ਦਿੱਲੀ ਤੋਂ ਭੱਜੇ, ਕਰਾਚੀ ਚ ਵੱਜੇ ਹੁਣ ਦੱਸੋ ਕਿੱਥੇ ਬਣਾਈਏ ਛੱਜੇ

ਮੁਹੰਮਦ ਹਨੀਫ
ਪਾਕਿਸਤਾਨੀ ਲੇਖਕ

ਸਾਡਾ ਸ਼ਹਿਰ ਕਰਾਚੀ ਮੁਹਾਜਿਰਾਂ ਦਾ ਸ਼ਹਿਰ ਹੈ। ਹਿੰਦੁਸਤਾਨ-ਪਾਕਿਸਤਾਨ ਬਣਿਆ ਤੇ ਲੋਕ ਲੁੱਟ-ਪੁੱਟ ਕੇ ਟੁਰੇ, ਜਾਂ ਟ੍ਰੇਨਾਂ ‘ਤੇ ਬੈਠੇ, ਜਿਹੜੇ ਬਚ ਗਏ, ਉਹ ਇੱਥੇ ਆ ਗਏ। ਰਾਹ ਵਿੱਚ ਕਿਤੇ ਰੁਕਦੇ ਤਾਂ ਸਾਡੇ ਪੰਜਾਬੀ ਭਰਾ ਆਖਦੇ ਸਨ, ਟੁਰਦੇ ਰਹੋ ਪਾਕਿਸਤਾਨ ਅਜੇ ਅੱਗੇ ਹੈ। ਮੁਹਾਜਿਰਾਂ ਦਾ ਸਫਰ ਕਰਾਚੀ ਆਕੇ ਮੁੱਕਿਆ, ਉਹ ਇਸ ਲਈ ਕਿ ਅੱਗੇ ਸਮੁੰਦਰ ਸੀ, ਉਸ ਤੋਂ ਅੱਗੇ ਕਿੱਥੇ ਜਾਂਦੇ? ਕਰਾਚੀ ਸ਼ਹਿਰ ਅਬਦੁੱਲਾਹ ਸ਼ਾਹ ਗਾਜ਼ੀ ਨੇ ਵਸਾਇਆ ਸੀ ਤੇ ਸਾਰੇ ਇੱਥੇ ਹੀ ਆਕੇ ਰੁਕ ਗਏ। ਉਸ ਤੋਂ ਬਾਅਦ ਜਦੋਂ ਵੀ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਵਿੱਚ ਮੁਸੀਬਤ ਆਈ ਹੈ ਤੇ ਲੋਕੀ ਇੱਥੇ ਹੀ ਆਉਂਦੇ ਹਨ।ਕਿਸੇ ਦੇ ਘਰ ਬੰਬ ਡਿੱਗਾ, ਉਹ ਕਰਾਚੀ ਆ ਗਿਆ, ਜ਼ਲਜ਼ਲਾ ਆਇਆ, ਹੜ੍ਹ ਆਇਆ, ਜਿਹਦੇ ਸਿਰ ‘ਤੇ ਕੋਈ ਛੱਤ ਨਹੀਂ ਰਹੀ, ਉਹ ਕਰਾਚੀ ਆ ਗਿਆ, ਕਿਸੇ ਦੀ ਅੱਧਾ ਮੁਰੱਬਾ ਜ਼ਮੀਨ ਛੇ ਭਰਾਵਾਂ ਭੈਣਾਂ ਵਿੱਚ ਵੰਡੀ ਗਈ, ਫੇਰ ਪਲਾਟ ਬਣ ਕੇ ਵਿਕ ਗਏ, ਉਹ ਸਾਰੇ ਲੋਕ ਵੀ ਕਰਾਚੀ ਆ ਗਏ। ਕਿਸੇ ਦੀਆਂ ਦੁਸ਼ਮਣੀਆਂ ਵੱਧ ਗਈਆਂ, ਕਿਸੇ ਦੀਆਂ ਮੁਹੱਬਤਾਂ ਔਖੀਆਂ ਹੋ ਗਈਆਂ, ਉਹ ਸਾਰੇ ਵੀ ਕਰਾਚੀ ਆ ਗਏ। ਸਾਡੇ ਵਰਗੇ ਮਵਾਲੀ ਵੀ, ਜਿਹੜੇ ਪਿੰਡਾਂ ਵਿੱਚ ਵੀ ਅਨਫਿੱਟ ਤੇ ਨਾ ਸ਼ਹਿਰਾਂ ਦੇ ਕਾਬਲ, ਸਾਨੂੰ ਵੀ ਕਰਾਚੀ ਨੇ ਪਨਾਹ ਦਿੱਤੀ।

