ਰੋਮ : ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਜਾ ਕੇ ਪੈਸੇ ਦੀ ਕਮਾਉਣ ਦੀ ਲਾਲਸਾ ਬਹੁਤ ਪੁਰਾਣੀ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਜਿਹੜਾ ਇਕ ਵਾਰ ਵਿਦੇਸ਼ੀ ਧਰਤੀ ‘ਤੇ ਪੈਰ ਧਰ ਗਿਆ ਉਹ ਮੁੜ ਪੰਜਾਬ ਨਹੀਂ ਆਇਆ। ਪੰਜਾਬੀ ਹਰ ਹਰਬੇ ਵਿਦੇਸ਼ ਜਾਣ ਦੀ ਲਾਲਸਾ ਰੱਖਦੇ ਹਨ। ਭਾਵੇਂ ਉਮਰਾਂ ਵਿਦੇਸ਼ਾਂ ਦੀ ਨਾਗਰਿਕਤਾ ਲੈਣ ਵਿੱਚ ਕਿਉਂ ਨਾ ਗੁਜਰ ਜਾਣ। ਇਸ ਦੇ ਚਲਦਿਆਂ ਇਟਲੀ ਵਿੱਚ ਕੱਚੇ ਕਾਮਿਆਂ ਲਈ ਆਸ ਕਰ ਕਿਰਨ ਜਾਗੀ ਹੈ। ਗੱਲ ਕਰਨ ਜਾ ਰਹੇ ਹਾਂ ਇਟਲੀ ਦੀ। ਇਟਲੀ ਸਰਕਾਰ ਨੇ ਇਮੀਗ੍ਰੇਸ਼ਨ ਖੋਲ ਦਿੱਤੀ ਹੈ ਪਰ ਇਥੋਂ ਦੇ ਕੱਚੇ ਕਾਮਿਆਂ ਦਾ ਕਹਿਣਾ ਹੈ ਕਿ ਜੋ ਸ਼ਰਤਾਂ ਸਰਕਾਰ ਵੱਲੋਂ ਰੱਖੀਆਂ ਗਈਆਂ ਹਨ ਉਨ੍ਹਾਂ ਨੂੰ ਪੂਰਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਲੱਗ ਰਿਹਾ ਹੈ। ਇਟਲੀ ਦੇ ਕੱਚੇ ਕਾਮਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਹਨ ਉਹ ਬਹੁਤ ਹੀ ਜ਼ਿਆਦਾ ਸਖ਼ਤ ਹਨ।
ਪਹਿਲਾਂ ਇਮੀਗ੍ਰਸ਼ੇਨ ਸੰਬਧੀ ਇਟਲੀ ਦੀ ਖੇਤੀ-ਬਾੜੀ ਮੰਤਰੀ ਤੇਰੇਜਾ ਬੈਲਾਨੋਵਾ ਨੇ ਇਹ ਗੱਲ ਆਖੀ ਸੀ ਕਿ ਇਨ੍ਹਾਂ ਪੇਪਰਾਂ ਨੂੰ ਉਹ ਕਾਮੇ ਵੀ ਸਿੱਧਾ ਭਰ ਸਕਦੇ ਹਨ ਜਿਨ੍ਹਾਂ ਕੋਲ ਪੱਕਾ ਮਾਲਕ ਨਹੀਂ ਹੈ ਪਰ ਹੁਣ ਲਾਗੂ ਹੋਏ ਕਾਨੂੰਨ ਮੁਤਾਬਕ ਸਿਰਫ ਉਹੀ ਕਾਮੇ ਬਿਨਾਂ ਮਾਲਕ ਦੇ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੀ 31 ਅਕਤੂਬਰ, 2019 ਨੂੰ ਸ਼ੀਜਨ ਵਾਲੀ ਸਜੋਰਨੋ ਖਤਮ ਹੋ ਗਈ ਹੈ, ਬਾਕੀ ਸਭ ਕੱਚੇ ਕਾਮਿਆਂ ਨੂੰ ਇਹ ਪੇਪਰ ਭਰਨ ਲਈ ਮਾਲਕ ਦਾ ਹੋਣਾ ਜ਼ਰੂਰੀ ਹੈ।
ਇਹ ਪੇਪਰ ਸਿਰਫ ਤਿੰਨ ਕਿਸਮਾਂ ਦੇ ਮਾਲਕ ਭਰ ਸਕਦੇ ਹਨ। (1)ਖੇਤੀ-ਬਾੜੀ ਵਾਲੇ ਮਾਲਕ ਜਿਨ੍ਹਾਂ ਦੀ ਸਲਾਨਾ ਆਮਦਨ 30,000 ਯੂਰੋ (2)ਘਰੇਲੂ ਘਰ ਦੇ ਕੰਮਾਂ ਲਈ ਮਾਲਕ ਜਿਨ੍ਹਾਂ ਦੀ ਸਲਾਨਾ ਆਮਦਨ 27,000 ਯੂਰੋ (3)ਬਜ਼ੁਰਗਾਂ ਦੀ ਸਾਂਭ-ਸੰਭਾਲ਼ ਮਾਲਕ ਜਿਨ੍ਹਾਂ ਦੀ ਸਲਾਨਾ ਆਮਦਨ 20,000 ਯੂਰੋ ਹੋਵੇ ਤੇ ਪੇਪਰ ਭਰਨ ਵਾਲਾ ਮਾਲਕ ਇਟਾਲ਼ੀਅਨ ਜਾਂ ਕਾਰਜਾਂ ਸਜੋਰਨੋਧਾਰਕ ਹੋਵੇ, ਜਿਸ ਦਾ ਪਿਛਲੇ 5 ਸਾਲ ਦੇ ਚਾਲ-ਚੱਲਣ ਦਾ ਰਿਕਾਰਡ ਠੀਕ ਹੋਵੇ। ਉਸ ਕੋਲ ਆਪਣਾ ਘਰ ਮਾਲਕੀ ਜਾਂ ਕਿਰਾਏ ਤੇ ਆਪਣੇ ਨਾਮ ਹੋਣਾ ਜਰੂਰੀ ਕੀਤਾ ਗਿਆ ਹੈ। ਜਿਨ੍ਹਾਂ ਕੱਚੇ ਕਾਮਿਆਂ ਕੋਲ ਆਪਣਾ ਕੰਮ ਵਾਲਾ ਪੱਕਾ ਮਾਲਕ ਹੈ ਉਨ੍ਹਾਂ ਨੂੰ ਤਾਂ ਕੋਈ ਚਿੰਤਾ ਨਹੀਂ ਪਰ ਜਿਨ੍ਹਾਂ ਕੋਲ ਕੰਮ ਦਾ ਕੋਈ ਪੱਕਾ ਨਹੀਂ ਉਹ ਨੌਜਵਾਨ ਥਾਂ-ਥਾਂ ਉੱਤੇ ਭਟਕਣ ਲਈ ਮਜਬੂਰ ਹੋਏ ਹਨ। ਇਸ ਸਖਤੀ ਕਾਰਨ ਇਟਲੀ ਵਿਚ ਏਜੰਟਾਂ ਦੀ ਦਾਤਰੀ ਦੇ ਦੰਦੇ ਬਹੁਤ ਤਿੱਖੇ ਹੋ ਗਏ ਹਨ, ਜੋ ਮੂੰਹ ਮੰਗੇ ਪੈਸਿਆਂ ਦੀ ਮੰਗ ਕਰ ਰਹੇ ਹਨ। ਇਸ ਕਾਰਨ ਕੱਚੇ ਕਾਮੇ ਮਾਯੂਸੀ ਦੇ ਆਲਮ ‘ਚੋਂ ਲੰਘ ਰਹੇ ਹਨ ਤੇ ਆਪਣੀ ਖੱਲ ਇਨ੍ਹਾਂ ਏਜੰਟਾਂ ਕੋਲੋਂ ਲੁਹਾਉਣ ਲਈ ਮਜਬੂਰ ਹੋ ਰਹੇ ਹਨ ।
ਸੂਤਰਾਂ ਅਨੁਸਾਰ ਪਹਿਲਾਂ ਇਨ੍ਹਾਂ ਪੇਪਰਾਂ ਦਾ 5000 ਯੂਰੋ ਮੰਗ ਰਹੇ ਸਨ ਪਰ ਕਾਨੂੰਨ ਸਖ਼ਤ ਹੋਣ ਤੋਂ ਬਾਅਦ ਏਜੰਟਾਂ ਨੇ ਆਪਣਾ ਮੀਟਰ ਘੁੰਮਾ ਦਿੱਤਾ ਹੈ ਤੇ ਹੁਣ ਪੇਪਰਾਂ ਦਾ 10,000 ਯੂਰੋ ਤੱਕ ਮੰਗਣਾ ਕਰ ਦਿੱਤਾ ਹੈ । ਅਜਿਹੇ ਪਰੇਸ਼ਾਨੀ ਵਾਲੇ ਦੌਰ ਵਿੱਚ ਇਟਲੀ ਦੇ ਕੱਚੇ ਭਾਰਤੀ ਨੌਜਵਾਨਾਂ ਨੂੰ ਬੇਵਸੀ ਤੇ ਲਾਚਾਰੀ ਵਿੱਚ ਕੋਈ ਰਾਹ ਨਹੀਂ ਦਿਸ ਰਹੀ ਕਿ ਆਖਿਰ ਕੀ ਕੀਤਾ ਜਾਵੇ ਕਿਉਂਕਿ ਤਾਲਾਬੰਦੀ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਕੰਮ-ਕਾਰ ਕੋਈ ਮਿਲਿਆ ਨਹੀਂ ਤੇ ਜਿਹੜੇ ਯੂਰੋ ਉਨ੍ਹਾਂ ਕਮਾਏ ਸਨ, ਉਨ੍ਹਾਂ ਨੂੰ ਤਾਲਬੰਦੀ ਦੌਰਾਨ ਬੈਠ ਕੇ ਖਾ ਲਿਆ। ਦੂਜੇ ਪਾਸੇ ਬੁੱਢੇ ਮਾਪੇ ਨਜ਼ਰਾਂ ਵਿਛਾਈ ਕਈ ਸਾਲਾਂ ਤੋਂ ਵਿੱਛੜੇ ਪੁੱਤ ਦਾ ਮੂੰਹ ਨੂੰ ਰਾਸਤਾ ਦੇਖ ਰਹੇ ਹਨ। ਕੀ ਇਟਲੀ ਦੇ ਤਮਾਮ ਸਮਾਜ ਸੇਵੀ ਜਾਂ ਧਾਰਮਿਕ ਆਗੂ ਬਿਨਾ ਪੇਪਰਾਂ ਦੇ ਇਟਲੀ ਵਿੱਚ ਵੈਣ ਪਾਉਂਦੇ ਇਨ੍ਹਾਂ ਭਾਰਤੀ ਨੌਜਵਾਨਾਂ ਦੀ ਹੋ ਰਹੀ ਲੁੱਟ ਨੂੰ ਬਚਾਉਣ ਲਈ ਰੀਅਲ ਹੀਰੋ ਬਣਨਗੇ ਜਾਂ ਫਿਰ ਰੀਲ ਦੇ ਹੀਰੋ ਵਾਂਗ ਹੀ ਕੰਮ ਕਰਨਗੇ।