ਸੁਨਾਮ : ਸੁਨਾਮ ਦੀ ਇਕ ਅਦਾਲਤ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਸ ਦੇ 8 ਹੋਰ ਸਾਥੀਆਂ ਨੂੰ ਦੋ ਸਾਲ ਦੀ ਸਜ਼ਾ ਦੇ ਨਾਲ-ਨਾਲ ਪੰਜ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਵਕੀਲ ਤੇਜਪਾਲ ਭਾਰਦਵਾਜ ਅਤੇ ਸੁਸ਼ੀਲ ਕੁਮਾਰ ਵਸ਼ਿਸ਼ਟ ਨੇ ਦੱਸਿਆ ਕਿ ਰਜਿੰਦਰ ਦੀਪਾ ਜੋ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੁਨਾਮ ਤੋਂ ਹਲਕਾ ਇੰਚਾਰਜ ਵੀ ਹਨ ਨੇ ਸਾਲ 2008 ‘ਚ ਮੁਕਾਮੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਨ ਅਰੋੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ ‘ਚ ਜ਼ਬਰਦਸਤੀ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਕੀਤੀ ਸੀ ਪਰ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੀ, ਜਿਸ ‘ਤੇ ਰਜਿੰਦਰ ਦੀਪਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।
ਕਰੀਬ ਪੰਦਰਾਂ ਸਾਲ ਚੱਲੇ ਇਸ ਕੇਸ ਦੀ ਸੁਣਵਾਈ ਕਰਦਿਆਂ ਅੱਜ ਸਬਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਗੁਰਪਿੰਦਰ ਸਿੰਘ ਜੌਹਲ ਦੀ ਮਾਨਯੋਗ ਅਦਾਲਤ ਵਲੋਂ ਅਮਨ ਅਰੋੜਾ ਅਤੇ ਉਸ ਦੀ ਮਾਤਾ ਪ੍ਰਮੇਸ਼ਵਰੀ ਦੇਵੀ ਤੋਂ ਇਲਾਵਾ ਜਗਜੀਵਨ ਕੁਮਾਰ ਲੱਕੀ,ਬਲਜਿੰਦਰ ਸਿੰਘ ਨਮੋਲ, ਲਾਭ ਸਿੰਘ ਨੀਲੋਵਾਲ,ਚਿਤਵੰਤ ਸਿੰਘ ਸ਼ੇਰੋਂ, ਕੁਲਦੀਪ ਸਿੰਘ ਸ਼ੇਰੋਂ, ਸਤਿਗੁਰ ਸਿੰਘ ਨਮੋਲ, ਰਜਿੰਦਰ ਸਿੰਘ ਆਦਿ ਨੌਂ ਜਣਿਆਂ ਨੂੰ ਆਈ.ਪੀ.ਸੀ.ਦੀ ਧਾਰਾ 452 ਚ 2-2 ਸਾਲ ਅਤੇ 323 ਵਿਚ 1-1 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਮੁਦਈ ਰਜਿੰਦਰ ਦੀਪਾ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਰਿਸ਼ਤੇ ‘ਚ ਸਕੇ ਜੀਜਾ ਹਨ।