ਕਰੋਨਾ ਸੰਕਟ ਦੌਰਾਨ ਡੇਂਗੂ ਤੋਂ ਬਚਾਅ ਲਈ ਵੀ ਜਾਗਰੂਕ ਰਹਿਣ ਦੀ ਲੋੜ: ਡਾ: ਭਾਟੀਆ

ਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿੱਚ ਬੁੱਟਰ ਵਿਖੇ ਹੋਇਆ ਬਲਾਕ ਪੱਧਰੀ ਸੈਮੀਨਾਰ

ਬੁੱਟਰ : ਰਾਸ਼ਟਰੀ ਡੇਂਗੂ ਜਾਗਰੂਕਤਾ ਦਿਵਸ ਮੌਕੇ ਬਲਾਕ ਪੱਧਰੀ ਸੈਮੀਨਾਰ ਪੀ ਐਚ.ਸੀ. ਬੁੱਟਰ ਵਿਖੇ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਮਾਨਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ: ਬਲਵੀਰ ਸਿੰਘ ਸਿੱਧੁ ਦੇ ਹੁਕਮਾਂ ਅਤੇ ਸਿਵਲ ਸਰਜਨ ਡਾਕਟਰ ਆਦੇਸ਼ ਕੰਗ ਦੇ ਦਿਸ਼ਾ ਨਿਰਦੇਸ਼ ਤਹਿਤ ਕਰਵਾਏ ਇਸ ਸੈਮੀਨਾਰ ਦੌਰਾਨ ਬੁਲਾਰਿਆਂ ਨੇ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਕਾਰਨ ਬੇਸ਼ੱਕ ਸਰਕਾਰੀ ਹਦਾਇਤਾਂ ਮੁਤਾਬਿਕ ਸਮੂਹਿਕ ਮੀਟਿੰਗਾਂ ਕਰਨ ਤੋਂ ਬਚਾਅ ਰੱਖਿਆ ਜਾਣਾ ਜਰੂਰੀ ਹੈ ਪਰ ਫਿਰ ਵੀ ਲੋਕਾਂ ਨੂੰ ਵੱਖ^ਵੱਖ ਪ੍ਰਚਾਰ ਸਾਧਨਾਂ ਰਾਹੀਂ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ।  ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਲਮ ਭਾਟੀਆ ਨੇ ਫੀਲਡ ਵਿੱਚ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਰੋਨਾ ਵਾਇਰਸ ਦੀ ਇਸ ਸੰਕਟ ਵਾਲੀ ਘੜੀ ਵਿੱਚ ਲੋਕਾਂ ਦੀ ਸਾਂਭ ਸੰਭਾਲ ਲਈ ਸ਼ਲਾਘਾਯੋਗ ਕੰਮ ਕੀਤੇ ਹਨ. ਉਨ੍ਹਾਂ ਕਿਹਾ ਕਿ ਇਸ ਵੱਡੀ ਜਿੰਮੇਵਾਰੀ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਵਰਗੀਆਂ ਮੌਸਮੀਂ ਬਿਮਾਰੀਆਂ ਤੋਂ ਬਚਾਉਣਾ ਵੀ ਸਾਡਾ ਮੁਢਲਾ ਫਰਜ਼ ਹੈ.

ਇਸ ਮੌਕੇ ਬੋਲਦਿਆਂ ਐਸ ਆਈ ਚਮਕੌਰ ਸਿੰਘ ਨੇ ਕਿਹਾ ਕਿ ਡੇਂਗੂ ਹੋਣ ਦੀਆਂ ਮੁਢਲੀਆਂ ਨਿਸ਼ਾਨੀਆਂ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ ਅਤੇ ਚਮੜੀ ਵਿੱਚ ਦਾਣੇ ਆਦਿ ਹੋ ਜਾਣਾ ਹੁੰਦੀਆਂ ਹਨ. ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਆਮ ਤੌਰ ਖੜ੍ਹੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ. ਇਸ ਲਈ ਘਰ ਵਿੱਚ ਕੂਲਰਾਂ, ਗਮਲਿਆਂ ਜਾਂ ਹੋਰ ਸਰੋਤਾਂ ਵਿੱਚ ਖੜ੍ਹਣ ਵਾਲੇ ਪਾਣੀ ਨੂੰ ਲਗਾਤਾਰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ. ਇਸ ਤੋਂ ਇਲਾਵਾ ਮੱਛਰ ਦੇ ਡੰਗ ਤੋਂ ਬਚਣ ਲਈ ਪੂਰੇ ਸਰੀਰ ਨੂੰ ਢਕ ਕੇ ਰੱਖਣ ਵਾਲੇ ਕੱਪੜੇ ਪਹਿਣਨੇ ਚਾਹੀਦੇ ਹਨ ਅਤੇ ਮੱਛਰ ਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਇਸ ਮੌਕੇ ਪਿੰਡ ਬੁੱਟਰ ਜਗਤਾਰ ਸਿੰਘ, ਨਿਸ਼ਕਾਮ ਸੇਵਾ ਕਲੱਬ ਦੇ ਪਰਮਜੀਤਸਿੰਘ ਭੁੱਲਰ, ਸੇਵਾ ਮੁਕਤ ਮੁੱਖ ਅਧਿਆਪਕ ਗੁਰਚਰਨ ਸਿੰਘ, ਫਾਰਮੇਸੀ ਅਫਸਰ ਹਰਜੀਤ ਸਿੰਘ, ਸਿਹਤ ਵਰਕਰ ਨਿਸ਼ਾਨ ਸਿੰਘ, ਜਸ਼ਦੀਪ ਸਿੰਘ, ਗੁਰਸੇਵਕ ਸਿੰਘ, ਏ ਐਨ ਐਮ ਮਨਜੀਤ ਕੌਰ, ਫੈਸਿਲੀਟੇਟਰ ਸੁਖਵਿੰਦਰ ਕੌਰ ਅਤੇ ਸਮੂਹ ਆਸ਼ਾ ਵਰਕਰ ਹਾਜਰ ਸਨ।

Leave a Reply

Your email address will not be published. Required fields are marked *