੋਟੀ ਖਾ ਲਿਆ ਕਰਾਂ ਤੇ ਜਾਂ ‘ਬੀ’ ਕਲਾਸ’ ਲਈ ਅਪਲਾਈ ਕਰ ਦਿਆਂ। ਗਰੈਜੂਏਟ ਹੋਣ ਕਰਕੇ ਮੈਂ ਬੀ ਕਲਾਸ ਦਾ ਹੱਕਦਾਰ ਸਾਂ। ਅਜੇ ਪਿਛਲੇ ਸਾਲ ਹੀ ਮੈਂ ਐਮ ਏ ਪੰਜਾਬੀ ਦੇ ਪਹਿਲੇ ਭਾਗ ਵਿਚੋਂ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।
ਸਭ ਦੀ ਸਲਾਹ ਸੀ ਕਿ ਅਪਣਾ ਬਣਦਾ ਹੱਕ ਛੱਡਿਆ ਵੀ ਕਿਉਂ ਜਾਵੇ! ਦੋ ਕੁ ਸਾਥੀ ਹੋਰ ਵੀ ਗਰੈਜੂਏਟ ਸਨ। ਫ਼ੈਸਲਾ ਇਹ ਹੋਇਆ ਕਿ ਰਹੀ ਤਾਂ ਅਸੀਂ ਅਪਣੇ ਸਾਥੀਆਂ ਨਾਲ ਹੀ ਜਾਵਾਂਗੇ ਪਰ ਖਾਣੇ ਦੀ ਸਹੂਲਤ ‘ਬੀ ਕਲਾਸ’ ਵਾਲੀ ਲੈ ਕੇ ਉਸਨੂੰ ਵੰਡ ਵਰਤ ਕੇ ਖਾ ਲਿਆ ਕਰਾਂਗੇ।
ਇੱਕੋ ਕੇਸ ਨਾਲ ਸੰਬੰਧਿਤ ਹੋਣ ਕਰ ਕੇ ਬਿਜਲੀ ਬੋਰਡ ਵਾਲੇ ਬਲਬੀਰ ਨੇ ਅਤੇ ਮੈਂ ਇਕੱਠਿਆਂ ਤਰੀਕ ਭੁਗਤਣ ਜਾਣਾ ਸੀ। ਸਾਨੂੰ ਜੇਲ੍ਹ ਦੀ ਡਿਓੜ੍ਹੀ ਵਿਚ ਲੈ ਕੇ ਜਾਣ ਵਾਲੇ ਜੇਲ੍ਹ ਕਰਮਚਾਰੀ ਸਾਡੇ ਜਾਣੂ ਹੋ ਚੁੱਕੇ ਸਨ ਅਤੇ ਸਾਡੇ ਵਿਚਾਰਾਂ ਕਰਕੇ ਸਾਡੀ ਇੱਜ਼ਤ ਕਰਦੇ ਸਨ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜੀਤੇ ਨਿਹੰਗ ਦੀ ਚਿੱਠੀ ਬਾਹਰ ਲੈ ਕੇ ਜਾਣੀ ਹੈ।
“ਗੱਲ ਈ ਕੋਈ ਨ੍ਹੀਂ ਭਾ ਜੀ!” ਉਹਨਾਂ ਆਖਿਆ।
ਡਿਓੜ੍ਹੀ ਵਿਚ ਅਪਣੇ ਅਪਣੇ ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਵਾਲੇ ਹੋਰ ਲੋਕ ਵੀ ਸਨ। ਤਰੀਕ ‘ਤੇ ਜਾਣ ਵਾਲੇ ਸਾਨੂੰ ਸਾਰਿਆਂ ਨੂੰ ਇਕ ਲਾਈਨ ਵਿਚ ਖੜ੍ਹਾ ਕਰ ਲਿਆ ਗਿਆ।
“ਜਿਹਦੇ ਕੋਲ ਜੋ ਕੁਝ ਵੀ ਹੈਗਾ, ਉਹ ਹੁਣੇ ਬਾਹਰ ਕੱਢ ਕੇ ਫੜਾ ਦੇਵੇ। ਫਿਰ ਨਾ ਆਖਿਓ!” ਗਾਰਦ ਨਾਲ ਜਾਣ ਵਾਲੇ ਹਵਾਲਦਾਰ ਨੇ ਧਮਕਾਇਆ ਅਤੇ ਫਿਰ ਲਾਈਨ ਦੇ ਇਕ ਸਿਰੇ ਤੋਂ ਸਭ ਦੀਆਂ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ।
“ਜਦੋਂ ਮੈਂ ਆਖ ਜੂ ਆਖ ਦਿੱਤਾ ਸੀ ਤਾਂ ਤੈਨੂੰ ਸੁਣਿਆਂ ਨਹੀਂ ਸੀ। ਬੁੱਜੇ ਦਿੱਤੇ ਸੀ ਕੰਨਾਂ ‘ਚ? ਤੁਸੀਂ ਲੋਕ ਛਿੱਤਰ ਦੇ ਯਾਰ ਓ।” ਹਵਾਲਦਾਰ ਦੀ ਆਵਾਜ਼ ਦੇ ਨਾਲ ਹੀ ‘ਤਾੜ!ਤਾੜ!’ ਚਪੇੜਾਂ ਵੱਜਣ ਦੀ ਆਵਾਜ਼ ਸੁਣੀ। ਹਵਾਲਦਾਰ ਰੋਹ ਵਿਚ ਮੱਚ ਪਿਆ ਸੀ। ਵਾਰੀ ਵਾਰੀ ਤਲਾਸ਼ੀ ਲੈਂਦਿਆਂ ਜਿਸ ਕੋਲੋਂ ਵੀ ਕੁਝ ਲੱਭਦਾ ਉਹ ਖੁੱਲ੍ਹੇ ਦਿਲ ਨਾਲ ਗਾਲ੍ਹਾਂ ਤੇ ਚਪੇੜਾਂ ਦੀ ਬਖ਼ਸ਼ਿਸ਼ ਕਰੀ ਜਾ ਰਿਹਾ ਸੀ। ਮੇਰੀ ਸਾਹਮਣੀ ਜੇਬ ਵਿਚ ਜੀਤੇ ਵਾਲੀ ਚਿੱਠੀ ਸੀ। ਪਰ ਮੈਂ ਲਾਈਨ ਦੇ ਲਗਭਗ ਅਖ਼ੀਰ ‘ਤੇ ਸਾਂ। ਮੇਰੇ ਕੋਲ ਪਹੁੰਚਦਿਆਂ ਨੂੰ ਅਜੇ ਉਸਨੂੰ ਚਿਰ ਲੱਗਣਾ ਸੀ। ਚਹੁੰ ਕਦਮਾਂ ਦੀ ਵਿੱਥ ‘ਤੇ ਮੇਰੇ ਹਮਦਰਦ ਕਰਮਚਾਰੀ ਖਲੋਤੇ ਹੋਏ ਸਨ। ਉਹਨਾਂ ਵਿਚੋਂ ਇਕ ਜਣਾ ਰਜਿਸਟਰ ‘ਤੇ ਨਾਂ ਪਤੇ ਲਿਖਣ ਵਾਲੇ ਕਰਮਚਾਰੀ ਨੂੰ ਕੁਝ ਲਿਖਾ ਰਿਹਾ ਸੀ ਤੇ ਦੂਜਾ ਉਸ ‘ਤੇ ਝੁਕਿਆ ਹੋਇਆ ਸੀ। ਮੈਨੂੰ ਆਸ ਸੀ ਕਿ ਮੇਰੇ ਤੱਕ ਹਵਾਲਦਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ‘ਉਧਰੋਂ’ ਵਿਹਲੇ ਹੋ ਕੇ ਮੇਰੀ ‘ਸੁਰੱਖਿਆ’ ਲਈ ਆ ਹਾਜ਼ਰ ਹੋਣਗੇ। ਉਹਨਾਂ ਵਿਚੋਂ ਰਜਿਸਟਰ ‘ਤੇ ਝੁਕਣ ਵਾਲੇ ਨੇ ਅਪਣੇ ਸਾਥੀ ਨੂੰ ਕਿਹਾ ਵੀ, “ਤੂੰ ਓਧਰ ਧਿਆਨ ਰੱਖ।”
ਉਸਨੇ ਰਜਿਸਟਰ ਵੱਲ ਵੇਖਣੋਂ ਹਟ ਕੇ ਸਾਡੇ ਵੱਲ ਝਾਤ ਮਾਰੀ ਤੇ ਮੈਨੂੰ ਸੁਰੱਖਿਅਤ ‘ਹਦੂਦ’ ਵਿਚ ਜਾਣ ਕੇ ਫੇਰ ਸਾਥੀ ਨਾਲ ਹੀ ਰਜਿਸਟਰ ‘ਤੇ ਝੁਕ ਗਿਆ। ਹਵਾਲਦਾਰ ਮੇਰੇ ਤੋਂ ਪਹਿਲਾਂ ਖਲੋਤੇ ਬਲਬੀਰ ਕੋਲ ਸਾਹਮਣੇ ਆ ਖੜਾ ਹੋਇਆ। ਜਦੋਂ ਉਹ ਮੇਰੇ ਸਾਹਮਣੇ ਹੋਇਆ ਮੈਂ ਜੇਬ ਵਿਚੋਂ ਭਰੋਸੇ ਨਾਲ ਚਿੱਠੀ ਕੱਢ ਕੇ ਥੋੜੀ੍ਹ ਵਿੱਥ ‘ਤੇ ਖਲੋਤੇ ਅਪਣੇ ਹਮਦਰਦ ਕਰਮਚਾਰੀਆਂ ਵੱਲ ਇਸ਼ਾਰਾ ਕਰ ਕੇ, ਹਵਾਲਦਾਰ ਨੂੰ ਦੱਸਣ ਤੇ ਉਹਨਾਂ ਹਮਦਰਦਾਂ ਦਾ ਧਿਆਨ ਅਪਣੇ ਵੱਲ ਮੋੜਨ ਲਈ ਆਵਾਜ਼ ਦੇਣ ਹੀ ਵਾਲਾ ਸਾਂ ਕਿ ਹਵਾਲਦਾਰ ਨੇ ‘ਪਟਾਕ’ ਕਰਦਾ ਜ਼ੋਰਦਾਰ ਥੱਪੜ ਮੇਰੀ ਗੱਲ੍ਹ ‘ਤੇ ਜੜ ਦਿੱਤਾ। ਖੜਾਕ ਨਾਲ ਡਿਓੜ੍ਹੀ ਗੂੰਜ ਉੱਠੀ। ਮੇਰੀ ਆਵਾਜ਼ ਮੂੰਹ ਵਿਚ ਹੀ ਘੁਰਲ ਹੋ ਗਈ।
ਬਲਬੀਰ ਨੇ ਵੀ ਉਸਦਾ ਉਠਦਾ ਹੱਥ ਵੇਖ ਲਿਆ ਸੀ। ਉਸਨੇ ਹਮਦਰਦ ਕਰਮਚਾਰੀ ਨੂੰ ਸੁਚੇਤ ਕਰਨ ਲਈ ਉਸਦਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ। ਉਸਨੇ ਤੁਰਤ ਪਿੱਛੇ ਭੌਂ ਕੇ ਵੇਖਿਆ। ‘ਭਾਣਾ’ ਵਰਤ ਚੁੱਕਾ ਸੀ!
“ਓ ਵੇਖੀਂ ਵੇਖੀਂ!” ਕਹਿੰਦਿਆਂ ਦੂਜਾ ਥੱਪੜ ਮਾਰਨ ਲਈ ਹਵਾਲਦਾਰ ਦਾ ਉੱਠਿਆ ਹੱਥ ਉਸਨੇ ਛਾਲ ਮਾਰ ਕੇ ਫੜ੍ਹ ਲਿਆ। ਉਸਦਾ ਦੂਜਾ ਸਾਥੀ ਵੀ ਕੋਲ ਆ ਖਲੋਤਾ।
“ਯਾਰ ਬੰਦਾ-ਕੁ-ਬੰਦਾ ਤਾਂ ਵੇਖ ਲਿਆ ਕਰੋ।” ਉਸਨੇ ਹਵਾਲਦਾਰ ਨੂੰ ਹਿਰਖ਼ ਅਤੇ ਪਛਤਾਵੇ ਨਾਲ ਕਿਹਾ।
“ਪਹਿਲਾਂ ਦੱਸਣਾ ਸੀ ਨਾ ਫੇਰ। ਬੰਦੇ ਦੇ ਮੂੰਹ ‘ਤੇ ਤਾਂ ਨਹੀਂ ਨਾ ਲਿਖਿਆ ਹੋਇਆ!”
“ਸੌਰੀ ਭਾ ਜੀ! ਤੁਸੀਂ ਪਹਿਲਾਂ ਆਵਾਜ਼ ਦੇ ਦੇਣੀ ਸੀ।”
ਮੈਨੂੰ ਧਰਵਾਸ ਦੇ ਕੇ ਉਸ ਅਪਣੇ ਸਾਥੀ ਵੱਲ ਮੂੰਹ ਕੀਤਾ।
“ਮੈਂ ਤੈਨੂੰ ਧਿਆਨ ਰੱਖਣ ਲਈ ਕਿਹਾ ਵੀ ਸੀ, ਜਦੋਂ ਮੈਂ ਜੂ ਰਜਿਸਟਰ ‘ਤੇ ਲਿਖਾਉਣ ਡਿਹਾ ਸਾਂ; ਤੂੰ ਮੇਰੇ ਲਾਗੇ ਖਲੋ ਕੇ ਕੀ ਕੜਛ ਮਾਂਜਣਾ ਸੀ।” ਉਸਨੇ ਅਪਣੇ ਸਾਥੀ ਨੂੰ ਝਿੜਕਿਆ ਤੇ ਖੋਹੀ ਗਈ ਚਿੱਠੀ ਹਵਾਲਦਾਰ ਦੇ ਹੱਥ ਵਿਚੋਂ ਫੜ੍ਹਕੇ ਮੇਰੇ ਹੱਥ ਫੜ੍ਹਾਉਂਦਿਆਂ ਹਵਾਲਦਾਰ ਵੱਲ ਮੂੰਹ ਕੀਤਾ, “ਤੈਨੂੰ ਪਤਾ ਵੀ ਹੈ, ਇਹ ਕੌਣ ਨੇ!”
ਉਹਦੇ ਅਫ਼ਸੋਸ ਕਰਨ ਨਾਲ ਹੁਣ ਮੇਰਾ ਕੀ ਸੌਰਨਾ ਸੀ! ਮੇਰੇ ਕੰਨ ਅਤੇ ਗੱਲ੍ਹ ‘ਚੋਂ ਸੇਕ ਨਿਕਲ ਰਿਹਾ ਸੀ। ਸਿਰ ਘੁੰਮ ਰਿਹਾ ਸੀ। ਵੱਜੀ ਚਪੇੜ ਦਾ ਖੜਾਕ ਅਜੇ ਵੀ ਡਿਓੜ੍ਹੀ ਵਿਚ ਗੂੰਜਦਾ ਲੱਗਦਾ ਸੀ। ਐਨੇ ਬੰਦਿਆਂ ਵਿਚ ਖਲੋਤਾ ਮੈਂ ਜ਼ਲਾਲਤ, ਨਮੋਸ਼ੀ ਤੇ ਹੀਣ-ਭਾਵਨਾ ਵਿਚ ਡੁੱਬਾ ਹੋਇਆ ਸਾਂ। ਉਹ ਦੋਵੇਂ ਅਜੇ ਵੀ ਉਸਨੂੰ ‘ਮੈਂ ਕੌਣ ਹਾਂ!” ਬਾਰੇ ਕੁਝ ਦੱਸ ਰਹੇ ਸਨ।
ਉਹਨਾਂ ਨੂੰ ਸੁਣਨ ਉਪਰੰਤ ਥੱਪੜ ਮਾਰਨ ਵਾਲੇ ਹਵਾਲਦਾਰ ਦੇ ਮਨ ਵਿਚ ਪਤਾ ਨਹੀਂ ਕੀ ਆਇਆ; ਉਸਨੇ ਬਾਂਹ ਵਧਾ ਕੇ ਤਸੱਲੀ ਦੇਣ ਲਈ ਮੇਰਾ ਮੋਢਾ ਘੁੱਟਿਆ।
ਮੈਂ ਅਪਣੇ ਆਪ ਵਿਚ ਪਰਤਿਆ। ਅਪਣੇ ਹਮਦਰਦਾਂ ਨੂੰ ਪਛਤਾਵੇ ਦੇ ਭਾਰ ਤੋਂ ਮੁਕਤ ਕਰਨ ਲਈ ਝੂਠੀ-ਮੂਠੀ ਹੱਸਿਆ, “ਇਹਨੇ ਤਾਂ ਮਾਸਟਰ ਸਾਲਗ ਰਾਮ ਦੀ ‘ਇਤਿਹਾਸਕ’ ਚਪੇੜ ਦੀ ‘ਸ਼ਾਂ ਸ਼ਾਂ’ ਦੁਬਾਰਾ ਚੇਤੇ ਕਰਵਾ ਦਿੱਤੀ।”
ਮੈਂ ਪਹਿਲੀ ਜਮਾਤ ਵਿਚ ਸਾਂ। ਮਾਸਟਰ ਸਾਲਗ ਰਾਮ ਨੇ ਸਾਨੂੰ ਫੱਟੀਆਂ ਉੱਤੇ ਬੋਲ-ਲਿਖਤ ਲਿਖਣ ਲਈ ਸ਼ਬਦ ਬੋਲਿਆ, ‘ਅਚਾਰ’। ਮੈਂ ਉਸੇ ਵੇਲੇ ਲਿਖ ਲਿਆ। ਪਰ ਮਾਸਟਰ ਅਗਲਾ ਸ਼ਬਦ ਅਜੇ ਬੋਲ ਨਹੀਂ ਸੀ ਰਿਹਾ। ਉਹ ਦੂਜੇ ਮੁੰਡਿਆਂ ਵੱਲ ਵੇਖ ਰਿਹਾ ਸੀ ਸ਼ਾਇਦ, ਜਿਹੜੇ ਅਜੇ ਲਿਖਣ ਦੇ ਯਤਨ ਵਿਚ ਸਨ। ਮੈਂ ਵੀ ਅਗਲੇ ਸਾਥੀ ਵੱਲ ਥੋੜ੍ਹਾ ਝੁਕ ਕੇ ਝਾਤੀ ਮਾਰੀ ਕਿ ਇਸਨੇ ਅਜੇ ਤੱਕ ਲਿਖਿਆ ਕਿਉਂ ਨਹੀਂ! ਸਾਲਗ ਰਾਮ ਨੇ ਮੇਰੀ ਝਾਤ ਨੂੰ ਵੇਖ ਲਿਆ ਅਤੇ ਮੈਨੂੰ ਉੱਠ ਕੇ ਅਪਣੇ ਕੋਲ ਆਉਣ ਲਈ ਕਿਹਾ। ਡਰਦਾ ਡਰਦਾ ਮੈਂ ਉਸਦੀ ਕੁਰਸੀ ਕੋਲ ਗਿਆ ਤਾਂ ਉਸਨੇ ਵੀ ਹਵਾਲਦਾਰ ਵਾਂਗ ਨਾ ਆ ਵੇਖਿਆ ਨਾ ਤਾਅ ਤੇ “ਨਕਲ ਕਰਦੈਂ” ਆਖ ਕੇ ‘ਪਟਾਕ’ ਕਰਦੀ ਕੱਟੀ ਹੋਈ ਚੀਚੀ ਵਾਲੇ ਹੱਥ ਦੀ ਤਿੰਨ-ਉਂਗਲੀ ਚਪੇੜ ਮੇਰੀ ਗੱਲ੍ਹ ‘ਤੇ ਜੜ ਦਿੱਤੀ। ਅੱਖਾਂ ਵਿਚੋਂ ਫੁੱਟ ਫੁੱਟ ਡੁੱਲ੍ਹਦੇ ਅੱਥਰੂਆਂ ਨਾਲ ਮੇਰਾ ਚਿਹਰਾ ਤਾਂ ਭਿੱਜਣਾ ਹੀ ਸੀ। ਅਚਨਚੇਤ ਪਈ ਦਹਿਸ਼ਤ ਨਾਲ ਮੇਰੀ ਪਜਾਮੀ ਵੀ ਗਿੱਲੀ ਹੋ ਗਈ। ਮੈਨੂੰ ਤਾਂ ਉਦੋਂ ਅਜੇ ‘ਨਕਲ’ ਦੇ ਅਰਥਾਂ ਦਾ ਵੀ ਪਤਾ ਨਹੀਂ ਸੀ। ਕਿਸੇ ਵੱਲੋਂ ਵੱਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਚਪੇੜ ਸੀ। ਇਸੇ ਕਰ ਕੇ ਮੇਰੇ ਲਈ ‘ਇਤਹਾਸਕ’ ਸੀ। ਬਿਨਾਂ ਕਸੂਰ ਤੋਂ ਵੱਜੀ ਇਸ ਚਪੇੜ ਦੀ ਪੀੜ ਸਾਰੀ ਉਮਰ ਮੇਰੇ ਜ਼ਿਹਨ ਵਿਚ ‘ਸ਼ਾਂ ਸ਼ਾਂ’ ਕਰਦੀ ਰਹੀ ਸੀ। ਅੱਜ ਇਸ ਵਿਚ ਦੂਜੀ ਚਪੇੜ ਦਾ ਵਾਧਾ ਹੋ ਗਿਆ ਸੀ।
ਕਚਹਿਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੁੰਬਦ ਵਿਚ ਗੂੰਜਦੀ ਗਈ।
ਮੇਰੇ ਉੱਤੇ ਬਣਾਏ ਕੇਸ ਦੀ ਪੈਰਵੀ ਕਰਨ ਲਈ ਅਦਾਲਤ ਵਿਚ ਵਕੀਲ ਖੜਾ ਕਰਨ ਦੀ ਲੋੜ ਸੀ। ਬੀ ਕਲਾਸ ਵੀ ਤਾਂ ਲੈਣੀ ਸੀ। ਮੈਂ ਇਸ ਮਕਸਦ ਲਈ ਅਪਣੇ ਮਿੱਤਰ ਜਸਵੰਤ ਘਰਿੰਡੇ ਵਾਲੇ ਨੂੰ ਲਿਖਿਆ ਸੀ ਕਿ ਉਹ ਘਰੋਂ ਰਜਵੰਤ ਕੋਲੋਂ ਮੇਰੇ ਸਰਟੀਫ਼ਿਕੇਟ ਲੈ ਕੇ ‘ਬੀ ਕਲਾਸ’ ਲਵਾਉਣ ਲਈ ਵਕੀਲ ਨੂੰ ਮਿਲੇ। ਮੈਂ ਉਸਨੂੰ ਨੇੜੇ-ਨੇੜੇ ਬੈਠਣ ਵਾਲੇ ਦੋ ਵਕੀਲਾਂ ਦੀ ਦੱਸ ਪਾਈ ਸੀ। ਇਕ ਤਾਂ ਮੇਰਾ ਸ਼ਾਇਰ ਦੋਸਤ ਅਜਾਇਬ ਸਿੰਘ ਹੁੰਦਲ ਸੀ। ਦੂਜਾ ਵਕੀਲ ਜਸਵੰਤ ਦੇ ਪਿੰਡ ਨੇੜੇ ਦਾ ਹੀ ਸੀ। ਉਹ ਵਕੀਲ ਸਾਡੇ ਵਿਚਾਰਾਂ ਦਾ ਹੋਣ ਦਾ ਦਾਅਵਾ ਵੀ ਕਰਦਾ ਸੀ। ਅਕਸਰ ਜਦੋਂ ਕਦੀ ਅਸੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ, ਜੋ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਹੀ ਸੀ, ਜਾਇਆ ਕਰਦੇ ਸਾਂ ਤਾਂ ਉਹਨਾਂ ਨੂੰ ਵੀ ਮਿਲਿਆ ਕਰਦੇ ਸਾਂ।
ਜਸਵੰਤ ਨੇ ਵੇਖਿਆ ਅਜਾਇਬ ਸਿੰਘ ਹੁੰਦਲ ਤਾਂ ਉਥੇ ਨਹੀਂ ਸੀ। ਕਿਸੇ ਅਸਾਮੀ ਦੀ ਤਰੀਕ ਭੁਗਤਣ ਗਿਆ ਹੋਇਆ ਸੀ ਸ਼ਾਇਦ! ਉਸ ਨਾਲ ਜਸਵੰਤ ਦੀ ਬਹੁਤੀ ਜਾਣ-ਪਛਾਣ ਵੀ ਨਹੀਂ ਸੀ। ਉਸਦੇ ਪਿੰਡ ਨੇੜਲੇ ਵਕੀਲ ਨਾਲ ਉਸਦੀ ਵਾਕਫ਼ੀਅਤ ਵੀ ਸੀ। ਅਸੀਂ ਦੋਵੇਂ ਉਸਨੂੰ ਕਈ ਵਾਰ ਇਕੱਠੇ ਵੀ ਮਿਲੇ ਹੋਏ ਸਾਂ। ਜਸਵੰਤ ਨੂੰ ਉਸ ਨਾਲ ਗੱਲ ਕਰਨੀ ਸੌਖੀ ਸੀ। ਵਕੀਲ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਪਰ ਜਦੋਂ ਜਸਵੰਤ ਨੇ ਮੇਰੇ ਡੀ ਆਈ ਆਰ ਅਧੀਨ ਗ੍ਰਿਫ਼ਤਾਰ ਹੋਣ ਦੀ ਖ਼ਬਰ ਸੁਣਾ ਕੇ ਮੇਰਾ ਕੰਮ ਦੱਸਿਆ ਤਾਂ ਉਹਦੇ ਹੱਥ ਦੀ ਕੱਸ ਠੰਢੀ ਹੋ ਗਈ। ਉਹ ਐਵੇਂ ਹੀ ਕਿਸੇ ਹੋਰ ਨਾਲ ਗੱਲਾਂ ਕਰਨ ਰੁੱਝ ਗਿਆ ਤੇ ਉਸਨੇ ਜਸਵੰਤ ਨੂੰ ਬੈਠਣ ਲਈ ਵੀ ਨਾ ਕਿਹਾ।
ਏਨੇ ਚਿਰ ਵਿਚ ਅਜਾਇਬ ਹੁੰਦਲ ਆ ਗਿਆ। ਜਸਵੰਤ ਨੇ ਉਸਨੂੰ ਸਾਰੀ ਗੱਲ ਦੱਸੀ। ਉਹ ਉਸੇ ਵੇਲੇ ਮੈਨੂੰ ਮਿਲਣ ਲਈ ਬਖ਼ਸ਼ੀਖ਼ਾਨੇ ਵੱਲ ਤੁਰਦਿਆਂ ਜਸਵੰਤ ਨੂੰ ਕਹਿੰਦਾ, “ਤੂੰ ਵਰਿਆਮ ਦੀ ਪੇਸ਼ੀ ਦਾ ਧਿਆਨ ਰੱਖੀਂ। ਜਦੋਂ ਪੁਲਿਸ ਵਾਲੇ ਉਸਨੂੰ ਅਦਾਲਤ ਵੱਲ ਲੈ ਕੇ ਜਾਣ ਲੱਗਣ ਮੈਨੂੰ ਆਣ ਦੱਸੀਂ। ਜੇ ਮੈਂ ਉਸਦੀ ਬੀ ਕਲਾਸ ਨਾ ਲਵਾ ਸਕਿਆ ਤਾਂ ਉਹਨੇ ਤਾਂ ਬਾਹਰ ਆ ਕੇ ਮੇਰਾ ਢਿੱਡ ਪਾੜ ਦੇਣਾ ਏਂ। ਉਸ ਆਖਣਾ ਏਂ ਤੁਸੀਂ ਸ਼ਾਇਰ ਲੋਕ ਨਿਰ੍ਹੀਆਂ ਗ਼ਜ਼ਲਾਂ ਈ ਲਿਖਣ ਜੋਗੇ ਓ, ਅਮਲੀ ਤੌਰ ‘ਤੇ ਕੁਝ ਕਰਨ ਕਰਾਉਣ ਜੋਗੇ ਨਹੀਂ!”
ਬਖ਼ਸ਼ੀਖ਼ਾਨੇ ਵਿਚ ਸੀਖਾਂ ਓਹਲਿਓਂ ਉਸ ਵੱਲ ਉੱਲੂ ਵਾਂਗ ਝਾਕਦਿਆਂ ਤੱਕ ਕੇ ਉਹ ਮੈਨੂੰ ਹੱਸ ਕੇ ਕਹਿੰਦਾ, “ਤੈਨੂੰ ਏਥੋਂ ਕਢਾ ਤਾਂ ਨਹੀਂ ਸਕਦਾ, ਪਰ ਬੀ ਕਲਾਸ ਤਾਂ ਲਵਾ ਈ ਦਊਂ।”
ਭਰੋਸੇ ਨਾਲ ਆਖ ਕੇ ਹੁੰਦਲ ਜੇਲ੍ਹ ਵਿਚੋਂ ਲੈ ਕੇ ਆਉਣ ਵਾਲੀ ਗਾਰਦ ਕੋਲੋਂ ਮੇਰੀ ਪੇਸ਼ੀ ਦਾ ਸਮਾਂ ਪੁੱਛਣ ਲੱਗਾ। ਉਹਨਾਂ ਦੱਸਿਆ ਕਿ ਮੈਨੂੰ ਲੰਚ-ਬਰੇਕ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਮੈਂ ਜਸਵੰਤ ਨੂੰ ਜੀਤੇ ਨਿਹੰਗ ਵਾਲੀ ਚਿੱਠੀ ਪੋਸਟ ਕਰਨ ਦੀ ਹਦਾਇਤ ਦੇ ਕੇ ਆਖਿਆ ਕਿ ਉਹ ਮੇਰੀ ਉਡੀਕ ਵਿਚ ਬਖ਼ਸ਼ੀਖ਼ਾਨੇ ਦੇ ਸਾਹਮਣੇ ਖਲੋਤੇ ਰਹਿਣ ਨਾਲੋਂ ਓਨੇ ਚਿਰ ਤਾਈਂ ਹੁੰਦਲ ਕੋਲ ਹੀ ਜਾ ਕੇ ਬੈਠੇ।
“ਇਹਦੀ ਲੋੜ ਵੀ ਆ ਮੈਨੂੰ। ਤੇਰੇ ਸਰਟੀਫ਼ਿਕੇਟਾਂ ਦੀਆਂ ਨਕਲਾਂ ਵਗੈਰਾ ਕਰਵਾਉਣੀਆਂ ਪੈਣੀਆਂ ਨੇ। ਅਸੀਂ ਓਨਾ ਵਿਚ ਇਹ ਕੰਮ ਕਰਵਾ ਲੈਂਦੇ ਆਂ।”
ਹੁੰਦਲ ਨੇ ਕਿਹਾ ਤੇ ਦੋਵੇਂ ਮੇਰੇ ਨਾਲ ਹੱਥ ਮਿਲਾ ਕੇ ਤੁਰ ਗਏ।
ਉਹ ਅਜੇ ਗਏ ਹੀ ਸਨ ਕਿ ਗਾਰਦ ਮੈਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਤੁਰੀ। ਦਸ-ਪੰਦਰਾਂ ਮਿੰਟ ਵਿਚ ਨਵੀਂ ਤਰੀਕ ਵੀ ਲੈ ਆਂਦੀ। ਮੈਂ ਉਹਨਾਂ ਨੂੰ ਕਹਿੰਦਾ ਹੀ ਰਹਿ ਗਿਆ, “ਯਾਰ ਤੁਸੀਂ ਚੰਗੀ ਕੀਤੀ! ਮੇਰੇ ਬੰਦਿਆਂ ਨੂੰ ਲੰਚ-ਬਰੇਕ ਤੋਂ ਬਾਅਦ ਪੇਸ਼ ਕਰਾਉਣ ਦਾ ਝੂਠ ਕਿਉਂ ਬੋਲਿਆ!”
