ਖੇਡਾਂ ਦੇ ਸਾਡੀ ਸਿਹਤ ‘ਤੇ ਪੈਣ ਵਾਲੇ ਚੰਗੇ ਪ੍ਰਭਾਵ ਕਿਸੇ ਤੋਂ ਲੁਕੇ ਨਹੀਂ ਹਨ। ਰੋਜ਼ਾਨਾ ਕਸਰਤ ਕਰਨ ਨਾਲ ਦਿਲ ਦੀ ਬਿਮਾਰੀ, ਕੈਂਸਰ ਅਤੇ ਟਾਈਪ-2 ਡਾਇਬਿਟੀਜ਼ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।ਇਸ ਤੋਂ ਇਲਾਵਾ ਕਸਰਤ ਸਾਡੀ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਵਿੱਚ ਵੀ ਮਦਦਗਾਰ ਹੁੰਦੀ ਹੈ। ਰੋਜ਼ਾਨਾ ਕੀਤੀ ਗਈ ਕਸਰਤ ਸਾਡੇ ਸਰੀਰ ਵਿਚ ਐਂਡੌਰਫਿਨਜ਼ ਦੇ ਪੱਧਰ ਨੂੰ ਵਧਾਉਂਦੀ ਹੈ ਜਿਸ ਨਾਲ ਸਾਡੀ ਮਨੋਦਸ਼ਾ ਅਤੇ ਸਵੈ-ਮਾਣ ਵੀ ਪ੍ਰਭਾਵਿਤ ਹੁੰਦਾ ਹੈ।
ਜਿਵੇਂ 20 ਸਾਲਾਂ ਦੀ ਤੇ 40 ਸਾਲਾਂ ਦੀ ਉਮਰ ਦਾ ਫ਼ਰਕ ਸਪਸ਼ਟ ਹੈ। ਉਸੇ ਤਰ੍ਹਾਂ ਇਹ ਗੱਲ ਵੀ ਸਪਸ਼ਟ ਹੈ ਕਿ ਹਰ ਤਰ੍ਹਾਂ ਦੀ ਖੇਡ ਹਰ ਉਮਰ ਦੇ ਵਿਅਕਤੀ ਲਈ ਠੀਕ ਨਹੀਂ ਹੁੰਦੀ।ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਵੱਧਦੀ ਉਮਰ ਦੇ ਹਿਸਾਬ ਨਾਲ ਆਪਣੀ ਕਸਰਤ ਵਿੱਚ ਬਦਲਾਅ ਨਹੀਂ ਕਰਦੇ ਤਾਂ ਇਸ ਨਾਲ ਸਾਡੀ ਸਰੀਰਕ ਸਿਹਤ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਜੇ ਕਸਰਤ ਨਾ ਕਰ ਸਕਣ ਕਾਰਨ ਹੋਣ ਵਾਲੀ ਥਕਾਨ ਨੂੰ ਵੀ ਗਿਣ ਲਈਏ ਤਾਂ ਮਾਨਿਸਕ ਸਿਹਤ ‘ਤੇ ਵੀ ਅਸਰ ਪੈਂਦਾ ਹੈ।
ਬਚਪਨ
ਬਚਪਨ ਵਿੱਚ ਕੀਤੀ ਜਾਣ ਵਾਲੀ ਕਸਰਤ ਨਾਲ ਬੱਚਿਆਂ ਦਾ ਵਜ਼ਨ ਠੀਕ ਰੱਖਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੀਆਂ ਮਾਸਪੇਸ਼ੀਆਂ ਮਜਬੂਤ ਬਣਦੀਆਂ ਹਨ, ਆਤਮ ਵਿਸ਼ਵਾਸ਼ ਵਿੱਚ ਵਾਧਾ ਹੁੰਦਾ ਹੈ ਅਤੇ ਨੀਂਦ ਵਿੱਚ ਵੀ ਸੁਧਾਰ ਹੁੰਦਾ ਹੈ।ਬਚਪਨ ਵਿੱਚ ਵੱਖੋ-ਵੱਖ ਖੇਡਾਂ ਆਜ਼ਮਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚਿਆਂ ਵਿੱਚ ਕਈ ਤਰ੍ਹਾਂ ਦੇ ਹੁਨਰਾਂ ਦਾ ਵਿਕਾਸ ਹੋ ਸਕੇ। ਇਨ੍ਹਾਂ ਖੇਡਾਂ ਵਿੱਚ ਤੈਰਾਕੀ ਤੋਂ ਲੈ ਕੇ ਬਾਲ ਨਾਲ ਖੇਡੇ ਜਾਣ ਵਾਲੀਆਂ ਖੇਡਾਂ ਅਤੇ ਕੁਸ਼ਤੀ ਸ਼ਾਮਲ ਹਨ।
ਇਸ ਗੱਲ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਬੱਚੇ ਪਾਰਕਾਂ ਅਤੇ ਖੇਡ-ਮੈਦਾਨਾਂ ਵਿੱਚ ਖੁੱਲ੍ਹੀ ਦੌੜ-ਭੱਜ ਦਾ ਵੀ ਆਨੰਦ ਮਾਨਣ।
ਅੱਲੜ੍ਹਪੁਣੇ ਦੀ ਵਰਜਿਸ਼
ਬਰੌਡੇਰਿਕ ਦਾ ਕਹਿਣਾ ਹੈ ਕਿ ਇਸ ਉਮਰ ਦੌਰਾਨ ਖੇਡਾਂ ਵਿੱਚ ਰੁਚੀ ਖ਼ਾਸ ਕਰਕੇ ਕੁੜੀਆਂ ਵਿੱਚ ਘੱਟ ਜਾਂਦੀ ਹੈ। ਇਸ ਦੇ ਬਾਵਜੂਦ ਚਿੰਤਾ ਅਤੇ ਤਣਾਅ ਨੂੰ ਕਾਬੂ ਕਰਨ ਲਈ ਉਥਲ-ਪੁਥਲ ਵਾਲੀ ਇਸ ਉਮਰ ਵਿੱਚ ਤੰਦਰੁਸਤੀ ਕਾਇਮ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਇਸ ਉਮਰ ਵਿੱਚ ਟੀਮਾਂ ਵਾਲੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਹਨ।ਟੀਮਾਂ ਵਾਲੀਆਂ ਖੇਡਾਂ ਨਾਲ ਅੱਲੜ੍ਹ ਪ੍ਰੇਰਿਤ ਰਹਿੰਦੇ ਹਨ ਅਤੇ ਉਹ ਅਨੁਸ਼ਾਸਨ ਵੀ ਸਿੱਖਦੇ ਹਨ। ਬਰੌਡੇਰਿਕ ਦੁਆਰਾ ਇਕੱਠੀਆਂ ਕੀਤੀਆਂ ਮਾਹਿਰਾਂ ਦੀਆਂ ਸਿਫਾਰਿਸ਼ਾਂ ਮੁਤਾਬਕ ਤੈਰਾਕੀ ਅਤੇ ਐਥਲੈਟਿਕਸ ਉਨ੍ਹਾਂ ਨੂੰ ਫਿੱਟ ਰੱਖਣ ਵਿਚ ਸਭ ਤੋਂ ਵੱਧ ਸਹਾਇਤਾ ਕਰਦੀਆਂ ਹਨ।