ਸਮਾਂ ਕੀ ਹੈ? ਬੰਦੇ ਨੇ ਇਸ ਆਦਿ-ਜੁਗਾਦੀ ਸਵਾਲ ਨਾਲ਼ ਘੁਲ਼ਦੇ ਰਹਿਣਾ ਹੈ। ਫ਼ੋਟੋ ਕੈਮਰਾ ਸਮੇਂ ਦੇ ਵਹਿਣ ਚ ਬਿੰਦ-ਕੁ ਪ੍ਰਵੇਸ਼ ਕਰਕੇ ਇਹਦੀ ਚੂਲ਼ੀ ਭਰ ਕੇ ਸਦਾ ਲਈ ਸਾਂਭ ਲੈਂਦਾ ਹੈ। ਤਸਵੀਰ ਰੁਕੇ ਹੋਏ ਵੇਲੇ ਦੀ ਸਨਦ ਹੁੰਦੀ ਹੈ। ਪੱਥਰ ’ਤੇ ਵੱਜੀ ਲੀਕ।
ਲਗਦਾ ਹੈ ਬੰਦੇ ਦਾ ਬੰਦੇ ਨਾਲ਼ ਵੈਰ ਕਦੇ ਨਹੀਂ ਮੁੱਕਣਾ। ਕਦੇ ਧਰਮ, ਕਦੇ ਨਸਲ, ਕਦੇ ਕੌਮ ਤੇ ਕਦੇ ਜਮਾਤ/ਤਬਕੇ ਦੇ ਨਾਉਂ ’ਤੇ ਜੀਆਘਾਤ ਹੁੰਦਾ ਰਿਹਾ ਹੈ। ਪਰ ਵੀਂਹਵੀਂ ਸਦੀ ਦੇ ਜ਼ੁਲਮ ਬੇਓੜਕ ਹਨ। ਇਸ ਕੰਮ ਵਿਚ ਸਤਾਲਿਨ, ਹਿਟਲਰ, ਮਾਓ ਦੀ ਝੰਡੀ ਮੰਨੀ ਜਾਂਦੀ ਹੈ। ਹੋਰ ਬੀਸੀਓਂ ਤਾਨਸ਼ਾਹ ਇਨ੍ਹਾਂ ਦੇ ਪਾਸਕੂ ਸਨ।
ਹਿਟਲਰ ਦੇ ਜ਼ੁਲਮ ਦੀਆਂ ਫ਼ੋਟੋਆਂ ਬਹੁਤੀਆਂ ਨਹੀਂ ਮਿਲ਼ਦੀਆਂ। ਮਾਓ ਦੇ ਕਲਚਰਲ ਇਨਕਲਾਬ ਵੇਲੇ ਕਿਸੇ ਸਰਕਾਰੀ ਫ਼ੋਟੋਗਰਾਫ਼ਰ ਦੀਆਂ ਚੋਰੀ-ਛਿੱਪੇ ਖਿੱਚੀਆਂ ਤਸਵੀਰਾਂ ਦੀ ਲੰਦਨ ਚ ਬਾਰਾਂ ਸਾਲ ਹੋਏ ਨੁਮਾਇਸ਼ ਲੱਗੀ ਸੀ। ਸਤਾਲਿਨ ਤੇ ਕੰਬੋਡੀਆ ਦੇ ਮਾਓਵਾਦੀ ਆਗੂ ਪੋਲ ਪੋਟ ਨੇ ਅਪਣੇ ਜ਼ੁਲਮਾਂ ਦੀਆਂ ਨਿਸ਼ਾਨੀਆਂ ਬਾਕਾਇਦਾ ਸਾਂਭ ਕੇ ਰੱਖੀਆਂ।
ਪੋਲ ਪੋਟ ਨੇ ਚਾਰ ਸਾਲਾਂ (1975-1979) ਚ ਸਤਾਰਾਂ ਲੱਖ ਲੋਕਾਂ ਦਾ ਕਤਲੇਆਮ ਕੀਤਾ। ਨਾਲ਼ ਦੀਆਂ ਤਸਵੀਰਾਂ ਤੁਓਲ ਸਲੈਂਗ ਅਜਾਇਬਘਰ ਚ ਪਈਆਂ ਸੈਂਕੜੇ ਤਸਵੀਰਾਂ ਚੋਂ ਚੁਣੀਆਂ ਹੋਈਆਂ ਹਨ। ਇਸ ਥਾਂ 14 ਹਜ਼ਾਰ ਇਨਸਾਨ ਤਸੀਹੇ ਦੇ-ਦੇ ਕੇ ਕਤਲ ਕੀਤੇ ਗਏ ਸਨ।