ਮੇਰੀ ਖਿਝ ਅਤੇ ਝੁੰਜਲਾਹਟ ਦਾ ਉੱਤਰ ਉਹਨਾਂ ਨੇ ਭੇਦ-ਭਰੀ ਖ਼ਾਮੋਸ਼ੀ ਨਾਲ ਦਿੱਤਾ।
ਤਰੀਕ ਭੁਗਤ ਕੇ ਜੇਲ੍ਹ ਵਿਚ ਪਰਤਣ ਤੋਂ ਪਹਿਲਾਂ ਹੀ ਸਵੇਰ ਵਾਲੀ ਚਪੇੜ ਦੀ ਖ਼ਬਰ ਮੇਰੇ ਸਾਥੀਆਂ ਨੂੰ ਮਿਲ ਚੁੱਕੀ ਸੀ।
“ਅੱਜ ਤਾਂ ਭਰਾਵੋ ਦਿਨ ਈ ਚੰਦਰਾ ਚੜ੍ਹਿਆ। ਪਹਿਲਾਂ ਤਾਂ ਡਿਓੜ੍ਹੀ ਵਿਚ ਪਟਾਕਾ ਪੈ ਗਿਆ। ਫੇਰ ਗਾਰਦ ਵਾਲਿਆਂ ਨੇ ਧੋਖਾ ਕੀਤਾ। ਵਕੀਲ ਨੂੰ ਝਕਾਨੀ ਦੇ ਕੇ ਪਹਿਲਾਂ ਹੀ ਤਰੀਕ ਲੈ ਆਏ। ਅੱਜ ਤਾਂ ਬੱਸ ਏਨਾ ਈ ਕੰਮ ਹੋਇਆ ਕਿ ਚਪੇੜ ਤੋਂ ਸਾਵੀਂ ਜੀਤੇ ਨਿਹੰਗ ਦੀ ਚਿੱਠੀ ਤੋਲ ਕੇ ਡਾਕੇ ਪਵਾ ਦਿੱਤੀ ਏ। ਵੇਖੋ ਉਸਦਾ ਹੁਣ ਕੀ ਬਣਦਾ ਏ!”
“ਜੇ ਦਿਨ ਈ ਏਨਾ ਮਨਹੂਸ ਚੜ੍ਹਿਐ ਤਾਂ ਬਣਨਾ ਬਨਾਉਣਾ ਜੀਤੇ ਦੀ ਚਿੱਠੀ ਦਾ ਵੀ ਕੁਝ ਨਹੀਂ।” ਕਿਸੇ ਨੇ ਟੋਣਾ ਮਾਰਿਆ।
ਇਕ ਜਣੇ ਨੇ ‘ਚਪੇੜ’ ਵਾਲੀ ਕਹਾਣੀ ‘ਕਿਵੇਂ ਵਾਪਰੀ?’ ਸੁਣਨ ਦੀ ਫ਼ਰਮਾਇਸ਼ ਪਾ ਦਿੱਤੀ। ਕੀ ਦੱਸਦਾ ਉਹਨੂੰ! ਉਹ ਇੱਕ ਵਾਰ ਕਲਪਨਾ ਵਿਚ ਮੈਨੂੰ ਫੇਰ ਚਪੇੜ ਵੱਜਦੀ ਆਪ ਵੇਖਣੀ ਤੇ ਮੈਨੂੰ ਵਿਖਾਉਣੀ ਚਾਹੁੰਦਾ ਸੀ।
ਮੈਂ ਹੱਸ ਕੇ ਫੇਰ ‘ਸਾਲਗ ਰਾਮ ਦੀ ਇਤਿਹਾਸਕ ਚਪੇੜ’ ਦੀ ਕਹਾਣੀ ਪਾ ਦਿੱਤੀ।
“ਮਾਸਟਰ ਸਾਲਗ ਰਾਮ ਮੇਰੇ ਪਿੰਡ ਦਾ ਈ ਸੀ। ਲੋਕਾਂ ਉਹਦੀਆਂ ਕਹਾਣੀਆਂ ਬਣਾਈਆਂ ਹੋਈਆਂ ਸਨ। ਪਤਾ ਨਹੀਂ ਝੂਠੀਆਂ ਜਾਂ ਸੱਚੀਆਂ। ਕਹਿੰਦੇ; ਅਪਣੀ ਸੁਹਾਗ ਰਾਤ ਨੂੰ ਜਦੋਂ ਉਹ ਚੁਬਾਰੇ ਵਿਚ ਘਰਵਾਲੀ ਕੋਲ ਗਿਆ ਤਾਂ ਇਕਦਮ ਹੇਠਲੇ ਜੀਆਂ ਨੇ ਨਵ-ਵਿਆਹੀ ਵਹੁਟੀ ਨੂੰ ਰੋਂਦਿਆਂ ਕੁਰਲਾਉਂਦਿਆਂ ਤੇ ‘ਬਚਾਓ! ਬਚਾਓ’ ਦੇ ਹਾੜੇ ਕੱਢਦਿਆਂ ਸੁਣਿਆਂ ਤੇ ਨਾਲ ਹੀ ਸੁਣੀ ‘ਧੈਂਹ! ਧੈਂਹ!’ ਦੀ ਆਵਾਜ਼। ਘਰ ਦੇ ਜੀਅ ਤੇ ਪ੍ਰਾਹੁਣੇ ਭੱਜੇ ਗਏ। ਕੀ ਵੇਖਦੇ ਕਿ ਸਾਲਗ ਰਾਮ ਵਹੁਟੀ ਨੂੰ ਕੁੱਟ ਰਿਹਾ ਹੈ ਤੇ ਉਹ ਜਾਨ ਬਚਾਉਂਦੀ ਚੁਬਾਰੇ ਵਿਚ ਨੁੱਕਰੋ-ਨੁੱਕਰੀ ਭੱਜੀ ਫਿਰਦੀ ਹੈ। “ਕਮਲਾ ਹੋ ਗਿਐਂ? ਅਕਲ ਨੂੰ ਹੱਥ ਮਾਰ। ਹੋਇਆ ਕੀ ਏ ਤੈਨੂੰ?” ਘਰਦਿਆਂ ਪੁੱਛਿਆ ਤਾਂ ਸਾਲਗ ਰਾਮ ਕਹਿੰਦਾ, “ਮੈਂ ਜਦੋਂ ਜਮਾਤ ‘ਚ ਜਾਂਦਾ ਤਾਂ ਪੰਜਾਹ ਮੁੰਡੇ ‘ਕਲਾਸ ਸਟੈਂਡ’ ਆਖ ਕੇ ਮੈਨੂੰ ‘ਬੰਦਗੀ’ ਕਰਨ ਲਈ ਉੱਠ ਕੇ ਖਲੋ ਜਾਂਦੇ ਨੇ। ਇਹ ਮੇਰੇ ਆਉਣ ‘ਤੇ ਗੁੱਛਾ-ਮੁੱਛਾ ਹੋ ਕੇ ਬੈਠੀ ਰਹੀ। ‘ਕਲਾਸ-ਸਟੈਂਡ’ ਆਖ ਕੇ ਉੱਠੀ ਕਿਉਂ ਨਹੀਂ?”
“ਹਵਾਲਦਾਰ ਵੀ ਕੰਜਰ ਸਾਡੀ ‘ਕਲਾਸ-ਸਟੈਂਡ’ ਕਰਾਉਣ ਲੱਗ ਪਿਆ ਸੀ।”
ਉਸ ਪਲ ਤਾਂ ਚਪੇੜ ਦਾ ਖੜਾਕ ਸਾਲਗ ਰਾਮ ਦੀ ਕਹਾਣੀ ਦੇ ਹਾਸੇ ਵਿਚ ਗਵਾਚ ਗਿਆ। ਪਰ ਉਂਝ ਜੀਤੇ ਲਈ ਵੱਜੀ ਚਪੇੜ ਦਾ ਸੇਕ ਮੇਰੇ ਕੰਨਾਂ ਨੂੰ ਕਈ ਦਿਨ ਲੂੰਹਦਾ ਰਿਹਾ। ਆਖ਼ਰਕਾਰ ਉਸ ਲਈ ਲਿਖੀ ਚਿੱਠੀ ਵਿਚਲੇ ਮੇਰੇ ਸ਼ਬਦਾਂ ਦੀ ਤਾਕਤ ਨੇ ਚਪੇੜ ਦੇ ਸੇਕ ਨੂੰ ਧੋ ਦਿੱਤਾ। ਮੇਰੇ ਅੰਦਰ ਖ਼ੁਸ਼ੀ ਦੇ ਫੁੱਲ ਖਿੜ ਪਏ ਜਦੋਂ ਮੈਨੂੰ ਪਤਾ ਲੱਗਾ ਕਿ ਜੀਤੇ ਨਿਹੰਗ ਦੀ ਅਗਲੀ ਪੇਸ਼ੀ ‘ਤੇ ਬਾਬਾ ਜੀ ਅਪਣੇ ਸਿੰਘਾਂ ਦੀ ਭੀੜ ਨਾਲ ਵਕੀਲ ਸਮੇਤ ਕਚਹਿਰੀ ਵਿੱਚ ਹਾਜ਼ਰ ਹੋ ਗਏ ਸਨ। ਪਿੱਛੋਂ ਪਤਾ ਲੱਗਾ; ਜੀਤੇ ਦੀ ਚਿੱਠੀ ਕਿਸੇ ਸਿੰਘ ਕੋਲੋਂ ਸੁਣ ਕੇ ਬਾਬਾ ਜੀ ਮੁਸਕਰਾਏ ਸਨ ਤੇ ਫਿਰ ਹੱਸ ਕੇ ਆਖਿਆ ਸੀ, “ਕਰੀਏ ਭਾਈ ਕੁਝ ਅਪਣੇ ਜੀਤ ਸੁੰਹ ਦਾ ਹੁਣ ਤਾਂ। ਕਰਨਾ ਹੀ ਪੈਣੈਂ!”
ਜੀਤਾ ਅਗਲੀ-ਅਗਲੇਰੀ ਪੇਸ਼ੀ ‘ਤੇ ਹੀ ਛੁੱਟ ਗਿਆ। ਮੇਰੇ ਸ਼ਬਦਾਂ ਨੇ ਨਿਰਦੋਸ਼ ਬੰਦੇ ਨੂੰ ਫਾਂਸੀ ਦੇ ਤਖ਼ਤੇ ਤੋਂ ਹੇਠਾਂ ਡਿਗਦਿਆਂ ਅਪਣੇ ਹੱਥਾਂ ਵਿੱਚ ਬੋਚ ਲਿਆ ਸੀ।
ਲਿਖਣ ਦਾ ਹੁਨਰ ਨਾਵਲ, ਕਵਿਤਾ, ਕਹਾਣੀ ਆਦਿ ਰਾਹੀਂ ਹੀ ਕਿਸੇ ਦਾ ਜੀਵਨ ਨਹੀਂ ਬਦਲਦਾ ਸਗੋਂ ‘ਚਿੱਠੀ’ ਰਾਹੀਂ ਵੀ ਬਦਲ ਸਕਦਾ ਹੈ। ਜੀਵਨ ਨੂੰ ‘ਬਦਲ’ ਹੀ ਕਿਉਂ, ਜੀਵਨ ਨੂੰ ‘ਬਚਾ’ ਵੀ ਸਕਦਾ ਹੈ!
