ਮੈਲਬੌਰਨ — ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਰਹਿੰਦਾ ਇਕ ਸਿੱਖ ਪਰਿਵਾਰ ਭੇਦਭਾਵ ਦਾ ਸ਼ਿਕਾਰ ਹੋਇਆ ਹੈ। ਦਰਅਸਲ ਮੈਲਬੌਰਨ ਸਥਿਤ ਕ੍ਰਿਸ਼ਚੀਅਨ ਸਕੂਲ ਨੇ 4 ਸਾਲ ਦੇ ਲੜਕੇ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਸਿਰ ‘ਤੇ ਪਟਕਾ ਬੰਨ੍ਹਦਾ ਹੈ। ਬੱਚੇ ਦੇ ਪਰਿਵਾਰ ਨੇ ਸਕੂਲ ਵਿਰੁੱਧ ਭੇਦਭਾਵ ਕਰਨ ਦੇ ਦੋਸ਼ ਲਾਏ ਹਨ। ਗੁਰਵੀਰ ਨਾਂ ਦੇ 4 ਸਾਲਾ ਲੜਕੇ ਦੇ ਪਿਤਾ ਗੁਰਦੀਪ ਗਿਨਰ ਨੇ ਦੱਸਿਆ ਕਿ ਉਹ ਪੱਛਮੀ ਮੈਲਬੌਰਨ ਸਥਿਤ ਗੁਰਦੁਆਰੇ ‘ਚ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ ਵਿੰਧਹਮ ਕ੍ਰਿਸ਼ਚੀਅਨ ਕਾਲਜ ਵਿਰੁੱਧ ਆਪਣੇ ਪੁੱਤਰ ਨੂੰ ਦਾਖਲਾ ਦੇਣ ਤੋਂ ਇਨਕਾਰ ਕਰਨ ਦਾ ਮੁੱਦਾ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਪਟਕਾ ਬੰਨ੍ਹਣ ਕਰ ਕੇ ਉਨ੍ਹਾਂ ਦੇ 4 ਸਾਲਾ ਪੁੱਤਰ ਨੂੰ ਦਾਖਲਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਓਧਰ ਵਿੰਧਹਮ ਕ੍ਰਿਸ਼ਚੀਅਨ ਕਾਲਜ ਨੇ ਅਜਿਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇੱਥੇ ਦੱਸ ਦੇਈਏ ਕਿ ਮੈਲਬੌਰਨ ਦੇ ਪੱਛਮੀ ਉੱਪਨਗਰ ਵਿਚ ਕਾਲਜ ਦਾ ਇਕ ਵੱਡਾ ਕੈਂਪਸ ਹੈ, ਜੋ ਕਿ ਅਗਲੇ ਸਾਲ ਸ਼ੁਰੂ ਹੋਣ ਵਾਲੇ ਸੈਸ਼ਨਾਂ ਲਈ ਵਿਦਿਆਰਥੀਆਂ ਨੂੰ ਭਰਤੀ ਕਰ ਰਿਹਾ ਹੈ। ਗੁਰਦੀਪ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ 11 ਸਤੰਬਰ ਨੂੰ ਆਪਣੇ ਪੁੱਤਰ ਦੀ ਸਕੂਲ ‘ਚ ਦਾਖਲੇ ਦੀ ਮੰਗ ਨੂੰ ਲੈ ਕੇ ਗਏ ਸਨ, ਜਿੱਥੇ ਉਨ੍ਹਾਂ ਦਾ ਇੰਟਰਵਿਊ ਲਿਆ ਗਿਆ।
ਇਸ ਇੰਟਰਵਿਊ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਇਕ ਚਿੱਠੀ ਮਿਲੀ, ਜਿਸ ‘ਚ ਦੱਸਿਆ ਕਿ ਸਕੂਲ ਨੇ ਸੀਮਤ ਸਥਾਨਾਂ ਦੀ ਉਪਲੱਬਧਤਾ ਹੋਣ ਕਰ ਕੇ ਅਰਜ਼ੀ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ। ਪਿਤਾ ਗੁਰਦੀਪ ਨੇ ਦੋਸ਼ ਲਾਇਆ ਕਿ ਸਕੂਲ ਨੇ ਇਸ ਕਰ ਕੇ ਉਨ੍ਹਾਂ ਦੇ ਪੁੱਤਰ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਪਟਕਾ ਬੰਨ੍ਹਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਕੁਝ ਦੋਸਤ ਹਨ, ਜੋ ਕਿ ਵੱਖ-ਵੱਖ ਧਰਮਾਂ ਨਾਲ ਸਬੰਧਤ ਹਨ, ਉਨ੍ਹਾਂ ਨੇ ਵੀ ਇੰਟਰਵਿਊ ਦਿੱਤੇ ਪਰ ਉਨ੍ਹਾਂ ਦੇ ਬੱਚਿਆਂ ਨੂੰ ਦਾਖਲੇ ਲਈ ਮਨਜ਼ੂਰੀ ਦੇ ਦਿੱਤੀ ਗਈ ਕਿਉਂਕਿ ਉਹ ਪਟਕੇ ਨਹੀਂ ਬੰਨ੍ਹਦੇ। ਓਧਰ ਵਿਕਟੋਰੀਅਨ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਸਕੂਲ ਨੂੰ ਇਸ ਗੱਲ ‘ਤੇ ਸਹਿਮਤ ਹੋਣਾ ਚਾਹੀਦਾ ਹੈ ਕਿ ਬੱਚੇ ਗੁਰਵੀਰ ਨੂੰ ਸਕੂਲ ਵਲੋਂ ਤੈਅ ਇਕੋ ਰੰਗ ਦਾ ਪਟਕਾ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇ।