ਚੰਡੀਗੜ੍ਹ : ਸੋਮਵਾਰ ਨੂੰ ਉੱਤਰ ਭਾਰਤ ‘ਚ ਧੁੱਪ ਤਾਂ ਚੜ੍ਹੀ, ਇਸ ਦੇ ਬਾਵਜੂਦ ਕੜਾਕੇ ਦੀ ਠੰਢ ‘ਚ ਕੋਈ ਕਮੀ ਨਹੀਂ ਆਈ। ਪੰਜਾਬ ਵਿੱਚ ਇਸ ਸੀਜ਼ਨ ਵਿੱਚ ਪਹਿਲੀ ਵਾਰ ਰਾਤ ਦਾ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ। ਨਵਾਂਸ਼ਹਿਰ (ਐੱਸ. ਬੀ. ਐੱਸ. ਨਗਰ) -0.2 ਡਿਗਰੀ ਦੇ ਨਾਲ ਸੂਬੇ ਦਾ ਸਭ ਤੋਂ ਠੰਡਾ ਰਿਹਾ। ਪੰਜਾਬ ‘ਚ ਰਾਤ ਦੇ ਤਾਪਮਾਨ ‘ਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਹੁਣ ਇਹ ਆਮ ਨਾਲੋਂ 1.9 ਡਿਗਰੀ ਘੱਟ ਹੋ ਗਿਆ ਹੈ।
ਮੌਸਮ ਵਿਭਾਗ ਨੇ ਮੰਗਲਵਾਰ ਨੂੰ ਵੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਧੁੰਦ ਕਾਰਨ ਦਿੱਲੀ ਵਿੱਚ 400 ਤੋਂ ਵੱਧ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਅਤੇ 100 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। 68 ਉਡਾਣਾਂ ਨੂੰ ਰੱਦ ਕਰਨਾ ਪਿਆ।
ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਤਿੰਨ ਹਾਦਸਿਆਂ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚ ਦੋ ਦੋਸਤ, ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਟਰੱਕ ਡਰਾਈਵਰ ਸ਼ਾਮਲ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਅਲਰਟ ਮੁਤਾਬਕ ਪੰਜਾਬ ਦੇ 16 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹੇਗੀ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਠੰਢ ਦੇ ਨਾਲ-ਨਾਲ ਸੀਤ ਲਹਿਰ ਵੀ ਰਹੇਗੀ।
ਬੁੱਧਵਾਰ ਲਈ ਆਰੇਂਜ ਅਲਰਟ ਅਤੇ ਵੀਰਵਾਰ ਅਤੇ ਸ਼ੁੱਕਰਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਨੂੰ ਪਟਿਆਲਾ ਵਿੱਚ ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਸਿਰਫ਼ 25 ਮੀਟਰ ਅਤੇ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ 50-50 ਮੀਟਰ ਰਹੀ।
ਉਥੇ ਹੀ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 1.0 ਡਿਗਰੀ, ਬਠਿੰਡਾ ਵਿੱਚ 2.2 ਡਿਗਰੀ ਰਿਹਾ। ਨਵਾਂਸ਼ਹਿਰ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 5.7 ਡਿਗਰੀ ਅਤੇ ਲੁਧਿਆਣਾ ਵਿੱਚ ਸਿਰਫ਼ 1.0 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ 3.2 ਡਿਗਰੀ, ਬਠਿੰਡਾ ਵਿੱਚ 2.2 ਡਿਗਰੀ, ਪਠਾਨਕੋਟ ਵਿੱਚ 3.8 ਡਿਗਰੀ, ਫਰੀਦਕੋਟ ਵਿੱਚ 4.4 ਡਿਗਰੀ, ਗੁਰਦਾਸਪੁਰ ਵਿੱਚ 3.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਸੋਮਵਾਰ ਨੂੰ 0.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਅਜੇ ਵੀ ਆਮ ਨਾਲੋਂ 6.1 ਡਿਗਰੀ ਘੱਟ ਹੈ। ਲੁਧਿਆਣਾ ਦਾ ਸਭ ਤੋਂ ਵੱਧ ਤਾਪਮਾਨ 14.4 ਡਿਗਰੀ ਰਿਹਾ। ਅੰਮ੍ਰਿਤਸਰ ਦਾ ਤਾਪਮਾਨ ਸਭ ਤੋਂ ਘੱਟ 9.1 ਡਿਗਰੀ ਰਿਹਾ।