ਮੈਂ ਧੰਨ ਧੰਨ ਹੋ ਗਿਆ ਸਾਂ।
ਹੁਣ ਭਾਵੇਂ ‘ਮੋਗਾ ਐਜੀਟਸ਼ਨ’ ਵਰਗਾ ਮਾਹੌਲ ਤਾਂ ਨਹੀਂ ਸੀ ਕਿ ਅਪਣੀ ‘ਤਾਕਤ’ ਨਾਲ ਅਸੀਂ ਜੇਲ੍ਹ-ਅਧਿਕਾਰੀਆਂ ਤੋਂ ਅਪਣੀਆਂ ‘ਮੰਗਾਂ’ ਮਨਵਾ ਸਕਦੇ ਹੋਈਏ ਪਰ ਫਿਰ ਵੀ ਮੈਂ ਅਪਣੇ ਸਾਥੀਆਂ ਨੂੰ ਕਿਹਾ ਕਿ ਸਾਨੂੰ ਜੇਲ੍ਹ-ਅਧਿਕਾਰੀਆਂ ਕੋਲ ਇਹ ਮੰਗ ਜ਼ਰੂਰ ਰੱਖਣੀ ਚਾਹੀਦੀ ਹੈ ਕਿ ਸਾਨੂੰ ਇਖ਼ਲਾਕੀ ਕੇਸਾਂ ਵਾਲੇ ਹਵਾਲਾਤੀਆਂ ਨਾਲੋਂ ਤਾਂ ਅਲੱਗ ਰੱਖਿਆ ਜਾਵੇ। ਅਸੀਂ ਅਕਸਰ ਜੇਲ੍ਹ ਦੇ ਡਿਪਟੀ ਨੂੰ ਦੌਰੇ ਸਮੇਂ ਕਹਿੰਦੇ ਰਹਿੰਦੇ ਪਰ ਉਹ ਸਾਡੀ ਗੱਲ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ।
“ਕੋਈ ਨਹੀਂ ਕਰਾਂਗੇ ਕੁਝ” ਆਖ ਕੇ ਅੱਗੋਂ ਹੱਸ ਛੱਡਦਾ।
ਪਰ ਇਕ ਦਿਨ ਸਾਡੀ ਆਸ ਤੋਂ ਉਲਟ ਸਾਨੂੰ ਕਿਹਾ ਗਿਆ ਕਿ ਸਾਡਾ ਨਾਲ ਦੀ ਇਕ ਵੱਖਰੀ ਬੈਰਕ ਵਿਚ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਅਸੀਂ ਅਪਣੀ ਟਿੰਡ ਫਹੁੜੀ ਚੁੱਕੀਏ ਤੇ ਓਧਰ ਡੇਰੇ ਲਾ ਲਈਏ। ਅਸੀਂ ਅਚਨਚੇਤ ਕੀਤੀ ਇਸ ‘ਦਇਆ’ ‘ਤੇ ਹੈਰਾਨ ਸਾਂ ਪਰ ਅੰਦਰੋਂ ਖ਼ੁਸ਼ ਵੀ ਸਾਂ।
ਪੰਜਾਹ ਸੱਠ ਬੰਦਿਆਂ ਵਾਸਤੇ ਬਣੇ ਬੈਰਕ ਦੇ ਇਸ ਖੁਲ੍ਹੇ ਕਮਰੇ ਵਿਚ ਜਦੋਂ ਅਸੀਂ ਇਕ ਨੁੱਕਰੇ ਕੰਧ ਨਾਲ ਅਪਣੇ ਬਿਸਤਰੇ ਲਾ ਕੇ ਬੈਠੇ ਤਾਂ ਇਕ ਜਣਾ ਕਹਿੰਦਾ, “ਯਾਰ! ਏਥੇ ਤਾਂ ਚੁੱਪ ਚਾਂ ਹੀ ਬੜੀ ਹੈ। ਖਾਲੀ ਖਾਲੀ ਲੱਗਦੈ। ਵਾਹਵਾ ਉਥੇ ਰੌਣਕ ਵਿਚ ਸਾਂ। ਏਥੇ ਕੱਲ੍ਹਿਆਂ ਨੂੰ ਉਹ ਸਵਾਦ ਨਹੀਂ ਆਉਣਾ।”
ਉਹ ਉਦਾਸਿਆ ਗਿਆ ਸੀ।
ਉਸੇ ਵੇਲੇ ਸ਼ਾਮ ਦੀ ਰੋਟੀ ਵਾਲੇ ਆ ਗਏ ਤੇ ਅਸੀਂ ਅਪਣੀਆਂ ਬਾਟੀਆਂ ਸਾਂਭਦੇ ਉੱਠਣ ਲੱਗੇ। ਕੀੜਿਆਂ ਵਾਲੀ ਸਬਜ਼ੀ ਵੱਲ ਵੇਖ ਕੇ ਮੈਨੂੰ ਕੰਬਣੀ ਆਈ ਤਾਂ ਮੈਂ ਇਸ ਬੈਰਕ ਵਿਚ ਅੱਡ ਹੋਣ ਦੇ ਲਾਭ ਬਾਰੇ ਅਪਣੀ ਦਲੀਲ ਦਿੱਤੀ।
“ਚੱਲੋ ਏਧਰ ਆਉਣ ਦਾ ਇਕ ਫ਼ਾਇਦਾ ਹੋਊ। ਮੇਰੀ ਬੀ ਕਲਾਸ ਲੱਗ ਜਾਵੇ, ਤੁਸੀਂ ਵੀ ਦੋਵੇਂ ਅਪਲਾਈ ਕਰ ਦਿਓ। ਤਿੰਨਾਂ ਜਣਿਆਂ ਦੇ ਰਾਸ਼ਨ ਨਾਲ ਅਪਣੇ ਰੋਟੀ ਪਾਣੀ ਵਿਚ ਕੁਝ ਤਾਂ ਫ਼ਰਕ ਆਊ। ਅੱਠ ਜਣੇ ਤਾਂ ਸਾਰੇ ਹਾਂ ਆਪਾਂ। ਰਲ-ਮਿਲ ਕੇ ਖਾ ਲਿਆ ਕਰਾਂਗੇ। ਓਧਰ ਸਾਰਿਆਂ ਵਿਚ ਤਾਂ ਵੱਖਰਾ ਖਾਂਦੇ ਚੰਗੇ ਵੀ ਨਹੀਂ ਸੀ ਲੱਗਣਾ।”
ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਅਸੀਂ ਅਪਣੇ ‘ਬਿਸਤਰਿਆਂ’ ‘ਤੇ ਬੈਠ ਕੇ ਗੱਪ-ਗਿਆਨ ਵਿਚ ਰੁੱਝ ਗਏ। ਖੱਡੀਆਂ ਵਿਚਲੇ ਖਾਲੀ ਥਾਂ ‘ਤੇ ਹੇਠਾਂ ਕੰਬਲ ਵਿਛਾ ਕੇ ਇੱਕੋ ਥਾਂ ਹੀ ਜੁੜਵੇਂ ‘ਬਿਸਤਰੇ’ ਲਾਏ ਹੋਏ ਸਨ। ਇੰਝ ਨੇੜੇ ਨੇੜੇ ਬਹਿ ਕੇ ਗੱਲ-ਬਾਤ ਕਰਨ ਵਿਚ ਵੀ ਸੁਵਿਧਾ ਰਹਿੰਦੀ ਸੀ ਤੇ ਤਾਸ਼ ਖੇਡਣ ਵਿਚ ਵੀ। ਰਾਤ ਉੱਤਰ ਆਈ ਸੀ ਤੇ ਮੈਲੇ ਬਲਬਾਂ ਦੀ ਧੁੰਦਲੀ ਰੌਸ਼ਨੀ ਬੈਰਕ ਦੀਆਂ ਪੀਲੀਆਂ ਕੰਧਾਂ ਵਿਚ ਜਜ਼ਬ ਹੋ ਰਹੀ ਸੀ। ਇਸ ਵੇਲੇ ਹੀ ਦੋ ਜੇਲ੍ਹ ਵਾਰਡਰਾਂ ਨਾਲ ਇੱਕ ਨੌਜਵਾਨ ਕੰਬਲਾਂ ਦਾ ਜੋੜਾ ਚੁੱਕੀ ਅੰਦਰ ਆਇਆ। ਤੀਹ ਪੈਂਤੀ ਸਾਲ ਦੇ ਕਰੀਬ ਉਮਰ। ਵੇਖਣ ਨੂੰ ਚੁਸਤ। ਪੋਚ ਸਵਾਰ ਨੇ ਬੱਧੀ ਕਾਲੀ ਪੱਗ।
“ਲਓ! ਤੁਹਾਡਾ ਇੱਕ ਹੋਰ ਇਨਕਲਾਬੀ ਸਾਥੀ ਵੀ ਆਣ ਪਹੁੰਚਿਐ। ਅਸੀਂ ਸੋਚਿਆ, ਇਹਨੂੰ ਤੁਹਾਡੇ ਕੋਲ ਈ ਛੱਡਦੇ ਆਂ। ਇਹ ਵੀ ਇਹੋ ਹੀ ਚਾਹੁੰਦਾ ਸੀ।”
ਨੌਜਵਾਨ ਨੇ ਸਾਨੂੰ ਅਪਣੱਤ ਭਾਵ ਨਾਲ ਕਿਹਾ, “ਸਾਥੀ ਜੀ ਕੀ ਹਾਲ ਚਾਲ ਨੇ!” ਤੇ ਸਾਡੇ ਨਜ਼ਦੀਕ ਹੀ ਖੱਡੀ ‘ਤੇ ਆਣ ਕੇ ਬੈਠ ਗਿਆ।
“ਮੈਨੂੰ ਹੱਥਕੜੀ ਲਾਉਣ ਲੱਗੇ ਤਾਂ ਮੈਂ ਕਿਹਾ, ‘ਸੱਚ ਦੀ ਆਵਾਜ਼ ਨੂੰ ਤੁਸੀਂ ਹੱਥਕੜੀਆਂ ਬੇੜੀਆਂ ਨਾਲ ਬੰਨ੍ਹ ਨਹੀਂ ਸਕਦੇ। ਇਹ ਆਵਾਜ਼ ਓਨਾ ਚਿਰ ਤੱਕ ਗੂੰਜਦੀ ਰਹੂ, ਜਦ ਤੱਕ ਇਨਕਲਾਬ ਨਹੀਂ ਆ ਜਾਂਦਾ।”
ਉਸਨੇ ਆਪੇ ਹੀ ਅਪਣੀ ਜਾਣ-ਪਛਾਣ ਦੇਣੀ ਸ਼ੁਰੂ ਕਰ ਦਿੱਤੀ।
“ਜੇਲ੍ਹ ਵਾਲੇ ਕਹਿੰਦੇ ਕਿ ਏਥੇ ਤੇਰੇ ਹੋਰ ਵੀ ਇਨਕਲਾਬੀ ਸਾਥੀ ਹੈਗੇ ਨੇ। ਮੈਂ ਰਿਕੁਐਸਟ ਕੀਤੀ ਕਿ ਮੈਨੂੰ ਵੀ ਮੇਰੇ ਭਰਾਵਾਂ ਕੋਲ ਹੀ ਲੈ ਚੱਲੋ। ਚੱਲੋ ਚੰਗਾ ਹੋਇਆ ਇਸ ਬਹਾਨੇ ਹੀ ਸਹੀ, ਤੁਹਾਡੇ ਵਰਗੇ ਜੁਝਾਰੂ ਸਾਥੀਆਂ ਦੇ ਦਰਸ਼ਨ ਕਰਨ ਤੇ ਗੱਲਬਾਤ ਸੁਣਨ ਦਾ ਮੌਕਾ ਮਿਲੇਗਾ।”
“ਕਰਮਾਂ ਵਾਲਾ ਏਂ। ਤੇਰੀ ਤਾਂ ਭਰਾਵਾ ਉਹਨਾਂ ਨੇ ਆਉਂਦਿਆਂ ਹੀ ‘ਰਿਕੁਐਸਟ’ ਸੁਣ ਲਈ; ਸਾਡੀ ਤਾਂ ਸੁਣਦੇ ਨਹੀਂ ਸਨ।” ਕੋਟ ਧਰਮ ਚੰਦ ਵਾਲੇ ਕਾਮਰੇਡ ਹਰੀ ਨੇ ਕਿਹਾ। ਮੈਂ ਉਸ ਨੌਜਵਾਨ ਤੋਂ ਨਜ਼ਰ ਬਚਾ ਕੇ ਹਰੀ ਨੂੰ ਅੱਖਾਂ ਹੀ ਅੱਖਾਂ ਵਿਚ ਘੂਰਿਆ ਕਿ ਉਸ ਨਾਲ ਗੱਲਬਾਤ ਵਿਚ ਨਾ ਪਵੇ।
ਸਾਨੂੰ ਪਹਿਲੀ ਨਜ਼ਰੇ ਹੀ ਉਹ ਸ਼ੱਕੀ ਬੰਦਾ ਲੱਗਿਆ। ਅਸੀਂ ਅੱਖਾਂ ਹੀ ਅੱਖਾਂ ਨਾਲ ਫ਼ੈਸਲਾ ਕਰ ਲਿਆ ਕਿ ਇਸ ਨੂੰ ਰਾਹ ਨਹੀਂ ਦੇਣਾ। ਜ਼ਾਹਿਰ ਸੀ ਕਿ ਉਹ ਸੀ ਆਈ ਡੀ ਦਾ ਬੰਦਾ ਸੀ ਤੇ ਕੁਝ ਦਿਨ ਸਾਡੇ ਨਾਲ ਰਹਿ ਕੇ ਸਾਡੇ ਬਾਰੇ ਅੰਦਰਲੀ ਸੂਹ ਲੈਣ ਆਇਆ ਸੀ। ਸਾਨੂੰ ਅੱਜ ਹੀ ਵੱਖਰੀ ਬੈਰਕ ਦੇਣ ਦਾ ਜੇਲ੍ਹ ਅਧਿਕਾਰੀਆਂ ਦਾ ਤਰਕ ਵੀ ਸਮਝ ਆ ਰਿਹਾ ਸੀ।
“ਕੌਣ ਜੁਝਾਰੂ ਸਾਥੀ? ਕਿਹਨਾਂ ਦੇ ਦਰਸ਼ਨਾਂ ਦੀ ਗੱਲ ਕਰਦੈਂ? ਸਾਨੂੰ ਵੀ ਮਿਲਾ ਉਹਨਾਂ ਨੂੰ।” ਰਘਬੀਰ ਮਚਲਾ ਬਣ ਗਿਆ।
“ਭਾ ਜੀ ਕਿਉਂ ਮਖ਼ੌਲ ਕਰਦੇ ਓ। ਆਪਾਂ ਮਿਲੇ ਭਾਵੇਂ ਨਹੀਂ ਕਦੀ, ਪਰ ਮੈਂ ਵੀ ਤੁਹਾਡਾ ਈ ਬੰਦਾਂ। ਮੈਨੂੰ ਕਿਤੇ ਐਮਰਜੈਂਸੀ ਚੰਗੀ ਲੱਗਦੀ ਐ? ਮੈਂ ਤਾਂ ‘ਇੰਦਰਾ ਗਾਂਧੀ ਮੁਰਦਾਬਾਦ! ਐਮਰਜੈਂਸੀ ਮੁਰਦਾਬਾਦ!’ ਦੇ ਨਾਅਰ੍ਹੇ ਮਾਰਦਾ ਈ ਕੋਰਟ ‘ਚ ਗਿਆ ਤੇ ਜੇਲ੍ਹ ਵਿਚ ਵੀ ਇੰਝ ਹੀ ਸ਼ੇਰ ਵਾਂਗ ਬੁੱਕਦਾ ਆਇਆਂ।”
“ਬੱਲੇ ਉਏ ਜਵਾਨਾਂ! ਨਹੀਂ ਰੀਸਾਂ ਤੇਰੀਆਂ! ਪਰ ਸਾਡੇ ਕੋਲ ਭਰਾਵਾ ਇਹੋ ਜਿਹੀਆਂ ਡਰਾਉਣੀਆਂ ਗੱਲਾਂ ਨਾ ਕਰ। ਏਥੇ ਤਾਂ ਕੰਧਾਂ ਨੂੰ ਵੀ ਕੰਨ ਨੇ। ਪਤਾ ਨਹੀਂ ਕਿਹੜਾ ਤੇਰੀ ਗੱਲ ਸੁਣ ਕੇ ਸੀ ਆਈ ਡੀ ਨੂੰ ਜਾ ਦੱਸੇ ਤੇ ਤੇਰੇ ਨਾਲ ਅਸੀਂ ਵੀ ਰਗੜੇ ਜਾਈਏ। ਅੱਗੇ ਕਿਹੜਾ ਏਥੇ ਸੁਖੀ ਬੈਠੇ ਆਂ। ਤੂੰ ਤਾਂ ਸੂਰਮਾ ਇਨਕਲਾਬੀ ਏਂ। ਸਾਡੇ ਵਿਚੋਂ ਤਾਂ ਕੁਝ ਵਿਚਾਰੇ ਪੜ੍ਹਾਕੂ ਤੇ ਕੁਝ ਨੌਕਰੀ-ਪੇਸ਼ਾ ਕਬੀਲਦਾਰ ਬੰਦੇ ਨੇ। ਅਪਣਾ ਟੱਬਰ ਪਾਲਣ ਵਾਲੇ। ਮਿਲੇ ਤਾਂ ਤੇਰੇ ਵਾਂਗ ਅਸੀਂ ਵੀ ਏਥੇ ਪਹਿਲੀ ਵਾਰ ਈ ਆਂ। ਪਰ ਹੈ ਆਂ ਸਾਰੇ ਈ ਬੇਕਸੂਰ। ਅਸੀਂ ਕੀ ਲੈਣਾ ਐਮਰਜੈਂਸੀ ਦੀ ਮੁਖ਼ਾਲਫ਼ਤ ਕਰ ਕੇ! ਤੋਬਾ! ਤੋਬਾ!” ਮੈਂ ਕੰਨਾਂ ਨੂੰ ਹੱਥ ਲਾਏ, “ਤੂੰ ਗੱਭਰੂ ਜਵਾਨ ਏਂ ਸਾਡੇ ਨਾਲ ਕੋਈ ਅਪਣੇ ਇਸ਼ਕ-ਮੁਸ਼ਕ ਦੀ ਗੱਲ ਸਾਂਝੀ ਕਰ। ਤੂੰ ਤਾਂ ਗੱਲਾਂ ਈ ਹੋਰ ਤਰ੍ਹਾਂ ਦੀਆਂ ਕਰਨ ਲੱਗੈਂ।”
“ਕੋਈ ਕੁੜੀ ਕੜੀ ਫਸਾਈ ਕਿ ਨਹੀਂ?” ਮੇਰੇ ਨਾਲ ਹੀ ਇੰਟੈਰੋਗੇਸ਼ਨ ਕੱਟ ਕੇ ਆਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮੁੰਡੇ ਨੇ ਸ਼ਰਾਰਤ ਨਾਲ ਅੱਖ ਨੱਪੀ।
ਉਹ ਛਿੱਥਾ ਜਿਹਾ ਪੈ ਗਿਆ ਪਰ ਉਸਨੇ ਸਾਨੂੰ ਟੋਹਣ ਦਾ ਹੌਸਲਾ ਨਾ ਛੱਡਿਆ, “ਚੰਗੇ ਇਨਕਲਾਬੀ ਜੇ ਤੁਸੀਂ! ਸਾਰਾ ਮੁਲਕ ਵੱਡੀ ਜੇਲ੍ਹ ਬਣਿਆਂ ਪਿਐ ਤੇ ਤੁਸੀਂ ਇਸ਼ਕ-ਮੁਸ਼ਕ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਓ। ਕੋਈ ਗੱਲ ਕਰੋ ਸੂਰਮੇ ਭਗਤ ਸਿੰਘ ਦੀ।”
“ਭਰਾਵਾ ਸਾਡੇ ਲਈ ਤਾਂ ਸੰਜੇ ਗਾਂਧੀ ਸਭ ਤੋਂ ਵੱਡਾ ਸੂਰਮਾਂ।” ਰਘਬੀਰ ਨੇ ਟੋਣਾ ਮਾਰਿਆ।
ਅਸੀਂ ਉਸਦੇ ਹੱਥਾਂ ਵਿਚੋਂ ਤਿਲਕ ਰਹੇ ਸਾਂ।
“ਜੇ ਤੂੰ ਕੋਈ ਇਸ਼ਕੀਆ ਕਹਾਣੀ ਨਹੀਂ ਸੁਨਾਉਣੀ ਤਾਂ ਤੇਰੀ ਮਰਜ਼ੀ। ਚੱਲ ਰਘਬੀਰ ਤੂੰ ਅਪਣੇ ਪਿੰਡ ਵਾਲੇ ਮੋਤਾ ਸੁੰਹ ਮੋਟੇ ਵਾਲੀ ਗੱਲ ਸੁਣਾ ਸਭ ਨੂੰ।”
ਮੈਂ ਸੋਚਿਆ ਉਸ ਨਾਲ ਗੱਲਬਾਤ ਵਧਾਉਣ ਨਾਲੋਂ ਆਪਸ ਵਿਚ ਫ਼ਜ਼ੂਲ ਗੱਲਾਂ ਕਰਨ ਲੱਗ ਜਾਈਏ।
ਰਘਬੀਰ ਨੇ ਮੂੰਹ ਸਵਾਰਿਆ, “ਤੁਹਾਨੂੰ ਤਾਂ ਪਤਾ ਈ ਐ। ਇਹਨਾਂ ਨੂੰ ਸੁਣਾ ਦਿੰਦੇ ਆਂ। ਸਾਡੇ ਪਿੰਡ ਗੋਗਾਂ ਨਾਂ ਦੀ ਕੁੜੀ ਏ। ਸੋਲਾਂ ਸਤਾਰਾਂ ਸਾਲਾਂ ਦੀ। ਪੈਸੇ ਲੈ ਕੇ ਵਿਚਾਰੀ ਸਭ ਨੂੰ ਖ਼ੁਸ਼ ਕਰ ਦਿੰਦੀ ਏ। ਮੋਤਾ ਸੁੰਹ ਛੜੇ ਨੇ ਸੁਣਿਆਂ ਤਾਂ ਇਕ ਦਿਨ ਰਾਹ ‘ਚ ਇਕਲਵੰਜੇ ਘੇਰ ਕੇ ਕਹਿੰਦਾ, “ਗੋਗਾਂ! ਕਿਤੇ ਸਾਡਾ ਗਰੀਬਾਂ ਦਾ ਵੀ ਖ਼ਿਆਲ ਕਰ।” ਗੋਗਾਂ ਨੇ ਅੱਗੋਂ ਬਣਾ ਸਵਾਰ ਕੇ ਆਖਿਆ, “ਤਾਇਆ ਤੂੰ ਆਪ ਈ ਦੱਸ; ਆਪਾਂ ਦੋਵੇਂ ਭਲਾ ਚੰਗੇ ਲੱਗਾਂਗੇ?”
