ਰਾਜਪੁਰਾ : ਅੱਜ ਕਲ੍ਹ ਮ੍ਰਿਤਕ ਵਿਅਕਤੀ ’ਤੇ ਚਾਦਰਾਂ ਜਾਂ ਲੋਈਆਂ ਪਾਉਣ ਦਾ ਚਲਨ ਆਮ ਹੀ ਹੋ ਗਿਆ ਹੈ। ਇਹ ਚਾਦਰਾਂ ਜਾਂ ਲੋਈਆਂ ਨੂੰ ਸ਼ਮਸ਼ਾਨ ਘਾਟ ਵਿਚ ਹੀ ਛੱਡ ਦਿੱਤਾ ਜਾਂਦਾ ਹੈ ਜਾਂ ਮੁਰਦੇ ਦੇ ਨਾਲ ਹੀ ਸਾੜ ਦਿੱਤਾ ਜਾਂਦਾ ਹੈ। ਇਸੇ ਚਲਨ ਨੂੰ ਰੋਕਣ ਲਈ ਰਾਜਪੁਰਾ ਤੋਂ ਦੋ ਨੌਜਵਾਨਾਂ ਰਣਜੀਤ ਸਿੰਘ ਅਤੇ ਮਹਿੰਗਾ ਸਿੰਘ ਨੇ ਪਹਿਲ ਕਰਦਿਆਂ ਇਕ ਗਰੁੱਪ ਬਣਾਇਆ ਹੈ ਜਿਸ ਦਾ ਨਾਮ ਹੈ ‘ਮੜ੍ਹੀਆਂ ਤੋਂ ਕੱਪੜੇ ਲੈਣ ਵਾਲੇ’। ਗਰੁੱਪ ਦਾ ਨਾਮ ਤਾਂ ਬਹੁਤ ਹੀ ਅਜੀਬ ਜਿਹਾ ਲਗਦਾ ਹੈ, ਪਰ ਇਨ੍ਹਾਂ ਦੀ ਇਸ ਪਹਿਲ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਇਕ-ਇਕ ਕਰ ਕੇ ਇਸ ਗਰੁੱਪ ਨਾਲ ਵੱਡੀ ਗਿਣਤੀ ਵਿਚ ਲੋਕ ਜੁੜਦੇ ਜਾ ਰਹੇ ਹਨ। ‘ਮੜ੍ਹੀਆਂ ਤੋਂ ਕੱਪੜੇ ਲੈਣ ਵਾਲੇ’ ਗਰੁੱਪ ਬਾਰੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਅਸੀਂ ਇਹ ਤਾਂ ਬਹੁਤ ਕਹਿੰਦੇ ਹਾਂ ਕਿ ਲੋਕ ਭਲਾਈ ਨਹੀਂ ਹੋ ਰਹੀ ਪਰ ਅਸੀਂ ਖ਼ੁਦ ਕੀ ਕਰਦੇ ਹਾਂ? ਕੁਝ ਵੀ ਤਾਂ ਨਹੀਂ, ਸਿਰਫ ਗੱਲਾਂ ਹੀ ਕਰਦੇ ਹਾਂ। ਦੂਜਿਆਂ ਦਾ ਭਲਾ ਕਰਨ ਦੀਆਂ ਸਿਰਫ਼ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ।
ਰਣਜੀਤ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੇ ਦੋਸਤ ਮਹਿੰਗਾ ਸਿੰਘ ਨੇ ਸੋਚਿਆ ਕਿ ਮੁਰਦੇ ’ਤੇ ਪੈਣ ਵਾਲੇ ਕੱਪੜਿਆਂ ਨੂੰ ਇਕੱਠੇ ਕਰ ਕੇ ਕਿਉਂ ਨਾ ਲੋੜਵੰਦਾਂ ਵਿੱਚ ਵੰਡਿਆ ਜਾਵੇ। ਪਰ ਅਸੀਂ ਦੋਵੇਂ ਇਹ ਕੰਮ ਕਿਵੇਂ ਕਰ ਸਕਦੇ ਸੀ? ਸਾਡੀ ਪਹੁੰਚ ਤਾਂ ਸਾਡੇ ਨੇੜਲੇ ਪਿੰਡਾਂ ਜਾਂ ਸ਼ਹਿਰ ਤਕ ਹੀ ਹੈ, ਉਨ੍ਹਾਂ ਤਕ ਵੀ ਅਸੀਂ ਤਾਂ ਹੀ ਪਹੁੰਚ ਸਕਦੇ ਹਾਂ ਜੇਕਰ ਸਾਨੂੰ ਪਤਾ ਲੱਗੇ। ਇਸ ਲਈ ਅਸੀਂ ਆਪਣੇ ਨਾਲ ਫੇਸਬੁਕ ਰਾਹੀਂ ਲੋਕਾਂ ਨੂੰ ਜੋੜਨਾ ਸ਼ੁਰੂ ਕੀਤਾ। ਹੁਣ ਸਾਡੀ ਟੀਮ ਆਪਣੇ ਪਿੰਡ ਦੇ ਮੰਦਰ, ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਇਸ ਪਹਿਲ ਬਾਰੇ ਜਾਣੂ ਕਰਵਾ ਰਹੀ ਹੈ ਤਾਂ ਜੋ ਉਹ ਇਨ੍ਹਾਂ ਕੱਪੜਿਆਂ ਨੂੰ ਉਥੇ ਇਕੱਠੇ ਕਰ ਲੈਣ ਤੇ ਅਸੀਂ ਉਥੋਂ ਲੈ ਕੇ ਅੱਗੇ ਲੋੜਵੰਦਾਂ ਤਕ ਪਹੁੰਚਾ ਦੇਵਾਂਗੇ।
ਉਨ੍ਹਾਂ ਦੱਸਿਆ ਕਿ ਠੰਢ ਆਦਿ ਦੇ ਦਿਨਾਂ ਵਿੱਚ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਜਾਂ ਝੁੱਗੀਆਂ ਝੌਪੜੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕੱਪੜਿਆਂ ਦੀ ਲੋੜ ਹੁੰਦੀ ਹੈ। ਇਹ ਕੱਪੜੇ ਅਜਿਹੇ ਲੋਕਾਂ ਤਕ ਅਸਾਨੀ ਨਾਲ ਪਹੁੰਚਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸੇ ਮੰਤਵ ਲਈ ਛੇਤੀ ਹੀ ਇਕ ਵੈਬਸਾਈਟ ਸ਼ੁਰੂ ਕੀਤੀ ਜਾਵੇਗੀ ਜਿਸ ’ਤੇ ਇਹ ਕੱਪੜੇ ਦੇਣ ਵਾਲੇ ਦਾ ਨਾਮ ਤੇ ਪੂਰੀ ਜਾਣਕਾਰੀ ਹੋਵੇਗੀ ਅਤੇ ਇਸਤੋਂ ਇਹ ਕੱਪੜੇ ਅੱਗੇ ਕਿੱਥੇ ਕਿੱਥੇ ਵੰਡੇ ਗਏ ਹਨ, ਇਸ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਜਾਵੇ ਤਾਂ ਜੋ ਇਹ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਸਕੇ। ਜਿਸ ਮ੍ਰਿਤਕ ਪ੍ਰਾਣੀ ਦੇ ਨਮਿੱਤ ਕੱਪੜੇ ਲਏ ਜਾਣਗੇ, ਉਸ ਦੀ ਰਸੀਦ ਸਬੰਧਤ ਪਰਿਵਾਰ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਸਾਡੇ ਇਸ ਗਰੁੱਪ ਨਾਲ ਜੁੜਨਾ ਚਾਹੁੰਦਾ ਹੈ, ਉਹ https://chat.whatsapp.com/LDWWAc3qHvZ8X0OcazZX4Q ’ਤੇ ਕਲਿਕ ਕਰ ਕੇ ਜੁੜ ਸਕਦਾ ਹੈ। ਨਵੇਂ ਮੈਂਬਰ ਸਭ ਤੋਂ ਆਪਣੀ ਜਾਣਕਾਰੀ ਜ਼ਰੂਰ ਭੇਜਣ।