ਇਨ੍ਹਾਂ ਤਸਵੀਰਾਂ ਦਾ ਫ਼ੋਟੋਗਰਾਫ਼ਰ ਨ੍ਹੈਮ ਐੱਨ (ਹੁਣ ਉਮਰ 57 ਸਾਲ) ਨਿੱਕੀ ਉਮਰੇ ਫ਼ੋਟੋ ਕਲਾ ਸਿੱਖਣ ਚੀਨ ਗਿਆ ਸੀ। ਇਸ ਵੇਲੇ ਇਹ ਕੰਬੋਡੀਆ ਦੇ ਕਿਸੇ ਸ਼ਹਿਰ ਦਾ ਡਿਪਟੀ ਮੇਅਰ ਹੈ। ਇਹਦੇ ਇੰਟਰਵਿਊ ਸਾਰੀ ਦੁਨੀਆ ਵਿਚ ਛਪਦੇ-ਨਸ਼ਰ ਹੁੰਦੇ ਰਹਿੰਦੇ ਹਨ।
ਇਨ੍ਹਾਂ ਤਸਵੀਰਾਂ ਦੀਆਂ ਬੜੀਆਂ ਫੈਲਸੂਫੀਆਂ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਜਣਿਆਂ ਦੇ ਗਲ਼ਾਂ ਚੋਂ ਕੈਦੀਆਂ ਵਾਲ਼ੇ ਨੰਬਰ-ਪਟੇ ਲਾਹਿਆਂ ਤਸਵੀਰਾਂ ਦਾ ਮਤਲਬ ਇਕਦਮ ਬਦਲ ਜਾਂਦਾ ਹੈ। ਇਹ ਮੌਤ ਦੀ ਅੱਖ ਵਿਚ, ਫ਼ੋਟੋਗਰਾਫ਼ਰ ਵਲ ਝਾਕ ਰਹੇ ਹਨ। ਫ਼ੋਟੋਗਰਾਫ਼ਰ ਦੇ ਮੂੰਹੋਂ ਸੁਣੇ: ‘‘ਸਵੇਰੇ-ਸਵੇਰੇ ਕੈਦੀਆਂ ਦੇ ਭਰੇ ਟਰੱਕ ਆਉਣੇ। ਇਨ੍ਹਾਂ ਦੀਆਂ ਅੱਖਾਂ ’ਤੇ ਪੱਟੀਆਂ ਬੰਨ੍ਹੀਆਂ ਹੋਣੀਆਂ। ਹਰ ਕਿਸੇ ਨੇ ਮੈਨੂੰ ਪੁੱਛਣਾ: ‘ਮੈਨੂੰ ਏਥੇ ਕਾਸਨੂੰ ਲਿਆਂਦਾ? ਮੇਰਾ ਕਸੂਰ ਕੀ ਹੈ?’ ਅੱਗੋਂ ਮੈਂ ਬੋਲਣਾ ਨਾ ਤੇ ਆਖਣਾ: ‘ਬਿਲਕੁਲ ਸਾਹਮਣੇ ਦੇਖ, ਕੈਮਰੇ ਦੀ ਅੱਖ ਵਿਚ। ਸਿਰ ਸਿੱਧਾ ਰੱਖ; ਸੱਜੇ ਖੱਬੇ ਨਹੀਂ।’ ਮੈਂ ਇਹ ਤਾਂ ਆਖਦਾ ਸੀ ਕਿ ਫ਼ੋਟੋ ਚੰਗੀ ਆਵੇ। ਫੇਰ ਉਨ੍ਹਾਂ ਨੂੰ ਅਗਲੇ ਇੰਟੈਰੋਗੇਸ਼ਨ ਸੈਂਟਰ ਲੈ ਜਾਂਦੇ ਸੀ। ਮੇਰੀ ਡੀਊਟੀ ਏਨੀਓ ਸੀ-ਫ਼ੋਟੋਆਂ ਖਿੱਚਣ ਦਾ ਜਿੰਨਾ ਮੇਰਾ ਫ਼ਰਜ਼ ਸੀ, ਮੈਂ ਨਿਭਾਈ ਗਿਆ। ਮੇਰੇ ਕਮਾਂਡਰ ਨੇ ਮੇਰੇ ਸੁੱਥਰੇ ਕੰਮ ਬਦਲੇ ਮੈਨੂੰ ਰੌਲੈਕਸ ਘੜੀ ਇਨਾਮ ਚ ਦਿੱਤੀ ਸੀ।’’
ਵੀਹ ਸਾਲ ਹੋਏ ਪੋਲ ਪੋਟ ਜਦ ਮਰਿਆ, ਤਾਂ ਪੰਜਾਬ ਦੇ ਸਤਾਲਿਨਵਾਦੀਆਂ ਨੇ ਆਪਣੇ ਪਰਚਿਆਂ ਵਿਚ ਉਹਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਪੇਸ਼ ਕੀਤੀਆਂ ਸਨ।.
ਅਮਰਜੀਤ ਚੰਦਨ