ਬਈ ਆ ਜਾਓ, ਸਮੁੰਦਰ ਕਿਨਾਰੇ ਬਹਿ ਕੇ ਸੋਚੋ, ਇਹ ਸਮੁੰਦਰ ਕਿਸਨੇ ਬਣਾਇਆ ਹੈ, ਇਹਦੇ ਵਿੱਚ ਮੱਛੀ ਕਿਸਨੇ ਪਾਈ ਹੈ। ਸਾਰੇ ਮੁਹਾਜਿਰਾਂ ਦੀ ਇੱਥੇ ਆਉਣ ਦੀ ਇੱਕੋ ਵਜ੍ਹਾ ਸੀ ਕਿ ਕਰਾਚੀ ਇੱਕ ‘ਗਰੀਬ ਪਰਵਰ’ ਸ਼ਹਿਰ ਹੈ।ਉੱਜੜ ਕੇ ਆਏ ਲੋਕਾਂ ਨੇ ਇਹ ਸ਼ਹਿਰ ਬਣਾਇਆ ਸੀ ਤੇ ਜਿਹੜੇ ਨਵੇਂ ਉੱਜੜ ਕੇ ਆਉਂਦੇ ਸਨ, ਉਨ੍ਹਾਂ ਦਾ ਦਰਦ ਸਮਝਦੇ ਸਨ। ਇੱਥੇ ਦਿੱਲੀ ਕਲੋਨੀ ਵੀ ਹੈ, ਹੈਦਰਾਬਾਦ ਕਲੋਨੀ ਵੀ ਹੈ, ਇੱਕ ਨਵਾਂ ਮੀਆਂਵਾਲੀ ਵੀ ਹੈ ਤੇ ਨਾਲੇ ਉਨ੍ਹਾਂ ਲਈ ਵੀ ਜਿਨ੍ਹਾਂ ਦੇ ਪਿੰਡ ਜਾਂ ਸ਼ਹਿਰ ਦਾ ਕਿਸੇ ਨੂੰ ਨਾਂ ਵੀ ਨਹੀਂ ਪਤਾ, ਉਨ੍ਹਾਂ ਲਈ ਵੀ ਬਸਤੀਆਂ ਵਸੀਆਂ ਨੇ।ਇੱਥੇ ਮੱਛਰ ਕਲੋਨੀ ਵੀ ਹੈ, ਗਿੱਦੜ ਕਲੋਨੀ ਵੀ ਹੈ, ਇੱਕ ਜਗ੍ਹਾ ਹੈ ਜਿਸਦਾ ਨਾਂ ਹੈ ਕਾਲਾ ਪਾਣੀ, ਫੇਰ ਕੁਝ ਜੱਜਾਂ ਨੇ, ਕੁਝ ਅਫਸਰਾਂ ਨੇ ਬਹਿ ਕੇ ਫੈਸਲਾ ਕੀਤਾ ਕਿ ਇਸ ਸ਼ਹਿਰ ਦਾ ਮਸਲਾ ਕੀ ਹੈ, ਬਸ ਗਰੀਬ ਲੋਕ।

ਕਰਾਚੀ

ਇੱਕ ਐਮਪ੍ਰੈਸ ਮਾਰਕੀਟ ਸੀ, ਉੱਥੇ ਸਸਤੀਆਂ ਦਾਲਾਂ, ਸਬਜ਼ੀਆਂ, ਗੋਸ਼ਤ ਮਿਲਦਾ ਸੀ। ਗਰੀਬ ਲੋਕ ਗਰੀਬ ਲੋਕਾਂ ਨਾਲ ਧੰਦਾ ਕਰਦੇ ਸਨ। ਹਿੰਦੂ ਔਰਤਾਂ ਸੜਕ ‘ਤੇ ਬਹਿ ਕੇ, ਇੱਕ ਹੱਥ ਨਾਲ ਬੱਚਾ ਸਾਂਭਦੀਆਂ ਸਨ, ਦੂਸਰੇ ਹੱਥ ਨਾਲ ਤੱਕੜੀ ਫੜ ਕੇ ਡਰਾਈ ਫਰੂਟ ਵੇਚਦੀਆਂ ਸਨ।ਇੱਕ ਇੱਥੇ ਲਾਈਟ ਹਾਊਸ ਸੀ, ਪਾਕਿਸਤਾਨ ਦਾ ਸਭ ਤੋਂ ਵੱਡਾ ਲੰਡਾ ਬਜ਼ਾਰ, ਜਿੱਥੇ ਗਰੀਬ ਲੋਕ ਤੇ ਸਫੈਦ ਪੋਸ਼ ਵੀ ਬੱਚਿਆਂ ਲਈ ਬੂਟ, ਫੁੱਟਬਾਲ, ਪੁਰਾਣੇ ਕੰਬਲ, ਰਜਾਈਆਂ, ਜੋ ਸ਼ਹਿ ਲੱਭੋ ਮਿਲ ਜਾਂਦੀ ਸੀ। ਇਹ ਉਸ ਤਰ੍ਹਾਂ ਦੀਆਂ ਜਗ੍ਹਾਂ ਨੇ ਜਿੱਥੇ ਤਿੰਨ ਬੰਦੇ ਇਕੱਠੇ ਬਹਿ ਕੇ ਇੱਕ ਪਲੇਟ ਸਾਲਨ ਤੇ ਛੇ ਰੋਟੀਆਂ ਨਾਲ ਲੰਚ ਕਰ ਲੈਂਦੇ ਸਨ।