“ਲੈ ਹੁਣ ਇਸ ਇਨਕਲਾਬੀ ਭਰਾ ਨੂੰ ਕਿਵੇਂ ਸਮਝਾਈਏ ਕਿ ਇਹ ਸਾਡੇ ਵਰਗੇ ਚਾਲੂ ਜਿਹੇ ਬੰਦਿਆਂ ਨਾਲ ਇਨਕਲਾਬ ਦੀਆਂ ਗੱਲਾਂ ਕਰਦਾ ਭਲਾ ਚੰਗਾ ਲੱਗੂਗਾ!” ਖ਼ਾਲਸਾ ਕਾਲਜ ਦੇ ਐੱਮ ਐੱਸ ਸੀ ਐਗਰੀਕਲਚਰ ਕਰਦੇ ਵਿਦਿਆਰਥੀ ਆਗੂ ਸੰਘੇ ਨੇ ਅਪਣੀ ਵਾਰੀ ਵਾਹ ਲਈ।
ਉਹ ਨੌਜਵਾਨ ਉੱਲੂ ਵਾਂਗ ਸਾਨੂੰ ਹੱਸਦਿਆਂ ਨੂੰ ਵੇਖਣ ਲੱਗਾ। ਅਸੀਂ ਫਿਰ ਉਸ ਨਾਲ ਨਾ ਹੀ ਅੱਖ ਮਿਲਾਈ ਤੇ ਨਾ ਹੀ ਬੋਲ ਸਾਂਝਾ ਕੀਤਾ। ਲੁੱਚਿਆਂ ਲਤੀਫ਼ਿਆਂ ਦਾ ਸਿਲਸਿਲਾ ਅਜਿਹਾ ਚਾਲੂ ਹੋਇਆ ਕਿ ਉਹ ਸਾਡੇ ਵੱਲ ਬਿਟਬਿਟ ਵੇਖਦਾ ਈ ਰਿਹਾ।
“ਯਾਰ ਚੰਗੇ ਇਨਕਲਾਬੀ ਓ ਤੁਸੀਂ। ਕਿਹੋ ਜਿਹੀਆਂ ਗੱਲਾਂ ਕਰਦੇ ਓ! ਮੈਂ ਤਾਂ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ ਸਾਂ। ਤੇ ਤੁਸੀਂ।”
ਉਸਨੇ ਅਜੇ ਵੀ ਯਤਨ ਨਹੀਂ ਸੀ ਛੱਡਿਆ।
“ਅਸੀਂ ਕੋਈ ਇਨਕਲਾਬੀ ਇਨਕਲੂਬੀ ਨਹੀਂ ਭਰਾ। ਤੂੰ ਨਹੀਂ ਗੱਲਾਂ ਸੁਣਨੀਆਂ ਤਾਂ ਕੰਬਲ ਵਿਛਾ ਕੇ ਲੰਮਾਂ ਪੈ ਜਾ। ਨਾਲ ਅਪਣੇ ਇਨਕਲਾਬ ਨੂੰ ਵੀ ਸਵਾ ਲੈ। ਅਸੀਂ ਤਾਂ ਸਦਾ ਇਹੋ ਜਿਹੀਆਂ ਗੱਲਾਂ ਈ ਕਰਦੇ ਆਂ।”
ਮੈਂ ਥੋੜ੍ਹੀ ਖਿਝ ਨਾਲ ਆਖਿਆ ਤੇ ਫਿਰ ਸਾਥੀਆਂ ਨੂੰ ਵੰਗਾਰਿਆ, “ਚੁੱਕੋ ਮੁੰਡਿਓ ਬੋਲੀ।”
ਅਸੀਂ ਬੋਲੀਆਂ ਪਾਉਣ ਲੱਗੇ।
ਨਿਰਾਸ਼ ਹੋ ਕੇ ਉਸਨੇ ਖੱਡੀ ‘ਤੇ ਕੰਬਲ ਵਿਛਾਇਆ ਤੇ ਲੇਟ ਗਿਆ।
ਅਸੀਂ ਚੁਗ਼ਲ-ਖ਼ੋਰ ਤੇ ਸੂਹੀਏ ਸੁਭਾ ਵਾਲੇ ਲੋਕਾਂ ਦੀ ਨਿੰਦਿਆ ਕਰਨ ਲੱਗੇ। ਪੈਸੇ ਖ਼ਾਤਰ ਜ਼ਮੀਰ ਵੇਚਣ ਵਾਲੇ ਲੋਕਾਂ ਨੂੰ ਗਾਲ੍ਹਾਂ ਦੇਣ ਲੱਗੇ। ਫਿਰ ਨਹੀਂ ਉਹ ਬੋਲਿਆ। ਸਾਰੀ ਰਾਤ ਕੰਨ ਵਲ੍ਹੇਟ ਕੇ ਪਿਆ ਰਿਹਾ।
ਦਿਨੇ ਉੱਠਦਿਆਂ ਹੀ ਉਹ ਜੰਗਲ-ਪਾਣੀ ਗਿਆ ਤਾਂ ਫਿਰ ਬਹੁੜਿਆ ਈ ਨਹੀਂ। ਅਸੀਂ ਉਸ ‘ਇਨਕਲਾਬੀ’ ਦੀ ਉਡੀਕ ਕਰਦੇ ਰਹੇ। ਬਾਅਦ ਵਿਚ ਜੇਲ੍ਹ ਕਰਮਚਾਰੀਆਂ ਨੂੰ ‘ਉਸ ਇਨਕਲਾਬੀ ਸਾਥੀ’ ਬਾਰੇ ਪੁੱਛਿਆ ਤਾਂ ਉਹ ਵੀ ਘੋਗਲਕੰਨੇ ਬਣ ਕੇ ਚੁੱਪ ਵੱਟ ਗਏ।
ਜੇਲ੍ਹ ਵਿਚੋਂ ਰਿਹਾ ਹੋਇਆ ਤਾਂ ਇਕ ਦਿਨ ਮੈਂ ਉਸਨੂੰ ਅੰਂਮ੍ਰਿਤਸਰ ਦੇ ਹਾਲ-ਗੇਟ ਦੇ ਬਾਹਰ ਸੂਟ-ਬੂਟ ਵਿਚ ਫੱਬਿਆ ਵੇਖਿਆ। ਮੇਰਾ ਜੀ ਤਾਂ ਕੀਤਾ ਕਿ ਇਕ ਵਾਰ ‘ਐਮਰਜੈਂਸੀ ਵਿਰੁਧ ਉਹਦੇ ਸੰਘਰਸ਼’ ਬਾਰੇ ਉਸਨੂੰ ਪੁੱਛਾਂ ਤਾਂ ਸਹੀ ਪਰ ਫਿਰ ‘ਜਾਣ-ਬੁੱਝ ਕੇ ਕੀ ਪੰਗਾ ਲੈਣਾ’ ਸੋਚਦਿਆਂ ਮੈਂ ਉਸ ਨਾਲ ਅੱਖ ਮਿਲਾਏ ਬਿਨਾਂ ਹੀ ਚੁੱਪ-ਚਾਪ ਉਸਦੇ ਕੋਲੋਂ ਲੰਘ ਗਿਆ।
ਅਗਲੀ ਤਰੀਕ ਵੇਲੇ ਜਸਵੰਤ ਤੇ ਅਜਾਇਬ ਹੁੰਦਲ ਮੈਨੂੰ ਫੇਰ ਬਖ਼ਸ਼ੀਖ਼ਾਨੇ ਆਣ ਕੇ ਮਿਲੇ। ਹੁੰਦਲ ਪੁਲਿਸ ਦੇ ਰਵੱਈਏ ‘ਤੇ ਨਰਾਜ਼ ਸੀ ਜਿਸਨੇ ਮੈਨੂੰ ਅਦਾਲਤ ਵਿਚ ਪੇਸ਼ ਕਰਨ ਦੇ ਸਮੇਂ ਬਾਰੇ ਉਸਨੂੰ ਧੋਖੇ ਵਿਚ ਰੱਖਿਆ ਸੀ। ਉਹ ਇਸ ਵਾਰੀ ਇਹ ਧੋਖਾ ਨਹੀਂ ਸੀ ਖਾਣਾ ਚਾਹੁੰਦਾ। ਅਸੀਂ ਫ਼ੈਸਲਾ ਕੀਤਾ ਕਿ ਜਸਵੰਤ ਬਖ਼ਸ਼ੀਖ਼ਾਨੇ ਦੇ ਸਾਹਮਣੇ ਥੋੜ੍ਹੀ ਵਿੱਥ ‘ਤੇ ਖਲੋਤਾ ਰਹੇਗਾ ਤੇ ਜਿਸ ਵੇਲੇ ਪੁਲਿਸ ਮੈਨੂੰ ਅਦਾਲਤ ਵਿਚ ਪੇਸ਼ ਕਰਨ ਲਈ ਬਖ਼ਸ਼ੀਖ਼ਾਨਿਓਂ ਬਾਹਰ ਕੱਢਣ ਲੱਗੂ, ਉਹ ਦੌੜਦਾ ਹੋਇਆ ਹੁੰਦਲ ਕੋਲ ਜਾ ਇਤਲਾਹ ਦਏਗਾ।
ਪੰਜਾਹ ਕੁ ਗ਼ਜ਼ ਦੀ ਵਿੱਥ ‘ਤੇ ਜਸਵੰਤ ਮੇਰੇ ਸਾਹਮਣੇ ਖਲੋਤਾ ਸੀ। ਖੜੀ ਲੱਤ। ਨਜ਼ਰਾਂ ਮੇਰੇ ਵੱਲ ਗੱਡੀਆਂ ਹੋਈਆਂ। ਸਾਦੇ ਕੱਪੜਿਆਂ ਵਿਚ ਇੱਕ ਮੋਟੇ ਜਿਹੇ ਢਿੱਡ ਵਾਲਾ ਸਰਦਾਰ ਨੇੜੇ ਹੀ ਧੁੱਪ ਵਿਚ ਖਲੋਤੇ ਗਾਰਦ ਵਾਲਿਆਂ ਕੋਲ ਆਇਆ। ਉਹਨਾਂ ਨਾਲ ਕੋਈ ਗੱਲਬਾਤ ਕੀਤੀ ਤੇ ਪਿੱਛੇ ਮੁੜ ਕੇ ਥੋੜ੍ਹੀ ਵਿੱਥ ‘ਤੇ ਖਲੋ ਕੇ ਬਖ਼ਸ਼ੀਖ਼ਾਨੇ ਵੱਲ ਝਾਕਣ ਲੱਗਾ। ਉਹ ਉਥੇ ਹੀ ਨੇੜੇ ਤੇੜੇ ਟਹਿਲਣ ਲੱਗਾ, ਜਿਵੇਂ ਕਿਸੇ ਦੀ ਉਡੀਕ ਕਰ ਰਿਹਾ ਹੋਵੇ।
ਅਪਣੇ ਨੇੜੇ ਹੀ ਟਹਿਲਦਾ ਵੇਖ ਕੇ ਜਸਵੰਤ ਨੇ ਉਸਨੂੰ ਧਿਆਨ ਨਾਲ ਵੇਖਿਆ; ਪਛਾਣਿਆਂ ਤੇ ‘ਸਤਿ ਸ੍ਰੀ ਆਕਾਲ’ ਕਹਿ ਕੇ ਉਹਦੇ ਗੋਡਿਆਂ ਨੂੰ ਹੱਥ ਲਾਉਣ ਲਈ ਅੱਗੇ ਵਧਿਆ। ਜਸਵੰਤ ਅਧਿਆਪਕ ਬਣਨ ਤੋਂ ਪਹਿਲਾਂ ਦੋ ਕੁ ਸਾਲ ਪੁਲਿਸ ਵਿਚ ਵੀ ਰਹਿ ਚੁੱਕਾ ਸੀ। ਇਹ ਬੰਦਾ ਉਦੋਂ ਹੈੱਡ-ਕਾਂਸਟੇਬਲ ਹੁੰਦਾ ਸੀ ਤੇ ਜਸਵੰਤ ਹੁਰਾਂ ਦੀ ਪਰੇਡ ਕਰਾਉਣ ਵਾਲਾ ‘ਉਸਤਾਦ’ ਸੀ। ਜਸਵੰਤ ਨੇ ਅਪਣੀ ਜਾਣ-ਪਛਾਣ ਕਰਵਾਈ ਤਾਂ ਉਸਨੇ ‘ਸ਼ਾਬਾਸ਼!’ ਵਜੋਂ ਉਸਦੀ ਪਿੱਠ ਥਾਪੜੀ।
ਉਸਤਾਦ ਨੇ ਦੱਸਿਆ ਕਿ ਉਹ ਤਰੱਕੀ ਕਰਕੇ ਇੰਸਪੈਕਟਰ ਬਣ ਗਿਆ ਹੈ। ਜਸਵੰਤ ਨੂੰ ਉਸਤਾਦ ਦੇ ਇਸ ਵੇਲੇ ਇਥੇ ਹੋਣ ਅਤੇ ਟਹਿਲਣ ਪਿਛਲੇ ਕਾਰਨ ਦਾ ਇਲਮ ਨਹੀਂ ਸੀ। ਉਹ ਤਾਂ ‘ਅਪਣੇ ਉਸਤਾਦ’ ਦੇ ਸਾਲਾਂ ਬਾਅਦ ਅਚਨਚੇਤ ਮਿਲ ਜਾਣ ਦੀ ਖ਼ੁਸ਼ੀ ਨਾਲ ਭਰ ਗਿਆ ਸੀ।
ਜਾਣ-ਪਛਾਣ ਦਾ ਸਿਲਸਿਲਾ ਮੁੱਕਦਿਆਂ ਹੀ ਉਸਤਾਦ ਨੇ ਪੁੱਛਿਆ,”ਤੂੰ ਏਥੇ ਖਲੋਤਾ ਕੀ ਕਰਦਾ ਏਂ?”
