CBSE ਦਾ ਨਿਰਦੇਸ਼; ਅਧਿਆਪਕਾਂ ਨੂੰ ਜਾਰੀ ਹੋਣ ਰਿਲੀਵਿੰਗ ਸਰਟੀਫਿਕੇਟ

ਲੁਧਿਆਣਾ-ਤੀਜੇ ਸਮੇਂ ‘ਤੇ ਐਲਾਨਣ ਨਾਲ ਇਵੈਲਿਊਏਸ਼ਨ ਪ੍ਰਕਿਰਿਆ ਵੀ ਪੂਰੀ ਤਰ੍ਹਾਂ ਦਰੁਸਤ ਕਰਵਾਉਣ ਲਈ ਇਸ ਵਾਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਪ੍ਰੀਖਿਆਵਾਂ ਦੀ ਸ਼ੁਰੂਆਤ ਤੋਂ ਗੰਭੀਰਤਾ ਦਿਖਾ ਰਿਹਾ ਹੈ। ਪਿਛਲੇ ਪੂਰੇ ਸੈਸ਼ਨ ‘ਚ ਸਕੂਲੀ ਅਧਿਆਪਕਾਂ ਦੇ ਸੈਮੀਨਾਰਾਂ ਵਿਚ ਵੀ ਉਨ੍ਹਾਂ ਨੂੰ ਤਰੁੱਟੀ ਰਹਿਤ ਮੁਲਾਂਕਣ ਕਰਨ ਦੇ ਗੁਰ ਦੇਣ ਲਈ ਸੀ. ਬੀ. ਐੱਸ. ਈ. ਦੀਆਂ ਵਿਸ਼ੇ ਮਾਹਰਾਂ ਦੀਆਂ ਟੀਮਾਂ ਵੀ ਦੇਸ਼ ਭਰ ‘ਚ ਘੁੰਮਦੀਆਂ ਰਹੀਆਂ ਤਾਂ ਕਿ ਸਮੇਂ ਸਿਰ ਅਧਿਆਪਕਾਂ ਨੂੰ ਹਰ ਉਸ ਬਾਰੀਕੀ ਦੇ ਰੂ-ਬਰੂ ਕਰਵਾਇਆ ਜਾਵੇ, ਜਿਸ ਦੀ ਗਲਤੀ ਇਵੈਲਿਊਏਸ਼ਨ ਦੌਰਾਨ ਹੋ ਜਾਂਦੀ ਹੈ। ਇਥੇ ਹੀ ਬੱਸ ਨਹੀਂ, ਇਸ ਵਾਰ ਸਕੂਲਾਂ ਦੇ ਵਿਸ਼ੇ ਮਾਹਰ ਅਧਿਆਪਕਾਂ ਨੂੰ ਮੁਲਾਂਕਣ ਲਈ ਸਕੂਲ ਤੋਂ ਰਿਲੀਵ ਹੁੰਦੇ ਹੋਏ ਆਪਣੇ ਪ੍ਰਿੰਸੀਪਲਾਂ ਤੋਂ ਇਕ ਰਿਲੀਵਿੰਗ ਸਰਟੀਫਿਕੇਟ ਵੀ ਲੈਣਾ ਹੋਵੇਗਾ। ਨਾਲ ਹੀ ਮੁਲਾਂਕਣ ਖਤਮ ਹੋਣ ਤੋਂ ਬਾਅਦ ਚੀਫ ਨੋਡਲ ਸੁਪਰਵਾਈਜ਼ਰ ਵੀ ਇਵੈਲਿਊਏਟਰਾਂ ਨੂੰ ਅਟੈਂਡੈਂਸ ਸਰਟੀਫਿਕੇਟ ਜਾਰੀ ਕਰਨਗੇ। ਹੁਣ ਬੋਰਡ ਪ੍ਰੀਖਿਆਵਾਂ ਦੇ ਸ਼ੁਰੂ ਹੋਣ ਦੇ ਨਾਲ ਹੀ ਸੀ. ਬੀ. ਐੱਸ. ਈ. ਦੀ ਚੇਅਰਪਰਸਨ ਅਨੀਤਾ ਕਰਵਾਲ ਨੇ ਇਵੈਲਿਊਏਸ਼ਨ ਪ੍ਰਕਿਰਿਆ ਨੂੰ ਸਮਾਂਬੱਧ ਅਤੇ ਤਰੁੱਟੀ ਰਹਿਤ ਕਰਵਾਉਣ ਦੀ ਕਮਾਨ ਆਪਣੇ ਹੱਥਾਂ ‘ਚ ਲੈ ਲਈ ਹੈ। ਇਸ ਲੜੀ ‘ਚ ਚੇਅਰਪਰਸਨ ਨੇ ਦੇਸ਼ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕੇ ਇਵੈਲਿਊਏਸ਼ਨ ਪ੍ਰਕਿਰਿਆ ‘ਚ ਬੋਰਡ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਨੂੰ ਕਿਹਾ ਹੈ।
ਕੀ ਹਨ ਬੋਰਡ ਦੇ ਨਿਰਦੇਸ਼
ਸੀ. ਬੀ. ਐੱਸ. ਈ. ਦੀ ਚੇਅਰਪਰਸਨ ਨੇ ਸਾਰੇ ਪ੍ਰਿੰਸੀਪਲਾਂ ਨੂੰ ਕਿਹਾ ਹੈ ਕਿ ਉੱਤਰ ਪੁਸਤਕਾਂ ਦੀ ਮੁਲਾਂਕਣ ਪ੍ਰਕਿਰਿਆ ਲਈ ਆਪਣੇ ਵਿਸ਼ੇ ਮਾਹਰ ਸੀਨੀਅਰ ਅਧਿਆਪਕਾਂ ਨੂੰ ਸਕੂਲਾਂ ਤੋਂ ਰਿਲੀਵ ਕਰਨ ‘ਚ ਕੋਈ ਕੋਤਾਹੀ ਨਾ ਵਰਤੀ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਹਨ ਕਿ ਅਧਿਆਪਕਾਂ ਨੂੰ ਇਵੈਲਿਊਏਸ਼ਨ ਲਈ ਪੂਰੇ ਸਮੇਂ ਲਈ ਸਕੂਲ ਤੋਂ ਰਿਲੀਵ ਕੀਤਾ ਜਾਵੇ। ਇਹ ਪ੍ਰਕਿਰਿਆ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਉਕਤ ਅਧਿਆਪਕ ਦੇ ਆਪਣੇ ਵਿਸ਼ੇ ਦੀ ਮਾਰਕਿੰਗ ਖਤਮ ਨਹੀਂ ਹੋ ਜਾਂਦੀ। ਪ੍ਰਿੰਸੀਪਲਾਂ ਨੂੰ ਕਿਹਾ ਗਿਆ ਹੈ ਕਿ ਉੱਤਰ ਪੁਸਤਕਾਂ ਦਾ ਮੁਲਾਂਕਣ ਤਰੁੱਟੀ ਰਹਿਤ ਕਰਵਾਉਣਾ ਹੀ ਸੀ. ਬੀ. ਐੱਸ. ਈ. ਦੀ ਪਹਿਲ ਹੈ ਤਾਂ ਕਿ ਵਿਦਿਆਰਥੀਆਂ ਦੇ ਨੰਬਰਾਂ ‘ਚ ਨਤੀਜਿਆਂ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਗੜਬੜ ਸਾਹਮਣੇ ਨਾ ਆਵੇ।

ਸੀ. ਬੀ. ਐੱਸ. ਈ. ਨੇ ਇਸ ਕਾਰਨ ਕੀਤੀ ਸਕੂਲਾਂ ‘ਤੇ ਸਖਤੀ
ਧਿਆਨਦੇਣਯੋਗ ਹੈ ਕਿ ਪਿਛਲੇ ਕੁੱਝ ਸਾਲਾਂ ‘ਚ ਅਜਿਹੇ ਕਈ ਕੇਸ ਸਾਹਮਣੇ ਆਏ ਹਨ, ਜਦੋਂ ਸਕੂਲ ਪ੍ਰਿੰਸੀਪਲ ਆਪਣੇ ਵਿਸ਼ੇ ਮਾਹਰ ਅਧਿਆਪਕਾਂ ਨੂੰ ਮੁਲਾਂਕਣ ਕੇਂਦਰਾਂ ‘ਚ ਭੇਜਣ ਤੋਂ ਪਹਿਲਾਂ ਸਕੂਲ ਵਿਚ ਉਨ੍ਹਾਂ ਦੀਆਂ ਕਲਾਸਾਂ ਦੇ ਪੀਰੀਅਡ ਲਗਵਾਉਂਦੇ ਹਨ। ਅਜਿਹੇ ‘ਚ ਕਈ ਜ਼ਿਲਿਆਂ ਵਿਚ ਇਵੈਲਿਊਏਸ਼ਨ ‘ਤੇ ਜਾਣ ਵਾਲੇ ਅਧਿਆਪਕ ਮੁਲਾਂਕਣ ਕੇਂਦਰਾਂ ‘ਚ ਪੁੱਜਣ ਲਈ ਲੇਟ ਹੋ ਜਾਂਦੇ ਹਨ। ਇਹੀ ਨਹੀਂ, ਅਧਿਆਪਕਾਂ ਨੇ ਪਹਿਲਾਂ ਸਕੂਲ ਅਤੇ ਉਸ ਤੋਂ ਬਾਅਦ ਬੋਰਡ ਦੀ ਉਕਤ ਡਿਊਟੀ ਕਰਨ ਲਈ ਦੋਹਰੀ ਡਿਊਟੀ ਦਾ ਮੁੱਦਾ ਵੀ ਸੀ. ਬੀ. ਐੱਸ. ਈ. ਦੇ ਸਾਹਮਣੇ ਚੁੱਕਿਆ ਸੀ। ਨਾਲ ਹੀ ਬੋਰਡ ਨੂੰ ਵੀ ਆਂਸਰਸ਼ੀਟਾਂ ਦੀ ਮੁਲਾਂਕਣ ਪ੍ਰਕਿਰਿਆ ‘ਚ ਸਕੂਲਾਂ ਦੀ ਇਸ ਕਥਿਤ ਮਨਮਰਜ਼ੀ ਕਾਰਨ ਹੋ ਰਹੀ ਦੇਰੀ ਕਾਰਨ ਨਤੀਜੇ ਐਲਾਨਣ ‘ਚ ਕੁੱਝ ਦਿਨ ਫਾਲਤੂ ਲਗਦੇ ਰਹੇ ਹਨ। ਇਨ੍ਹਾਂ ਹੀ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੋਰਡ ਨੇ ਇਸ ਵਾਰ ਸਿਸਟਮ ‘ਚ ਕੁੱਝ ਬਦਲਾਅ ਕੀਤੇ ਹਨ ਤਾਂ ਕਿ ਅਧਿਆਪਕਾਂ ਨੂੰ ਕੁੱਝ ਰਾਹਤ ਦਿੱਤੀ ਜਾ ਸਕੇ। ਅਜਿਹੇ ਵਿਚ ਬੋਰਡ ਨੇ 2 ਅਜਿਹੇ ਸਰਟੀਫਿਕੇਟ ਦਾ ਉਲਥਾ ਵੀ ਵੈੱਬਸਾਈਟ ‘ਤੇ ਜਾਰੀ ਕੀਤਾ ਹੈ, ਜੋ ਸਕੂਲ ਪ੍ਰਿੰਸੀਪਲਾਂ ਵਲੋਂ ਮੁਲਾਂਕਣ ਲਈ ਭੇਜੇ ਜਾਣ ਵਾਲੇ ਆਪਣੇ ਅਧਿਆਪਕਾਂ ਨੂੰ ਜਾਰੀ ਕਰਨਾ ਹੋਵੇਗਾ। ਇਸ ਸਰਟੀਫਿਕੇਟ ‘ਚ ਅਧਿਆਪਕ ਦੇ ਵਿਸ਼ੇ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਦਰਜ ਕਰਨੀ ਹੋਵੇਗੀ।

Leave a Reply

Your email address will not be published. Required fields are marked *