ਜਸਵੰਤ ਸਿੰਘ ਕੰਵਲ (ਜਨਮ 27 ਜੂਨ 1919 – 01 ਫਰਵਰੀ 2020) : ਪੰਜਾਬੀ ਗਲਪ ਦੇ ਖੇਤਰ ਵਿੱਚ ਜਸਵੰਤ ਸਿੰਘ ਕੰਵਲ ਇੱਕ ਪ੍ਰਤਿਸ਼ਠਿਤ ਨਾਮ ਅਤੇ ਵਿਲੱਖਣ ਹਸਤਾਖਰ ਹੈ । ਉਸ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਵਿੱਚ ਸ. ਮਾਹਲਾ ਸਿੰਘ ਅਤੇ ਸ੍ਰੀਮਤੀ ਹਰਨਾਮ ਕੌਰ ਦੇ ਘਰ ਹੋਇਆ । ਕੰਵਲ ਅਜੇ ਪੰਜ ਸਾਲ ਦਾ ਹੀ ਸੀ ਜਦੋਂ ਪਿਤਾ ਸੁਰਗਵਾਸ ਹੋ ਗਏ । ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪਾਸ ਕੀਤੀ । ਇਸ ਤੋਂ ਬਾਅਦ ਭੁਪਿੰਦਰਾ ਹਾਈ ਸਕੂਲ ਵਿੱਚ ਦਾਖ਼ਲਾ ਲਿਆ ਅਤੇ ਗਿਆਨੀ ਪਾਸ ਕੀਤੀ । ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਹਾਲਤ ਡਾਵਾਂਡੋਲ ਹੋਣ ਕਾਰਨ ਕੰਵਲ ਮਲਾਇਆ ਚਲਾ ਗਿਆ । ਉੱਥੇ ਚੀਨੀ ਲੋਕਾਂ ਦੇ ਜੀਵਨ ਨੂੰ ਨੇੜੇ ਹੋ ਕੇ ਵੇਖਿਆ ਤੇ ਉੱਥੇ ਹੀ ਕਵਿਤਾ ਲਿਖਣ ਦੀ ਪ੍ਰੇਰਨਾ ਮਿਲੀ । ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ ‘ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ।
ਕੰਵਲ ਦਾ ਸਾਹਿਤਿਕ ਸਫ਼ਰ ਉਸ ਦੀ ਵਾਰਤਕ ਦੀ ਪਹਿਲੀ ਪੁਸਤਕ ਜੀਵਨ ਕਣੀਆਂ ਤੋਂ ਸ਼ੁਰੂ ਹੁੰਦਾ ਹੈ ਜੋ ਕਿ 1941-42 ਵਿੱਚ ਛਪੀ । ਇਸ ਪੁਸਤਕ ਦੇ ਪਬਲਿਸ਼ਰ ਨੇ ਕੰਵਲ ਦੀ ਲੇਖਣੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਨਾਵਲ ਲਿਖਣ ਲਈ ਉਤਸ਼ਾਹਿਤ ਕੀਤਾ । 1944 ਵਿੱਚ ਜਸਵੰਤ ਸਿੰਘ ਕੰਵਲ ਦਾ ਪਹਿਲਾ ਨਾਵਲ ਸਚ ਨੂੰ ਫਾਂਸੀ ਛਪਿਆ । ਕੰਵਲ ਅਨੁਸਾਰ :