” ਮੇਰਾ ਦੋਸਤ ਹੈ ਵਰਿਆਮ ਸੰਧੂ। ਉਹਦੀ ਤਰੀਕ ਹੈ ਅੱਜ। ਉਹਦੇ ਪਿੱਛੇ ਆਇਆਂ। ਐਥੇ ਬਖ਼ਸ਼ੀਖ਼ਾਨੇ ਵਿਚ ਹੈ; ਔਹ ਸਾਹਮਣੇ।” ਜਸਵੰਤ ਨੇ ਦੱਸਿਆ ਤਾਂ ਉਹ ਸਿਰ ਹੋ ਗਿਆ। ਮੇਰੇ ਬਾਰੇ ਜਾਨਣ ਲਈ ਉਸਨੂੰ ਸਵਾਲਾਂ ਦੀ ਝੜੀ ਲਾ ਦਿੱਤੀ।
“ਤੂੰ ਉਹਨੂੰ ਕਿਵੇਂ ਜਾਣਦਾ ਏਂ?”, “ਤੁਹਾਡਾ ਮੇਲ ਕਿਵੇਂ ਹੋਇਆ?”, “ਉਹਦੇ ਮਾਂ ਪਿਓ ਕੀ ਕੰਮ ਕਰਦੇ ਨੇ?”, “ਨਾਨਕੇ ਕਿੱਥੇ ਨੇ ਉਹਦੇ?”, “ਉਹ ਕੀ ਕਰਦੇ ਨੇ?” ਵਗ਼ੈਰਾ ਵਗ਼ੈਰਾ।
ਜਸਵੰਤ ਨੂੰ ਕੀ ਪਤਾ ਸੀ! ਉਹ ਭੋਲੇ ਭਾਅ ਮੇਰੇ ਬਾਰੇ ਸਭ ਕੁਝ ਦੱਸੀ ਗਿਆ।
“ਚੱਲ ਯਾਰ! ਮੈਨੂੰ ਮਿਲਾ ਖਾਂ ਇੱਕ ਵਾਰ ਉਹਨੂੰ।” ਉਹ ਜਸਵੰਤ ਦੀ ਬਾਂਹ ਫੜ੍ਹ ਬਖ਼ਸ਼ੀਖ਼ਾਨੇ ਵੱਲ ਤੁਰਨ ਲੱਗਾ ਤਾਂ ਜਸਵੰਤ ਨੇ ਫ਼ਿਕਰ ਸਾਂਝਾ ਕੀਤਾ,”ਗ਼ਾਰਦ ਵਾਲਿਆਂ ਨਹੀਂ ਜਾਣ ਦੇਣਾ ਨੇੜੇ।”
“ਕੋਈ ਨਹੀਂ, ਕੁਝ ਨਹੀਂ ਕਹਿੰਦੇ। ਮੈਂ ਜੂ ਨਾਲ ਆਂ।”
ਕੋਲ ਆ ਕੇ ਦਰਵਾਜ਼ੇ ਦੀਆਂ ਸੀਖਾਂ ਨੂੰ ਹੱਥ ਪਾ ਕੇ ਕਹਿਣ ਲੱਗਾ, “ਬੱਲੇ! ਬੱਲੇ! ਬੱਲੇ! ਭਾ ਵਰਿਆਮ ਸਿਅ੍ਹਾਂ! ਬੜਾ ਅਫ਼ਸੋਸ ਹੋਇਆ ਤੈਨੂੰ ਏਥੇ ਵੇਖ ਕੇ। ਮੈਨੂੰ ਜਸਵੰਤ ਨੇ ਦੱਸਿਆ ਕਿ ਤੂੰ ਵੈੱਲ ਕੁਆਲੀਫ਼ਾਈਡ ਏਂ। ਤੇਰੀ ਘਰ ਵਾਲੀ ਵੀ ਟੀਚਰ ਲੱਗੀ ਹੋਈ ਏ। ਤੂੰ ਕਿੱਥੇ ਏਥੇ ਰਿਕਸ਼ਾ-ਪੁੱਲਰਾਂ ਤੇ ਜਰਾਇਮ ਪੇਸ਼ਾ ਲੋਕਾਂ ਵਿਚ ਬੈਠੈਂ! ਛੱਡ ਏਸ ਕੰਮ ਨੂੰ। ਅਪਣਾ ਟੱਬਰ ਪਾਲ।”
“ਮੈਂ ਕਿਹੜਾ ਏਥੇ ਅਪਣੀ ਮਰਜ਼ੀ ਨਾਲ ਬੈਠਾਂ। ਹੁਣ ਪੁਲਿਸ ਜੇ ਝੂਠੇ ਕੇਸ ਪਾ ਕੇ ਬੰਦੇ ਨੂੰ ਅੰਦਰ ਕਰ ਦੇਵੇ ਤਾਂ ਅਗਲਾ ਕੀ ਕਰ ਸਕਦਾ ਏ!”
“ਹੱਛਾ! ਬੱਲੇ, ਬੱਲੇ! ਨਾਨਕੇ ਕਿੱਥੇ ਨੇ ਤੇਰੇ ਭਲਾ? ਤੇਰੇ ਫਾਦਰ ਸਾਹਬ ਦੀ ਤਾਂ ਡੈੱਥ ਹੋ ਗਈ ਐ ਸ਼ਾਇਦ; ਜਸਵੰਤ ਨੇ ਦੱਸਿਐ। ਕੀ ਕਰਦੇ ਸੀ ਕੰਮ-ਕਾਰ ਉਹ? ਸਹੁਰੇ ਕਿੱਥੇ ਨੇ ਤੇਰੇ?”
ਮੈਂ ਤਾੜ ਗਿਆ ਸਾਂ ਕਿ ਉਹ ਸੀ ਆਈ ਡੀ ਦਾ ਬੰਦਾ ਹੈ। ਜ਼ਾਹਿਰ ਸੀ ਕਿ ਉਹ ਸਾਨੂੰ ਮਿਲਣ-ਗਿਲਣ ਵਾਲਿਆਂ ਦੀ, ਸਾਡੀ ਤੇ ਸਾਡੇ ਮੁਕੱਦਮੇ ਦੀ ਸੂਹ ਲੈਣ ਆਇਆ ਸੀ।
ਮੈਂ ਬੋਚ ਬੋਚ ਕੇ ਜਵਾਬ ਦੇਣ ਲੱਗਾ।
“ਯਾਰ ਏਡਾ ਸੋਹਣਾ ਜਵਾਨ ਤੂੰ! ਏਨਾ ਪੜ੍ਹਿਆ ਲਿਖਿਆ! ਛੱਡ ਇਸ ਕੰਮ ਨੂੰ। ਲਿਖ ਕੇ ਦੇ ਦੇ ਕਿ ਮੈਂ ਅੱਗੇ ਤੋਂ ਇਸ ਲਹਿਰ ਵਿਚ ਕੰਮ ਨਹੀਂ ਕਰਦਾ।”
ਮੈਂ ਹੱਸਿਆ।
“ਕਿਹੜੀ ਲਹਿਰ ਵਿਚ ਜੀ? ਕੀ ਕੰਮ ਕਰਦਾਂ ਮੈਂ? ਜੇ ਲਿਖ ਕੇ ਦਿੱਤਿਆਂ ਸਰਦਾ ਏ ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਆਂ ਕਿ ਮੈਂ ਕੁਝ ਨਹੀਂ ਕੀਤਾ; ਸਰਕਾਰ ਨੇ ਮੈਨੂੰ ਨਜਾਇਜ਼ ਗ੍ਰਿਫ਼ਤਾਰ ਕੀਤਾ ਹੈ। ਪਰ ਲਿਖ ਕੇ ਕੀਹਨੂੰ ਦਿਆਂ?”
ਉਹ ਅੱਧਾ ਘੰਟਾ ਗੱਲਾਂ ਬਾਤਾਂ ਕਰਨ ਤੇ ਮੇਰੀ ਪੁੱਛ-ਗਿੱਛ ਕਰਨ ਤੋਂ ਬਾਅਦ ਜਸਵੰਤ ਨਾਲ ਹੱਥ ਮਿਲਾ ਕੇ ਜਾਣ ਲਈ ਪਿੱਛੇ ਨੂੰ ਮੁੜਿਆ। ਸ਼ਾਇਦ ਕਾਗ਼ਜਾਂ ਦਾ ਢਿੱਡ ਭਰਨ ਲਈ ਉਸਨੂੰ ‘ਕਾਫ਼ੀ ਮਸਾਲਾ’ ਮਿਲ ਗਿਆ ਸੀ!
ਉਹਦੇ ਜਾਣ ਪਿੱਛੋਂ ਮੈਂ ਜਸਵੰਤ ਨੂੰ ਦੱਸਿਆ ਕਿ ਇਹ ਸੀ ਆਈ ਡੀ ਦਾ ਬੰਦਾ ਹੈ ਤੇ ਸਾਡੇ ਪਿੱਛੇ ਸੂਹ ਲੈਣ ਆਇਆ ਹੈ। ਜਸਵੰਤ ਦਾ ਪਰੇਸ਼ਾਨੀ ਵਿਚ ਮੂੰਹ ਨਿੱਕਾ ਜਿਹਾ ਹੋ ਗਿਆ।
“ਮੈਂ ਤਾਂ ਭੈਣ ਦੇ ਯਾਰ ਨੂੰ ਸਾਰਾ ਕੁਝ ਦੱਸੀਂ ਗਿਆਂ। ਮੈਨੂੰ ਕੀ ਪਤਾ ਸੀ!”
“ਤੂੰ ਪਰਿਵਾਰ ਤੇ ਰਿਸ਼ਤੇਦਾਰਾਂ ਬਾਰੇ ਜੋ ਜਾਣਕਾਰੀ ਦਿੱਤੀ ਹੈ, ਉਹ ਪੁਲਿਸ ਕੋਲ ਪਹਿਲਾਂ ਈ ਹੈਗੀ ਏ। ਤੈਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਤੂੰ ਬੱਸ ਉਥੇ ਸਾਹਮਣੇ ਜਾ ਕੇ ਅਪਣੀ ਡਿਊਟੀ ‘ਤੇ ਖਲੋ ਜਾ।”
ਉਸਨੇ ‘ਡਿਊਟੀ’ ਨਿਭਾਈ ਵੀ ਚੰਗੀ ਤਰ੍ਹਾਂ। ਜਦੋਂ ਹੀ ਮੈਨੂੰ ਗ਼ਾਰਦ ਬਖ਼ਸ਼ੀਖ਼ਾਨੇ ਵਿਚੋਂ ਬਾਹਰ ਕੱਢਣ ਲੱਗੀ ਤਾਂ ਜਸਵੰਤ ਨੇ ਅਜਾਇਬ ਹੁੰਦਲ ਵੱਲ ਸ਼ੂਟ ਵੱਟ ਲਈ।
ਅਸੀਂ ਕੋਰਟ ਦੇ ਬਰਾਂਡੇ ਵਿਚ ਖਲੋਤੇ ਆਵਾਜ਼ ਪੈਣ ਦੀ ਉਡੀਕ ਕਰ ਰਹੇ ਸਾਂ। ਮੇਰੀ ਨਜ਼ਰ ਜਸਵੰਤ ਅਤੇ ਅਜਾਇਬ ਹੁੰਦਲ ਦਾ ਰਾਹ ਨਿਹਾਰ ਰਹੀ ਸੀ। ਓਧਰੋਂ ਸਾਨੂੰ ਆਵਾਜ਼ ਪਈ ਤੇ ਓਧਰੋਂ ਹੁੰਦਲ ਹੁਰੀਂ ਤੇਜ਼ ਕਦਮੀ ਤੁਰਦੇ ਬਰਾਂਡੇ ਵਿਚ ਸਾਡੇ ਕੋਲ ਆਣ ਪੁੱਜੇ। ਅਜਾਇਬ ਹੁੰਦਲ ਮੇਰੇ ਕੇਸ ਦੀ ਨੌਈਅਤ ਅਤੇ ਪੁਲਿਸ ਦਾ ਰਵੱਈਆਂ ਵੇਖ ਕੇ ਪੂਰੀ ਤਿਆਰੀ ਨਾਲ ਆਇਆ ਸੀ। ਕਿਸੇ ਗੱਲੋਂ ਢਿੱਲ ਨਾ ਰਹਿ ਜਾਵੇ ਇਸ ਲਈ ਐਤਕੀਂ ਉਹ ਅਪਣੇ ਨਾਲ ਇਕ ਸੀਨੀਅਰ ਵਕੀਲ ਨੂੰ ਵੀ ਲੈ ਕੇ ਆਇਆ ਸੀ। ਉਸਨੇ ਅਨੁਮਾਨ ਲਾ ਲਿਆ ਸੀ ਕਿ ਅਜਿਹੇ ਕੇਸਾਂ ਵਿਚ ਅਦਾਲਤਾਂ ਵੀ ਪੁਲਿਸ ਦੀ ਮਰਜ਼ੀ ਨਾਲ ਹੀ ਕੰਮ ਕਰਦੀਆਂ ਸਨ ਤੇ ਮੇਰੇ ਲਈ ‘ਬੀ-ਕਲਾਸ’ ਲਵਾਉਣ ਵੀ ਲੋੜੋਂ ਵੱਧ ਜ਼ੋਰ ਲਾਉਣਾ ਪੈ ਸਕਦਾ ਸੀ।
ਅਸੀਂ ਹਾਜ਼ਰ ਹੋਏ ਤਾਂ ਜੱਜ ਈਸ਼ਵਰ ਚੰਦਰ ਅਗਰਵਾਲ ਨੇ ਅਪਣੀਆਂ ਨੱਕ ਉੱਤੋਂ ਢਿਲਕੀਆਂ ਐਨਕਾਂ ਦੇ ਉੱਪਰੋਂ ਸਾਡੇ ਵੱਲ ਝਾਤ ਮਾਰੀ ਅਤੇ ਹੱਥ ਵਿਚ ਫੜ੍ਹੇ ਕਾਗ਼ਜਾਂ ਨੂੰ ਫੋਲਣ ਲੱਗਾ। ਮੈਨੂੰ ਬੀ ਕਲਾਸ ਦੇਣ ਦੀ ਦਰਖ਼ਾਸਤ ਪੇਸ਼ ਕੀਤੀ ਤਾਂ ਉਸਨੇ ਉਸ ‘ਤੇ ਸਰਸਰੀ ਜਿਹੀ ਝਾਤ ਮਾਰ ਕੇ ਅਪਣਾ ਧੜੀ ਜਿੱਡਾ ਸਿਰ ਦੋ-ਤਿੰਨ ਵਾਰ ‘ਨਾਂਹ’ ਵਿਚ ਹਿਲਾਇਆ। ਅਜਾਇਬ ਹੁੰਦਲ ਤਾਂ ਚੁੱਪ ਰਿਹਾ ਪਰ ਉਸ ਨਾਲ ਆਇਆ ਸੀਨੀਅਰ ਵਕੀਲ ਬੜੇ ਅਪਣੱਤ ਭਾਵ ਨਾਲ ਕਹਿਣ ਲੱਗਾ, ” ਸਰ ਬੀ-ਕਲਾਸ ਲੈਣਾ ਇਸਦਾ ਕਾਨੂੰਨੀ ਹੱਕ ਬਣਦਾ ਹੈ। ਹਜ਼ੂਰ ਨੂੰ ਇਸ ਵਿਚ ਇਤਰਾਜ਼ ਤਾਂ ਨਹੀਂ ਹੋਣਾ ਚਾਹੀਦਾ।”
ਸੀਨੀਅਰ ਵਕੀਲ ਜਿਸ ਅਪਣੱਤ ਅਤੇ ਭਰੋਸੇ ਨਾਲ ਗੱਲ ਕਰ ਰਿਹਾ ਸੀ ਉਸਤੋਂ ਲੱਗਦਾ ਸੀ ਕਿ ਜੱਜ ਨਾਲ ਉਸਦਾ ਨੇੜ ਵੀ ਹੈ। ਅਕਸਰ ਸੀਨੀਅਰ ਵਕੀਲਾਂ ਦੀ ਜੱਜਾਂ ਨਾਲ ਨੇੜਲੀ ਸਾਂਝ ਬਣ ਹੀ ਜਾਂਦੀ ਹੈ।
ਜੱਜ ਸਾਡੇ ਕੇਸ ਨਾਲ ਸੰਬੰਧਤ ਕਾਗਜ਼ਾਂ ਦੀ ਫੋਲਾ-ਫਾਲੀ ਕਰੀ ਜਾ ਰਿਹਾ ਸੀ। ਉਹਦਾ ਮੱਥਾ ਤਿਊੜੀਆਂ ਨਾਲ ਕੱਸਿਆ ਗਿਆ।
“ਡੀ ਆਈ ਆਰ ਦਾ ਕੇਸ ਹੈ ਇਸਦੇ ਖ਼ਿਲਾਫ਼!”
ਉਸਨੇ ਮੇਰੀਆਂ ‘ਖ਼ਤਰਨਾਕ ਗਤੀਵਿਧੀਆਂ’ ਵੱਲ ਸੰਕੇਤ ਵੀ ਕੀਤਾ ਤਾਂ ਸੀਨੀਅਰ ਵਕੀਲ ਹੱਸ ਕੇ ਕਹਿੰਦਾ, “ਹਜ਼ੂਰ! ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਕਿ ਇਸਦਾ ਜ਼ਾਹਿਰਾ ਕਸੂਰ ਤਾਂ ਕੋਈ ਹੈ ਨਹੀਂ। ਕੇਸ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਪੁਲਿਸ ਕਿਵੇਂ ਬਣਾ ਲੈਂਦੀ ਹੈ!”
“ਉਂਝ ਵੀ ਸਰ! ਇਹ ਵਿਚਾਰੇ ਸ਼ਾਇਰ ਤੇ ਅਦੀਬ ਲੋਕ ਨੇ! ਇਹਨਾਂ ਤੋਂ ਸਰਕਾਰ ਨੂੰ ਕਾਹਦਾ ਖ਼ਤਰਾ!” ਕੋਲੋਂ ਅਜਾਇਬ ਹੁੰਦਲ ਨੇ ਹਾਮੀ ਭਰੀ।
“ਯੇਹ ਸ਼ਾਇਰ ਸਾਹਿਬ ਇੰਦਰਾ ਗਾਂਧੀ ਕੇ ਖ਼ਿਲਾਫ਼ ਕਵਿਤਾਏਂ ਲਿਖਤੇ ਹੈਂ। ਆਪ ਕਹਿਤੇ ਹੈਂ ਇਨਸੇ ਖ਼ਤਰਾ ਕੋਈ ਨਹੀਂ!”
ਅਸਲੀ ਗੱਲ ਸਹਿਵਨ ਹੀ ਬਾਹਰ ਆ ਗਈ ਸੀ। ਮੇਰੇ ਖ਼ਿਲਾਫ਼ ‘ਮੇਰੀਆਂ ਲਿਖਤਾਂ’ ਤੋਂ ਸਿਵਾਇ ਹੋਰ ‘ਵੱਡਾ ਦੋਸ਼’ ਕੋਈ ਨਹੀਂ ਸੀ। ਲੱਗੇ ਹੋਏ ‘ਦੂਜੇ ਦੋਸ਼’ ਤਾਂ ਮੇਰੀਆਂ ਲਿਖਤਾਂ ਦੀ ਹੀ ਪੈਦਾਵਾਰ ਸਨ। ਸ਼ਾਇਦ ਸੀਨੀਅਰ ਵਕੀਲ ਤੇ ਜੱਜ ਦੀ ਆਪਸੀ ਸਾਂਝ ਦਾ ਤਕਾਜ਼ਾ ਸੀ ਜਾਂ ਉਹ ਉਂਝ ਹੀ ਮੈਨੂੰ ਸੈਕਿੰਡ ਕਲਾਸ ਦੇਣ ਤੋਂ ਕਾਨੂੰਨਨ ਨਾਂਹ ਨਾ ਕਰ ਸਕਦਾ ਹੋਵੇ; ਉਸਨੇ ਮੇਰੀ ਸੈਕਿੰਡ ਕਲਾਸ ਮਨਜ਼ੂਰ ਕਰ ਦਿੱਤੀ।
ਅਜਾਇਬ ਹੁੰਦਲ ਨੇ ਮੈਨੂੰ ਵਧਾਈ ਦਿੱਤੀ ਅਤੇ ਸਾਡੇ ਕੋਲ ਹੀ ਖਲੋਤੇ ਜਸਵੰਤ ਨੂੰ ਕਿਹਾ, “ਔਹ ਜਿਹੜਾ ਸਰਦਾਰ ਸਟੈਨੋ ਜੱਜ ਦੇ ਕੋਲ ਉਹਦੀ ਵੱਖੀ ਨਾਲ ਬੈਠਾ ਏ, ਉਹਨੂੰ ਤੂੰ ਦੋ ਰੁਪੈ ਇਸ ਤਰ੍ਹਾਂ ਬੇਫ਼ਿਕਰ ਹੋ ਕੇ ਫੜਾਈਂ ਜਿਵੇਂ ਮੈਨੂੰ ਫੜਾ ਰਿਹਾ ਹੋਵੇਂ। ਉਹ ਤੈਨੂੰ ‘ਬੀ-ਕਲਾਸ’ ਮਿਲਣ ਦੀ ਨਕਲ ਦੇ ਦੇਵੇਗਾ। ਇਹ ਮੈਂ ਇਸ ਲਈ ਕਹਿ ਰਿਹਾਂ ਕਿ ਭਲਾ ਜੱਜ ਨੂੰ ਕੋਲ ਬੈਠਾ ਵੇਖ ਕੇ ਡਰਦਾ ਹੋਇਆ ਕੋਲ ਈ ਨਾ ਜਾਂਦਾ ਹੋਵੇਂ। ਤੇ ਇਹ ਵੀ ਨਾ ਸੋਚੀਂ ਕਿ ਉਹ ‘ਸਿਰਫ਼’ ਦੋ ਰੁਪੈ ਦੇਣ ਕਰਕੇ ਬੁਰਾ ਮਨਾਊਗਾ।”
ਵਾਹ! ਕਿਆ ਸਨ ਐਮਰਜੈਂਸੀ ਦੀਆਂ ਬਰਕਤਾਂ! ਅਖ਼ੇ ਜੀ ਹੁਣ ਐਮਰਜੈਂਸੀ ਦੇ ਭੈਅ ਨਾਲ ਸਾਰਾ ਮੁਲਕ ‘ਸਿੱਧਾ’ ਹੋ ਗਿਆ ਹੈ!
ਜੱਜ ਤੋਂ ਤਿੰਨ ਫੁੱਟ ਦੀ ਦੂਰੀ ‘ਤੇ ਬੈਠੇ ਸਟੈਨੋ ਨੂੰ ਜਸਵੰਤ ਸੱਚ-ਮੁੱਚ ਹੀ ‘ਪਰਦੇ ਜਿਹੇ ਨਾਲ’ ਉਹਦੀ ਮੁੱਠ ਵਿਚ ਦੋ ਰੁਪੈ ਦਾ ਨੋਟ ਕੰਬਦੇ ਹਿਰਦੇ ਨਾਲ ਫੜਾ ਆਇਆ ਸੀ ਤੇ ਡਰ ਰਿਹਾ ਸੀ ਕਿ ਜੇ ਕਿਤੇ ਜੱਜ ਨੇ ਵੇਖ ਲਿਆ ਤਾਂ! ਵਾਪਸ ਆ ਕੇ ਮੇਰੇ ਕੋਲ ਖਲੋਂਦਿਆਂ ਤੱਕ ਉਹ ਅਪਣਾ ਸਾਰਾ ਅਦਾਲਤੀ ਭੈਅ ਸਟੈਨੋ ਦੀ ਮੁਠੀ ਵਿਚ ਸੁੱਟ ਆਇਆ ਸੀ। ਮੁਸਕੜੀਆਂ ‘ਚ ਹੱਸਦਾ ਹੌਲੀ ਜਿਹੀ ਕਹਿੰਦਾ, “ਮੰਨ ਗਏ ਬਈ ਏਸ ਮੁਲਕ ਨੂੰ!”
ਜੱਜ ਅਜੇ ਵੀ ਕਾਗ਼ਜ਼ਾਂ ਵਿਚ ਨਜ਼ਰਾਂ ਗੱਡੀ ਬੈਠਾ ਸੀ। ਅਚਨਚੇਤ ਉਸਨੇ ਕਾਗ਼ਜ਼ਾਂ ਤੋਂ ਨਜ਼ਰ ਚੁੱਕੀ।
“ਇਹਨਾਂ ‘ਚੋਂ ਵਰਿਆਮ ਸਿੰਘ ਕੌਣ ਹੈ?”
ਮੈਂ ਦੋ ਕਦਮ ਅੱਗੇ ਹੋਇਆ। ਇਸ ਤਰੀਕੇ ਨਾਲ ਉਚੇਚਾ ਬੁਲਾਏ ਜਾਣ ‘ਤੇ ਸ਼ਸ਼ੋਪੰਜ ਵਿਚ ਹੀ ਸਾਂ ਕਿ ਉਸਨੇ ਚਮਤਕਾਰੀ ਬੋਲ ਉਚਰੇ। ਮੈਂ ਤਾਂ ‘ਬੀ-ਕਲਾਸ’ ਮਿਲ ਜਾਣ ‘ਤੇ ਹੀ ਧੰਨ ਧੰਨ ਸਾਂ ਪਰ ਜਿਹੜੀ ਸ਼ੁਭ-ਸੂਚਨਾ ਉਸਨੇ ਹੁਣ ਦਿੱਤੀ ਇਸਦਾ ਤਾਂ ਮੇਰੇ ਚਿੱਤ ਖ਼ਿਆਲ ਵੀ ਨਹੀਂ ਸੀ।
ਉਸਨੇ ਮੈਨੂੰ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ ਸੀ।
ਇਹ ਕੀ ਕਰਾਮਾਤ ਹੋ ਗਈ ਸੀ! ਹੁਣੇ ਹੀ ਉਹ ਮੈਨੂੰ ‘ਬੀ-ਕਲਾਸ’ ਦੇਣ ਤੋਂ ਨੱਕ-ਮੂੰਹ ਵੱਟ ਰਿਹਾ ਸੀ ਤੇ ਹੁਣੇ ਰਿਹਾਈ ਦਾ ਹੁਕਮ!
ਪੁਲਿਸ ਨੇ ਕਿਹਾ ਸੀ ਕਿ ਸੰਬੰਧਤ ਕੇਸ ਵਿੱਚ ਉਹਨਾਂ ਨੂੰ ‘ਵਰਿਆਮ ਸਿੰਘ’ ਦੀ ਲੋੜ ਨਹੀਂ ਸੀ।
‘ਇੰਟੈਰੋਗੇਸ਼ਨ ਸੈਂਟਰ’ ਵਿੱਚ ਵੀ ਉਹਨਾਂ ਨੂੰ ਮੇਰੇ ਖ਼ਿਲਾਫ਼ ਕੁਝ ਨਹੀਂ ਸੀ ਲੱਭਾ, ਸਿਵਾਇ ਇਸਦੇ ਕਿ ਮੈਂ ‘ਅਗਾਂਹਵਧੂ ਵਿਚਾਰਾਂ’ ਦਾ ਬੰਦਾ ਹਾਂ! ਮੈਂ ਲੇਖਕਾਂ ਦੀਆਂ ਕਾਨਫ਼ਰੰਸਾਂ, ਸੈਮੀਨਾਰਾਂ ਤੇ ਕਵੀ ਦਰਬਾਰਾਂ ਵਿੱਚ ਹਾਜ਼ਰ ਹੁੰਦਾ ਸਾਂ; ਲੇਖਕਾਂ ਦੀ ਇਨਕਲਾਬੀ ਵਿਚਾਰਾਂ ਵਾਲੀ ਜਥੇਬੰਦੀ ਨਾਲ ਜੁੜਿਆ ਹੋਇਆ ਸਾਂ; ਅਧਿਆਪਕ ਯੂਨੀਅਨ ਵਿੱਚ ਕੰਮ ਕਰਦਾ ਸਾਂ; ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਸੰਘਰਸ਼ਾਂ ਵਿੱਚ ਉਹਨਾਂ ਦਾ ਸਾਥੀ ਸਾਂ, ‘ਨੌਜਵਾਨ ਭਾਰਤ ਸਭਾ’ ਨਾਲ ਜੁੜਿਆ ਹੋਇਆ ਸਾਂ ਤੇ ਸਭਾ ਦੀ ਜ਼ਿਲ੍ਹਾ ਕਾਨਫ਼ਰੰਸ ਦੀ ਪ੍ਰਧਾਨਗੀ ਕਰ ਚੁੱਕਾ ਸਾਂ। ਅਪਣੇ ‘ਅਗਾਂਹਵਧੂ’ ਹੋਣ ਤੋਂ ਨਾ ਮੈਂ ਮੁਕਰਦਾ ਸਾਂ ਤੇ ਨਾ ਹੀ ਅਜਿਹੀਆਂ ਲੋਕ-ਹਿਤੈਸ਼ੀ ਸਰਗਰਮੀਆਂ ਤੋਂ ਇਨਕਾਰੀ ਸਾਂ। ਪਰ ਇਹਨਾਂ ਸਰਗਰਮੀਆਂ ਦੇ ਆਧਾਰ ‘ਤੇ ਤਾਂ ਮੇਰੇ ਖ਼ਿਲਾਫ਼ ਫੌਜਦਾਰੀ ਕੇਸ ਨਹੀਂ ਸੀ ਚਲਾਇਆ ਜਾ ਸਕਦਾ।
ਅਸਲ ਵਿੱਚ ਬਿਆਸ ਥਾਣੇ ਦੀ ਪੁਲਿਸ ਮੇਰਾ ਕੇਸ ਤਿਆਰ ਕਰਦਿਆਂ ਕੋਤਾਹੀ ਕਰ ਗਈ ਸੀ। ਪੁਲਿਸ ਨੇ ਮੈਨੂੰ ਉਸ ਤਰੀਕ ਨੂੰ ਸਰਕਾਰ ਵਿਰੁੱਧ ‘ਖ਼ਤਰਨਾਕ ਛੜਯੰਤਰ’ ਰਚਦਿਆਂ ਵਿਖਾ ਦਿੱਤਾ ਸੀ ਜਿਸ ਤਰੀਕ ਨੂੰ ਮੈਂ ਪਹਿਲਾਂ ਹੀ ‘ਸੱਤ-ਕਵਿੰਜਾ’ ਵਾਲੇ ਕੇਸ ਵਿਚ ਸਬ-ਜੇਲ੍ਹ ਪੱਟੀ ਅੰਦਰ ਸਾਂ। ਤਿੰਨ ਮਹੀਨੇ ਬੀਤ ਜਾਣ ਬਾਅਦ ਅੱਜ ਇਸ ਕੇਸ ਦਾ ਚਲਾਣ ਪੇਸ਼ ਕੀਤਾ ਜਾਣਾ ਸੀ। ਆਖ਼ਰਕਾਰ ਇਸ ਨੁਕਤੇ ਨੁੰ ਧਿਆਨ ਵਿੱਚ ਰੱਖਦਿਆਂ ਕਿ ਇੱਕ ਆਦਮੀ ਜੇਲ੍ਹ ਵਿੱਚ ਵੀ ਹੋਵੇ ਤੇ ਉਸੇ ਦਿਨ ਬਾਹਰ ਕਿਸੇ ‘ਗੁਪਤ ਥਾਂ’ ‘ਤੇ ਦੇਸ਼ ਵਿਰੁੱਧ ਸਾਜਿਸ਼ ਕਰਨ ਲਈ ਕਿਸੇ ਗਰੁੱਪ ਨੂੰ ਉਕਸਾ ਵੀ ਰਿਹਾ ਹੋਵੇ, ਕਾਨੂੰਨੀ ਨੁਕਤੇ ਤੋਂ ਮੰਨਣ-ਯੋਗ ਗੱਲ ਨਹੀਂ; ਪੁਲਿਸ ਨੇ ਮੇਰੇ ਤੋਂ ਕੇਸ ਵਾਪਸ ਲੈ ਲਿਆ ਸੀ। ਜੇ ਉਹ ਮੈਨੂੰ ਵੀ ਇਸ ਕੇਸ ਵਿਚ ਬਲਬੀਰ ਦੇ ਨਾਲ ਹੀ ਜੋੜੀ ਰੱਖਦੇ ਤਾਂ ਉਸਦੇ ਵੀ ਬਰੀ ਹੋਣ ਦੀ ਗੁੰਜਾਇਸ਼ ਸੀ। ‘ਸਾਰਾ ਜਾਂਦਾ ਵੇਖ ਕੇ ਪੁਲਿਸ ਨੇ ਅੱਧਾ ਲੁਟਾ ਦੇਣ ਦਾ’ ਫ਼ੈਸਲਾ ਲਿਆ ਸੀ। ਕੇਸ ਵਿਚੋਂ ਮੈਨੂੰ ਕੱਢ ਦੇਣ ਨਾਲ ਬਲਬੀਰ ਨੂੰ ਅੰਦਰੇ ਫਸਾਈ ਰੱਖਣ ਵਿਚ ਉਹ ਕਾਮਯਾਬ ਹੋ ਗਏ ਸਨ।
ਅਦਾਲਤ ਵਿਚੋਂ ਬਾਹਰ ਆਏ ਤਾਂ ਸਾਡੇ ਨਾਲ ਹੀ ਪਿੱਛੇ ਪਿੱਛੇ ਕਚਹਿਰੀ ਦਾ ਦਰੋਗਾ ਬਰਾਂਡੇ ਵਿਚ ਆ ਗਿਆ ਅਤੇ ਪੁਲਿਸ ਨੂੰ ਕਹਿੰਦਾ , “ਇਹ ਬਰੀ ਹੋ ਗਿਐ ਇਸ ਲਈ ਇਹਦੀ ਹੱਥਕੜੀ ਏਥੇ ਹੀ ਲਾਹ ਦਿਓ।”
ਅੱਗੋਂ ਪੁਲਿਸ ਵਾਲੇ ਵਿਹਰ ਗਏ। ਆਖਣ, “ਅਸੀਂ ਇਸਨੂੰ ਪਹਿਲਾਂ ਬਖ਼ਸ਼ੀਖ਼ਾਨੇ ਵਿਚ ਬੰਦ ਕਰਾਂਗੇ। ਫਿਰ ਪਤਾ ਕਰਾਂਗੇ ਕਿ ਇਸਤੇ ਕੋਈ ਹੋਰ ਕੇਸ ਤਾਂ ਨਹੀਂ। ਇਸ ਤਰ੍ਹਾਂ ਇਕਦਮ ਇਹਦੀ ਹੱਥਕੜੀ ਕਿਵੇਂ ਲਾਹ ਦਈਏ!”
