ਲੁਧਿਆਣਾ ਵਿਖੇ ਹੋਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ

INDIA’S LARGEST CYCLE RALLY ORGANIZED AT LUDHIANA

ਲੁਧਿਆਣਾ :   ਇਕ ਇਤਿਹਾਸਕ ਉਪਰਾਲਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਅੱਜ ਪੰਜਾਬ ਪੁਲਿਸ ਵੱਲੋਂ ਇੱਥੇ ਕੱਢੀ ਗਈ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਨਸ਼ਿਆਂ ਦਾ ਲੱਕ ਤੋੜਨ ਦਾ ਸੁਨੇਹਾ ਦਿੱਤਾ।

ਇਸ ਰੈਲੀ ਵਿੱਚ ਹਰੇਕ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਤਾਂ ਕਿ ਪੰਜਾਬ ਨੂੰ ਮੁਕੰਮਲ ਤੌਰ ਉਤੇ ਨਸ਼ਾ ਮੁਕਤ ਸੂਬਾ ਬਣਾਉਣ ਦੇ ਸੰਦੇਸ਼ ਦਾ ਪਾਸਾਰ ਕੀਤਾ ਜਾ ਸਕੇ। ਰੈਲੀ ਵਿੱਚ ਪਹੁੰਚੇ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਪੁੱਟ ਕੇ ਆਪਣੇ ਸੂਬੇ ਨੂੰ ਖੁਸ਼ਹਾਲ ਤੇ ਸਿਹਤਮੰਦ ਸੂਬਾ ਬਣਾਉਣ ਦਾ ਉਤਸ਼ਾਹ ਦੇਖਣਾ ਬਣਦਾ ਸੀ। ਇਸ ਉਪਰਾਲੇ ਰਾਹੀਂ ਪੰਜਾਬ ਪੁਲਿਸ ਖਾਸ ਕਰਕੇ ਸੂਬਾ ਸਰਕਾਰ ਦੀ ਗੰਭੀਰ ਸਮਾਜਿਕ ਮਸਲਿਆਂ ਪ੍ਰਤੀ ਵਚਨਬੱਧਤਾ ਵੀ ਸਾਬਤ ਹੁੰਦੀ ਹੈ।

25000 ਤੋਂ ਵੱਧ ਨੌਜਵਾਨਾਂ ਨੇ ਵਿਸ਼ਾਲ ਸਾਈਕਲ ਰੈਲੀ ਵਿੱਚ ਸ਼ਿਰਕਤ ਕਰਕੇ ਦਿੱਤਾ ਨਸ਼ਿਆਂ ਖਿਲਾਫ਼ ਸੁਨੇਹਾ

INDIA’S LARGEST CYCLE RALLY ORGANIZED AT LUDHIANA
INDIA’S LARGEST CYCLE RALLY ORGANIZED AT LUDHIANA

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਕਸਦ ਨਸ਼ਿਆਂ ਦੀ ਸਮੱਸਿਆ ਉਤੇ ਕਾਬੂ ਪਾਉਣਾ ਅਤੇ ਸਿਹਤਮੰਦ ਤੇ ਸਥਿਰ ਜੀਵਨ ਵਜੋਂ ਸਾਈਕਲ ਦੀ ਸਵਾਰੀ ਨੂੰ ਉਭਾਰਨਾ ਹੈ। ਉਨ੍ਹਾਂ ਕਿਹਾ ਕਿ ਇਹ ਰੈਲੀ ਨਸ਼ਿਆਂ ਦੇ ਗੰਭੀਰ ਸਿੱਟਿਆਂ ਅਤੇ ਨਸ਼ੇ ਤੋਂ ਮੁਕਤ ਜੀਵਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਕੇ ਨਸ਼ਿਆਂ ਦੀ ਮੰਗ ਘਟਾਉਣ ਵਿੱਚ ਅਹਿਮ ਜ਼ਰੀਆ ਸਾਬਤ ਹੋਵੇਗੀ। ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਮੌਕੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੈਲੀ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕਿਉਂਕਿ ਇਤਫਾਕਵੱਸ ਇਹ ਰੈਲੀ ਦੇਸ਼ ਦੇ ਸਭ ਤੋਂ ਨੌਜਵਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਈ ਗਈ ਹੈ ਜਿਸ ਨੇ 19 ਸਾਲ ਦੀ ਉਮਰ ਵਿੱਚ ਜੀਵਨ ਵਤਨ ਦੇ ਲੇਖੇ ਲਾ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ 16 ਨਵੰਬਰ ਦਾ ਦਿਹਾੜਾ ਉਨ੍ਹਾਂ ਦੀ ਸ਼ਹਾਦਤ ਦੀ ਭਾਵੁਕ ਯਾਦ ਦਿਵਾਉਂਦਾ ਹੈ ਅਤੇ ਅੱਜ ਦੇ ਇਸ ਇਤਿਹਾਸਕ ਦਿਹਾੜੇ ਨੇ ਸਮਾਗਮ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਨੇਕ ਇਰਾਦੇ ਨਾਲ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸਾਈਕਲ ਸਵਾਰਾਂ ਨੇ ਵੱਖ-ਵੱਖ ਪਵਿੱਤਰ ਥਾਵਾਂ ਦੀ ਯਾਤਰਾ ਕੀਤੀ। ਹਰੇਕ ਥਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਸਾਈਕਲ ਸਵਾਰ ਸਬੰਧਤ ਸਥਾਨਾਂ ਤੋਂ ਪਵਿੱਤਰ ਮਿੱਟੀ ਲੈ ਕੇ ਆਏ ਜਿਸ ਦੀ ਵਰਤੋਂ ਬੂਟੇ ਲਾਉਣ ਲਈ ਕੀਤੀ ਜਾਵੇਗੀ ਅਤੇ ਇਨ੍ਹਾਂ ਬੂਟਿਆਂ ਦੇ ਨਾਮ ਕ੍ਰਮਵਾਰ ਸਦਭਾਵਨਾ, ਵਚਨ, ਗਿਆਨ, ਏਕਤਾ ਅਤੇ ਉਮੀਦ ਵਜੋਂ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਇਸ ਸਮਾਗਮ ਦੀ ਡੂੰਘਾਈ ਅਤੇ ਮਨੋਰਥ ਨੂੰ ਵਧਾਉਂਦਾ ਹੈ ਜਿਸ ਦਾ ਇਕਮਾਤਰ ਉਦੇਸ਼ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਨਸ਼ਿਆਂ ਵਿਰੁੱਧ ਨੌਜਵਾਨ” ਸਿਰਫ਼ ਇੱਕ ਸਾਈਕਲ ਰੈਲੀ ਨਹੀਂ ਹੈ, ਸਗੋਂ ਇਹ ਨਸ਼ਿਆਂ ਦੀ ਰੋਕਥਾਮ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਇਨਕਲਾਬੀ ਨਾਇਕਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਇੱਕ ਸਮੂਹਿਕ ਯਤਨ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਕੇ ਸਮਾਜਿਕ ਮੁੱਦਿਆਂ ਨੂੰ ਹੱਲ ਕਰਨ ਲਈ ਇਹ ਸ਼ਾਨਦਾਰ ਪਹਿਲ ਹੈ। 

Leave a Reply

Your email address will not be published. Required fields are marked *