ਜ਼ਿਲ੍ਹਾ ਪਠਾਨਕੋਟ ਦੇ ਕਸਬਾ ਸੁਜਾਨਪੁਰ ਦੀ ਇੱਕ ਮਹਿਲਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਅੰਮ੍ਰਿਤਸਰ ਵਿਖੇ ਭੇਜੇ ਗਏ ਸਨ। ਇਸ ਸਬੰਧੀ ਮਹਿਲਾ ਦੇ 6 ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਇਸ ਸਬੰਧੀ ਡੀਸੀ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਸਿਹਤ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਮ੍ਰਿਤਕ ਔਰਤ ਦਾ ਸਿਰਫ ਇਕ ਸੰਪਰਕ ਵਾਲਾ ਹੀ ਪਾਜ਼ਿਟਿਵ ਸੀ ਪਰ ਸਹੀ ਗਿਣਤੀ ਦੱਸਣ ਲਈ ਵਿਭਾਗ ਨੇ ਨਵੇਂ ਨਮੂਨਿਆਂ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਸੀ।
ਡੀ ਸੀ ਪਠਾਨਕੋਟ ਨੇ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਕਿ ਮ੍ਰਿਤਕ ਕੋਰੋਨਾ ਪਾਜ਼ਿਟਿਵ ਔਰਤ ਦੇ ਸੰਪਰਕ ਵਿੱਚ ਆਏ 6 ਵਿਅਕਤੀ ਹੁਣ ਨਿਗਰਾਨੀ ਹੇਠ ਹਨ।
ਡੀਸੀ ਨੇ ਦੱਸਿਆ ਕਿ ਉਸ ਦਾ ਪਤੀ, ਬੇਟਾ, ਨੂੰਹ ਪੋਤੀ, ਪੋਤਰੀ ਅਤੇ ਪਰਿਵਾਰ ਦੀ ਇਕ ਔਰਤ ਪੀੜਤ ਹੈ। ਸੰਪਰਕ ਵਿੱਚ ਆਉਣ ਵਾਲੇ ਹੋਰ ਲੋਕਾਂ ਦੀ ਰਿਪਰੋਟ ਦੀ ਅਜੇ ਉ਼ਡੀਕ ਹੈ ਅਤੇ ਉਸ ਤੋਂ ਬਾਅਦ ਹੀ ਕੋਈ ਮੈਡੀਕਲ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਰਾਣੀਪੁਰ ਪਿੰਡ ਦਾ ਰਹਿਣ ਵਾਲਾ ਇਕ ਡਰਾਈਵਰ ਅਤੇ ਉਸ ਦੇ ਪਰਿਵਾਰ ਨੂੰ ਅਲੱਗ ਥਲੱਗ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਡਰਾਈਵਰ ਨੇ 19 ਮਾਰਚ ਨੂੰ ਪਠਾਨਕੋਟ ਤੋਂ ਇੱਕ ਵਿਅਕਤੀ ਨੂੰ ਤਬਲੀਗੀ ਜਮਾਤ ਤੋਂ ਧਰਮਸ਼ਾਲਾ ਲਿਆਂਦਾ ਸੀ।
ਸ਼ਾਹਪੁਰਕੰਡੀ ਤੋਂ ਇਕ ਪੁਲਿਸ ਅਧਿਕਾਰੀ ਨੇ ਖੁਦ ਨੂੰ ਪਰਿਵਾਰ ਤੋਂ ਵੱਖ ਕਰਨ ਲਈ ਕਿਹਾ ਹੈ।