ਮੈਂ ਤੇ ਜਸਵੰਤ ਹੈਰਾਨ-ਪਰੇਸ਼ਾਨ! ਸਾਰੀ ਖ਼ੁਸ਼ੀ ਉੱਡ-ਪੁੱਡ ਗਈ। ਅਜਾਇਬ ਹੁੰਦਲ ਹੁਰੀਂ ਤਾਂ ‘ਬੀ-ਕਲਾਸ’ ਲਵਾ ਕੇ ਤੁਰ ਗਏ ਸਨ। ਰਿਹਾਈ ਤਾਂ ਉਹਨਾਂ ਤੋਂ ਬਾਅਦ ਹੋਈ ਸੀ। ਉਹ ਏਥੇ ਹੁੰਦੇ ਤਾਂ ਇਸ ਮੁਸ਼ਕਿਲ ਵਿਚੋਂ ਵੀ ਕੱਢਦੇ। ਹੁਣ ਕੀ ਕਰੀਏ! ਉਹ ਦੋਵੇਂ ਧਿਰਾਂ ਅਜੇ ਵੀ ਮੈਨੂੰ ਛੱਡਣ ਜਾਂ ਨਾ ਛੱਡਣ ਬਹਿਸ ਕਰ ਰਹੀਆਂ ਸਨ।
ਮੈਂ ਤੇ ਜਸਵੰਤ ਕਿਹੜੇ ਕਚਹਿਰੀਆਂ ਦੇ ਦਸਤੂਰ ਤੋਂ ਜਾਣੂ ਸਾਂ! ਏਸੇ ਵੇਲੇ ਸਾਡੇ ਕੋਲ ਆਣ ਖਲੋਤਾ ਇਕ ਸਰਦਾਰ ਸਾਨੂੰ ਰੱਬ ਵਾਂਗ ਬਹੁੜਿਆ। ਉਸਨੇ ਜਸਵੰਤ ਨੂੰ ਪੁੱਛਿਆ, “ਤੁਸੀਂ ਇਹਨਾਂ ਦੇ ਨਾਲ ਓ?”
ਉਸਦੇ ‘ਹਾਂ’ ਕਹਿਣ ‘ਤੇ ਸਰਦਾਰ ਕਹਿੰਦਾ, “ਦਸ ਰੁਪਈਏ ਦਰੋਗੇ ਨੂੰ ਤੇ ਦਸ ਰੁਪਈਏ ਪੁਲਿਸ ਵਾਲਿਆਂ ਨੂੰ ਫੜਾਓ।”
ਸਾਢੇ ਤਿੰਨ ਦਹਾਕੇ ਹੋ ਚਲੇ ਨੇ। ਅੱਜ ਦੇ ਹਿਸਾਬ ਨਾਲ ਉਦੋਂ ਵੀ ‘ਸਸਤਾ ਜ਼ਮਾਨਾ’ ਹੀ ਕਿਹਾ ਜਾ ਸਕਦਾ ਹੈ। ਜਸਵੰਤ ਨੇ ਦੋਵਾਂ ਧਿਰਾਂ ਨੂੰ ਦਸ-ਦਸ ਰੁਪੈ ਦਿੱਤੇ।
ਬੱਸ ਏਨੀ ਕੁ ਗੱਲ ਹੀ ਸੀ! ਉਹਨਾਂ ਨੇ ਮੇਰੀ ਹੱਥਕੜੀ ਲਾਹ ਦਿੱਤੀ। ਮੈਂ ਬਲਬੀਰ ਨਾਲ ਹੱਥ ਮਿਲਾਇਆ। ਮੈਂ ਤੇ ਜਸਵੰਤ ਕਚਹਿਰੀਆਂ ਦੇ ਪਿੱਛਲੀ ਸੜਕ ਵੱਲ ਚੁਪੀਤੇ ਨਿਕਲ ਗਏ। ਅਸੀਂ ਅਜਾਇਬ ਹੁੰਦਲ ਕੋਲ ਜਾ ਕੇ ਰਿਹਾਈ ਦੀ ਖ਼ੁਸ਼ਖ਼ਬਰੀ ਸਾਂਝੀ ਕਰਨ ਦੀ ਖ਼ੇਚਲ ਵੀ ਨਾ ਕੀਤੀ। ਡਰਦੇ ਸਾਂ ਕਿ ਪੁਲਿਸ ਫੇਰ ਨਾ ਫੜ੍ਹ ਲੈਂਦੀ ਹੋਵੇ। ਰਿਕਸ਼ਾ ਲੈ ਕੇ ਬੱਸ ਅੱਡੇ ਵੱਲ ਜਾਣ ਦੀ ਥਾਂ ਅਸੀਂ ਰੇਲਵੇ ਸਟੇਸ਼ਨ ਵੱਲ ਗਏ ਅਤੇ ਉਥੇ ਬੈਠ ਕੇ ਇਕ ਢਾਬੇ ਤੋਂ ਚਾਹ ਪੀਤੀ। ਦਿਲ ਨੂੰ ਟਿਕਾਣੇ ਕੀਤਾ। ਫਿਰ ਸੋਚਿਆ ਕਿ ਬੱਸ ਅੱਡੇ ਵੱਲ ਨਾ ਜਾਈਏ ਸਗੋਂ ਖ਼ਜ਼ਾਨੇ ਵਾਲੇ ਗੇਟ ਤੋਂ ਜਾ ਕੇ ਅਪਣੇ ਪਿੰਡ ਸੁਰ ਸਿੰਘ ਨੂੰ ਜਾਣ ਵਾਲੀ ਬੱਸ ਫੜ੍ਹੀਏ।
ਸਿਆਲੀ ਦਿਨ ਸਨ। ਪਿੰਡ ਪਹੁੰਚੇ ਤਾਂ ਰਾਤ ਪੈ ਚੁੱਕੀ ਸੀ। ਬੱਸੋਂ ਉੱਤਰ ਕੇ ਬਾਜ਼ਾਰ ਵੱਲੋਂ ਆਉਂਦੇ ਕਿਸੇ ਨੂੰ ਪੁੱਛਿਆ ਕਿ ਉਸਨੇ ਕਿਤੇ ਬਾਜ਼ਾਰ ਵਿਚ ਪੁਲਿਸ ਤਾਂ ਨਹੀਂ ਵੇਖੀ। ਮੇਰਾ ਘਰ ਬਾਜ਼ਾਰ ਵਿਚ ਸੀ। ਉਸਦੇ ‘ਹਾਂ’ ਆਖਣ ‘ਤੇ ਅਸੀਂ ਘਰ ਜਾਣ ਦੀ ਥਾਂ ਪਿੰਡ ਦੇ ਬਾਹਰੋਂ ਬਾਹਰ ਦੂਜੇ ਪਾਸੇ ਮੇਰੇ ਮਿੱਤਰ ਮਾਸਟਰ ਸੁਰਿੰਦਰ ਕੋਲ ਪੁਜੇ ਤੇ ਉਸਨੂੰ ਕਿਹਾ ਕਿ ਅਸੀਂ ਬਾਹਰ ਰੌੜ ਵਿਚ ਗਾਹੇ ਗਏ ਤੋਰੀਏ ਦੇ ਪੱਲਰ ਕੋਲ ਬਹਿੰਦੇ ਹਾਂ ਤੇ ਉਹ ਬਾਜ਼ਾਰ ਵਿਚ ਪਤਾ ਕਰ ਕੇ ਆਵੇ ਕਿ ਕਿਤੇ ਪੁਲਿਸ ਮੇਰੇ ਘਰ ਵੱਲ ਤਾਂ ਨਹੀਂ ਆਈ!
ਥੋੜ੍ਹੀ ਦੇਰ ਬਾਅਦ ਸੁਰਿੰਦਰ ਆਇਆ ਤੇ ਖ਼ੁਸ਼ੀ ਖ਼ੁਸ਼ੀ ਕਹਿੰਦਾ, “ਪੁਲਿਸ ਨੇ ਕੋਈ ਰਾਜ਼ੀਨਾਵਾਂ ਕਰਾਇਆ ਸੀ ਤੇ ਉਸ ਰਾਜ਼ੀਨਾਵੇਂ ਤੋਂ ਮਿਲੇ ‘ਨਾਂਵੇ’ ਨਾਲ ‘ਪੀਣ’ ਵਾਸਤੇ ਬਾਜ਼ਾਰ ਵਿਚੋਂ ਦਹੀਂ ਲੱਭਦੇ ਫਿਰਦੇ ਸਨ। ਹੁਣ ਹੈ ਨ੍ਹੀਂ ਬਾਜ਼ਾਰ ਵਿਚ ਕੋਈ। ਤੁਸੀਂ ਬੇਫ਼ਿਕਰ ਹੋ ਕੇ ਘਰ ਜਾਓ।”
ਸ਼ੁਕਰ ਸ਼ੁਕਰ ਕਰਦੇ ਅਸੀਂ ਘਰ ਪੁੱਜੇ। ਅਚਨਚੇਤ ਘਰ ਆਉਣ ‘ਤੇ ਹੈਰਨੀ ਭਰੀ ਚਮਤਕਾਰੀ ਖ਼ੁਸ਼ੀ ਤਾਂ ਹੋਣੀ ਹੀ ਸੀ। ਰਜਵੰਤ ਦਾ ਪੈਰ ਧਰਤੀ ‘ਤੇ ਨਹੀਂ ਸੀ ਟਿਕਦਾ। ਉਹ ਚਾਹ-ਪਾਣੀ ਪਿਆ ਕੇ ਹਸੂੰ ਹਸੂੰ ਕਰਦੇ ਚਿਹਰੇ ਨਾਲ ਸਾਡੇ ਰੋਟੀ-ਟੁੱਕ ਵਿਚ ਰੁੱਝ ਗਈ। ਮੈਂ ਅਪਣੀ ਕੁਝ ਮਹੀਨਿਆਂ ਦੀ ਧੀ ਰੂਪ ਨੂੰ ਕੁੱਛੜ ਚੁੱਕ ਹਿੱਕ ਨਾਲ ਲਾਇਆ ਤਾਂ ਪਿਛਲੇ ਦਿਨਾਂ ਦੀ ਸਾਰੀ ਸਰੀਰਕ ਤੇ ਮਾਨਸਿਕ ਥਕਾਵਟ ਅਲੋਪ ਹੋ ਗਈ।
ਮੇਰੀ ਸੱਸ-ਮਾਂ ਸਵਰਨ ਕੌਰ ਬਾਰ ਬਾਰ ਆਖ ਰਹੀ ਸੀ, “ਜਸਵੰਤ ਤੂੰ ਬੜਾ ਭਾਗਾਂਵਾਲਾ ਏਂ ਜਿਹੜਾ ਮੇਰੇ ਪੁੱਤ ਨੂੰ ਛੁਡਾ ਕੇ ਲਿਆਇਆ ਏਂ।”
ਜੇਲ੍ਹ ਵਿਚੋਂ ਰਿਹਾ ਹੋ ਕੇ ਮੈਂ ਪਤਨੀ ਨਾਲ ਸਲਾਹ ਕੀਤੀ ਕਿ ਪੁਲਿਸ ਨੇ ਮੈਨੂੰ ਫਿਰ ਤੋਂ ਗ੍ਰਿਫ਼ਤਾਰ ਕਰ ਲੈਣਾ ਹੈ। ਜੇਲ੍ਹ ਵਿੱਚ ਸੜਨ ਨਾਲੋਂ ਅਸੀਂ ਇਹ ਤਰਕੀਬ ਬਣਾਈ ਕਿ ਮੈਂ ਬਿਨਾਂ ਕਿਸੇ ਨੂੰ ਦੱਸਿਆਂ, ਚੁੱਪ ਕਰਕੇ ਚੰਡੀਗੜ੍ਹ ਐਮ ਫ਼ਿਲ ਵਿੱਚ ਦਾਖ਼ਲਾ ਲੈ ਲਵਾਂ ਅਤੇ ਰਜਵੰਤ ਬੱਚੀ ਨੂੰ ਲੈ ਕੇ ਅਪਣੇ ਪੇਕਿਆਂ ਦੇ ਘਰ ਰਹਿਣ ਲੱਗ ਪਵੇ।
ਮੋਬਾਈਲ 98726-02232

Leave a Reply

Your email address will not be published. Required fields are marked *