ਲੰਡਨ— ਯੂ. ਕੇ. ਕੌਂਸਲ ‘ਚ ਪਹਿਲੀ ਵਾਰ ਕਿਸੇ ਸਿੱਖ ਮਹਿਲਾ ਨੂੰ ਕੈਬਨਿਟ ‘ਚ ਜਗ੍ਹਾ ਦਿੱਤੀ ਗਈ ਹੈ। ਬ੍ਰਿਟੇਨ ਦੇ ਵੋਲਵਰਹੈਮਪਟਨ ਸ਼ਹਿਰ ਦੇ ਹੀਥ ਟਾਊਨ ਦੀ ਕੌਂਸਲਰ ਜਸਬੀਰ ਜਸਪਾਲ ਨੂੰ ਸ਼ਨੀਵਾਰ ਸਿਟੀ ਕੌਂਸਲ ਦੀ ਕੈਬਨਿਟ ਕਮੇਟੀ ‘ਚ ਸ਼ਾਮਲ ਕੀਤਾ ਗਿਆ।
ਜਸਬੀਰ ਦਾ ਪਰਿਵਾਰ ਜਲੰਧਰ ਨਾਲ ਸੰਬੰਧਤ ਹੈ। ਉਹ ਯੂ. ਕੇ. ਕੌਂਸਲ ‘ਚ ਕੈਬਨਿਟ ਮੈਂਬਰ ਚੁਣੀ ਗਈ ਪਹਿਲੀ ਸਿੱਖ ਮਹਿਲਾ ਹੈ। ਇਸ ਨੂੰ ਲੈ ਕੇ ਜਸਬੀਰ ਨੇ ਕਿਹਾ, ”ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਅਗਲੀਆਂ ਚੁਣੌਤੀਆਂ ਨਾਲ ਲੜਨ ਲਈ ਤਿਆਰ ਹਾਂ।” ਦੱਸਣਯੋਗ ਹੈ ਕਿ ਜਸਬੀਰ ਦੋ ਸਾਲ ਦੀ ਸੀ ਜਦ ਉਸ ਦਾ ਪਰਿਵਾਰ ਯੂ. ਕੇ. ਜਾ ਕੇ ਵੱਸ ਗਿਆ ਸੀ।
2012 ਤੋਂ ਕੌਂਸਲਰ ਚੁਣੀ ਜਾ ਰਹੀ ਜਸਬੀਰ ਨੂੰ ਵਪਾਰ, ਭਾਈਚਾਰੇ, ਸੁਰੱਖਿਆ ਅਤੇ ਸਿਹਤ ਨਾਲ ਜੁੜੇ ਖੇਤਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸ ਦੇ ਪਤੀ ਮਲਕਿੰਦਰ ਜਸਪਾਲ ਵੀ ਕੌਂਸਲਰ ਅਤੇ ਸਾਬਕਾ ਮੇਅਰ ਰਹਿ ਚੁੱਕੇ ਹਨ। ਸਿੱਖ ਭਾਈਚਾਰੇ ਦੀ ਬਹੁਲਤਾ ਵਾਲੇ ਇਸ ਸ਼ਹਿਰ ‘ਚ ਇਸ ਵਾਰ ਪਾਇਲ ਬੇਦੀ ਚੱਢਾ, ਭੁਪਿੰਦਰ ਗਾਖਲ, ਰਸ਼ਪਾਲ ਕੌਰ, ਰੁਪਿੰਦਰਜੀਤ ਕੌਰ, ਆਸ਼ਾ ਮੱਟੂ, ਗੁਰਮੁੱਖ ਸਿੰਘ, ਪਾਲ ਸਿੰਘ ਅਤੇ ਉਦੈ ਸਿੰਘ ਵੀ ਚੋਣ ਜਿੱਤ ਕੇ ਕੌਂਸਲਰ ਬਣੇ ਹਨ।