1912 ਵਿੱਚ ਜ਼ਿਲ੍ਹਾ ਮਿੰਟਗੁਮਰੀ ਵਿੱਚ ਇੱਕ ਹਾਦਸਾ ਹੋਇਆ ਜਿਸ ਤੋਂ ਪਹਿਲਾ ਨਾਵਲ ਲਿਖਣ ਦੀ ਪ੍ਰੇਰਨਾ ਮਿਲੀ । ਉੱਥੇ ਇੱਕ ਰਸਾਲਦਾਰ ਦਾ ਕਤਲ ਹੋਇਆ । ਓਦੋਂ ਮੈਂ ਹਾਲੇ ਪੜ੍ਹ ਰਿਹਾ ਸੀ । ਇਸ ਘਟਨਾ ਦੇ ਕੱਚ-ਸੱਚ ਨੂੰ ਵੇਖ ਕੇ ਕਲਪਨਾ ਦੀ ਰੰਗਤ ਚਾੜ੍ਹ ਕੇ ਕਹਾਣੀ ਲਿਖੀ , ਓਦੋਂ ਨੂੰ ਉਹ ਬੇਗੁਨਾਹ ਮੁੰਡਾ ਫਾਹੇ ਲੱਗ ਗਿਆ ।
ਕੰਵਲ ਨੇ ਤੀਹ ਤੋਂ ਵੱਧ ਨਾਵਲ ਲਿਖੇ ਹਨ ਜਿਨ੍ਹਾਂ ਵਿੱਚੋਂ ਪੂਰਨਮਾਸ਼ੀ , ਰੂਪਧਾਰਾ ਹਾਣੀ , ਮਨੁੱਖਤਾ , ਲਹੂ ਦੀ ਲੋਅ , ਐਨਿਆਂ ਚੋਂ ਉਠੋ ਸੂਰਮਾਂ , ਤੋਸ਼ਾਲੀ ਦੀ ਹੰਸੋ ਅਤੇ ਇੱਕ ਹੋਰ ਹੈਲਨ ਪ੍ਰਸਿੱਧ ਨਾਵਲ ਹਨ । ਪੂਰਨਮਾਸ਼ੀ ਪਾਠਕਾਂ ਵਿੱਚ ਸਭ ਤੋਂ ਵੱਧ ਚਰਚਿਤ ਰਿਹਾ । ਇਸ ਨਾਵਲ ਵਿੱਚ ਪ੍ਰੀਤ-ਕਹਾਣੀ ਦਾ ਆਸਰਾ ਲੈ ਕੇ ਕੰਵਲ ਨੇ ਮਲਵਈ ਸੱਭਿਆਚਾਰ ਦੀ ਭਰਪੂਰ ਪੇਸ਼ਕਾਰੀ ਕੀਤੀ ਹੈ । ਉਸ ਦੇ ਨਾਵਲ ਰਾਤ ਬਾਕੀ ਹੈ ਤੋਂ ਪ੍ਰਭਾਵਿਤ ਹੋ ਕੇ ਜਸਵੰਤ ਗਿੱਲ ਨਾਲ ਉਸ ਦਾ ਮੇਲ ਹੋਇਆ ।
ਕੰਵਲ ਦੀ ਪੰਜਾਬੀ ਨਾਵਲ ਨੂੰ ਦੇਣ ਬਹੁਤ ਹੀ ਮੁੱਲਵਾਨ ਹੈ । ਉਸ ਨੇ ਮਾਲਵੇ ਦੇ ਪੇਂਡੂ ਜੀਵਨ ਨੂੰ ਆਪਣੇ ਨਾਵਲਾਂ ਦੀ ਆਧਾਰ-ਭੂਮੀ ਬਣਾਇਆ ਹੈ । ਜਸਵੰਤ ਸਿੰਘ ਕੰਵਲ ਨੂੰ ਨਾਨਕ ਸਿੰਘ ਦਾ ਉਤਰਾਧਿਕਾਰੀ ਕਿਹਾ ਜਾਂਦਾ ਹੈ ਪਰ ਕੰਵਲ ਆਪਣੇ ਵਿਸ਼ੇ-ਵਸਤੂ ਵਿੱਚ ਨਾਨਕ ਸਿੰਘ ਤੋਂ ਅੱਡ ਹੈ । ਨਾਨਕ ਸਿੰਘ ਜਿੱਥੇ ਸਮਾਜ ਸੁਧਾਰ ਤੇ ਜ਼ਿਆਦਾ ਜ਼ੋਰ ਦਿੰਦਾ ਹੈ , ਉੱਥੇ ਕੰਵਲ ਗਲਪ ਨੂੰ ਮਾਧਿਅਮ ਬਣਾ ਕੇ ਸਮਾਜਵਾਦੀ ਯਥਾਰਥਵਾਦ ਦਾ ਪ੍ਰਚਾਰ ਕਰਦਾ ਹੈ । ਪਿੰਡ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਪਰਸਪਰ ਵਿਰੋਧ ਵਿੱਚੋਂ ਉਪਜੀਆਂ ਘਟਨਾਵਾਂ ਉਸ ਦੇ ਨਾਵਲਾਂ ਦਾ ਬਿਰਤਾਂਤਕ-ਪਸਾਰ ਬਣੀਆਂ ਹਨ । ਸ਼੍ਰੇਣੀ-ਸੰਘਰਸ਼ ਨੂੰ ਉਹ ਪ੍ਰੀਤ-ਕਥਾ ਦੇ ਪਿਛੋਕੜ ਵਿੱਚ ਰੱਖ ਕੇ ਪੇਸ਼ ਕਰਦਾ ਹੈ । ਉਸ ਦੇ ਨਾਵਲਾਂ ਦਾ ਆਧਾਰ ਪਿਆਰ ਹੈ । ਉਹ ਮੂਲ ਰੂਪ ਵਿੱਚ ਮਾਰਕਸਵਾਦ ਤੋਂ ਪ੍ਰਭਾਵਿਤ ਹੈ । ਉਸ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਪਣੀ ਅਵਾਜ਼ ਉਠਾਈ ਹੈ । ਉਸ ਨੇ ਆਪਣੇ ਨਾਵਲਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਭਰਪੂਰ ਪੇਸ਼ਕਾਰੀ ਕੀਤੀ ਹੈ। ਉਸ ਨੇ ਪੇਂਡੂ ਲੋਕਾਂ ਦੇ ਸਮਾਜਿਕ , ਰਾਜਨੀਤਿਕ , ਸਾਂਸਕ੍ਰਿਤਕ ਤੇ ਸੱਭਿਆਚਾਰਿਕ ਪੱਖਾਂ ਦਾ ਉਲੇਖ ਆਪਣੇ ਨਾਵਲਾਂ ਵਿੱਚ ਕੀਤਾ ਹੈ । ਉਹ ਆਪਣੇ ਨਾਵਲਾਂ ਵਿੱਚ ਮਲਵਈ ਸੱਭਿਆਚਾਰ ਦੇ ਨਾਲ-ਨਾਲ ਜਗੀਰਦਾਰੀ ਪ੍ਰਬੰਧ ਦੀਆਂ ਕੁਰੀਤੀਆਂ ਨੂੰ ਵੀ ਪੇਸ਼ ਕਰਦਾ ਹੈ ਪਰ ਉਸ ਦੀ ਪੇਸ਼ਕਾਰੀ ਇੰਨੀ ਜਜ਼ਬਾਤੀ ਹੈ ਕਿ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੀ ਹੈ । ਉਸ ਦੇ ਨਾਵਲਾਂ ਦੇ ਪਾਤਰ ਆਦਰਸ਼ਕ ਹੋਣ ਦੇ ਨਾਲ-ਨਾਲ ਆਮ ਜੀਵਨ ਵਿੱਚੋਂ ਸਹਿਜੇ ਹੀ ਮਿਲ ਜਾਂਦੇ ਹਨ । ਉਸ ਦੇ ਨਾਵਲਾਂ ਦੇ ਪਲਾਟ ਇਕਹਿਰੇ ਤੇ ਗੁੰਝਲਦਾਰ ਵਿਉਂਤ ਵਾਲੇ ਹਨ । ਉਸ ਨੂੰ ਦ੍ਰਿਸ਼-ਵਰਣਨ ਵਿੱਚ ਬਹੁਤ ਹੀ ਮੁਹਾਰਤ ਹਾਸਲ ਹੈ । ਉਹ ਆਪਣੇ ਨਾਵਲਾਂ ਵਿੱਚ ਮਲਵਈ ਉਪਭਾਸ਼ਾ ਦੀ ਵਧੇਰੇ ਵਰਤੋਂ ਕਰਦਾ ਹੈ । ਉਹ ਵਰਣਾਤਮਿਕ ਤੇ ਆਤਮਿਕ-ਸ਼ੈਲੀ ਦੀ ਵਰਤੋਂ ਕਰਦਾ ਹੈ । ਬਰਫ਼ ਦੀ ਅੱਗ ਨਾਵਲ ਵਿੱਚ ਉਸ ਨੇ ਵਾਰਤਾਲਾਪੀ ਸ਼ੈਲੀ ਦਾ ਪ੍ਰਯੋਗ ਕਰ ਕੇ ਇੱਕ ਨਵੇਕਲਾ ਪ੍ਰਯੋਗ ਕੀਤਾ ਹੈ । ਇਸੇ ਤਰ੍ਹਾਂ ਤੋਸ਼ਾਲੀ ਦੀ ਹੰਸੋ ਇਤਿਹਾਸਿਕ ਨਾਵਲ ਲਿਖ ਕੇ ਵੀ ਉਸ ਨੇ ਇਤਿਹਾਸ ਵਿੱਚੋਂ ਗਲਪੀ-ਬਿਰਤਾਂਤ ਦੀ ਸਿਰਜਣਾ ਕੀਤੀ ਹੈ । ਇਸ ਨਾਵਲ ਨੂੰ 1993 ਵਿੱਚ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਆ ਗਿਆ ।
ਕੰਵਲ ਨੂੰ ਪਾਠਕਾਂ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਦਾ ਮਾਣ ਹਾਸਲ ਹੈ । ਉਸ ਦੇ ਨਾਵਲਾਂ ਤੋਂ ਇਲਾਵਾ ਦਸ ਕਹਾਣੀ ਸੰਗ੍ਰਹਿ , ਸੱਤ ਨਿਬੰਧ ਸੰਗ੍ਰਹਿ , ਦੋ ਰੇਖਾ ਚਿੱਤਰ ਅਤੇ ਤਿੰਨ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁਕੇ ਹਨ । ਉਸ ਨੇ ਸ਼ਰਤ ਚੰਦਰ ਦੇ ਨਾਵਲ ਦੇਵਦਾਸ ਅਤੇ ਦੱਤ ਭਾਰਤੀ ਦੇ ਨਾਵਲ ਬਰਾਂਚ ਲਾਈਨ ਦਾ ਅਨੁਵਾਦ ਕੀਤਾ ਹੈ । ਕੰਵਲ ਪੰਜਾਬੀ ਸਾਹਿਤ ਟ੍ਰਸਟ ਢੁੱਡੀਕੇ ਦਾ ਜਰਨਲ ਸਕੱਤਰ ਤੇ ਬਾਨੀ ਵੀ ਹੈ , ਜਿਸ ਵੱਲੋਂ ਹਰ ਸਾਲ ਬਾਵਾ ਬਲਵੰਤ , ਬਲਰਾਜ ਸਾਹਨੀ ਤੇ ਜਸਵੰਤ ਗਿੱਲ ਅਵਾਰਡ ਦਿੱਤੇ ਜਾਂਦੇ ਹਨ । ਇਸ ਤੋਂ ਇਲਾਵਾ ਕੰਵਲ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੀਤ ਪ੍ਰਧਾਨ ਅਤੇ ਪੰਦਰਾਂ ਵਰ੍ਹੇ ਤੱਕ ਪਿੰਡ ਦਾ ਸਰਪੰਚ ਵੀ ਰਿਹਾ । ਕੰਵਲ ਨੂੰ 1986 ਵਿੱਚ ਪੰਜਾਬੀ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਅਤੇ 1990 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਦੇ ਤੌਰ ਤੇ ਸਨਮਾਨਿਆ ਗਿਆ।