ਜੇ ਕਦੀ ਦਿਹਾੜੀ ਚੰਗੀ ਲੱਗੀ ਤੇ ਬਨਸ ਰੋਡ ‘ਤੇ ਜਾਕੇ ਮੱਖਣ ‘ਚ ਭੁੰਨੇ ਕਬਾਬ ਵੀ ਖਾ ਲਈਦੇ ਸਨ। ਇਨ੍ਹਾਂ ਸਾਰੀਆਂ ਜਗ੍ਹਾਂ ‘ਤੇ ਬੁਲਡੋਜ਼ਰ ਚੜ੍ਹਾ ਦਿੱਤੇ ਗਏ।ਰਾਤੋ-ਰਾਤ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਖੁੱਸ ਗਈ ਤੇ ਲੱਖਾਂ ਲੋਕਾਂ ਦੀ ਸਫੈਦ ਪੋਸ਼ੀ ਦਾ ਭਰਮ ਵੀ ਮੁੱਕ ਗਿਆ। ਇਸ ਸ਼ਹਿਰ ਵਿੱਚ ਗਰੀਬ ਗਰੀਬਾਂ ਦਾ ਮਾਣ ਰੱਖਦੇ ਸਨ। ਹੁਣ ਸਰਕਾਰ ਆਖਦੀ ਹੈ, ਓਏ ਗਰੀਬੋ, ਜਿੱਥੋਂ ਆਏ ਹੋ, ਉੱਥੇ ਵਾਪਸ ਟੁਰ ਜਾਓ।ਹੁਣ ਸਰਕਾਰ ਤੇ ਸੁਣਦੀ ਕੋਈ ਨਹੀਂ, ਬੱਸ ਅਬਦੁੱਲਾਹ ਸ਼ਾਹ ਗਾਜ਼ੀ ਨੂੰ ਹੀ ਅਰਜ਼ ਪਾ ਸਕਦੇ ਹਾਂ ਕਿ ਸਰਕਾਰ ਅਸੀਂ ਕਿੱਥੇ ਜਾਈਏ।

ਦਿੱਲੀ, ਯੂਪੀ ਤਾਂ ਵਾਪਿਸ ਜਾ ਨਹੀਂ ਸਕਦੇ, ਰਹੀਮ ਯਾਰ ਖਾਨ ਵਿੱਚ ਸੋਕਾ ਪੈ ਗਿਆ ਹੈ, ਲਾਹੌਰ ਵਿੱਚ ਲਾਹੌਰੀਏ ਬੜੇ ਨੇ, ਵਜ਼ੀਰਿਸਤਾਨ ਵਿੱਚ ਸਾਡੀ ਬੱਚੀ ਨੂੰ ਸਕੂਲ ਨਹੀਂ ਜਾਣ ਦਿੰਦੇ, ਕਵੈਟਾ ਹੋਈਏ ਤਾਂ ਮੁੰਡਾ ਸਕੂਲ ਭੇਜੀਏ ਤੇ ਉਹ ਗਾਇਬ ਹੋ ਜਾਂਦਾ ਹੈ।ਅਸੀਂ ਸਾਰੀ ਦੁਨੀਆਂ ਦੀਆਂ ਮੁਸੀਬਤਾਂ ਤੋਂ ਨੱਸ ਕੇ ਇੱਥੇ ਆਏ ਸਾਂ, ਸਾਡੀ ਰੋਜ਼ੀ ਲੱਗੀ ਰਹਿਣ ਦਿਓ, ਸਾਨੂੰ ਰੋਟੀ ਖਾਣ ਦਿਓ, ਸਾਡੇ ‘ਤੇ ਰਹਿਮ ਕਰੋ।

Leave a Reply

Your email address will not be published. Required fields are marked *