ਹੀਰੋ ਤਾਰੋ ਦੋਵੇਂ ਸਕੀਆਂ ਭੈਣਾਂ ਵੀ ਸਨ ਤੇ ਸੌਕਣਾਂ ਵੀ। ਭੁੰਗੇ (ਹੁਸ਼ਿਆਰਪੁਰ) ਸਾਡੇ ਘਰ ਦੇ ਬਾਹਰ ਵਾਲੇ ਦਰਵਾਜ਼ੇ ਦੀ ਕੰਧ ਨਾਲ ਉਨ੍ਹਾਂ ਦੇ ਘਰ ਦੀ ਛੋਟੀ ਕੰਧ ਸੀ। ਓਧਰ ਹੀ ਉਨ੍ਹਾਂ ਦਾ ਛੋਟੇ ਜਿਹੇ ਵਿਹੜੇ ਦਾ ਬਾਹਰਲਾ ਨਿੱਕਾ ਜਿਹਾ ਫਾਟਕ ਸੀ। ਸਮਝੋ ਪੰਜਾਹ ਸੱਠ ਗਜ਼ ਵਿਚ ਇਕੋ ਇਕ ਕਮਰਾ, ਮਾੜੇ ਜਿਹੇ ਓਟੇ ਵਾਲੀ ਰਸੋਈ ਅਤੇ ਚਾਰ ਕੁ ਮੰਜੀਆਂ ਦਾ ਵਿਹੜਾ ਸੀ। ਵਿਹੜੇ ਵਿਚ ਇਕ ਨਿੰਮ ਵੀ ਸੀ। ਅਸੀਂ ਜਦੋਂ ਬਾਹਰ ਅੰਦਰ ਜਾਂਦੇ ਤਾਂ ਛੋਟੀ ਕੰਧ ਤੋਂ ਉਨ੍ਹਾਂ ਦੇ ਵਿਹੜੇ ਦਾ ਸਾਰਾ ਨਜ਼ਾਰਾ ਦਿਸ ਪੈਂਦਾ। ਆਦਮੀ ਨਿੱਕੀ ਜਿਹੀ ਪੰਘੇੜੀ ਵਰਗੀ ਟੁੱਟੀ-ਖੁੱਸੀ ਮੰਜੀ ‘ਤੇ ਬੈਠਾ ਹੁੰਦਾ ਤੇ ਇਹ ਦੋਵੇਂ ਔਰਤਾਂ ਜ਼ਮੀਨ ‘ਤੇ ਹੀ ਪੈਰਾਂ ਭਾਰ ਬੈਠੀਆਂ ਹੁੰਦੀਆਂ। ਹੁੱਕੀ ਮਘੀ ਹੁੰਦੀ ਤੇ ਸਾਰੇ ਵਾਰੋ-ਵਾਰ ਸੂਟਾ ਲਾ ਰਹੇ ਹੁੰਦੇ। ਧੀਮੀਆਂ-ਧੀਮੀਆਂ ਗੱਲਾਂ ਵੀ ਹੋ ਰਹੀਆਂ ਹੁੰਦੀਆਂ। ਨਿੰਮੀ-ਨਿੰਮੀ ਮੁਸਕਰਾਹਟ ਤੋਂ ਲਗਦਾ ਕਿ ਮਾਹੌਲ ਬੜਾ ਸੁਖਾਵਾਂ ਏ।
ਬੰਦਾ ਤਾਂ ਬੈਠਾ ਵੀ ਗੁੱਛਾ ਲਗਦਾ ਤੇ ਖਲੋਤਾ ਵੀ ਮੌਰਾਂ ਬਾਹਰ ਕੱਢੀ ਅਧੀਆ ਜਿਹਾ ਜਾਪਦਾ। ਹੀਰੋ ਤਾਰੋ ਦੋਵੇਂ ਲੱਕੜ ਜਿਹੀਆਂ ਸਿੱਧੀਆਂ ਖੜ੍ਹੀਆਂ ਖਲੋਤੀਆਂ ਮਜ਼ਬੂਤ ਲੱਠਾਂ ਸਨ। ਦੋਵਾਂ ਦੇ ਚਿਹਰੇ ‘ਤੇ ਨਾ ਜਵਾਨੀ ਸੀ ਨਾ ਹੀ ਕੋਈ ਬੁਢੇਪੇ ਦਾ ਅੰਸ਼ ਸੀ। ਸਵੇਰੇ ਅੱਠ ਨੌਂ ਵਜੇ ਤੱਕ ਦੋਵੇਂ ਪਿੱਠ ‘ਤੇ ਝੋਲੀ ਬਣਾਈ ਜਿਸ ਦੀ ਸਿਰ ‘ਤੇ ਗੱਠ ਦਿੱਤੀ ਹੁੰਦੀ ਏ, ਹੱਥ ਵਿਚ ਦਾਤਰੀ, ਝੋਲੀ ਵਿਚ ਖੁਰਪਾ ਤੇ ਦਾਹ ਪਾ ਕੇ ਘਰੋਂ ਨਿਕਲ ਤੁਰਦੀਆਂ। ਚਿਹਰਿਆਂ ‘ਤੇ ਚੜ੍ਹਦੀ ਕਲਾ, ਚਾਲ ਵਿਚ ਰਵਾਨੀ, ਅੱਖਾਂ ਵਿਚ ਸੇਧ ਜਿਵੇਂ ਉਹ ਦੋਵੇਂ ਆਪ ਹੀ ਪੂਰੀ ਦੁਨੀਆ ਹੋਣ। ਜਵਾਨੀ ਵਿਚ ਕਈ ਡਰ ਮਨ ਵਿਚ ਹੁੰਦੇ ਹਨ, ਪਰ ਇਨ੍ਹਾਂ ਵੱਲ ਵੇਖ ਕੇ ਇੰਝ ਲਗਦਾ ਕਿ ਕੋਈ ਡਰ ਇਨ੍ਹਾਂ ਦੀ ਹਵਾ ਵੱਲ ਵੀ ਨਹੀਂ ਵੇਖ ਸਕਦਾ।
ਭੁੰਗਾ ਨਿੱਕਾ ਜਿਹਾ ਕਸਬਾ ਸੀ ਰਾਜੇ ਕਪੂਰਥਲਾ ਦੀ ਰਿਆਸਤ। ਰਾਜੇ ਦਾ ਗੈਸਟ ਹਾਊਸ ਤੇ ਬਾਗ ਬਹੁਤ ਸੋਹਣਾ ਪਰ ਪਿੰਡ ਤਾਂ ਪਿੰਡ ਹੀ ਸੀ। ਸਾਰੇ ਪਿੰਡ ਵਿਚ ਸਾਡਾ ਹੀ ਨਵਾਂ ਬਣਿਆ ਘਰ ਸੀ, ਦਿੱਲੀ ਵਾਲਿਆਂ ਦਾ। ਥੋੜ੍ਹੀ ਛਤਾਉਤ ਤੇ ਬਾਕੀ ਖੁੱਲ੍ਹਾ ਵਿਹੜਾ। ਹੀਰੋ ਤਾਰੋ ਦੇ ਕਮਰੇ ਦੀ ਸਾਂਝੀ ਕੰਧ ਨਾਲ ਅਸਾਂ ਇਕ ਵੱਡਾ ਸਾਰਾ ਛੱਪਰ ਬਣਵਾ ਲਿਆ। ਚਾਰੇ ਪਾਸੇ ਖਿੜਕ ਲਾ ਕੇ ਛੱਪਰ ਕਮਰੇ ਵਰਗਾ ਹੋ ਗਿਆ। ਸਾਨੂੰ ਸਿਆਲ ਵਿਚ ਛੱਪਰ ਵਿਚ ਸੌਣਾ ਬਹੁਤ ਚੰਗਾ ਲਗਦਾ। ਉਦੋਂ ਸਿਆਲ ਵੀ ਬਹੁਤ ਲੰਮੇ ਹੁੰਦੇ ਸਨ। ਛੱਪਰ ਵਿਚ ਸੁੱਤਿਆਂ ਜੇ ਕਿਤੇ ਕੁੱਕੜ ਦੀ ਬਾਂਗ ਨਾਲ ਜਾਗ ਖੁਲ੍ਹ ਜਾਣੀ ਤਾਂ ਹੀਰੋ ਤਾਰੋ ਦੀ ਕੋਠੜੀ ਵਾਲੇ ਪਾਸਿਓਂ ਚੱਕੀ ਪੀਸਣ ਤੇ ਧੀਮਾ-ਧੀਮਾ ਗਾਉਣ ਦੀ ਆਵਾਜ਼ ਆਉਣੀ। ਪਤਾ ਨਹੀਂ ਰਾਤ ਦਾ ਉਹ ਕਿਹੜਾ ਪਹਿਰ ਹੁੰਦਾ ਸੀ। ਰਾਤੀਂ ਛੱਪਰ ਵਿਚ ਜਦੋਂ ਸੌਣ ਜਾਣਾ ਤਾਂ ਚਰਖੇ ਦੀ ਘੂਕਰ ਨਾਲ ਓਹੋ ਮਧੁਰ ਸੁਰ ਕੰਨੀਂ ਪੈਣੀ। ਅਸਾਂ ਸੌਂ ਜਾਣਾ। ਪਤਾ ਨਹੀਂ ਉਹ ਮਧੁਰ ਸੁਰ ਕਦੋਂ ਸੌਂਦੀ ਤੇ ਕਦੋਂ ਜਾਗਦੀ।
ਪਤਾ ਨਹੀਂ ਉਨ੍ਹਾਂ ਦੇ ਘਰਾਂ ਵਿਚ ਕਿਸ ਦੀ ਮੌਤ ਹੋਈ। ਬੜੀਆਂ ਮੁਕਾਣਾਂ ਉਨ੍ਹਾਂ ਦੇ ਘਰ ਆਈਆਂ। ਛੋਟੇ ਜਿਹੇ ਵਿਹੜੇ ਵਿਚ ਬੜੀ ਪਰੇਡ ਹੋਈ। ਬਾਹਰਲੀ ਕੰਧ ਨਾਲ ਬੁੜੀਆਂ-ਕੁੜੀਆਂ ਲਗ-ਲਗ ਕੇ ਸਿਆਪਾ ਹੁੰਦਾ ਵੇਖ ਰਹੀਆਂ ਸਨ। ਸਾਡੇ ਕੋਲੋਂ ਵੀ ਨਾ ਰਿਹਾ ਗਿਆ। ਇਕ ਜਨਾਨੀ ਨੇ ਆਵਾਜ਼ ਦਿੱਤੀ, ”ਆ ਜਾਵੋ ਕੁੜੀਓ ਤੁਸੀਂ ਵੀ ਸਿਖ ਲਵੋ ਨਹੀਂ ਤਾਂ ਸਹੁਰੇ ਘਰ ਜਾ ਕੇ ਮੂਰਖ ਬਣੋਗੀਆਂ।” ਸਾਰੀਆਂ ਕੁੜੀਆਂ ਛਾਲਾਂ ਮਾਰ ਕੇ ਉਨ੍ਹਾਂ ਦੇ ਵਿਹੜੇ ਜਾ ਵੜੀਆਂ। ਇਕ-ਇਕ ਕੁੜੀ ਨਾਲ ਇਕ ਵੱਡੀ ਜਨਾਨੀ ਖਲੋ ਗਈ। ਕੁੜੀਆਂ ਦਾ ਹੱਥ ਫੜ ਕੇ ਦੁਹਥੜਾਂ ਮਾਰਨੀਆਂ ਸਿਖਾਈਆਂ ਤੇ ਫੇਰ ਏਨਾ ਹਾਸਾ ਪਿਆ ਕਿ ਪੁੱਛੋ ਨਾ! ਕੋਈ ਬਹੁਤ ਬਜ਼ੁਰਗਣੀ ਮਰੀ ਸੀ ਉਨ੍ਹਾਂ ਦੇ ਘਰ ਦੀ। ”ਨੂੰਹਾਂ ਮਾਰੇ ਜੰਦਰੇ, ਹਾਏ ਹਾਏ ਬੁੱਢੀ ਅੰਦਰੇ।” ਏਹੋ ਜਿਹੇ ਹਾਸੇ ਠੱਠੇ ਵਾਲੇ ਵੈਣ ਸਨ।
ਹੌਲੀ-ਹੌਲੀ ਸਾਡੀ ਹੀਰੋ ਤਾਰੋ ਨਾਲ ਦੋਸਤੀ ਹੋ ਗਈ। ਉਹ ਸਾਡੇ ਨਾਲੋਂ ਕਿਤੇ ਵੱਡੀਆਂ ਸਨ ਪਰ ਪਤਾ ਨਹੀਂ ਕਿਉਂ ਨਿੰਮ ਦੀ ਛਾਂ, ਨਿੱਕਾ ਜਿਹਾ ਉਘੜ-ਦੁਗੜਾ ਵਿਹੜਾ, ਹੁੱਕੀ ਪੀਂਦੇ ਤਿੰਨੋਂ ਜਣੇ, ਹਾਂਡੀ ਵਿਚ ਉਬਲਦੀ ਚਾਹ ਦੀ ਗੁੜ ਵਾਲੀ ਮਹਿਕ, ਮੋਟੀਆਂ-ਮੋਟੀਆਂ ਲੂਣੀਆਂ ਰੋਟੀਆਂ ਕਿਵੇਂ ਸਾਡੇ ਸੀਨੇ ਵੱਸ ਗਈਆਂ। ਉਨ੍ਹਾਂ ਕੋਲੋਂ ਕਈ ਗੱਲਾਂ ਪੁੱਛਣ ਨੂੰ ਦਿਲ ਕਰਦਾ ਪਰ ਹਾਲੇ ਹੌਲੀ-ਹੌਲੀ ਝਾਕਾ ਉਤਰ ਰਿਹਾ ਸੀ। ਇਕ ਦਿਨ ਹੀਰੋ ਦੁਪਹਿਰ ਵੇਲੇ ਘਰ ਇਕੱਲੀ ਚਰਖਾ ਕੱਤ ਰਹੀ ਸੀ। ਮੈਂ ਉਹਦੇ ਘਰ ਵੱਲ ਬੜੀ ਰੀਝ ਨਾਲ ਵੇਖਿਆ। ”ਆ ਜਾ ਬੀਬੀ ਤੈਨੂੰ ਚਰਖਾ ਕੱਤਣਾ ਸਿਖਾਵਾਂ।” ਚਰਖਾ ਤਾਂ ਮੈਂ ਕੀ ਸਿੱਖਣਾ ਸੀ ਪਰ ਗੱਲਾਂ ਦੇ ਚਸਕੇ ਨੇ ਮੈਨੂੰ ਉਹਦੇ ਕੋਲ ਜਾ ਬਿਠਾਇਆ।
”ਤਾਰੋ ਕਿੱਥੇ ਗਈ ਏ?”
”ਸੁਨੇਹਾ ਆਇਆ ਸੀ ਬਾਪੂ ਬੜਾ ਬਿਮਾਰ ਏ ਉਹਦਾ ਪਤਾ ਲੈਣ ਗਈ ਏ।”
”ਹੀਰੋ ਇਕ ਗੱਲ ਪੁੱਛਾਂ? ਤੁਸੀਂ ਦੋਵੇਂ ਸਕੀਆਂ ਭੈਣਾਂ ਤੇ ਫੇਰ ਸੌਕਣਾਂ ਵੀ, ਦੋਵਾਂ ਦਾ ਏਨਾ ਜੋੜ ਵੀ, ਬੜੀ ਹੈਰਾਨੀ ਵਾਲੀ ਗੱਲ ਏ।”
”ਬੀਬੀ ਬੜੀਆਂ ਲੰਮੀਆਂ ਕਹਾਣੀਆਂ ਨੇ।” ਤੇ ਫੇਰ ਕਈ ਘੰਟੇ ਚੱਲੀ ਉਨ੍ਹਾਂ ਦੀ ਆਪ ਬੀਤੀ…..
ਅਸੀਂ ਦੋ ਭੈਣਾਂ ਤੇ ਤਿੰਨ ਭਰਾ ਹਾਂ। ਬਾਪੂ ਕੋਲ ਦੋ ਕੁ ਕਨਾਲਾਂ ਜ਼ਮੀਨ ਸੀ। ਅਸਾਂ ਹੋਸ਼ ਸੰਭਾਲਦਿਆਂ ਦਾਤਰੀ ਖੁਰਪਾ ਹੱਥ ਵਿਚ ਫੜ ਲਿਆ। ਜ਼ਰਾ ਵੱਡੀਆਂ ਹੋਈਆਂ ਤਾਂ ਕਹੀ ਵੀ ਵਾਹੁਣੀ ਪਈ। ਨਾ ਕੋਈ ਘਰ ਵਿਚ ਬੈਲ, ਨਾ ਝੋਟਾ। ਏਨੀ ਕੁ ਜ਼ਮੀਨ ਅਸਾਂ ਕਹੀਆਂ ਨਾਲ ਪੋਲੀ ਕਰ ਦੇਣੀ। ਭਰਾ ਛੋਟੇ ਸਨ। ਸਾਡਾ ਦੋਵਾਂ ਭੈਣਾਂ ਦਾ ਸਾਲ ਕੁ ਦਾ ਫਰਕ ਸੀ ਪਰ ਸਾਨੂੰ ਦੋਵਾਂ ਨੂੰ ਨਾ ਕੋਈ ਤਾਪ ਨਾ ਸੰਤਾਪ। ਲੂਣ ਨਾਲ ਰੋਟੀ ਜੁੜਦੀ ਗਈ ਤੇ ਚਾਹ ਵੀ ਦੁੱਧ ਵਾਲੀ ਪੀਤੀ ਕਿਉਂਕਿ ਘਰ ਵਿਚ ਬੱਕਰੀ ਸੀ। ਬੇਰ, ਮੂਲੀਆਂ, ਗੰਨੇ, ਸਾਗ-ਪੱਤਾ ਤਾਂ ਅਸੀਂ ਰਾਹ ਜਾਂਦੀਆਂ ਲੱਭ ਲੈਂਦੀਆਂ। ਕਿਸੇ ਘਰੋਂ ਜੇ ਲੱਸੀ ਮਿਲ ਜਾਂਦੀ ਤਾਂ ਲੂਣ, ਮਿਰਚਾਂ ਪਾ ਕੇ ਸਲੂਣਾ ਬਣ ਜਾਂਦਾ। ਵੱਡੀਆਂ ਹੋ ਕੇ ਅਸੀਂ ਦੋਵੇਂ ਭੈਣਾਂ ਹਲ ਅੱਗੇ ਜੁਪ ਜਾਂਦੀਆਂ ਤੇ ਬਾਪੂ ਖੇਤ ਵੀ ਵਾਹ ਲੈਂਦਾ। ਕੱਪੜੇ ਕੱਲਰ ਜਾਂ ਗਾਂ ਦੇ ਮੂਤਰ ਵਿਚ ਭਿਉਂ ਕੇ ਵਗਦੇ ਖੂਹ ‘ਤੇ ਜਾ ਕੇ ਧੋ ਲੈਣੇ। ਸੋਢਾ ਵੀ ਕਦੀ-ਕਦੀ ਕੱਪੜੇ ਧੋਣ ਲਈ ਵਰਤ ਲੈਣਾ। ਪੁਰਾਣੀ ਖੱਟੀ ਲੱਸੀ ਨਾਲ ਸਿਰ ਧੋ ਲੈਣਾ। ਜੁੱਤੀ ਦੀ ਛੋਟੇ ਹੁੰਦਿਆਂ ਲੋੜ ਈ ਨਈਂ ਹੁੰਦੀ। ਬਾਕੀ ਦੋ ਜੋੜੇ ਕੱਪੜਿਆਂ ਦੇ ਮੁੱਕਦੇ ਹੀ ਨਾ ਭਾਵੇਂ ਨਵੇਂ ਤੇ ਭਾਵੇਂ ਪੁਰਾਣੇ। ਬੜੇ ਖੁਸ਼ ਸਾਂ ਅਸੀਂ। ਰਾਤੀਂ ਉਚੀ-ਉਚੀ ਹਾਸੇ ਮਚਦੇ। ਮਾਈ (ਮਾਂ) ਚਰਖਾ ਕਤਦੀ ਚੱਕੀ ਪੀਂਹਦੀ ਬੜਾ ਗਾਉਂਦੀ ਤੇ ਨਾਲ ਅਸਾਂ ਵੀ ਲਗ ਜਾਣਾ। ਹਲ ਜਿੰਨੀ ਕਮਾਈ ਤਾਂ ਚਰਖੇ ਦੀ ਹੋ ਜਾਣੀ। ਲੋਕਾਂ ਦਾ ਆਟਾ, ਦਲੀਆ, ਵੇਸਣ ਵੀ ਪੀਹ ਦੇਣਾ।
”ਜਦੋਂ ਮਹੀਨਾ ਆਉਂਦਾ ਤਾਂ ਕੀ ਕਰਦੀਆਂ?” ਮੇਰੇ ਕੋਲੋਂ ਸੁਭੌਕੀ ਹੀ ਪੁੱਛਿਆ ਗਿਆ।
”ਬਸ ਮਾੜਾ ਜਿਹਾ ਦਾਗ ਲਗਦਾ ਇਕ ਦਿਨ। ਕੱਪੜਾ ਵਰਤਨ ਦੀ ਤਾਂ ਕਦੀ ਲੋੜ ਈ ਨਹੀਂ ਪਈ। ਸਾਡੀਆਂ ਛਾਤੀਆਂ ਵੀ ਚੂਚੀਆਂ ਜਿਹੀਆਂ ਕਿੰਨੇ ਸਾਲਾਂ ਬਾਅਦ ਜਾ ਕੇ ਆਈਆਂ, ਵੇਖ ਨਾ ਆਹ ਸੁੱਕੇ ਪੱਤੇ ਜਿਹੇ ਲਟਕਦੇ ਪਏ।”
”ਬੀਬੀ ਫੇਰ ਘਰ ਵਿਚ ਮੈਨੂੰ ਵੇਚਣ ਦੀ ਗੱਲ ਚਲ ਪਈ। ਚੰਗਾ ਮੁਲ ਮਿਲ ਗਿਆ ਤਾਂ ਘਰ ਵਿਚ ਇਕ ਬੈਲ ਆ ਸਕਦਾ ਏ ਪਰ ਇਕ ਬੈਲ ਨਾ ਕੀ ਸਰੂ। ਨਾਲ ਈ ਛੋਟੀ ਨੂੰ ਵੀ ਵੇਚ ਦਿਆਂਗੇ।”
”ਸਾਡੇ ਮਰਦ ਦਾ ਵੱਡਾ ਭਰਾ ਫੌਜ ਵਿਚ ਜ਼ਖ਼ਮੀ ਹੋ ਗਿਆ। ਦੋਵੇਂ ਲੱਤਾਂ ਉਡ ਗਈਆਂ ਵਿਚਾਰੇ ਦੀਆਂ। ਚੰਗੇ ਪੈਸੇ ਦੇ ਕੇ ਸਰਕਾਰ ਨੇ ਉਹਨੂੰ ਘਰ ਘੱਲ ਦਿੱਤਾ। ਉਹਨੇ ਬਾਪੂ ਨੂੰ ਮੂੰਹ ਮੰਗੇ ਪੈਸੇ ਦੇ ਕੇ ਸਾਨੂੰ ਦੋਵਾਂ ਭੈਣਾਂ ਨੂੰ ਘਰ ਲੈ ਆਂਦਾ। ਦੋਵੇਂ ਭਰਾ ਵਿਆਹੇ ਗਏ। ਦੋ ਕਿੱਲੇ ਜ਼ਮੀਨ ਸੀ ਦੋਵਾਂ ਦੀ। ਦੂਜਾ ਭਰਾ ਮਾੜਾ ਮੋਟਾ ਅਮਲ ਕਰਦਾ ਸੀ। ਅਸਾਂ ਦੋਵਾਂ ਭੈਣਾਂ ਨੇ ਘਰ ਵੀ ਸੰਭਾਲ ਲਿਆ ਤੇ ਖੇਤ ਵੀ ਸੰਭਾਲ ਲਏ। ਫੌਜੀ ਦੇ ਜ਼ਖ਼ਮ ਠੀਕ ਨਾ ਹੋਏ ਤੇ ਜਲਦੀ ਚਲ ਵਸਿਆ ਤੇ ਅਸੀਂ ਦੋਵੇਂ ਇਕੋ ਮਰਦ ਦੀਆਂ ਤੀਵੀਆਂ ਬਣ ਗਈਆਂ। ਬਾਹਰ ਅੰਦਰ ਤਾਂ ਬਚਪਨ ਤੋਂ ਖੁਦ ਹੀ ਜਾਣਾ ਪੈਂਦਾ ਸੀ। ਅਸੀਂ ਵੱਡੇ ਦਾਹ ਤੇ ਦਾਤਰੀ ਨੂੰ ਸਦਾ ਨਾਲ ਰੱਖਿਆ। ਬੜੀ ਡਰਾਉਣੀ ਦੁਨੀਆ ਏ, ਪਰ ਅਸੀਂ ਤੁਹਾਨੂੰ ਕੀ ਡਰ ਜਾਣ ਵਾਲੀਆਂ ਲਗਦੀਆਂ ਹਾਂ?” ਸੱਚੀਂ ਉਨ੍ਹਾਂ ਦੇ ਹੱਥ, ਪੈਰ, ਹੱਡ, ਜੁੱਸਾ ਸਭ ਤੇਜ਼ ਹਥਿਆਰ ਵਰਗਾ ਸੀ।
”ਤੁਹਾਡੇ ਬੱਚਾ ਕਿਉਂ ਨਹੀਂ ਹੋਇਆ?”
”ਛੱਡ ਪਰੇ ਬੀਬੀ! ਬੱਸ ਕੱਪੜੇ ਲਾਹੁਣ ਪੌਣ ਦੀ ਕਵੈਦ ਹੀ ਹੋਈ। ਵੱਡਾ ਤਾਂ ਸਾਰਾ ਉਡਿਆ ਹੋਇਆ ਸੀ ਤੇ ਛੋਟਾ ਪਾਸੇ ਪਲਟਨ ਜੋਗਾ ਹੀ ਸੀ। ਪਰ ਸਾਨੂੰ ਕਦੀ ਕੋਈ ਤੰਗੀ ਨਹੀਂ ਹੋਈ। ਆਪਣਾ ਕਮਾਉਣ ਤੇ ਆਪਣਾ ਖਾਣ।”
”ਦੋ ਕੁ ਸਾਲ ਬਾਅਦ ਮੇਰੇ ਬਾਪੂ ਜੀ ਦੀ ਤਬਦੀਲੀ ਭੁੰਗੇ ਤੋਂ ਹੋਰ ਜਗ੍ਹਾ ਹੋ ਗਈ। ਸਾਲਾਂ ਦੇ ਸਾਲ ਲੰਘ ਗਏ ਭੁੰਗੇ ਤੋਂ ਦੂਰ ਗਿਆਂ। ਮੇਰੇ ਵਿਆਹ ਤੋਂ ਬਾਅਦ ਮੇਰੀ ਨਣਾਨ ਦਾ ਪਿੰਡ ਭੁੰਗੇ ਲਾਗੇ ਸੀ। ਜਦੋਂ ਅਸੀਂ ਭੈਣ ਜੀ (ਮੇਰੀ ਨਣਾਨ) ਨੂੰ ਮਿਲਣ ਗਏ ਤਾਂ ਮੈਂ ਭੁੰਗੇ ਵੀ ਗਈ ਆਪਣਾ ਘਰ ਵੇਖਣ। ਵੜਦਿਆਂ ਪਹਿਲਾਂ ਨਜ਼ਰ ਹੀਰੋ ਤਾਰੋ ਦੇ ਘਰ ਵੱਲ ਪਈ। ਬਸ ਡਿਗੂੰ-ਡਿਗੂੰ ਕਰਦਾ ਖਲੋਤਾ ਹੋਇਆ ਘਰ ਸੀ। ਮੈਂ ਅਪਣੇ ਘਰ ਗਈ ਜੋ ਬਚਪਨ ਵਿਚ ਬੜਾ ਵੱਡਾ ਲਗਦਾ ਸੀ ਤੇ ਹੁਣ ਮੈਂ ਹੈਰਾਨ ਹੋ ਰਹੀ ਸਾਂ ਕਿ ਅਸੀਂ ਸਾਰੇ ਜਣੇ ਏਸ ਘਰ ਵਿਚ ਕਿਵੇਂ ਸਮਾਉਂਦੇ ਸਾਂ। ਕੰਧ ਦੇ ਪਰਛਾਵੇਂ ਥੱਲੇ ਕੋਈ ਚਰਖਾ ਕੱਤ ਰਿਹਾ ਸੀ। ਇਹ ਤਾਂ ਤਾਰੋ ਸੀ। ਤਾਰੋ ਨੇ ਵੀ ਮੈਨੂੰ ਪਛਾਣ ਲਿਆ। ”ਬਸ ਬੀਬੀ ਮੈਂ ਹੀ ਬਚੀ ਹਾਂ। ਨਜ਼ਰ ਘਟ ਗਈ ਏ ਏਸ ਲਈ ਬਾਹਰ ਅੰਦਰ ਨਹੀਂ ਜਾਂਦੀ। ਏਸ ਘਰ ਵਾਲਿਆਂ ਦੀ ਸਫ਼ਾਈ ਤੇ ਭਾਂਡਿਆਂ ਦਾ ਮਾੜਾ ਮੋਟਾ ਕਰ ਦਿੰਦੀ ਹਾਂ। ਖੱਦਰ ਭੰਡਾਰ ਵੀ ਪਿੰਡੋਂ ਉਡ ਗਿਆ ਏ। ਬਸ ਏਸ ਬੀਬੀ ਦਾ ਸੂਤ ਕੱਤ ਦੇਂਦੀ ਹਾਂ।”
”ਤਾਰੋ ਕਿਸੇ ਚੀਜ਼ ਦੀ ਲੋੜ ਏ ਤਾਂ ਦੱਸ।”
”ਬੀਬੀ ਤੂੰ ਮਿਲ ਗਈ ਸਭ ਕੁਝ ਮਿਲ ਗਿਆ। ਤੈਨੂੰ ਪਤਾ ਏ ਦਾਤੇ ਦੀ ਸਦਾ ਮਿਹਰ ਹੀ ਬਣੀ ਰਹੀ ਏ। ਕੋਈ ਕਮੀ ਨਹੀਂ।”
ਮੈਂ ਭਰੀਆਂ ਅੱਖਾਂ ਨਾਲ ਪਹਿਲਾਂ ਤਾਰੋ ਵੱਲ ਵੇਖਿਆ ਤੇ ਫੇਰ ਖਿਆਲ ਵਿਚ ਤਾਰੋ ਦਾ ਦਾਤਾ ਵੇਖਣ ਦੀ ਕੋਸ਼ਿਸ਼ ਕਰਨ ਲੱਗੀ।
ਮੋਬਾਈਲ : 98037-05226